ਮਸੰਦ ਪ੍ਰਥਾ
ਪ੍ਰਸ਼ਨ. ਮਸੰਦ ਪ੍ਰਥਾ ਬਾਰੇ ਤੁਸੀਂ ਕੀ ਜਾਣਦੇ ਹੋ?
ਉੱਤਰ : ਸਿੱਖ ਪੰਥ ਦੇ ਵਿਕਾਸ ਵਿੱਚ ਜਿਨ੍ਹਾਂ ਸੰਸਥਾਵਾਂ ਨੇ ਬੜਾ ਸ਼ਲਾਘਾਯੋਗ ਯੋਗਦਾਨ ਦਿੱਤਾ ਮਸੰਦ ਪ੍ਰਥਾ ਉਨ੍ਹਾਂ ਵਿੱਚੋਂ ਇੱਕ ਸੀ। ਇਸ ਪ੍ਰਥਾ ਦੇ ਵਿਭਿੰਨ ਪੱਖਾਂ ਦਾ ਸੰਖੇਪ ਇਤਿਹਾਸ ਹੇਠ ਲਿਖੇ ਅਨੁਸਾਰ ਹੈ :
1. ਮਸੰਦ ਪ੍ਰਥਾ ਤੋਂ ਭਾਵ : ਮਸੰਦ ਸ਼ਬਦ ਫ਼ਾਰਸੀ ਦੇ ਸ਼ਬਦ ਮਸਨਦ ਤੋਂ ਲਿਆ ਗਿਆ ਹੈ। ਮਸਨਦ ਤੋਂ ਭਾਵ ਹੈ ਉੱਚ ਸਥਾਨ ਕਿਉਂਕਿ ਸੰਗਤ ਵਿੱਚ ਗੁਰੂ ਸਾਹਿਬਾਨ ਦੇ ਪ੍ਰਤੀਨਿਧੀਆਂ ਨੂੰ ਉੱਚੇ ਆਸਣ ‘ਤੇ ਬਿਠਾਇਆ ਜਾਂਦਾ ਸੀ ਇਸ ਲਈ ਉਨ੍ਹਾਂ ਨੂੰ ਮਸੰਦ ਕਿਹਾ ਜਾਣ ਲੱਗਾ ਪਿਆ।
2. ਆਰੰਭ : ਮਸੰਦ ਪ੍ਰਥਾ ਦਾ ਆਰੰਭ ਕਦੋਂ ਹੋਇਆ ਇਸ ਬਾਰੇ ਇਤਿਹਾਸਕਾਰਾਂ ਵਿੱਚ ਮਤਭੇਦ ਹਨ। ਕੁੱਝ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਮਸੰਦ ਪ੍ਰਥਾ ਦਾ ਆਰੰਭ ਗੁਰੂ ਰਾਮਦਾਸ ਜੀ ਦੇ ਸਮੇਂ ਹੋਇਆ ਸੀ। ਇਸੇ ਕਾਰਨ ਆਰੰਭ ਵਿੱਚ ਮਸੰਦਾਂ ਨੂੰ ਰਾਮਦਾਸੀਏ ਵੀ ਕਿਹਾ ਜਾਂਦਾ ਸੀ। ਬਹੁਤੇ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਮਸੰਦ ਪ੍ਰਥਾ ਦਾ ਆਰੰਭ ਤਾਂ ਭਾਵੇਂ ਗੁਰੂ ਰਾਮਦਾਸ ਜੀ ਨੇ ਕੀਤਾ ਸੀ ਪਰ ਇਸ ਦਾ ਅਸਲ ਵਿਕਾਸ ਗੁਰੂ ਅਰਜਨ ਦੇਵ ਜੀ ਦੇ ਸਮੇਂ ਹੋਇਆ।
3. ਮਸੰਦ ਪ੍ਰਥਾ ਦੀ ਲੋੜ : ਮਸੰਦ ਪ੍ਰਥਾ ਨੂੰ ਸ਼ੁਰੂ ਕਰਨ ਦਾ ਮੁੱਖ ਕਾਰਨ ਇਹ ਸੀ ਕਿ ਗੁਰੂ ਰਾਮਦਾਸ ਜੀ ਨੂੰ ਅੰਮ੍ਰਿਤਸਰ ਸ਼ਹਿਰ ਨੂੰ ਆਬਾਦ ਕਰਨ ਲਈ ਅਤੇ ਇੱਥੇ ਆਰੰਭ ਕੀਤੇ ਗਏ ਅੰਮ੍ਰਿਤਸਰ ਅਤੇ ਸੰਤੋਖਸਰ ਨਾਂ ਦੇ ਸਰੋਵਰਾਂ ਦੀ ਖੁਦਵਾਈ ਲਈ ਮਾਇਆ ਦੀ ਲੋੜ ਪਈ।
ਦੂਸਰਾ, ਕਿਉਂਕਿ ਇਸ ਸਮੇਂ ਤਕ ਸਿੱਖ ਸੰਗਤ ਦੀ ਗਿਣਤੀ ਵੀ ਕਾਫ਼ੀ ਵੱਧ ਗਈ ਸੀ ਇਸ ਲਈ ਵੱਡੀ ਪੱਧਰ ‘ਤੇ ਲੰਗਰ ਦੇ ਪ੍ਰਬੰਧ ਲਈ ਵੀ ਮਾਇਆ ਦੀ ਲੋੜ ਸੀ।
ਤੀਸਰਾ, ਮਸੰਦ ਪ੍ਰਥਾ ਨੂੰ ਸ਼ੁਰੂ ਕਰਨ ਦਾ ਉਦੇਸ਼ ਇਹ ਸੀ ਕਿ ਸਿੱਖ ਪੰਥ ਦਾ ਯੋਜਨਾਬੱਧ ਢੰਗ ਨਾਲ ਦੂਰ-ਦੁਰਾਡੇ ਇਲਾਕਿਆਂ ਵਿੱਚ ਪ੍ਰਚਾਰ ਕੀਤਾ ਜਾ ਸਕੇ।
4. ਮਸੰਦਾਂ ਦੀ ਨਿਯੁਕਤੀ : ਮਸੰਦ ਦੇ ਅਹੁਦੇ ‘ਤੇ ਉਨ੍ਹਾਂ ਵਿਅਕਤੀਆਂ ਨੂੰ ਨਿਯੁਕਤ ਕੀਤਾ ਜਾਂਦਾ ਸੀ ਜੋ ਬੜਾ ਸਾਦਾ ਅਤੇ ਪਵਿੱਤਰ ਜੀਵਨ ਬਤੀਤ ਕਰਦੇ ਸਨ। ਇਲਾਕੇ ਦੇ ਲੋਕਾਂ ਵਿੱਚ ਉਨ੍ਹਾਂ ਦਾ ਬੜਾ ਸਤਿਕਾਰ ਹੁੰਦਾ ਸੀ। ਉਹ ਆਪਣੇ ਗੁਜ਼ਾਰੇ ਲਈ ਕਿਰਤ ਕਮਾਈ ਕਰਦੇ ਸਨ ਅਤੇ ਗੁਰੂ ਘਰ ਲਈ ਇਕੱਠੀ ਕੀਤੀ ਹੋਈ ਮਾਇਆ ਵਿੱਚੋਂ ਇੱਕ ਪੈਸਾ ਲੈਣਾ ਵੀ ਪਾਪ ਸਮਝਦੇ ਸਨ। ਮਸੰਦਾਂ ਦਾ ਅਹੁਦਾ ਜੱਦੀ ਨਹੀਂ ਹੁੰਦਾ ਸੀ।
5. ਮਸੰਦ ਪ੍ਰਥਾ ਦਾ ਮਹੱਤਵ : ਮਸੰਦ ਪ੍ਰਥਾ ਨੇ ਆਰੰਭ ਵਿੱਚ ਸਿੱਖ ਪੰਥ ਦੇ ਵਿਕਾਸ ਵਿੱਚ ਬੜੀ ਮਹੱਤਵਪੂਰਨ ਭੂਮਿਕਾ ਅਦਾ ਕੀਤੀ। ਇਸ ਕਾਰਨ ਸਿੱਖ ਧਰਮ ਦਾ ਦੂਰ-ਦੁਰਾਡੇ ਇਲਾਕਿਆਂ ਵਿੱਚ ਪ੍ਰਚਾਰ ਸੰਭਵ ਹੋ ਸਕਿਆ। ਇਸ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਲੋਕ ਸਿੱਖ ਧਰਮ ਵਿੱਚ ਸ਼ਾਮਲ ਹੋਏ।
ਦੂਸਰਾ, ਇਸ ਨਾਲ ਗੁਰੂ ਘਰ ਦੀ ਆਮਦਨ ਨਿਸ਼ਚਿਤ ਹੋ ਗਈ।
ਤੀਸਰਾ, ਆਮਦਨ ਵਿੱਚ ਵਾਧੇ ਕਾਰਨ ਲੰਗਰ ਸੰਸਥਾ ਨੂੰ ਵਧੇਰੇ ਚੰਗੇ ਢੰਗ ਨਾਲ ਚਲਾਇਆ ਜਾ ਸਕਿਆ। ਚੌਥਾ, ਮਸੰਦ ਪ੍ਰਥਾ ਸਿੱਖਾਂ ਨੂੰ ਸੰਗਠਿਤ ਕਰਨ ਵਿੱਚ ਵੀ ਬੜੀ ਸਹਾਇਕ ਸਿੱਧ ਹੋਈ।