CBSEClass 8 Punjabi (ਪੰਜਾਬੀ)Class 9th NCERT PunjabiEducationPunjab School Education Board(PSEB)Punjabi Viakaran/ Punjabi Grammarਲੇਖ ਰਚਨਾ (Lekh Rachna Punjabi)

ਲੇਖ ਰਚਨਾ : ਬੱਚਿਆਂ ਦੇ ਮਾਂ-ਬਾਪ ਪ੍ਰਤੀ ਫਰਜ਼


ਅੱਜ-ਕਲ੍ਹ ਲਗ-ਭਗ ਰੋਜ਼ ਟੀ.ਵੀ. ਉੱਪਰ ਵੇਖਣ ਨੂੰ ਅਤੇ ਅਖ਼ਬਾਰਾਂ ਵਿੱਚ ਪੜ੍ਹਨ ਨੂੰ ਮਿਲਦਾ ਹੈ ਕਿ ਇਕੱਲੇ ਰਹਿ ਰਹੇ ਬਜ਼ੁਰਗਾਂ ਨੂੰ ਲੁੱਟਿਆ ਜਾ ਰਿਹਾ ਹੈ, ਕਤਲ ਕੀਤਾ ਜਾ ਰਿਹਾ ਹੈ। ਕਈ ਬਜ਼ੁਰਗਾਂ ਨੂੰ ਤਾਂ ਉਨ੍ਹਾਂ ਦੇ ਆਪਣੇ ਹੀ ਬੱਚੇ ਉਨ੍ਹਾਂ ਦੀਆਂ ਜਾਇਦਾਦਾਂ ਉੱਪਰ ਕਬਜ਼ਾ ਕਰ ਕੇ ਦਰ-ਦਰ ਦੀਆਂ ਠੋਕਰਾਂ ਖਾਣ ਲਈ ਘਰੋਂ ਬਾਹਰ ਕੱਢ ਦਿੰਦੇ ਹਨ। ਕੁਝ ਵਧੇਰੇ ਸਮਝਦਾਰ
ਬੱਚੇ ਆਪਣੇ ਮਾਂ-ਬਾਪ ਨੂੰ ਬਜ਼ੁਰਗ ਆਸ਼ਰਮਾਂ ਵਿੱਚ ਦਾਖ਼ਲ ਕਰਵਾ ਕੇ ਆਪਣਾ ਫਰਜ਼ ਨਿਭਾ ਰਹੇ ਹਨ।

ਸਾਡੇ ਸਮਾਜ ਵਿੱਚ ਵੱਡੀ ਪੱਧਰ ‘ਤੇ ਇਹ ਸਭ ਕੁਝ ਵਾਪਰ ਰਿਹਾ ਹੈ। ਇਸ ਦਾ ਕਾਰਨ ਹੈ ਸਮਾਜ ਵਿੱਚ ਹੋ ਰਹੀ ਤਬਦੀਲੀ। ਬੱਚੇ ਆਪਣੇ ਮਾਂ-ਬਾਪ ਕੋਲੋਂ ਇਹ ਕਹਿ ਕੇ ਮੂੰਹ ਫੇਰ ਰਹੇ ਹਨ ਕਿ ਉਨ੍ਹਾਂ ਦੀਆਂ ਪੀੜ੍ਹੀਆਂ ਵਿੱਚ ਬਹੁਤ ਫਰਕ ਹੈ।ਸੋਚ ਅਤੇ ਵਿਚਾਰ ਇੱਕ ਨਹੀਂ ਹਨ। ਨੌਜਵਾਨ ਪੀੜ੍ਹੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮਾਂ-ਬਾਪ ਸਮੇਂ ਦੇ ਬਦਲਣ ਨਾਲ ਨਹੀਂ ਬਦਲ ਰਹੇ, ਜਦੋਂ ਕਿ ਅਜੋਕੀ ਪੀੜ੍ਹੀ ਵਧੇਰੇ ਸੁਚਾਰੂ, ਫੁਰਤੀਲੀ ਅਤੇ ਵਿਹਾਰਕ ਹੈ। ਉਹ ਆਪਣੀ ਜ਼ਿੰਦਗੀ ਆਪਣੇ ਢੰਗ ਨਾਲ ਜਿਉਂਣਾ ਚਾਹੁੰਦੇ ਹਨ। ਉਨ੍ਹਾਂ ਨੂੰ ਪੁਰਾਣੇ ਰੀਤੀ-ਰਿਵਾਜ਼ਾਂ ਦੇ ਬੰਧਨਾਂ ਤੋਂ ਮੁਕਤੀ ਚਾਹੀਦੀ ਹੈ ਅਤੇ ਉਹ ਇੱਕ ਸੁਤੰਤਰ ਜੀਵਨ ਗੁਜ਼ਾਰਨਾ ਚਾਹੁੰਦੇ ਹਨ।

ਸਵਾਲ ਇਹ ਹੈ ਕਿ ਮਾਂ-ਬਾਪ ਜਿਸ ਬੱਚੇ ਦੀ ਪਾਲਣਾ ਲਾਡ-ਪਿਆਰ ਨਾਲ ਕਰਦੇ ਹਨ, ਆਪ ਦੁੱਖ-ਤਕਲੀਫਾਂ ਸਹਿ ਕੇ ਉਸ ਨੂੰ ਪਾਲਦੇ ਹਨ, ਆਪਣੇ ਗਾੜ੍ਹੇ ਖੂਨ ਦੀ ਕਮਾਈ ਉਸ ਦੀ ਪੜ੍ਹਾਈ ਅਤੇ ਸਿੱਖਿਆ ਉੱਪਰ ਖਰਚ ਕਰਦੇ ਹਨ, ਉਸ ਨੂੰ ਜੀਵਨ ਦੇ ਸਾਰੇ ਸੁਖ ਦੇਣ ਲਈ ਆਪ ਭੁੱਖੇ ਅਤੇ ਆਪਣੀਆਂ ਇੱਛਾਵਾਂ ਨੂੰ ਮਾਰ ਕੇ ਉਨ੍ਹਾਂ ਦੀਆਂ ਇੱਛਾਵਾਂ ਪੂਰੀਆਂ ਕਰਦੇ ਹਨ, ਕੀ ਉਨ੍ਹਾਂ ਬੱਚਿਆਂ ਦਾ ਆਪਣੇ ਮਾਂ-ਬਾਪ ਦੇ ਵੱਲ ਕੋਈ ਫਰਜ਼ ਨਹੀਂ?

ਇਹ ਸੱਚ ਹੈ ਕਿ ਸਮਾਂ ਬਦਲ ਚੁੱਕਾ ਹੈ। ਮਨੁੱਖ ਦੀਆਂ ਲੋੜਾਂ ਵੱਧ ਗਈਆਂ ਹਨ, ਬੱਚਿਆਂ ਨੂੰ ਆਪਣੀ ਜ਼ਿੰਦਗੀ ਸੁਆਰਨ ਦੋ ਕਈ ਰਾਹ ਮਿਲ ਗਏ ਹਨ। ਉਹ ਚੰਗੇ ਤੋਂ ਚੰਗਾ ਜੀਵਨ ਗੁਜ਼ਾਰਨ ਲਈ ਖੂਬ ਮਿਹਨਤ ਕਰ ਕੇ ਡਿਗਰੀਆਂ ਹਾਸਲ ਕਰਨ ਵੱਲ ਰੁਚਿਤ ਹਨ। ਚੰਗੀ ਕਮਾਈ ਦੇ ਸਾਧਨਾਂ ਨੂੰ ਉਹ ਗੁਆਉਣਾ ਨਹੀਂ ਚਾਹੁੰਦੇ। ਪਰ, ਇਹ ਕਿੱਥੋਂ ਦਾ ਇਨਸਾਫ਼ ਹੈ ਕਿ ਜਿਸ ਮਾਂ-ਬਾਪ ਨੇ ਇਹ ਸਭ ਕੁਝ ਕਰਨ ਦੇ ਯੋਗ ਬਣਾਇਆ, ਉਨ੍ਹਾਂ ਨੂੰ ਹੀ ਜ਼ਿੰਦਗੀ ਵਿਚੋਂ ਕੱਢ ਕੇ ਦੂਰ ਛੱਡ ਦਿੱਤਾ ਜਾਵੇ। ਆਪਣੇ ਸੁਆਰਥ ਤੇ ਲੋਭ ਦੇ ਕਾਰਨ ਮਾਂ-ਬਾਪ ਦੀ ਕਦਰ ਨਾ ਕੀਤੀ ਜਾਵੇ। ਬੱਚਿਆਂ ਨੂੰ ਇਹ ਕਦੀ ਨਹੀਂ ਭੁੱਲਣਾ ਚਾਹੀਦਾ ਕਿ ਉਨ੍ਹਾਂ ਦੇ ਵੀ ਕਈ ਅਰਮਾਨ ਹਨ, ਉਨ੍ਹਾਂ ਦੀਆਂ ਵੀ ਕਈ ਇਛਾਵਾਂ ਹਨ।

ਮਾਂ-ਬਾਪ ਤੇ ਬੱਚਿਆਂ ਦੀ ਸੋਚ ਵਿੱਚ ਫਰਕ ਹੋ ਸਕਦਾ ਹੈ। ਇਸ ਫਰਕ ਨੂੰ ਆਪਸੀ ਗੱਲ-ਬਾਤ ਰਾਹੀਂ ਮਿਟਾਇਆ ਜਾ ਸਕਦਾ ਹੈ। ਬੱਚਿਆਂ ਨੂੰ ਇਸ ਬਾਰੇ ਖੁੱਲ੍ਹ ਕੇ ਮਾਂ-ਬਾਪ ਨਾਲ ਗੱਲ ਕਰਨੀ ਚਾਹੀਦੀ ਹੈ ਅਤੇ ਮਾਂ-ਬਾਪ ਨੂੰ ਵੀ ਬੱਚਿਆਂ ਅਨੁਸਾਰ ਆਪਣੇ ਸੁਭਾਅ ਅਤੇ ਸੋਚ ਵਿੱਚ ਬਦਲਾਓ ਲਿਆਉਣਾ ਚਾਹੀਦਾ ਹੈ।

ਬੁਢਾਪੇ ਵਿੱਚ ਮਾਂ-ਬਾਪ ਨੂੰ ਬੱਚਿਆਂ ਦੇ ਸਹਾਰੇ ਦੀ ਲੋੜ ਹੁੰਦੀ ਹੈ।ਬੱਚਿਆਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਦਾ ਸਹਾਰਾ ਬਣਨ। ਉਹਨਾਂ ਨੂੰ ਆਪਣੇ ਕੋਲ ਰੱਖ ਕੇ ਸਰੀਰਕ ਤੇ ਮਾਨਸਿਕ ਪੱਖੋਂ ਉਨ੍ਹਾਂ ਦੀ ਤਾਕਤ ਬਣਨ। ਉਨ੍ਹਾਂ ਦੀ ਇੱਜ਼ਤ ਕਰ ਕੇ, ਉਨ੍ਹਾਂ ਨੂੰ ਪਿਆਰ, ਖੁਸ਼ੀ ਤੇ ਸੰਤੁਸ਼ਟੀ ਦੇਣ ਤਾਂ ਕਿ ਭਾਵਾਤਮਕ ਪੱਧਰ ‘ਤੇ ਉਹ ਆਪਣੇ-ਆਪ ਨੂੰ ਸੁਰੱਖਿਅਤ ਸਮਝਣ। ਇੰਜ ਕਰਨਾ ਬੱਚਿਆਂ ਦਾ ਆਪਣੇ ਮਾਂ-ਬਾਪ ਪ੍ਰਤੀ ਪਹਿਲਾ ਫਰਜ਼ ਹੈ।