ਟੈਲੀਵਿਜ਼ਨ (ਟੈਲੀਵਿਜ਼ਨ ਦੀ ਸਾਰਥਿਕਤਾ) : ਪੈਰਾ ਰਚਨਾ
ਅਜੋਕੇ ਯੁੱਗ ਵਿੱਚ ਟੈਲੀਵਿਜ਼ਨ ਮਨੋਰੰਜਨ ਅਤੇ ਗਿਆਨ ਦਾ ਇੱਕ ਮਹੱਤਵਪੂਰਨ ਸਾਧਨ ਹੈ। ਰੇਡਿਓ ਨਾਲੋਂ ਵੀ ਸ਼ਕਤੀਸ਼ਾਲੀ ਸਾਧਨ ਹੋਣ ਕਰਕੇ ਅਥਵਾ ਸਭ ਕੁਝ ਸਕਰੀਨ ‘ਤੇ ਦਿਖਾਏ ਜਾਣ ਕਾਰਨ ਇਸ ਪ੍ਰਤਿ ਲੋਕਾਂ ਦੀ ਖਿੱਚ ਹੋਰ ਵੀ ਵਧੇਰੇ ਹੈ। ਟੈਲੀਵਿਜ਼ਨ ‘ਤੇ ਦਿਖਾਈਆਂ ਜਾਂਦੀਆਂ ਫ਼ਿਲਮਾਂ ਤੇ ਚਿੱਤਰਹਾਰ ਕਾਰਨ ਆਮ ਲੋਕਾਂ ਵਿੱਚ ਇਸ ਦੀ ਖਿੱਚ ਹੋਰ ਵੀ ਵਧ ਗਈ ਹੈ ਅਤੇ ਹਰ ਕੋਈ ਚਾਹੁੰਦਾ ਹੈ ਕਿ ਉਸ ਦੇ ਘਰ ਟੈਲੀਵਿਜ਼ਨ ਹੋਵੇ। ਟੈਲੀਵਿਜ਼ਨ ਬਾਰੇ ਬਹੁਤ ਸਾਰੇ ਲੋਕਾਂ ਦੀ ਇਹ ਧਾਰਨਾ ਹੈ ਕਿ ਇਹ ਬੱਚਿਆਂ ਦੀ ਪੜ੍ਹਾਈ ਦਾ ਕੀਮਤੀ ਸਮਾਂ ਬਰਬਾਦ ਕਰਦਾ ਹੈ। ਬੱਚੇ ਆਪਣੀ ਪੜ੍ਹਾਈ ਛੱਡ ਕੇ ਵੀ ਫ਼ਿਲਮਾਂ, ਚਿੱਤਰਹਾਰ ਅਤੇ ਹੋਰ ਮਨੋਰੰਜਕ ਪ੍ਰੋਗਰਾਮ ਦੇਖਣਾ ਪਸੰਦ ਕਰਦੇ ਹਨ। ਟੈਲੀਵਿਜ਼ਨ ਦੇ ਕਈ ਪ੍ਰੋਗਰਾਮ ਸਾਡੀ ਨੌਜਵਾਨ ਪੀੜ੍ਹੀ ‘ਤੇ ਮਾੜਾ ਅਸਰ ਵੀ ਪਾਉਂਦੇ ਹਨ। ਪਰ ਦੂਸਰੇ ਪਾਸੇ ਟੈਲੀਵਿਜ਼ਨ ਗਿਆਨ ਦੇਣ ਦਾ ਵੀ ਇੱਕ ਮਹੱਤਵਪੂਰਨ ਸਾਧਨ ਹੈ। ਇਸ ਦੇ ਵਿੱਦਿਅਕ ਲਾਭ ਵੀ ਹਨ। ਇਸ ਰਾਹੀਂ ਵਿੱਦਿਆ ਦਿੱਤੀ ਜਾ ਸਕਦੀ ਹੈ ਅਤੇ ਸਮਾਜ ਦੇ ਲੋਕਾਂ ਨੂੰ ਸਿੱਖਿਅਤ ਕੀਤਾ ਜਾ ਵਿੱਚ ਕਈ ਸਕਦਾ ਹੈ। ਇਸ ਰਾਹੀਂ ਅਨੇਕਾਂ ਸਮਾਜਿਕ ਕੁਰੀਤੀਆਂ ਵਿਰੁੱਧ ਪ੍ਰਚਾਰ ਕੀਤਾ ਜਾ ਸਕਦਾ ਹੈ। ਇਹ ਸਾਡੀ ਕੌਮੀ ਏਕਤਾ ਨੂੰ ਬਣਾਈ ਰੱਖਣ ਵਿੱਚ ਵੀ ਸਹਾਈ ਹੋ ਸਕਦਾ ਹੈ। ਇਸ ਸਾਧਨ ਦੀ ਵਰਤੋਂ ਨੌਜਵਾਨਾਂ ਦੇ ਚਰਿੱਤਰ-ਨਿਰਮਾਣ ਲਈ ਵੀ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਟੈਲੀਵਿਜ਼ਨ ਦਾ ਭਾਵੇਂ ਬੱਚਿਆਂ ਦੀ ਪੜ੍ਹਾਈ ‘ਤੇ ਮਾੜਾ ਅਸਰ ਪੈਂਦਾ ਹੈ ਅਤੇ ਇਸ ਦੇ ਕਈ ਪ੍ਰੋਗਰਾਮ ਸਾਡੀ ਨੌਜਵਾਨ ਪੀੜ੍ਹੀ ‘ਤੇ ਵੀ ਮਾੜਾ ਅਸਰ ਪਾਉਂਦੇ ਹਨ ਫਿਰ ਵੀ ਅਜੋਕੇ ਯੁੱਗ ਵਿੱਚ ਟੈਲੀਵਿਜ਼ਨ ਦੀ ਸਾਰਥਿਕਤਾ ਬਰਾਬਰ ਬਣੀ ਹੋਈ ਹੈ। ਲੋੜ ਇਸ ਗੱਲ ਦੀ ਹੈ ਕਿ ਟੈਲੀਵਿਜ਼ਨ ਲਈ ਚੰਗੇ ਅਤੇ ਸਿਹਤਮੰਦ ਪ੍ਰੋਗਰਾਮ ਤਿਆਰ ਕੀਤੇ ਜਾਣ ਜਿੰਨ੍ਹਾਂ ਦਾ ਸਾਡੇ ਨੌਜਵਾਨਾਂ ‘ਤੇ ਮਾੜਾ ਅਸਰ ਨਾ ਪਵੇ। ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਟੈਲੀਵਿਜ਼ਨ ਦੇ ਚੰਗੇ ਪ੍ਰੋਗਰਾਮ ਦੇਖਣ ਦੀ ਆਦਤ ਪਾਈਏ ਅਤੇ ਇਸ ਲਈ ਲੋੜ ‘ਤੋਂ ਵੱਧ ਸਮਾਂ ਖ਼ਰਚ ਨਾ ਕਰੀਏ।