ਪੈਰਾ ਰਚਨਾ : ਚੰਗੀ ਬੋਲ-ਚਾਲ
ਚੰਗੀ ਬੋਲ-ਚਾਲ ਮਨੁੱਖੀ ਸ਼ਖ਼ਸੀਅਤ ਦੀ ਇੱਕ ਖ਼ਾਸ ਵਿਸ਼ੇਸ਼ਤਾ ਹੈ। ਇਹ ਜੀਵਨ ਦੇ ਹਰ ਖੇਤਰ ਵਿੱਚ ਸਾਡੇ ਲਈ ਲਾਭਦਾਇਕ ਹੁੰਦੀ ਹੈ। ਜਿਸ ਕਿਸੇ ਕੋਲ ਵੀ ਚੰਗੀ ਬੋਲ-ਚਾਲ ਦਾ ਇਹ ਗੁਣ ਹੋਵੇ ਉਹ ਦੂਸਰਿਆਂ ਨੂੰ ਆਪਣਾ ਬਣਾ ਕੇ ਆਪਣਾ ਕੰਮ ਕਰਾਉਣ ਵਿੱਚ ਸਫਲ ਹੋ ਜਾਂਦਾ ਹੈ। ਇਸ ਨਾਲ ਅਸੀਂ ਦੂਸਰਿਆਂ ਦਾ ਸਹਿਯੋਗ ਪ੍ਰਾਪਤ ਕਰਨ ਵਿੱਚ ਸਫਲ ਹੋ ਜਾਂਦੇ ਹਾਂ। ਚੰਗੀ ਬੋਲ-ਚਾਲ ਨਾਲ ਦੁਕਾਨਦਾਰ ਗਾਹਕ ਨੂੰ ਖਿੱਚ ਲੈਂਦਾ ਹੈ। ਜੇਕਰ ਮਾਲਕ ਨੇ ਨੌਕਰ ਤੋਂ ਜ਼ਿਆਦਾ ਕੰਮ ਲੈਣਾ ਹੋਵੇ ਤਾਂ ਵੀ ਇਹ ਹਥਿਆਰ ਬਹੁਤ ਸਫਲ ਰਹਿੰਦਾ ਹੈ। ਚੰਗੀ ਬੋਲ-ਚਾਲ ਨਾਲ ਤਾਂ ਅਸੀਂ ਵਿਰੋਧੀਆਂ ਨੂੰ ਵੀ ਪ੍ਰਭਾਵਿਤ ਕਰਨ ਵਿੱਚ ਸਫਲ ਹੋ ਜਾਂਦੇ ਹਾਂ। ਚੰਗੀ ਬੋਲ-ਚਾਲ ਲਈ ਜਿੱਥੇ ਨਿਮਰਤਾ ਤੇ ਮਿਠਾਸ ਦੀ ਲੋੜ ਹੁੰਦੀ ਹੈ ਉੱਥੇ ਵਕਤ ਦੀ ਨਜ਼ਾਕਤ ਨੂੰ ਵੀ ਸਮਝਣਾ ਚਾਹੀਦਾ ਹੈ। ਸਾਨੂੰ ਇਸ ਗੱਲ ਦਾ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਸਾਡਾ ਕੋਈ ਵੀ ਸ਼ਬਦ ਕਿਸੇ ਨੂੰ ਠੇਸ ਨਾ ਪਹੁੰਚਾਏ। ਇਸ ਲਈ ਸਾਡਾ ਭਾਸ਼ਾ ‘ਤੇ ਵੀ ਅਧਿਕਾਰ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਜੇਕਰ ਸਾਡੀ ਗੱਲ-ਬਾਤ ਵਿੱਚ ਪਿਆਰ ਤੇ ਹਮਦਰਦੀ ਦੀ ਭਾਵਨਾ ਝਲਕੇ ਤਾਂ ਦੂਸਰਾ ਆਪਣੇ-ਆਪ ਪ੍ਰਭਾਵਿਤ ਹੋ ਜਾਂਦਾ ਹੈ । ਜੇਕਰ ਅਸੀਂ ਦੂਸਰਿਆਂ ਨੂੰ ਸਤਿਕਾਰ ਨਾਲ ਬੁਲਾਈਏ ਤਾਂ ਉਹਨਾਂ ਨੂੰ ਨਾ ਚਾਹੁੰਦਿਆਂ ਹੋਇਆਂ ਵੀ ਸਾਡਾ ਕੰਮ ਕਰਨਾ ਪੈਂਦਾ ਹੈ। ਚੰਗੀ ਬੋਲ-ਚਾਲ ਸਾਡੇ ਸੱਭਿਅਕ ਹੋਣ ਦੀ ਵੀ ਨਿਸ਼ਾਨੀ ਹੈ। ਜਦੋਂ ਅਸੀਂ ਕਿਸੇ ਨੌਕਰੀ ‘ਤੇ ਲੱਗਣਾ ਹੁੰਦਾ ਹੈ ਤਾਂ ਸਾਡੇ ਇਸ ਗੁਣ ਦੀ ਪਰਖ ਕੀਤੀ ਜਾਂਦੀ ਹੈ। ਨਿਰਸੰਦੇਹ ਸਾਡੇ ਜੀਵਨ ਵਿੱਚ ਚੰਗੀ ਬੋਲ-ਚਾਲ ਦਾ ਬਹੁਤ ਮਹੱਤਵ ਹੈ। ਇਹ ਔਖ ਨੂੰ ਸੌਖ ਵਿੱਚ ਬਦਲਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।