ਲੇਖ ਰਚਨਾ : ਲੋਹੜੀ ਦਾ ਤਿਉਹਾਰ
ਲੋਹੜੀ ਦਾ ਤਿਉਹਾਰ
ਜਾਣ-ਪਛਾਣ : ਪੰਜਾਬ ਦੀ ਧਰਤੀ ਮੇਲਿਆਂ ਅਤੇ ਤਿਉਹਾਰਾਂ ਦੀ ਪਵਿੱਤਰ ਧਰਤੀ ਹੈ। ਇੱਥੇ ਹਰ ਮਹੀਨੇ ਹੀ ਕੋਈ ਨਾ ਕੋਈ ਤਿਉਹਾਰ ਜਾਂ ਮੇਲਾ ਆਇਆ ਹੀ ਰਹਿੰਦਾ ਹੈ। ਪੰਜਾਬੀ ਖ਼ੁਸ਼ੀਆਂ ਮਨਾਉਣ ਦੇ ਬੜੇ ਸ਼ੌਕੀਨ ਹਨ। ਜਿੱਥੇ ਵੀ ਚਾਰ ਪੰਜਾਬੀ ਇਕੱਠੇ ਹੋ ਜਾਂਦੇ ਹਨ, ਉੱਥੇ ਆਪੇ ਹੀ ਮੇਲਾ ਲੱਗ ਜਾਂਦਾ ਹੈ। ਵੈਸੇ ਵੀ ਇਹ ਮੇਲੇ ਅਤੇ ਤਿਉਹਾਰ ਸਾਡੇ ਸੱਭਿਆਚਾਰ ਦਾ ਹਿੱਸਾ ਹਨ। ਇਨ੍ਹਾਂ ਤੋਂ ਬਿਨਾਂ ਸਾਡਾ ਜੀਵਨ ਅਧੂਰਾ ਹੈ।
ਪੰਜਾਬੀਆਂ ਦਾ ਮੁੱਖ ਤਿਉਹਾਰ ਲੋਹੜੀ : ਲੋਹੜੀ ਇੱਕ ਸਥਾਨਕ ਤਿਉਹਾਰ ਹੈ। ਇਹ ਵਿਸ਼ੇਸ਼ ਰੂਪ ਵਿੱਚ ਪੰਜਾਬੀਆਂ ਦਾ ਤਿਉਹਾਰ ਹੈ। ਇਹ ਸਮੁੱਚੇ ਪੰਜਾਬ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਜਿਹੜੇ ਵੀ ਹਿੱਸੇ ਵਿੱਚ ਪੰਜਾਬੀ ਰਹਿੰਦੇ ਹਨ, ਉਹ ਇਸ ਤਿਉਹਾਰ ਨੂੰ ਬੜੀਆਂ ਰੀਝਾਂ ਨਾਲ ਮਨਾਉਂਦੇ ਹਨ। ਇਹ ਹਰ ਸਾਲ ਜਨਵਰੀ ਮਹੀਨੇ ਦੀ ਬਾਰਾਂ ਜਾਂ ਤੇਰਾਂ ਤਰੀਕ ਨੂੰ ਮਨਾਇਆ ਜਾਂਦਾ ਹੈ। ਇਸ ਤੋਂ ਅਗਲੇ ਦਿਨ ਮਾਘੀ ਹੁੰਦੀ ਹੈ। ਪੰਜਾਬ ਵਿੱਚ ਮੁਕਤਸਰ ਵਿਖੇ ਮਾਘੀ ਦਾ ਤਿਉਹਾਰ ਬੜੇ ਜੋਸ਼ ਅਤੇ ਚਾਅ ਨਾਲ ਮਨਾਇਆ ਜਾਂਦਾ ਹੈ।
ਲੋਹੜੀ ਮਨਾਉਣ ਦੇ ਕਾਰਨ : ਲੋਹੜੀ ਮਨਾਉਣ ਦੇ ਪਿੱਛੇ ਇੱਕ ਦੇਵ ਕਥਾ ਜੁੜੀ ਹੋਈ ਹੈ। ਕਹਿੰਦੇ ਹਨ ਕਿ ਇੱਕ ਪਿੰਡ ਵਿੱਚ ਇੱਕ ਬ੍ਰਾਹਮਣ ਰਹਿੰਦਾ ਸੀ। ਉਸ ਦੀਆਂ ਦੋ ਧੀਆਂ ਸੁੰਦਰੀ ਅਤੇ ਮੁੰਦਰੀ ਸਨ। ਉਨ੍ਹਾਂ ਕੁੜੀਆਂ ਦੀ ਮੰਗਣੀ ਕਿਸੇ ਪਿੰਡ ਦੇ ਨੌਜਵਾਨਾਂ ਨਾਲ ਕੀਤੀ ਹੋਈ ਸੀ, ਪਰ ਇੱਕ ਵਾਰੀ ਰਾਜੇ ਨੇ ਉਨ੍ਹਾਂ ਦੋਹਾਂ ਸੁੰਦਰ ਕੁੜੀਆਂ ਨੂੰ ਵੇਖਿਆ ਅਤੇ ਉਨ੍ਹਾਂ ਨੂੰ ਜ਼ਬਰਦਸਤੀ ਆਪਣੀਆਂ ਰਾਣੀਆਂ ਬਣਾਉਣ ਲਈ ਬ੍ਰਾਹਮਣ ਨੂੰ ਮਜ਼ਬੂਰ ਕਰਨ ਲੱਗ ਪਿਆ। ਕੁੜੀਆਂ ਰਾਜੇ ਨਾਲ ਵਿਆਹ ਨਹੀਂ ਸਨ ਕਰਵਾਉਣਾ ਚਾਹੁੰਦੀਆਂ। ਬ੍ਰਾਹਮਣ ਉਨ੍ਹਾਂ ਦੋਹਾਂ ਨੂੰ ਲੈ ਕੇ ਕਿਤੇ ਦੂਰ ਚਲੇ ਜਾਣਾ ਚਾਹੁੰਦਾ ਸੀ। ਜਦੋਂ ਉਹ ਜਾ ਰਿਹਾ ਸੀ ਤਾਂ ਉਸ ਦੀਆਂ ਅੱਖਾਂ ਛਲਕ ਰਹੀਆਂ ਸਨ। ਦੁੱਲਾ ਭੱਟੀ ਨਾਂ ਦੇ ਬੰਦੇ ਨੇ ਉਨ੍ਹਾਂ ਨੂੰ ਰੋਂਦੇ ਵੇਖ ਲਿਆ ਅਤੇ ਕਾਰਨ ਪੁੱਛਿਆ। ਬ੍ਰਾਹਮਣ ਨੇ ਸਾਰੀ ਗੱਲ ਦੱਸ ਦਿੱਤੀ। ਦੁੱਲੇ ਭੱਟੀ ਨੇ ਉਸੇ ਵੇਲੇ ਉਹ ਦੋਵੇਂ ਨੌਜਵਾਨ ਉੱਥੇ ਸੱਦ ਲਿਆਉਂਦੇ ਅਤੇ ਜੰਗਲ ਵਿੱਚ ਹੀ ਉਨ੍ਹਾਂ ਦਾ ਵਿਆਹ ਕਰ ਦਿੱਤਾ ਅਤੇ ਸ਼ਗਨ ਵਜੋਂ ਸ਼ੱਕਰ ਉਨ੍ਹਾਂ ਦੀ ਝੋਲੀ ਪਾ ਦਿੱਤੀ। ਇਸ ਤੋਂ ਬਿਨਾਂ ਪੰਜਾਬ ਵਿੱਚ ਜੇ ਕਿਸੇ ਘਰ ਮੁੰਡਾ ਜੰਮਿਆ ਹੋਵੇ ਜਾਂ ਮੁੰਡੇ ਦਾ ਵਿਆਹ ਹੋਇਆ ਹੋਵੇ ਤਾਂ ਉੱਥੇ ਲੋਹੜੀ ਦਾ ਤਿਉਹਾਰ ਖ਼ਾਸ ਢੰਗ ਨਾਲ ਮਨਾਇਆ ਜਾਂਦਾ ਹੈ। ਮੁੰਡੇ ਦੀ ਪਹਿਲੀ ਲੋਹੜੀ ਵੰਡੀ ਜਾਂਦੀ ਹੈ। ਮੂੰਗਫਲੀ, ਰਿਉੜੀਆਂ, ਗੱਚਕ ਅਤੇ ਮੱਕਈ ਦੇ ਦਾਣੇ ਆਦਿ ਕਈ ਘਰਾਂ ਵਿੱਚ ਵੰਡੇ ਜਾਂਦੇ ਹਨ।
ਪਿੰਡਾਂ ਵਿੱਚ ਲੋਹੜੀ : ਪੰਜਾਬ ਦੇ ਪਿੰਡਾਂ ਦੀ ਲੋਹੜੀ ਵੇਖਣ ਯੋਗ ਹੁੰਦੀ ਹੈ। ਪਿੰਡਾਂ ਦੀਆਂ ਸੱਥਾਂ ਵਿੱਚ ਸਾਂਝੇ ਰੂਪ ਵਿੱਚ ਲੋਹੜੀ ਬਾਲੀ ਜਾਂਦੀ ਹੈ। ਲੋਕ ਅੱਧੀ-ਅੱਧੀ ਰਾਤ ਤੱਕ ਧੂਣੀ ਦੇ ਦੁਆਲੇ ਬੈਠੇ ਰਹਿੰਦੇ ਹਨ। ਉਹ ਰਿਉੜੀਆਂ-ਮੂੰਗਫਲੀਆਂ ਖਾਂਦੇ ਹਨ। ਲੋਹੜੀ ਦੇ ਗੀਤ ਗਾਉਂਦੇ ਹਨ ਤੇ ਲੋਕ ਵਧਾਈਆਂ ਦਿੰਦੇ ਹਨ। ਬੱਚਾ ਜੰਮਣ ਦੀ ਖ਼ੁਸ਼ੀ ਵਿੱਚ ਤੇ ਮੁੰਡੇ ਦੇ ਵਿਆਹ ਦੀ ਖ਼ੁਸ਼ੀ ਵਿੱਚ ਸਾਰੇ ਪਿੰਡ ਵਿੱਚ ਦਾਅਵਤ ਕੀਤੀ ਜਾਂਦੀ ਹੈ। ਲੋਕ ਆ ਕੇ ਸ਼ਗਨ ਦਿੰਦੇ ਹਨ ਅਤੇ ਖ਼ੁਸ਼ੀ ਵਿੱਚ ਸ਼ਾਮਲ ਹੁੰਦੇ ਹਨ।
ਠੰਢ ਦਾ ਅੰਤ : ਕਿਹਾ ਜਾਂਦਾ ਹੈ ਕਿ ਲੋਹੜੀ ਬਾਲਣ ਤੋਂ ਬਾਅਦ ਪਾਲਾ ਘਟਦਾ ਜਾਂਦਾ ਹੈ। ਲੋਹੜੀ ਵਾਲੇ ਦਿਨ ਤੋਂ ਹੀ ਕੜਕਦੀ ਸਰਦੀ ਤੋਂ ਕੁਝ ਰਾਹਤ ਮਿਲਣੀ ਸ਼ੁਰੂ ਹੋ ਜਾਂਦੀ ਹੈ।
ਸਾਰ-ਅੰਸ਼ : ਲੋਹੜੀ ਦਾ ਤਿਉਹਾਰ ਹਰ ਸਾਲ ਆਉਂਦਾ ਹੈ ਤੇ ਭਰਪੂਰ ਖ਼ੁਸ਼ੀਆਂ ਵੰਡ ਕੇ ਚਲਾ ਜਾਂਦਾ ਹੈ। ਸਾਰੇ ਪੰਜਾਬੀ ਇਸ ਤਿਉਹਾਰ ਦੀ ਇੰਤਜ਼ਾਰ ਕਰਦੇ ਰਹਿੰਦੇ ਹਨ ਤਾਂ ਜੋ ਉਹ ਮੂੰਗਫਲੀ, ਰਿਉੜੀਆਂ ਦਾ ਖੂਬ ਅਨੰਦ ਲੈ ਸਕਣ ਅਤੇ ਪਿਆਰ ਤੇ ਖ਼ੁਸ਼ੀਆਂ ਵੰਡ ਸਕਣ।