ਵਿਦਿਆ ਦਾ ਉਦੇਸ਼ ਮਨੁੱਖ ਦੀ ਅਗਿਆਨਤਾ ਨੂੰ ਦੂਰ ਕਰ ਕੇ ਉਸ ਨੂੰ ਗਿਆਨ ਦੇਣਾ ਹੈ। ਇਹ ਵਿਦਿਆ ਦਾ ਪਰਉਪਕਾਰ ਹੈ ਕਿ ਮਨੁੱਖ ਵਿਦਿਆ ਹਾਸਲ ਕਰਨ ਤੋਂ ਬਾਅਦ ਇੱਕ ਸਭਿਅਕ ਜੀਵ ਬਣ ਜਾਂਦਾ ਹੈ। ਉਸ ਨੂੰ ਵਿਦਿਆ ਰਾਹੀਂ ਰਾਜਨੀਤਕ, ਆਰਥਿਕ, ਇਤਿਹਾਸਿਕ, ਭੂਗੋਲਿਕ, ਸਾਹਿਤਕ ਅਤੇ ਵਿਗਿਆਨਕ ਗਿਆਨ ਆਦਿ ਮਿਲਦਾ ਹੈ। ਇਹ ਬਹੁਪੱਖੀ ਗਿਆਨ ਉਸ ਦੇ ਸਰਬਪੱਖੀ ਵਿਕਾਸ ਵਿੱਚ ਸਹਾਈ ਸਿੱਧ ਹੁੰਦਾ ਹੈ।
ਵਿਦਿਆ ਰਾਹੀਂ ਲਿਆ ਗਿਆਨ ਮਨੁੱਖ ਨੂੰ ਰੁਜ਼ਗਾਰ ਦਿੰਦਾ ਹੈ। ਰੁਜ਼ਗਾਰ ਕਰਕੇ ਕਮਾਏ ਧਨ ਨਾਲ ਮਨੁੱਖ ਦੀਆਂ ਭੌਤਿਕ ਲੋੜਾਂ ਪੂਰੀਆਂ ਹੁੰਦੀਆਂ ਹਨ।
ਰੁਜ਼ਗਾਰ ਦੇ ਨਾਲ-ਨਾਲ ਵਿਦਿਆ ਦਾ ਗਿਆਨ ਮਨੁੱਖ ਦੇ ਵਿਅਕਤਿਤਵ ਦੇ ਵਿਕਾਸ ਵਿੱਚ ਸਹਾਈ ਅਤੇ ਉਸ ਦੀ ਸ਼ਖ਼ਸੀਅਤ ਨੂੰ ਹੋਰ ਨਿਖਾਰਦਾ ਹੈ। ਮਨੁੱਖ ਸਰੀਰਕ ਪੱਖੋਂ ਸਿਹਤਮੰਦ, ਮਾਨਸਿਕ ਤੌਰ ‘ਤੇ ਸੰਤੁਲਿਤ, ਇਰਾਦੇ ਵੱਲੋਂ ਪੱਕਾ ਤੇ ਦਿਮਾਗੀ ਤੌਰ ‘ਤੇ ਸੁਲਝਿਆ ਹੋਇਆ ਬਣ ਜਾਂਦਾ ਹੈ। ਇੱਥੇ ਇਹ ਕਿਹਾ ਜਾ ਸਕਦਾ ਹੈ ਕਿ ਵਿਦਿਆ ਮਨੁੱਖ ਦੇ ਵਿਕਾਸ ਦੀ ਪਹਿਲੀ ਪੌੜ੍ਹੀ ਹੈ।
ਵਿਦਿਆ ਦਾ ਮਨੋਰਥ ਮਨੁੱਖ ਦੇ ਆਚਰਨ ਨੂੰ ਉੱਚਾ ਤੇ ਸੁੱਚਾ ਬਣਾਉਣਾ ਵੀ ਹੈ। ਸਹੀ ਆਚਰਨ ਵਾਲਾ ਮਨੁੱਖ ਨਾ ਕੇਵਲ ਦੁੱਖੀਆਂ ਤੇ ਕਮਜ਼ੋਰਾਂ ਦੇ ਦਰਦ ਨੂੰ ਸਮਝਦਾ ਹੈ ਸਗੋਂ ਜ਼ਾਲਮਾਂ ਦੇ ਖ਼ਿਲਾਫ਼ ਆਵਾਜ਼ ਵੀ ਬੁਲੰਦ ਕਰਨ ਦੀ ਹਿੰਮਤ ਕਰਦਾ ਹੈ।
ਵਿਦਿਆ ਦਾ ਗਿਆਨ ਮਨੁੱਖ ਨੂੰ ਚੰਗੀ ਜੀਵਨ ਜਾਚ ਸਿਖਾਉਂਦਾ ਹੈ। ਸਰੀਰ ਦੀ ਤੰਦਰੁਸਤੀ ਲਈ ਰੁੱਤਾਂ ਅਨੁਸਾਰ ਸਰੀਰ ਨੂੰ ਢੱਕਣ, ਰਹਿਣ ਲਈ ਹਵਾਦਾਰ ਮਕਾਨ ਤੇ ਘਰ ਦੇ ਵਾਤਾਵਰਨ ਨੂੰ ਸਿਰਜਣ ਲਈ ਚੰਗੀ ਸੋਚ, ਜੀਵਨ ਵਿੱਚ ਮਿੱਠੇ ਬੋਲਾਂ ਦੇ ਮਹੱਤਵ ਨੂੰ ਵੀ ਸਮਝਦਾ ਹੈ। ਆਤਮਕ ਉੱਚਤਾ ਲਈ ਪ੍ਰਭੂ ਵਿੱਚ ਵਿਸ਼ਵਾਸ ਅਤੇ ਸਿਮਰਨ ਰਾਹੀਂ ਉਸ ਪ੍ਰਭੂ-ਪਰਮਾਤਮਾ ਨੂੰ ਯਾਦ ਕਰਦਿਆਂ ਉਸ ਦੇ ਹੁਕਮ ਵਿੱਚ ਰਹਿਣ ਦੀ ਪ੍ਰੇਰਨਾ ਦਿੰਦਾ ਹੈ। ਇਕ ਚੰਗਾ ਜੀਵਨ ਬਤੀਤ ਕਰਨ ਲਈ ਇਨ੍ਹਾਂ ਸਾਰੇ ਗੁਣਾਂ ਦਾ ਹੋਣਾ ਜ਼ਰੂਰੀ ਹੈ।ਇਸ ਸੰਸਾਰ ਵਿੱਚ ਜੋ ਵੀ ਆਇਆ ਹੈ, ਉਹ ਜੀਵਨ ਬਤੀਤ ਕਰ ਕੇ ਇਸ ਸੰਸਾਰ ਤੋਂ ਚਲਾ ਜਾਵੇਗਾ। ਪਰ, ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ ਕਿਹੋ ਜਿਹਾ ਜੀਵਨ ਜੀਉਣਾ ਹੈ? ਇਸ ਦੀ ਸਮਝ ਵਿਦਿਆ ਦਿੰਦੀ ਹੈ।
ਵਿਦਿਆ ਦਾ ਉਦੇਸ਼ ਵਿਦਿਆਰਥੀਆਂ ਨੂੰ ਕਿਤਾਬੀ ਕੀੜਾ ਬਣਾਉਣਾ ਨਹੀਂ ਅਤੇ ਨਾ ਹੀ ਕਾਗਜ਼ੀ ਡਿਗਰੀਆਂ ਤੱਕ ਸੀਮਤ ਕਰਨਾ ਹੈ। ਪਰ, ਸਾਡੇ ਵਿਦਿਅਕ ਢਾਂਚੇ ਅਤੇ ਡਿਗਰੀ ਨੂੰ ਨੌਕਰੀ ਨਾਲ ਜੋੜਨ ਕਾਰਨ, ਅੱਜ ਵਿਦਿਆ ਦਾ ਉਦੇਸ਼ ਬਦਲਿਆ ਜਾਪਦਾ ਹੈ। ਅੱਜ ਡਿਗਰੀਆਂ ਲੈਣ ਦੀ ਹੋੜ ਲੱਗੀ ਹੋਈ ਹੈ।
ਇਹ ਸੱਚ ਹੈ ਕਿ ਹੁਣ ਵਿਦਿਆ ਦੇ ਸਰਬਪੱਖੀ ਵਿਕਾਸ ਦੇ ਮੰਤਵ ਨੂੰ ਮੁੱਖ ਰੱਖਦਿਆਂ ਸਕੂਲਾਂ ਅਤੇ ਕਾਲਜਾਂ ਵਿੱਚ ਪੜ੍ਹਾਈ ਤੋਂ ਛੁੱਟ ਖੇਡਾਂ, ਮਨੋਰੰਜਨ ਕਾਰਜਾਂ ਤੇ ਧਾਰਮਕ ਸਿੱਖਿਆ ਵੱਲ ਵੀ ਧਿਆਨ ਦਿੱਤਾ ਜਾਣ ਲੱਗ ਪਿਆ ਹੈ। ਭਾਸ਼ਣ, ਡਾਂਸ, ਸੰਗੀਤ, ਨਾਟਕ ਤੇ ਹੋਰ ਲਲਿਤ ਕਲਾਵਾਂ ਦਾ ਗਿਆਨ ਦੇਣਾ ਅਰੰਭ ਹੋ ਗਿਆ ਹੈ ਤਾਂ ਕਿ ਵਿਦਿਆਰਥੀ ਆਪਣੇ ਵਿਅਕਤਿਤਵ ਦਾ ਸਰਬਪੱਖੀ ਵਿਕਾਸ ਕਰ ਸਕਣ। ਐਨ.ਸੀ.ਸੀ., ਐਨ.ਐਸ.ਐਸ. ਦੇ ਕੈਂਪਾਂ, ਪਹਾੜਾਂ ਉੱਪਰ ਚੜ੍ਹਨ ਦਾ ਅਭਿਆਸ ਤੇ ਯੁਵਕ ਮੇਲਿਆਂ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ। ਰੱਬ ਤੋਂ ਡਰ ਕੇ ਹਊਮੈ ਰਹਿਤ ਹੋ ਕੇ ਜੀਵਨ ਗੁਜ਼ਾਰਨ ਲਈ ਵੀ ਪ੍ਰੇਰਿਆ ਜਾਂਦਾ ਹੈ।
ਅੰਤ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਵਿਦਿਆ ਤਾਂ ਪਰਉਪਕਾਰੀ ਹੈ, ਉਹ ਲੋਕਾਂ ਨੂੰ ਚੰਗੇ ਮਨੁੱਖ ਬਣਾ ਕੇ ਮਨੁੱਖਤਾ ਦੇ ਪਸਾਰ ਵਿੱਚ ਹਿੱਸਾ ਪਾ ਰਹੀ ਹੈ, ਪਰ ਜੇ ਮਨੁੱਖ ਵਿਦਿਆ ਦੇ ਗਿਆਨ ਦੀ ਗਲਤ ਵਰਤੋਂ ਕਰਦਾ ਹੈ ਤਾਂ ਕਸੂਰ ਵਿਦਿਆ ਦਾ ਨਹੀਂ, ਮਨੁੱਖ ਦਾ ਹੈ