ਪੈਰਾ ਰਚਨਾ : ਸੰਗਤ ਦੀ ਰੰਗਤ
ਸੰਗਤ ਦੀ ਰੰਗਤ
ਸੰਗਤ ਦੀ ਰੰਗਤ ਤੋਂ ਭਾਵ ਸੰਗਤ ਦਾ ਪ੍ਰਭਾਵ; ਚੰਗੀ ਸੰਗਤ ਤਾਂ ਚੰਗਾ ਪ੍ਰਭਾਵ, ਮਾੜੀ ਸੰਗਤ ਤਾਂ ਮਾੜਾ ਪ੍ਰਭਾਵ। ਸਮਾਜ ਵਿੱਚ ਰਹਿੰਦਿਆਂ ਸੰਗਤ ਕਰਨੀ ਵੀ ਜ਼ਰੂਰੀ ਹੁੰਦੀ ਹੈ ਕਿਉਂਕਿ ਮਨੁੱਖ ਇੱਕ ਸਮਾਜਕ ਪ੍ਰਾਣੀ ਹੈ। ਉਹ ਇਕੱਲਾ ਨਹੀਂ ਰਹਿ ਸਕਦਾ। ਸੋ, ਜਿਹੋ ਜਿਹੀ ਸੰਗਤ ਹੋਵੇਗੀ ਉਹੋ ਜਿਹੇ ਹੀ ਉਸ ਦੇ ਵਿਚਾਰ ਹੋਣਗੇ। ਜੇ ਸੰਗਤ ਮਾੜੀ ਤਾਂ ਵਿਚਾਰ ਵੀ ਮਾੜੇ, ਜੋ ਸੰਗਤ ਚੰਗੀ ਤਾਂ ਵਿਚਾਰ ਵੀ ਚੰਗੇ। ਜਿਹੜੀ ਸੰਗਤ ਦੇ ਵਿਚਾਰ ਉੱਚੇ ਹੁੰਦੇ ਹਨ ਤੇ ਸਰਬੱਤ ਦੇ ਭਲੇ ਵਾਲੇ ਹੋਣ ਉਨ੍ਹਾਂ ਦੀ ਸੰਗਤ ਸਤਿਸੰਗਤ ਦਾ ਦਰਜਾ ਹਾਸਲ ਕਰ ਲੈਂਦੀ ਹੈ। ‘ਅਰਸਤੂ’ ਦਾ ਵਿਚਾਰ ਹੈ ਕਿ ਜੇ ਕੋਈ ਮਨੁੱਖ ਇਕੱਲਾ ਰਹਿੰਦਾ ਹੈ ਜਾਂ ਤਾਂ ਉਹ ਦੇਵਤਾ ਹੈ ਜਾਂ ‘ਪਸ਼ੂ’ ਹੈ। ਸਮਾਜ ਵਿੱਚ ਰਹਿੰਦਿਆਂ ਉਸ ਨੂੰ ਦੁੱਖ-ਸੁੱਖ ‘ਚ ਕਿਸੇ ਨਾ ਕਿਸੇ ਸੰਗੀ-ਸਾਥੀ ਦੀ ਲੋੜ ਰਹਿੰਦੀ ਹੈ। ਇਹ ਇੱਕ ਅਟੱਲ ਸੱਚਾਈ ਹੈ ਕਿ ਸੰਗਤ ਨੇ ਆਪਣਾ ਪ੍ਰਭਾਵ (ਆਪਣਾ ਰੰਗ) ਜ਼ਰੂਰ ਵਿਖਾਉਣਾ ਹੁੰਦਾ ਹੈ। ਚੰਗੀ ਸੰਗਤ ਕਰਮਾਂ-ਭਾਗਾਂ ਵਾਲਿਆਂ ਨੂੰ ਹੀ ਨਸੀਬ ਹੁੰਦੀ ਹੈ। ਗੁਰਬਾਣੀ ਵਿੱਚ ਫ਼ਰਮਾਨ ਹੈ :
ਵਡਭਾਗੀ ਹਰਿ ਸੰਗਤਿ ਪਾਵਹਿ॥
ਸਤਿਸੰਗਤ ਵਿੱਚ ਜਾਣ ਵਾਲੇ ਮਨੁੱਖ ਦਾ ਹਿਰਦਾ ਸ਼ੁੱਧ ਹੁੰਦਾ ਹੈ ਅਤੇ ਹਉਮੈ ਦੀ ਮੈਲ ਦੂਰ ਹੋ ਜਾਂਦੀ ਹੈ। ਚੰਗੀ ਸੰਗਤ ਨਾਲ ਜੁੜੇ ਮਨੁੱਖ ਦੀ ਹਰ ਪਾਸਿਉਂ ਸ਼ੋਭਾ ਹੁੰਦੀ ਹੈ। ਇਹ ਮਨੁੱਖ ਵਿੱਚੋਂ ਵੈਰ-ਵਿਰੋਧ, ਮੇਰ-ਤੇਰ, ਈਰਖਾ, ਅਗਿਆਨਤਾ ਵਰਗੇ ਔਗੁਣਾਂ ਨੂੰ ਬਾਹਰ ਕੱਢ ਦਿੰਦੀ ਹੈ। ਬੁਰੀ ਸੰਗਤ ਵਿਅਕਤੀ ਨੂੰ ਹਰ ਤਰ੍ਹਾਂ ਨਾਲ ਬਰਬਾਦ ਕਰ ਦਿੰਦੀ ਹੈ। ਇਸ ਲਈ ਮਨੁੱਖ ਨੂੰ ਹਰ ਸਮੇਂ ਚੇਤੰਨ ਰਹਿਣਾ ਚਾਹੀਦਾ ਹੈ। ਇੰਜ ਸਪੱਸ਼ਟ ਹੈ ਕਿ ਮਨੁੱਖਾ ਜਨਮ ਅਨਮੋਲ ਹੈ। ਇਸ ਨੂੰ ਸਾਰਥਕ ਬਣਾਉਣ ਲਈ ਹਮੇਸ਼ਾਂ ਚੰਗੇ ਲੋਕਾਂ ਤੇ ਮਹਾਂਪੁਰਖਾਂ ਦੀ ਸੰਗਤ ਕਰਨੀ ਚਾਹੀਦੀ ਹੈ।