ਲੇਖ – ਇੰਟਰਨੈੱਟ

ਭੂਮਿਕਾ : ਇੰਟਰਨੈੱਟ ਅਜਿਹੀ ਵਿਵਸਥਾ ਹੈ ਜਿਸ ਰਾਹੀਂ ਦੁਨੀਆ ਭਰ ਦੇ ਕੰਪਿਊਟਰ ਇੱਕ – ਦੂਜੇ ਨਾਲ ਜੁੜਦੇ ਹਨ ਅਤੇ ਉਹਨਾਂ ਵਿੱਚ ਮੌਜੂਦ ਸੂਚਨਾਵਾਂ ਦਾ ਆਦਾਨ – ਪ੍ਰਦਾਨ ਕਰ ਸਕਦੇ ਹਨ। ਇਹ ਫ਼ਾਈਬਰ ਆਪਟਿਕ ਫ਼ੋਨ – ਲਾਈਨਾਂ ਰਾਹੀਂ, ਸੈਟੇਲਾਈਟ ਦੇ ਮਾਧਿਅਮ ਦੁਆਰਾ ਆਪਸ ਵਿੱਚ ਗੱਲਬਾਤ ਕਰਦੇ ਹਨ। ਕਿੱਤਾਕਾਰਾਂ ਲਈ ਇਹ ਬਹੁਮੁੱਲੀ ਦਾਤ ਹੈ ਜਿਸ ਸਦਕਾ ਉਹ ਆਪਣੇ ਕੰਮਾਂ ਸੰਬੰਧੀ ਸੂਚਨਾਵਾਂ ਦਾ ਵਟਾਂਦਰਾ ਬੜੀ ਆਸਾਨੀ ਅਤੇ ਤੇਜ਼ੀ ਨਾਲ ਕਰ ਸਕਦੇ ਹਨ।

ਇੰਟਰਨੈੱਟ ਹੈ ਕੀ ? : ਇਸ ਨੂੰ ਜੇ ਪਰਿਭਾਸ਼ਿਤ ਕਰੋ ਤਾਂ ਅਸੀਂ ਕਹਿ ਸਕਦੇ ਹਾਂ ਕਿ ‘ਇਹ ਇੱਕ ਅੰਕੜਾ ਸੰਚਾਰ ਪ੍ਰਣਾਲੀ ਹੈ’, ਜੋ ਵੱਖ – ਵੱਖ ਸਥਾਨ ‘ਤੇ ਪਏ ਕੰਪਿਊਟਰਾਂ ਨੂੰ ਆਪਸ ਵਿੱਚ ਜੋੜ ਕੇ, ਇੱਕ ਨੈੱਟਵਰਕ ਤਿਆਰ ਕਰਦੀ ਹੈ। ਸਧਾਰਨ ਤੌਰ ‘ਤੇ ਇਸ ਲਈ ਘੱਟੋ – ਘੱਟ ਦੋ ਕੰਪਿਊਟਰਾਂ ਦੀ ਲੋੜ ਹੁੰਦੀ ਹੈ। ਇਹ ਨੈੱਟਵਰਕ LAN – ਸਥਾਨਕ ਖੇਤਰ, WAN – ਵਿਸਥਾਰਿਤ ਖੇਤਰ ਜਾਂ WWW – ਵਿਸ਼ਵ ਵਿਆਪੀ ਹੋ ਸਕਦਾ ਹੈ।

ਇੰਟਰਨੈੱਟ ਦੀ ਵਰਤੋਂ : ਆਰੰਭ ਵਿੱਚ ਇਸ ਦੀ ਵਰਤੋਂ ਬਹੁਤ ਗੁੱਝੇ ਢੰਗ ਨਾਲ਼ ਕੀਤੀ ਜਾਂਦੀ ਹੈ। ਇਸ ਦਾ ਇਸਤੇਮਾਲ ਕੁਝ ਕੁ ਸਰਕਾਰੀ ਸੰਸਥਾਵਾਂ ਤੇ ਖੋਜ ਦੁਆਰਾ ਕੀਤਾ ਜਾਂਦਾ ਸੀ। ਇਸ ਦੀ ਨਿੱਜੀ ਤੌਰ ‘ਤੇ ਵਰਤੋਂ ਉੱਪਰ ਰੋਕ ਲੱਗੀ ਹੋਈ ਸੀ। ਇਸ ਦੀ ਮੁੱਢਲੀ ਵਰਤੋਂ ਇਲੈਕਟ੍ਰਾਨਿਕ ਮੇਲ ਭਾਵ E – mail ਲਈ ਕੀਤੀ ਜਾਂਦੀ ਸੀ। ਅਜੋਕੀ ਇੰਟਰਨੈੱਟ ਪ੍ਰਣਾਲੀ ਦਾ ਪ੍ਰਭਾਵ 20ਵੀਂ ਸਦੀ ਦੇ ਅੰਤਿਮ ਦਹਾਕੇ ਦੇ ਸ਼ੁਰੂ ਵਿੱਚ ਹੋਇਆ। ਇਸ ਸਮੇਂ ਇਸ ਦੀ ਵਰਤੋਂ ਸਮੂਹਾਂ ਵਿੱਚ ਸ਼ੁਰੂ ਹੋਈ ਪਰੰਤੂ ਨਿੱਜੀ ਤੌਰ ‘ਤੇ ਵਰਤੋਂ ਦੀ ਅਜੇ ਵੀ ਖੁੱਲ੍ਹ ਨਹੀਂ ਸੀ। ਕੁਝ ਸਮੇਂ ਬਾਅਦ ਹੀ ਅਮਰੀਕਾ ਵਿੱਚ ਬਹੁਤ ਸਾਰੀਆਂ ਸੰਚਾਰ ਸੇਵਾ ਸੰਸਥਾਵਾਂ ਨੇ ਇੰਟਰਨੈੱਟ ਨਾਲ ਸੰਬੰਧ ਜੋੜਿਆ। ਜਿਸ ਦੇ ਫ਼ਲਸਰੂਪ ਕਰੋੜਾਂ ਗ਼ੈਰ – ਤਕਨੀਕੀ ਲੋਕਾਂ ਦੇ ਇੰਟਰਨੈੱਟ ਰਾਹੀਂ ਸੰਚਾਰ ਕਰਨ ਦਾ ਆਨੰਦ ਪ੍ਰਾਪਤ ਕੀਤਾ। ਇਸ ਪਿੱਛੋਂ ਇੰਟਰਨੈੱਟ ਨੂੰ ਵਪਾਰਕ ਸੰਸਥਾਵਾਂ ਲਈ ਖੋਲ੍ਹ ਦਿੱਤਾ ਗਿਆ ਅਤੇ ਇੰਟਰਨੈੱਟ ਗੁਪਤ ਦੌਰ ‘ਚੋਂ ਲੰਘ ਕੇ ਆਮ ਲੋਕਾਂ ਦੇ ਦਰ ‘ਤੇ ਦਸਤਕ ਦੇਣ ਲੱਗਾ।

ਕੰਪਿਊਟਰ ਦੀ ਵਰਤੋਂ : ਇਸ ਪ੍ਰਣਾਲੀ ਨੂੰ ਹਾਸਿਲ ਕਰਨ ਲਈ ਸਾਨੂੰ ਕੰਪਿਊਟਰ, ਮੋਡਮ, ਫ਼ੋਨ ਲਾਈਨ ਤੇ ਇੰਟਰਨੈੱਟ ਸੇਵਾ ਸੰਸਥਾ ਤੋਂ ਖਾਤਾ ਨੰਬਰ ਦੀ ਲੋੜ ਪੈਂਦੀ ਹੈ। ਇਸ ਸੇਵਾ ਸੰਸਥਾ ਤੋਂ ਨਿਸਚਿਤ ਘੰਟਿਆਂ ਲਈ ਮਿੱਥੀ ਹੋਈ ਦਰ ‘ਤੇ ਹਾਸਿਲ ਕੀਤੀ ਜਾ ਸਕਦੀ ਹੈ।ਆਪਣੇ ਕੰਪਿਊਟਰ ਅਤੇ ਮੋਡਮ ਨੂੰ ਚਾਲੂ ਕਰਕੇ ਕੰਪਿਊਟਰ ਸਕਰੀਨ ‘ਤੇ ਸੰਸਥਾ ਦੇ ਨਾਂ ਨੂੰ ਕਲਿੱਕ ਕਰਕੇ ਉਸ ਨਾਲ ਸਬੰਧ ਸਥਾਪਿਤ ਕੀਤਾ ਜਾ ਸਕਦਾ ਹੈ। ਜੇ ਈ-ਮੇਲ ਭੇਜਣੀ ਜਾਂ ਦੇਖਣੀ ਹੋਵੇ ਤਾਂ ਆਉਟ ਲੁੱਕ ਐਕਸਪ੍ਰੈਸ ਨੂੰ ਕਲਿੱਕ ਕਰਕੇ ਈ-ਮੇਲ ਭੇਜਦੇ ਜਾਂ ਪ੍ਰਾਪਤ ਕਰਦੇ ਹਾਂ, ਇੰਟਰਨੈੱਟ ਐਕਸਪਲੋਰਰ ਨੂੰ ਕਲਿੱਕ ਕਰਨ ਮਗਰੋਂ, ਜਿਸ ਤਰ੍ਹਾਂ ਦੀ ਸੂਚਨਾ ਜਾਂ
ਜਾਣਕਾਰੀ ਪ੍ਰਾਪਤ ਕਰਨੀ ਹੋਵੇ ਉਸ ਵੈੱਬਸਾਈਟ ਦਾ ਪਤਾ ਲਿਖਦੇ ਹਾਂ ਅਤੇ ਉਹ ਸਾਈਟ ਖੁੱਲ੍ਹ ਜਾਂਦੀ ਹੈ। ਫਿਰ ਉਸ ਤੋਂ ਅਸੀਂ ਲੋੜੀਂਦੀ ਜਾਣਕਾਰੀ ਹਾਸਿਲ ਕਰ ਲੈਂਦੇ ਹਾਂ। ਇੰਟਰਨੈੱਟ ਰਾਹੀਂ ਅਸੀਂ ਕਿਸੇ ਵੀ ਵੈੱਬਸਾਈਟ ਤੋਂ ਕੋਈ ਵੀ ਜਾਣਕਾਰੀ, ਜੋ ਉੱਥੇ ਮੌਜੂਦ ਹੈ, ਆਪਣੇ ਕੰਪਿਊਟਰ ‘ਤੇ ਲਿਆ ਸਕਦੇ ਹਾਂ।

ਸੰਚਾਰ ਸੇਵਾਵਾਂ : ਇੰਟਰਨੈੱਟ ‘ਤੇ ਪ੍ਰਾਪਤ ਹੋਣ ਵਾਲੀਆਂ ਸੰਚਾਰ ਸੇਵਾਵਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਇੱਕ ਹੈ : ਵਿਅਕਤੀ ਤੋਂ ਵਿਅਕਤੀ ਤੱਕ ਸੰਚਾਰ ਸੇਵਾਵਾਂ, ਜਿਨ੍ਹਾਂ ਵਿੱਚ ਈ-ਮੇਲ, ਗੱਲਬਾਤ ਅਤੇ ਟੈਲੀਫ਼ੋਨ ਸ਼ਾਮਿਲ ਹਨ। ਦੂਜੀ ਹੈ : ਵਿਅਕਤੀ ਤੋਂ ਸਮੂਹ ਤੱਕ ਸੰਚਾਰ ਸੇਵਾਵਾਂ। ਇਸ ਵਿੱਚ ਇੱਕ ਵਿਅਕਤੀ ਆਪਣੇ ਸਥਾਨ ਤੋਂ ਸੰਸਾਰ ਦੇ ਵੱਖ-ਵੱਖ ਥਾਵਾਂ ‘ਤੇ ਬੈਠੇ ਬਹੁਤ ਸਾਰੇ ਵਿਅਕਤੀਆਂ ਭਾਵ ਸਮੂਹ ਨਾਲ ਆਹਮੋ-ਸਾਹਮਣੇ ਗੱਲਬਾਤ ਜਾਂ ਵਿਚਾਰ ਵਟਾਂਦਰਾ ਕਰ ਸਕਦਾ ਹੈ। ਹਰੇਕ ਘਰ ‘ਚ ਇੰਟਰਨੈੱਟ ਨੇ ਸਥਾਨ ਬਣਾ ਲਿਆ ਹੈ ਕਿਉਂਕਿ ਵਿਸ਼ਵ-ਵਿਆਪੀ ਵੈੱਬ ➡️➡️➡️ ਇੱਕ ਤਰ੍ਹਾਂ ਦੀ ਚੌਹੀਂ ਪਾਸੀਂ ਪਸਰੀ ਮਲਟੀ ਤੇ ਹਾਈਪਰ-ਮੀਡੀਆ ਪ੍ਰਕਾਸ਼ਨ ਵਿਵਸਥਾ ਹੈ।

ਇੰਟਰਨੈੱਟ ਦੀ ਮਹੱਤਤਾ : ਮਨੁੱਖੀ ਜ਼ਿੰਦਗੀ ਵਿੱਚ ਇਸਦਾ ਅਹਿਮ ਯੋਗਦਾਨ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਇਸ ਦਾ ਰੋਲ ਅਹਿਮ ਤੇ ਮਹੱਤਵਪੂਰਨ ਰਹੇਗਾ। ਖ਼ਾਸ ਕਰਕੇ ਖ਼ਬਰਾਂ ਦੀ ਦੁਨੀਆ ਵਿੱਚ ਇਸ ਦਾ ਯੋਗਦਾਨ ਤਹਿਲਕੇ ਤੋਂ ਘੱਟ ਨਹੀਂ। ਖ਼ਬਰਾਂ ਪਹੁੰਚਾਉਣ ਦੇ ਨਵੇਂ ਰਾਹ ਇੰਟਰਨੈੱਟ ਨੇ ਖੋਲ੍ਹ ਦਿੱਤੇ ਹਨ ਅਤੇ ਇਹ ਖ਼ਬਰਾਂ ਦੀ ਦੁਨੀਆ ਦਾ ਅਨਿੱਖੜਵਾਂ ਹਿੱਸਾ ਬਣ ਚੁੱਕਾ ਹੈ। ਇਸ ਦੇ ਨਾਲ-ਨਾਲ ਈ-ਕਾਮਰਸ ਦਾ ਵਿਕਾਸ ਵੀ ਇੰਟਰਨੈੱਟ ਦੀ ਇੱਕ ਹੋਰ ਧਮਾਕੇਦਾਰ ਕਾਢ ਹੈ। ਇਸ ਦੇ ਮਾਧਿਅਮ ਨਾਲ ਖੋਜ ਕਰਨ ਲਈ ਬਹੁਤ ਕੰਪਨੀਆਂ ਅਗਾਂਹ ਵੱਧ ਰਹੀਆਂ ਹਨ। ਵੱਖ-ਵੱਖ ਕੰਪਨੀਆਂ ਇੰਟਰਨੈੱਟ ਉੱਤੇ ਸ਼ੋਅ-ਰੂਮ ਸਥਾਪਿਤ ਕਰ ਰਹੀਆਂ ਹਨ। ਬਸ ਇੱਕ ਕਲਿੱਕ ਕਰਨ ‘ਤੇ ਹੀ ਕੰਪਨੀ ਦੇ ਕੈਟਾਲਾਗ, ਉਤਪਾਦਿਤ ਵਸਤਾਂ ਦੀਆਂ ਤਸਵੀਰਾਂ, ਪ੍ਰਦਰਸ਼ਨੀ ਤੁਹਾਡੀ ਸਕਰੀਨ ‘ਤੇ ਆ ਜਾਂਦੇ ਹਨ। ਵਸਤਾਂ ਵੇਚਣ ਤੇ ਖਰੀਦਣ ਦਾ ਕੰਮ ਵੀ ਆਨ-ਲਾਈਨ ਇੰਟਰਨੈੱਟ ‘ਤੇ ਹੀ ਹੋ ਗਿਆ ਹੈ।

ਇੰਟਰਨੈੱਟ ਦੀ ਠੀਕ ਵਰਤੋਂ : ਪਰੰਤੂ ਇਸ ਸਭ ਦੇ ਬਾਵਜੂਦ ਸਮਾਜ ਨੂੰ ਇਸ ਦੇ ਬੁਰੇ ਪ੍ਰਭਾਵਾਂ ਤੋਂ ਵੀ ਸੁਚੇਤ ਰਹਿਣ ਦੀ ਲੋੜ ਹੈ। ਵੱਖ-ਵੱਖ ਵੈਬਸਾਈਟਾਂ ‘ਤੇ ਅਸ਼ਲੀਲ ਸਮੱਗਰੀ ਤੋਂ ਨੌਜਵਾਨ ਪੀੜ੍ਹੀ ਨੂੰ ਬਚਾ ਕੇ ਰੱਖਣ ਦੀ ਜ਼ਰੂਰਤ ਹੈ। ਵੱਖਵਾਦੀ ਤੇ ਅੱਤਵਾਦੀ ਤਾਕਤਾਂ ਵੀ ਇੰਟਰਨੈੱਟ ਦਾ ਬਹੁਤ ਇਸਤੇਮਾਲ ਕਰ ਰਹੀਆਂ ਹਨ। ਇਸ ਤੋਂ ਵੀ ਨੌਜਵਾਨ ਪੀੜ੍ਹੀ ਨੂੰ ਸੁਚੇਤ ਕਰਨ ਦੀ ਲੋੜ ਹੈ।

ਸਾਰੰਸ਼ : ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਆਉਣ ਵਾਲਾ ਸਮਾਂ ਇੰਟਰਨੈੱਟ ਦੀਆਂ ਸੇਵਾਵਾਂ ਸਦਕਾ ਤੇਜ਼, ਖ਼ੂਬਸੂਰਤ ਤੇ ਜਾਣਕਾਰੀ ਭਰਪੂਰ ਹੋ ਜਾਵੇਗਾ। ਜਿੱਥੇ ਇਹ ਮੁਕਾਬਲੇ ਦੀ ਭਾਵਨਾ ਪੈਦਾ ਕਰੇਗਾ ਉੱਥੇ ਕਿਸੇ ਹੱਦ ਤੱਕ ਤਣਾਓ ਭਰਪੂਰ ਮਾਹੌਲ ਦੀ ਸਿਰਜਣਾ ਵੀ ਕਰ ਸਕਦਾ ਹੈ ਪਰੰਤੂ ਇਸ ਨਾਲ ਦੁਨੀਆਂ ਛੋਟੀ ਹੋ ਗਈ ਹੈ ਤੇ ਸੰਸਾਰਕ ਸਾਂਝ ਇਸ ਦੀ ਸਭ ਖ਼ੂਬਸੂਰਤ ਦੇਣ ਬਣੀ ਹੈ।