CBSEEducationPunjab School Education Board(PSEB)ਪੈਰ੍ਹਾ ਰਚਨਾ (Paragraph Writing)

ਮੀਡੀਆ : ਪੈਰਾ ਰਚਨਾ


ਮੀਡੀਆ ਅਜੋਕੇ ਸਮੇਂ ਦਾ ਇੱਕ ਸ਼ਕਤੀਸ਼ਾਲੀ ਸੰਚਾਰ-ਸਾਧਨ ਹੈ। ਅਖ਼ਬਾਰਾਂ, ਟੈਲੀਵਿਜ਼ਨ ਅਤੇ ਇੰਟਰਨੈੱਟ ਦੇ ਰੂਪ ਵਿੱਚ ਇਸ ਨੇ ਵਿਸ਼ੇਸ਼ ਭੂਮਿਕਾ ਨਿਭਾਈ ਹੈ। ਪ੍ਰਿੰਟ ਮੀਡੀਆ ਵਿੱਚ ਅਖ਼ਬਾਰਾਂ ਅਤੇ ਇਲੈਕਟ੍ਰਾਨਿਕ (ਬਿਜਲਈ) ਮੀਡੀਆ ਵਿੱਚ ਟੈਲੀਵਿਜ਼ਨ ਦਾ ਵਿਸ਼ੇਸ਼ ਮਹੱਤਵ ਹੈ। ਸਾਡੇ ਦੇਸ ਵਿੱਚ ਲੋਕਾਂ ਨੂੰ ਜਾਗ੍ਰਿਤ ਕਰਨ ਵਿੱਚ ਮੀਡੀਆ ਨੇ ਸ਼ਲਾਘਾਯੋਗ ਕੰਮ ਕੀਤਾ ਹੈ। ਇਹ ਦੁਨੀਆਂ ਭਰ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਨੂੰ ਮਿੰਟਾਂ ਵਿੱਚ ਹੀ ਸਾਡੇ ਤੱਕ ਪਹੁੰਚਾ ਦਿੰਦਾ ਹੈ। ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਜਿਹੜੀ ਘਟਨਾ ਵਾਪਰਦੀ ਹੈ ਉਸ ਦੀ ਖ਼ਬਰ ਸਾਨੂੰ ਘਰ ਬੈਠਿਆਂ ਹੀ ਮਿੰਟਾਂ ਵਿੱਚ ਟੈਲੀਵਿਜ਼ਨ ‘ਤੇ ਪਤਾ ਲੱਗ ਜਾਂਦੀ ਹੈ। ਭ੍ਰਿਸ਼ਟਾਚਾਰ ਨੂੰ ਨੰਗਿਆਂ ਕਰਨ, ਔਰਤਾਂ ਦੇ ਹੁੰਦੇ ਸ਼ੋਸ਼ਣ, ਨੇਤਾਵਾਂ ਵੱਲੋਂ ਕੀਤੇ ਜਾਂਦੇ ਵੱਡੇ-ਵੱਡੇ ਆਰਥਿਕ ਘਪਲਿਆਂ ਆਦਿ ਨੂੰ ਜਿਸ ਨਿਡਰਤਾ ਨਾਲ ਮੀਡੀਆ ਨੇ ਆਮ ਲੋਕਾਂ ਦੇ ਸਾਮ੍ਹਣੇ ਪੇਸ਼ ਕੀਤਾ ਹੈ ਉਹ ਸੱਚ-ਮੁੱਚ ਹੀ ਸ਼ਲਾਘਾਯੋਗ ਹੈ। ਸਰਕਾਰ ਦੀਆਂ ਬੇਨਿਯਮੀਆਂ ਨੂੰ ਨੰਗਿਆਂ ਕਰਨ ਵਿੱਚ ਵੀ ਮੀਡੀਆ ਮਹੱਤਵਪੂਰਨ ਰੋਲ ਅਦਾ ਕਰਦਾ ਹੈ। ਜੇਕਰ ਮੀਡੀਆ ਵਰਗੇ ਸੰਚਾਰ-ਸਾਧਨ ਨਾ ਹੋਣ ਤਾਂ ਸਰਕਾਰਾਂ ਆਪਣੀ ਮਨ-ਮਰਜ਼ੀ ਕਰਨ ਅਤੇ ਅਫ਼ਸਰਸ਼ਾਹੀ ਕਿਸੇ ਦੀ ਪਰਵਾਹ ਨਾ ਕਰੇ। ਦੂਸਰੇ ਪਾਸੇ ਮੀਡੀਆ ਮਨ-ਪਰਚਾਵੇ ਦਾ ਵੀ ਇੱਕ ਮਹੱਤਵਪੂਰਨ ਸਾਧਨ ਹੈ। ਕਈ ਤਰ੍ਹਾਂ ਦਾ ਗਿਆਨ ਪ੍ਰਦਾਨ ਕਰਨ ਵਿੱਚ ਵੀ ਇਸ ਨੇ ਵਿਸ਼ੇਸ਼ ਤੇ ਕਿ ਭੂਮਿਕਾ ਨਿਭਾਈ ਹੈ। ਇਸ ਨੇ ਕਈ ਅਹਿਮ ਮਸਲਿਆਂ ਬਾਰੇ ਗੋਸ਼ਟੀਆਂ ਕਰਵਾ ਕੇ ਦਰਸ਼ਕਾਂ ਨੂੰ ਜਾਗ੍ਰਿਤ ਵੀ ਕੀਤਾ ਹੈ। ਪਰ ਜਦ ਮੀਡੀਆ ਦੀ ਸਰਕਾਰੀ ਪ੍ਰਭਾਵ ਹੇਠ ਆ ਜਾਵੇ ਜਾਂ ਰਾਜਸੀ ਨੇਤਾਵਾਂ ਦਾ ਨਿੱਜੀ ਚੈਨਲਾਂ ‘ਤੇ ਕੰਟਰੋਲ ਹੋਵੇ ਤਾਂ ਇਸ ਹਾਲਤ ਵਿੱਚ ਮੀਡੀਆ ਆਪਣੀ ਨਿਰਪੱਖ ਭੂਮਿਕਾ ਨਹੀਂ ਨਿਭਾ ਸਕਦਾ। ਨਿੱਜੀ ਚੈਨਲਾਂ ਦੇ ਮਾਲਕ ਨੇਤਾ ਲੋਕਾਂ ਤੱਕ ਅਸਲੀਅਤ ਪਹੁੰਚਾਉਣ ਦੀ ਥਾਂ ਉਹਨਾਂ ਨੂੰ ਗੁਮਰਾਹ ਕਰਦੇ ਹਨ ਅਤੇ ਭ੍ਰਿਸ਼ਟ ਨੇਤਾਵਾਂ ਦੇ ਹੱਕ ਵਿੱਚ ਪ੍ਰਚਾਰ ਕਰਦੇ ਹਨ। ਨਿੱਜੀ ਚੈਨਲਾਂ ਦੇ ਮਾਲਕ ਆਰਥਿਕ ਲਾਭ ਲਈ ਸਾਡੀਆਂ ਨੈਤਿਕ ਕਦਰਾਂ-ਕੀਮਤਾਂ ਦੀ ਵੀ ਪਰਵਾਹ ਨਹੀਂ ਕਰਦੇ। ਇਸ ਦਾ ਸਾਡੇ ਨੌਜਵਾਨਾਂ ‘ਤੇ ਮਾੜਾ ਅਸਰ ਪੈਂਦਾ ਹੈ ਅਤੇ ਉਹ ਗ਼ਲਤ ਆਦਤਾਂ ਦੇ ਸ਼ਿਕਾਰ ਹੁੰਦੇ ਹਨ। ਸਾਡੇ ਕੁਝ ਪੱਤਰਕਾਰ ਵੀ ਆਰਥਿਕ ਲਾਭ ਲਈ ਭ੍ਰਿਸ਼ਟ ਨੇਤਾਵਾਂ ਦਾ ਪੱਖ ਪੂਰਦੇ ਹਨ। ਲੋੜ ਇਸ ਗੱਲ ਦੀ ਹੈ ਕਿ ਮੀਡੀਆ ਨਿਰਪੱਖ ਹੋ ਕੇ ਆਪਣਾ ਰੋਲ ਨਿਭਾਏ। ਮੀਡੀਆ ਦੇ ਅਧਿਕਾਰੀਆਂ ਨੂੰ ਆਰਥਿਕ ਲਾਭ ਜਾਂ ਕਿਸੇ ਹੋਰ ਕਾਰਨ ਕਰਕੇ ਆਪਣੇ ਨੈਤਿਕ ਫ਼ਰਜ਼ਾਂ ਨੂੰ ਭੁੱਲ ਨਹੀਂ ਜਾਣਾ ਚਾਹੀਦਾ।