ਲੇਖ : ਗੁਰੂ ਅਰਜਨ ਦੇਵ ਜੀ
ਸਿੱਖ ਧਰਮ ਦੇ ਪੰਜਵੇਂ ਗੱਦੀਨਸ਼ੀਨ ਗੁਰੂ ਅਰਜਨ ਦੇਵ ਦਾ ਜਨਮ ਆਪਣੇ ਨਾਨਕੇ ਪਿੰਡ ਗੋਇੰਦਵਾਲ ਵਿੱਚ ਗੁਰੂ ਰਾਮਦਾਸ ਦੇ ਘਰ ਬੀਬੀ ਭਾਨੀ ਦੀ ਕੁਖੋਂ 15 ਅਪ੍ਰੈਲ, 1563 ਨੂੰ ਹੋਇਆ। ਆਪ ਤੀਜੇ ਗੁਰੂ ਅਮਰਦਾਸ ਦੇ ਦੋਹਤੇ ਸਨ। ਆਪ ਗੰਭੀਰ ਸੁਭਾਅ ਵਾਲੇ ਸੱਚੇ ਅਤੇ ਸੁੱਚੇ ਧਰਮ-ਸਾਧਕ, ਵਿਦਵਾਨ ਤੇ ਲੋਕ-ਨਾਇਕ ਸਨ।
ਗੁਰੂ ਅਰਜਨ ਦੇਵ ਇੱਕ ਮਹਾਨ ਸਾਹਿਤਕਾਰ ਸਨ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਭ ਤੋਂ ਵੱਧ ਆਪ ਜੀ ਦੀ ਬਾਣੀ ਹੈ। ਆਪ ਜੀ ਦੀ ਬਾਣੀ ਦੇ ਮੂਲ ਮੁੱਦੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਾਲੇ ਹੀ ਹਨ। ਆਪ ਜੀ ਦੀ ਬਾਣੀ, ਰਸ, ਛੰਦਾਂ, ਰਾਗ, ਅਲੰਕਾਰ ਅਤੇ ਬਿੰਬਾ ਨਾਲ ਭਰਪੂਰ ਹੈ। ਆਪ ਬਚਪਨ ਤੋਂ ਹੀ ਬਾਣੀ, ਕਾਵਿ ਅਤੇ ਸੰਗੀਤ ਵਲ ਰੁਚਿਤ ਸਨ, ਇਸ ਕਰਕੇ ਬਾਣੀ-ਰਚਨਾ ਵੇਲੇ ਗੁਰੂ ਜੀ ਸੰਗੀਤ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਸਨ।
ਬ੍ਰਹਮ ਗਿਆਨੀ ਕਾ ਕਉਨ ਜਾਨੈ ਭੇਦੁ॥
ਬ੍ਰਹਮ ਗਿਆਨੀ ਕਉ ਸਦਾ ਅਦੇਸੁ॥
(ਗੁ. ਗ੍ਰ. ਪੰਨਾ 273)
ਆਪ ਬਹੁ-ਭਾਸ਼ੀ ਵਿਦਵਾਨ ਸਨ ਇਸ ਲਈ ਆਪ ਦੀ ਬਾਣੀ ਵਿੱਚ ਪੰਜਾਬੀ, ਮੁਲਤਾਨੀ ਤੇ ਲਹਿੰਦੀ, ਸੰਸਕ੍ਰਿਤ, ਅਰਬੀ-ਫ਼ਾਰਸੀ ਤੇ ਬ੍ਰਜ ਭਾਸ਼ਾ ਦੇ ਸ਼ਬਦ ਵੀ ਮਿਲਦੇ ਹਨ।
ਗੁਰੂ ਅਰਜਨ ਦੇਵ ਜੀ ਨੇ ਆਪਣੇ ਤੋਂ ਪਹਿਲਾਂ ਚਾਰ ਗੁਰੂਆਂ ਦੀ ਬਾਣੀ ਅਤੇ ਗੁਰਮਤ ਅਨੁਸਾਰ ਰਚੀ ਹੋਰ ਭਗਤਾਂ ਦੀ ਬਾਣੀ ਨੂੰ ਬੜੀ ਮਿਹਨਤ ਤੇ ਲਗਨ ਨਾਲ ਇਕੱਠਾ ਕੀਤਾ। ਇਸ ਸਾਰੀ ਬਾਣੀ ਨੂੰ ਇੱਕ ਤਰਤੀਬ ਦੇ ਕੇ ਗ੍ਰੰਥ ਦੇ ਰੂਪ ਵਿੱਚ ਸੁਰਖਿਅਤ ਕੀਤਾ, ਜਿਸ ਨੂੰ ਅਜ ‘ਗੁਰੂ ਗ੍ਰੰਥ ਸਾਹਿਬ’ ਕਿਹਾ ਜਾਂਦਾ ਹੈ। ਇਸ ਤਰ੍ਹਾਂ ਸੰਪਾਦਨਾ ਦਾ ਮਹੱਤਵਪੂਰਨ ਕੰਮ ਵੀ ਆਪ ਨੇ ਹੀ ਕੀਤਾ। ਆਪ ਜੀ ਦੀਆਂ ਮੁੱਖ ਬਾਣੀਆਂ ਹਨ—ਸੁਖਮਨੀ ਸਾਹਿਬ, ਬਾਰਾਂਮਾਹ, ਬਾਵਨ-ਅੱਖਰੀ, ਥਿੱਤੀ, ਪਹਰਾ, ਵਾਰਾਂ ਆਦਿ। ਆਪ ਦੀ ਬਾਣੀ 30 ਰਾਗਾਂ ਵਿੱਚ ਦਰਜ ਹੈ।
ਗੁਰੂ ਅਰਜਨ ਦੇਵ ਜੀ ਦੀ ਬਾਣੀ ਦਾ ਮੁੱਖ ਵਿਸ਼ਾ ਪ੍ਰਭੂ ਭਗਤੀ, ਨਾਮ ਸਿਮਰਨ, ਗੁਰੂ-ਮਹਿਮਾ, ਸਾਧ-ਸੰਗਤ ਦਾ ਮਹੱਤਵ ਆਦਿ ਹੈ। ਉਹ ਉਸ ਪ੍ਰਭੂ ਨੂੰ ਸਮਰੱਥ ਕਹਿੰਦੇ ਲਿਖਦੇ ਹਨ:
(1) ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ॥
(ਗੁ. ਗ੍ਰ. 276)
(2) ਜਲਿ ਥਲਿ ਮਹੀਅਲਿ ਪੂਰਿਆ ਸੁਆਮੀ ਸਿਰਜਨਹਾਰੁ॥
(ਗੁ. ਗ੍ਰ. 296)
ਆਪ ਨਾਮ ਸਿਮਰਨ ‘ਤੇ ਜ਼ੋਰ ਦਿੰਦੇ ਲਿਖਦੇ ਹਨ:
ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨੁ ਬਿਸਰਾਮ॥
ਗੁਰੂ ਅਰਜਨ ਦੇਵ ਜੀ ਨੂੰ ਗੁਰ-ਗੱਦੀ ਆਪਣੀ ਸਾਹਿਤਕ ਪ੍ਰਤਿਭਾ ਕਾਰਨ ਮਿਲੀ। ਇਕ ਵਾਰ ਗੁਰੂ ਰਾਮਦਾਸ ਜੀ ਨੇ ਆਪ ਨੂੰ ਲਾਹੌਰ ਕਿਸੇ ਵਿਆਹ ‘ਤੇ ਭੇਜਿਆ। ਵਧੇਰੇ ਸਮਾਂ ਬੀਤਣ ਤੋਂ ਬਾਅਦ ਵੀ ਜਦੋਂ ਪਿਤਾ ਜੀ ਨੇ ਲਾਹੌਰ ਤੋਂ ਉਨ੍ਹਾਂ ਨੂੰ ਨਾ ਬੁਲਾਇਆ ਤਾਂ ਉਨ੍ਹਾਂ ਨੇ ਲਾਹੌਰ ਤੋਂ ਪਿਤਾ-ਪ੍ਰੇਮ ਅਤੇ ਮਿਲਣ ਦੀ ਲਾਲਸਾ ਨੂੰ ਪ੍ਰਗਟਾਉਂਦੇ ਹੋਏ ਤਿੰਨ ਚਿੱਠੀਆਂ ਪਿਤਾ ਜੀ ਨੂੰ ਲਿਖੀਆਂ। ਪਰ, ਉਨ੍ਹਾਂ ਦੇ ਵੱਡੇ ਭਰਾ ਪ੍ਰਿਥੀਚੰਦ ਨੇ ਭਰਾ ਨਾਲ ਈਰਖਾ ਹੋਣ ਕਾਰਨ ਉਹ ਚਿੱਠੀਆਂ ਗੁਰੂ ਰਾਮਦਾਸ ਜੀ ਨੂੰ ਨਾ ਦਿੱਤੀਆਂ। ਲਾਹੌਰ ਤੋਂ ਵਾਪਸ ਆਉਣ ‘ਤੇ ਅਰਜਨ ਦੇਵ ਨੇ ਪਿਤਾ ਜੀ ਨੂੰ ਚਿੱਠੀਆਂ ਬਾਰੇ ਦੱਸਿਆ ਤਾਂ ਪ੍ਰਿਥੀਚੰਦ ਨੇ ਝੂਠ ਬੋਲਦਿਆਂ ਕਿਹਾ ਕਿ ਉਹ ਚਿੱਠੀਆਂ ਉਸ ਨੇ ਲਿਖੀਆਂ ਹਨ। ਪਿਤਾ ਜੀ ਨੇ ਦੋਹਾਂ ਨੂੰ ਚੌਥੀ ਚਿੱਠੀ ਲਿਖਣ ਦੀ ਪਰੀਖਿਆ ਪਾ ਦਿੱਤੀ। ਅਰਜਨ ਦੇਵ ਨੇ ਚੌਥੀ ਚਿੱਠੀ ਪਿਤਾ-ਮਿਲਾਪ ਦੀ ਅਕਹਿ ਪ੍ਰਸੰਨਤਾ ਬਾਰੇ ਲਿਖੀ:
ਭਾਗ ਹੋਆ ਗੁਰਿ ਸੰਤੁ ਮਿਲਾਇਆ॥
ਪ੍ਰਭੂ ਅਬਿਨਾਸੀ ਘਰ ਮਹਿ ਪਾਇਆ॥
ਸੇਵ ਕਰੀ ਪਲੁ ਚਸਾ ਨਾ ਵਿਛੁੜਾ॥
ਜਨ ਨਾਨਕ ਦਾਸ ਤੁਮਾਰੇ ਜੀਓ॥੪॥
ਇਸ ਤੋਂ ਬਾਅਦ ਗੁਰ-ਗੱਦੀ ਇਨ੍ਹਾਂ ਨੂੰ ਮਿਲੀ ਅਤੇ ਆਪ ਗੁਰੂ ਅਰਜਨ ਦੇਵ ਬਣ ਗਏ।
ਆਪ ਦੇ ਵੱਧਦੇ ਜੱਸ ਨੂੰ ਦੀਵਾਨ ਚੰਦੂ ਸਹਿਣ ਨਾ ਕਰ ਸਕਿਆ। ਦੀਵਾਨ ਚੰਦੂ ਦੇ ਬ੍ਰਾਹਮਣ ਨੇ ਉਸ ਦੀ ਲੜਕੀ ਦਾ ਰਿਸ਼ਤਾ ਗੁਰੂ ਜੀ ਦੇ ਸਪੁੱਤਰ ਹਰ ਗੋਬਿੰਦ ਨਾਲ ਪੱਕਾ ਕਰ ਦਿੱਤਾ। ਚੰਦੂ ਨੇ ਗੁਰੂ ਜੀ ਬਾਰੇ ਅਪਮਾਨ ਦੇ ਸ਼ਬਦ ਕਹੇ। ਗੁਰੂ ਅਰਜਨ ਦੇਵ ਜੀ ਨੇ ਸੰਗਤ ਦੀ ਬੇਨਤੀ ‘ਤੇ ਇਹ ਰਿਸ਼ਤਾ ਤੋੜ ਦਿੱਤਾ। ਚੰਦੂ ਨੇ ਬਦਲਾ ਲੈਣ ਦੀ ਠਾਣ ਲਈ। ਉਸ ਨੇ ਗੁਰੂ ਅਰਜਨ ਦੇਵ ਜੀ ਦੇ ਖ਼ਿਲਾਫ਼ ਹਾਕਮਾਂ ਦੇ ਕੰਨ ਭਰ ਦਿੱਤੇ। ਗੁਰੂ ਜੀ ਨੂੰ ਬੰਦੀ ਬਣਾ ਲਿਆ ਗਿਆ। ਅਤਿ ਦੀ ਗਰਮੀ ਦੇ ਦਿਨਾਂ ਵਿੱਚ ਉਨ੍ਹਾਂ ਨੂੰ ਤਪਦੀ ਲੋਹ ‘ਤੇ ਬਿਠਾ ਕੇ ਉੱਪਰੋਂ ਸਰੀਰ ਉੱਤੇ ਰੇਤ ਪਾਈ ਗਈ। ਉੱਬਲਦੀ ਦੇਗ ਵਿੱਚ ਬਿਠਾਇਆ ਗਿਆ। ਗੁਰੂ ਜੀ ਨੇ ਰੱਬ ਦਾ ਭਾਣਾ ਮੰਨਦਿਆਂ, ਸਭ ਕੁਝ ਸਹਾਰਿਆ ਅਤੇ ਆਪਣੇ ਅਸੂਲਾਂ ‘ਤੇ ਡਟੇ ਰਹੇ। ਅੰਤ ਵਿੱਚ ਸਰੀਰ ਤਿਆਗ ਦਿੱਤਾ।