ਪੈਰਾ ਰਚਨਾ – ਉੱਦਮ ਅੱਗੇ ਲਛਮੀ ਪੱਖੇ ਅੱਗੇ ਪੌਣ
ਉੱਦਮ ਅੱਗੇ ਲਛਮੀ ਪੱਖੇ ਅੱਗੇ ਪੌਣ
‘ਉੱਦਮ ਅੱਗੇ ਲਛਮੀ ਪੱਖੇ ਅੱਗੇ ਪੌਣ’। ਇਸ ਅਖਾਣ ਦਾ ਭਾਵ ਹੈ : ਉੱਦਮ ਨਾਲ ਧਨ-ਦੌਲਤ ਤੇ ਪੱਖੇ ਨਾਲ ਹਵਾ ਮਿਲਦੀ ਹੈ ਅਰਥਾਤ ਉੱਦਮ ਨਾਲ ਧਨ ਦਾ ਸੁੱਖ ਤੇ ਪੱਖੇ ਨਾਲ ਤਪਸ਼ ਤੋਂ ਰਾਹਤ ਨਸੀਬ ਹੁੰਦੀ ਹੈ। ਨਿਰਸੰਦੇਹ ਕਰਤੇ ਨੇ ਆਪਣੀ ਕਿਰਤ ਦਾ ਪਾਲਣ-ਪੋਸ਼ਣ ਕਰਨਾ ਹੈ, ਭਾਵੇਂ ਉਸ ਦੀ ਉਤਪਤੀ ਪਹਾੜੀ ਪੱਥਰ ਵਿੱਚ ਕਿਉਂ ਨਾ ਹੋਵੇ।
ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ॥੧॥
ਪਰ ਨਾਲ਼ ਹੀ ‘….ਉਦਮੁ ਜਾ ਆਹਰਿ ਹਰਿ ਜੀਉ ਪਰਿਆ’।। ਵੱਲ ਸੰਕੇਤ ਦਿੱਤਾ ਗਿਆ ਹੈ, ਜਿਸ ਨੂੰ ਅੱਖੀਓਂ ਪਰੋਖੇ ਨਹੀਂ ਕਰਨਾ ਚਾਹੀਦਾ। ਇਹ ਆਮ ਵੇਖਿਆ ਗਿਆ ਹੈ ਕਿ ਕਰਤਾਰ ਉਸੇ ਦੀ ਮਦਦ ਕਰਦਾ ਹੈ, ਜਿਹੜਾ ਉੱਦਮ ਕਰਦਾ ਅਥਵਾ ਆਪਣੀ ਮਦਦ ਆਪ ਕਰਦਾ ਹੈ। ਹੱਥ ‘ਤੇ ਹੱਥ ਧਰ ਕੇ ਬੈਠਣ ਵਾਲਿਆਂ ਦੇ ਮੂੰਹ ਵਿੱਚ ਮੱਖੀ ਤਾਂ ਪੈ ਸਕਦੀ ਹੈ, ਭੋਜਨ ਨਹੀਂ। ਨਾਲੇ ਜੋ ਸੁਆਦ ਉੱਦਮ ਕਰਨ ਵਿੱਚ ਹੈ, ਉਹ ਆਲਸ ਵਿੱਚ ਨਹੀਂ। ਜਿੱਥੇ ਉੱਦਮ ਕਰਨ ਨਾਲ ਮਨ ਨਿਰਮਲ ਤੇ ਤਨ ਖਿੜਿਆ ਰਹਿੰਦਾ ਹੈ, ਉੱਥੇ ਆਲਸ ਵਿੱਚ ਮਨ ਮੈਲਾ ਤੇ ਤਨ ਦਲਿੱਦਰੀ ਹੋ ਜਾਂਦਾ ਹੈ। ਸਰਦੀਆਂ ਦੀ ਰੁੱਤ ਵਿੱਚ ਇੱਕ ਆਲਸੀ ਬਿਰਧ ਜੋੜਾ ਆਪਣਿਆਂ ਬਿਸਤਰਿਆਂ ਵਿੱਚ ਨਿੱਘਾ ਪਿਆ ਹੋਇਆ ਕੋਲ ਜਗਦੇ ਦੀਵੇ ਨੂੰ ਬੁਝਾਉਣ ਲਈ ਮਾਤਾ ਚਿੰਤਪੁਰਨੀ ਦੀ ਹਾਜ਼ਰੀ ਭਰਨ ਦੀ ਸੁੱਖਣਾ ਸੁੱਖ ਲੈਂਦਾ ਹੈ। ਜਦ ਅਚਨਚੇਤ ਹਵਾ ਦਾ ਝੋਕਾ ਦੀਵਾ ਬੁਝਾ ਦਿੰਦਾ ਹੈ ਤਾਂ ਸੁੱਖਣਾ ਪੂਰੀ ਕਰਨ ਦੀ ਅਸਮਰੱਥਾ ’ਤੇ ਮਾਤਾ ਤੋਂ ਮੁਆਫ਼ੀ ਮੰਗਣੋਂ ਵੀ ਨਹੀਂ ਸ਼ਰਮਾਉਂਦਾ। ਬਿਨਾਂ ਉੱਦਮ ਦੇ ਸਭ ਯੋਜਨਾਵਾਂ ਹਵਾਈ ਕਿਲ੍ਹੇ ਉਸਾਰਨ ਵਾਂਗ ਹੁੰਦੀਆਂ ਹਨ। ਹੋਰ ਤਾਂ ਹੋਰ, ਪੱਕਿਆ ਭੋਜਨ ਵੀ ਬਿਨਾਂ ਉੱਦਮ ਦੇ ਨਹੀਂ ਖਾਧਾ ਜਾ ਸਕਦਾ। ਇਸ ਦਿਸਦੀ – ਪਿਸਦੀ ਦੁਨੀਆ ਵਿੱਚ ਸਫ਼ਲਤਾ ਉੱਦਮੀਆਂ ਦੇ ਪੈਰ ਚੁੰਮਦੀ ਆਈ ਹੈ ਅਤੇ ਆਲਸੀ ਫ਼ਿਟਕਾਰੇ ਜਾਂਦੇ ਰਹੇ ਹਨ।