CBSEclass 11 PunjabiEducationPunjab School Education Board(PSEB)

ਢੋਲਾ : ਬੁੱਤ ਬਣੋਟਿਆ


ਬੁੱਤ ਬਣੋਟਿਆ : ਸਾਰ

ਪ੍ਰਸ਼ਨ : ‘ਬੁੱਤ ਬਣੋਟਿਆ’ ਢੋਲੇ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ : ਨਾਇਕਾ ਨਾਇਕ ਦੇ ਰੂਪ ਵਿੱਚ ਬੁੱਤ ਬਣੇ ਬਿਰਛ ਨੂੰ ਕਹਿੰਦੀ ਹੈ ਕਿ ਕੋਲ ਵਸਦਿਆਂ ਦਾ ਬੜਾ ਚੰਗਾ ਆਸਰਾ ਹੁੰਦਾ ਹੈ। ਇਸੇ ਲਈ ਉਹ ਆਪਣੇ ਪ੍ਰੇਮੀ (ਨਾਇਕ) ਦੇ ਸਿਰ ਤੋਂ ਪਾਣੀ ਵਾਰ ਕੇ ਪੀਣ ਦਾ ਸ਼ਗਨ ਕਰਦੀ ਹੈ ਭਾਵ ਉਸ ਦੇ ਦੁੱਖ ਆਪਣੇ ਸਿਰ ਲੈਂਦੀ ਹੈ। ਪਰ ਸੱਜਣਾਂ ਦੀ ਝੋਕ (ਟਿਕਾਣਾ) ਦੂਰ ਜਾਂਦੀ ਦੇਖ ਕੇ ਉਹ ਬੇਵੱਸ ਹੋ ਕੇ ਬੈਠ ਗਈ ਹੈ। ਉਹ ਆਪਣੇ ਆਪ ਨੂੰ ਦਰਿਆ ਦੀਆਂ ਘੁੰਮਣ-ਘੇਰੀਆਂ ਵਿੱਚ ਫਸੀ ਮਹਿਸੂਸ ਕਰਦੀ ਹੈ ਤੇ ਬਚਾਅ ਵਾਲਾ ਕੰਢਾ ਬਹੁਤ ਦੂਰ ਹੈ। ਨਾਇਕਾ ਕਹਿੰਦੀ ਹੈ ਕਿ ਉਸ ਦੇ ਪ੍ਰੇਮੀ ਦੇ ਵਿਛੋੜੇ ਕਾਰਨ ਉਸ ਦੀਆਂ ਸਹੇਲੀਆਂ ਤਾਹਨੇ ਦਿੰਦੀਆਂ ਹਨ। ਚਰਖਿਆਂ ਦੇ ਤਰੱਕਲਿਆਂ ਦੀ ਅਵਾਜ਼ ਉਸ ਨੂੰ ਮੱਛੀ ਵਾਂਗ ਤਲਦੀ (ਦੁੱਖ ਦਿੰਦੀ) ਹੈ। ਇਸ ਤਰ੍ਹਾਂ ਦੇ ਦੁਖਿਆਰੇ ਮਰ ਕਿਉਂ ਨਹੀਂ ਜਾਂਦੇ! ਪਰ ਮੂੰਹੋਂ ਮੰਗਣ ‘ਤੇ ਤਾਂ ਮੌਤ ਵੀ ਨਹੀਂ ਮਿਲਦੀ। ਵਿਯੋਗ ਦੇ ਇਸ ਜਿਊਂਣ ਨਾਲੋਂ ਤਾਂ ਮਰਨਾ ਚੰਗਾ ਹੈ। ਇਸ ਲਈ ਨਾਇਕਾ ਜ਼ਹਿਰ ਘੋਲ ਕੇ ਪੀਂਦੀ ਹੈ। ਉਹ ਕਹਿੰਦੀ ਹੈ ਕਿ ਜੇਕਰ ਉਸ ਦਾ ਪਿਆਰਾ ਇਹਨਾਂ ਵਣਾਂ ਵਿੱਚੋਂ ਕਿਧਰੇ ਨਿਕਲ ਪਵੇ ਤਾਂ ਉਹ ਵੀ ਜਿਊਂਦੀਆਂ ਸਹੇਲੀਆਂ ਵਿੱਚ ਗਿਣੀ ਜਾਵੇ।


ਅਭਿਆਸ ਦੇ ਪ੍ਰਸ਼ਨ-ਉੱਤਰ

(ਸੰਖੇਪ ਉੱਤਰਾਂ ਵਾਲੇ ਪ੍ਰਸ਼ਨ)

ਪ੍ਰਸ਼ਨ 1. ‘ਬੁੱਤ ਬਣੋਟਿਆ’ ਢੋਲੇ ਵਿੱਚ ਨਾਇਕਾ ਦਾ ਬਿਰਹਾ-ਵਰਨਣ ਕਿਵੇਂ ਕੀਤਾ ਗਿਆ ਹੈ?

ਉੱਤਰ : ‘ਬੁੱਤ ਬਣੋਟਿਆ’ ਢੋਲੇ ਵਿੱਚ ਨਾਇਕ ਬੁੱਤ ਬਣਿਆ ਹੋਇਆ ਹੈ ਤੇ ਕੋਈ ਉੱਤਰ ਨਹੀਂ ਦਿੰਦਾ। ਨਾਇਕਾ ਨਾਇਕ ਦੇ ਸ਼ਗਨ ਮਨਾਉਂਦੀ ਹੈ ਪਰ ਉਹ ਤਾਂ ਜਿਵੇਂ ਚੁੱਪ ਹੋ ਗਿਆ ਹੈ। ਇਸ ਲਈ ਨਾਇਕਾ ਬੇਵੱਸ ਹੋ ਕੇ ਰਹਿ ਜਾਂਦੀ ਹੈ। ਇਸ ਵਿਯੋਗ ਕਾਰਨ ਉਸ ਦੀਆਂ ਸਹੇਲੀਆਂ ਤਾਹਨੇ ਦਿੰਦੀਆਂ ਹਨ। ਚਰਖਿਆਂ ਦੇ ਤਰੱਕਲਿਆਂ ਦੀ ਅਵਾਜ਼ ਉਸ ਨੂੰ ਮੱਛੀ ਵਾਂਗ ਤਲਦੀ ਹੈ। ਬਿਰਹਾ ਦੇ ਇਸ ਜੀਵਨ ਨਾਲੋਂ ਉਹ ਮਰ ਜਾਣਾ ਚੰਗਾ ਸਮਝਦੀ ਹੈ। ਪਰ ਉਸ ਨੂੰ ਮੰਗਣ ‘ਤੇ ਮੌਤ ਵੀ ਨਹੀਂ ਮਿਲਦੀ।

ਪ੍ਰਸ਼ਨ 2. ‘ਬੁੱਤ ਬਣੋਟਿਆ’ ਢੋਲੇ ਵਿੱਚ ਇਸ ਤੁਕ ਦਾ ਕੀ ਭਾਵ ਹੈ : ਦੁਖਿਆਰੇ ਮਰ ਕਿਓਂ ਨ ਵੈਂਦੇ।

ਉੱਤਰ : ‘ਦੁਖਿਆਰੇ ਮਰ ਕਿਓਂ ਨ ਵੈਦੇ” ਤੁਕ ਦਾ ਭਾਵ ਇਹ ਹੈ ਕਿ ਦੁੱਖ ਦਾ ਜੀਵਨ ਜਿਊਂਣ ਵਾਲੇ ਅਜਿਹੇ ਜੀਵਨ ਨਾਲੋਂ ਤਾਂ ਮੌਤ ਚੰਗੀ ਸਮਝਦੇ ਹਨ ਪਰ ਮੰਗਣ ’ਤੇ ਤਾਂ ਮੌਤ ਵੀ ਨਹੀਂ ਮਿਲਦੀ।

ਪ੍ਰਸ਼ਨ 3. ‘ਬੁੱਤ ਬਣੋਟਿਆ’ ਢੋਲੇ ਵਿੱਚ ਇਸ ਤੁਕ ਦਾ ਕੀ ਭਾਵ ਹੈ : ਕੋਲ ਵਸੰਦਿਆਂ ਦੀਆਂ ਓਟਾਂ ਚੰਗੀਆਂ।

ਉੱਤਰ : ‘ਕੋਲ ਵਸੰਦਿਆਂ ਦੀਆਂ ਓਟਾਂ ਚੰਗੀਆਂ’ ਤੁਕ ਦਾ ਭਾਵ ਇਹ ਹੈ ਕਿ ਕੋਲ ਵੱਸਦੇ ਸੱਜਣਾਂ ਦਾ ਬਹੁਤ ਚੰਗਾ ਅਥਵਾ ਵੱਡਾ ਆਸਰਾ ਹੁੰਦਾ ਹੈ। ਇਸ ਤੁਕ ਵਿੱਚ ਵਿਯੋਗ ਨਾਲ਼ੋਂ ਮਿਲਾਪ ਦੇ ਭਾਵ ਨੂੰ ਮਹੱਤਵ ਦਿੱਤਾ ਗਿਆ ਹੈ।