ਲੇਖ ਰਚਨਾ : ਮਹਾਤਮਾ ਗਾਂਧੀ
ਭਾਰਤ ਦੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦਾ ਜਨਮ 2 ਅਕਤੂਬਰ, 1869 ਈਸਵੀ ਨੂੰ ਗੁਜਰਾਤ ਕਾਠੀਆਵਾੜ ਦੀ ਰਿਆਸਤ ਪੋਰਬੰਦਰ ਵਿੱਚ ਹੋਇਆ। ਆਪ ਦਾ ਪੂਰਾ ਨਾਂ ਮੋਹਨ ਦਾਸ ਸੀ ਅਤੇ ਪਿਤਾ ਦਾ ਨਾਂ ਕਰਮ ਚੰਦ ਸੀ।
ਆਪ ਜੀ ਦਾ ਵਿਆਹ 13 ਸਾਲ ਦੀ ਉਮਰ ਵਿੱਚ ਹੀ ਕਸਤੂਰਬਾ ਨਾਲ ਹੋ ਗਿਆ। 18 ਸਾਲ ਦੀ ਉਮਰ ਵਿੱਚ ਦਸਵੀਂ ਪਾਸ ਕਰਨ ਤੋਂ ਬਾਅਦ ਸੋਮਦਾਸ ਕਾਲਜ ਤੋਂ ਪੜ੍ਹਾਈ ਕੀਤੀ। ਵਿਦੇਸ਼ ਸਿੱਖਿਆ ਹਾਸਲ ਕਰਨ ਦੀ ਇੱਛਾ ਪੂਰੀ ਕਰਨ ਲਈ ਆਪ ਦੀ ਪਤਨੀ ਕਸਤੂਰਬਾ ਨੇ ਆਪਣੇ ਗਹਿਣੇ ਵੇਚ ਦਿੱਤੇ। ਇੰਗਲੈਂਡ ਜਾਣ ਤੋਂ ਪਹਿਲਾਂ ਆਪ ਜੀ ਦੀ ਮਾਤਾ ਨੇ ਆਪ ਕੋਲੋਂ ਤਿੰਨ ਪ੍ਰਣ ਲਏ-ਸ਼ਰਾਬ ਨਹੀਂ ਪੀਣੀ, ਮਾਸ ਨਹੀਂ ਖਾਣਾ ਤੇ ਪਰਾਈ ਇਸਤਰੀ ਕੋਲ ਨਹੀਂ ਜਾਣਾ। ਇਨ੍ਹਾਂ ਦੀ ਪਾਲਣਾ ਆਪ ਨੇ ਪੂਰੀ ਈਮਾਨਦਾਰੀ ਨਾਲ ਕੀਤੀ ਅਤੇ ਬੈਰਿਸਟਰੀ ਪਾਸ ਕਰ ਕੇ ਭਾਰਤ ਮੁੜ ਆਏ।
ਸੰਨ 1893 ਈ. ਵਿੱਚ ਆਪ ਅਬਦੁੱਲਾ ਐਂਡ ਕੰਪਨੀ ਨਾਂ ਦੀ ਫ਼ਰਮ ਦੇ ਮੁਕੱਦਮੇ ਦੀ ਪੈਰਵੀ ਕਰਨ ਲਈ ਦੱਖਣੀ ਅਫ਼ਰੀਕਾ ਗਏ। ਅਫ਼ਰੀਕਾ ਵਿੱਚ ਹੋਰ ਵੀ ਬਹੁਤ ਸਾਰੇ ਭਾਰਤੀ ਸਨ। ਉਸ ਸਮੇਂ ਉੱਥੇ ਕਾਲੇ ਅਤੇ ਗੋਰੇ ਲੋਕਾਂ ਵਿੱਚ ਨਫ਼ਰਤ ਬਹੁਤ ਵੱਧੀ ਹੋਈ ਸੀ। ਕਈ ਹੋਟਲਾਂ ਦੇ ਬਾਹਰ ਲਿਖੇ ਬੋਰਡ Indian’s and dogs are not allowed ਪੜ੍ਹ ਕੇ ਆਪ ਦਾ ਖੂਨ ਉਬਾਲੇ ਖਾਣ ਲੱਗ ਪਿਆ ਤੇ ਆਪ ਨੇ ਸਤਿਆਗ੍ਰਹਿ ਸ਼ੁਰੂ ਕਰ ਦਿੱਤਾ।
ਆਪ ਸੰਨ 1914 ਵਿੱਚ ਭਾਰਤ ਵਾਪਸ ਆਏ। 1914-18 ਈ. ਦੀ ਦੁਨੀਆਂ ਦੀ ਪਹਿਲੀ ਵੱਡੀ ਜੰਗ ਵਿੱਚ ਆਪ ਨੇ ਹਿੰਦੁਸਤਾਨੀਆਂ ਨੂੰ ਅੰਗਰੇਜ਼ਾਂ ਦੀ ਮਦਦ ਲਈ ਕਿਹਾ ਕਿਉਂਕਿ ਅੰਗਰੇਜ਼ਾਂ ਨੇ ਆਪ ਜੀ ਨੂੰ ਭਰੋਸਾ ਦਿੱਤਾ ਸੀ ਕਿ ਉਹ ਇਸ ਜੰਗ ਤੋਂ ਬਾਅਦ ਭਾਰਤ ਛੱਡ ਦੇਣਗੇ। ਪਰ, ਅੰਗਰੇਜ਼ਾਂ ਨੇ ਅਜ਼ਾਦੀ ਦੇਣ ਦੀ ਥਾਂ ਰੋਲਟ ਐਕਟ ਲਾਗੂ ਕੀਤਾ। ਗਾਂਧੀ ਜੀ ਨੇ ਇਸ ਐਕਟ ਦੀ ਵਿਰੋਧਤਾ ਕੀਤੀ। ਇਸ ਐਕਟ ਅਧੀਨ ਅੰਗਰੇਜ਼ਾਂ ਨੂੰ ਜਿਹੜੇ ਭਾਰਤੀ ਉੱਤੇ ਵੀ ਸ਼ਕ ਹੋਵੇਗਾ, ਉਸ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਸੀ। ਇਸ ਐਕਟ ਵਿਰੁੱਧ ਅੰਮ੍ਰਿਤਸਰ ਦੇ ਜਲ੍ਹਿਆਂਵਾਲੇ ਬਾਗ਼ ਵਿੱਚ ਇੱਕ ਜਲਸਾ ਵੀ ਹੋਇਆ। ਜਨਰਲ ਡਾਇਰ ਦੀ ਅਗਵਾਈ ਵਿੱਚ ਇਸ ਜਲਸੇ ਵਿੱਚ ਆਏ ਲੋਕਾਂ ਉੱਪਰ ਗੋਲੀ ਚਲਾਈ ਗਈ ਜਿਸ ਵਿੱਚ ਕਈ ਲੋਕ ਮਾਰੇ ਗਏ, ਜਿਨ੍ਹਾਂ ਵਿੱਚ ਬੱਚੇ ਵੀ ਸਨ।
ਇਸ ਘਟਨਾ ਤੋਂ ਬਾਅਦ ਸਾਰੇ ਦੇਸ਼ ਵਿੱਚ ਸਤਿਆਗ੍ਰਹਿ ਛਿੜ ਪਿਆ। 1921 ਈ. ਵਿੱਚ ਆਪ ਨੇ ਨਾ-ਮਿਲਵਰਤਨ ਦੀ ਲਹਿਰ ਚਲਾਈ, ਜਿਸ ਵਿੱਚ ਵਿਦਿਆਰਥੀਆਂ ਨੇ ਸਕੂਲਾਂ, ਕਾਲਜਾਂ ਦਾ ਤਿਆਗ ਕੀਤਾ, ਸਰਕਾਰੀ ਨੌਕਰੀਆਂ ਤੇ ਕਚਿਹਰੀਆਂ ਦਾ ਵੀ ਤਿਆਗ ਕੀਤਾ। 1942 ਈ. ਵਿੱਚ ‘ਅੰਗਰੇਜੋ ਭਾਰਤ ਛੱਡੋ’ ਦਾ ਨਾਅਰਾ ਲਗਾ ਦਿੱਤਾ। ਆਪ ਨੂੰ ਬਹੁਤ ਸਾਰੇ ਕਾਂਗਰਸੀ ਮੈਂਬਰਾਂ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ, ਪਰ 1945 ਈ. ਵਿੱਚ ਰਿਹਾ ਕਰ ਦਿੱਤਾ। ਆਪ ਨੇ ਅਛੂਤਾਂ ਦੀ ਤਰੱਕੀ ਵੱਲ ਖ਼ਾਸ ਧਿਆਨ ਦਿੱਤਾ ਅਤੇ ‘ਹਰੀਜਨ’ ਆਖ ਕੇ ਉਨ੍ਹਾਂ ਨੂੰ ਸਤਿਕਾਰਿਆ।
ਗਾਂਧੀ ਜੀ ਨੂੰ ਭਾਰਤ ਦੀ ਵੰਡ ਦਾ ਅਤੇ ਉਸ ਸਮੇਂ ਵਾਪਰੀਆਂ ਇਨ੍ਹਾਂ ਘਟਨਾਵਾਂ ‘ਤੇ ਡੂੰਘਾ ਦੁੱਖ ਹੋਇਆ। 30 ਜਨਵਰੀ 1948 ਨੂੰ ਜਦੋਂ ਆਪ ਬਿਰਲਾ ਮੰਦਰ ਵਿੱਚ ਪ੍ਰਾਰਥਨਾ ਲਈ ਗਏ ਤਾਂ ਨੱਥੂ ਰਾਮ ਗਾਡਸੇ ਨਾਮ ਦੇ ਆਦਮੀ ਨੇ ਆਪ ਨੂੰ ਗੋਲੀ ਮਾਰ ਦਿੱਤੀ।
ਅੱਜ ਵੀ ਮਹਾਤਮਾ ਗਾਂਧੀ ਦੇ ਅਹਿੰਸਾਮਈ ਅਸੂਲ ਜਿੰਦਗੀ ਨੂੰ ਸੁਚੱਜਾ ਬਣਾਉਣ ਲਈ ਸਾਰਥਕ ਹਨ।