ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ
ਪ੍ਰਸ਼ਨ. ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਕਿਹਨਾਂ ਕਾਰਨਾਂ ਕਰਕੇ ਹੋਈ?
ਉੱਤਰ : ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਲਈ ਅਨੇਕਾਂ ਕਾਰਨ ਜ਼ਿੰਮੇਵਾਰ ਸਨ। ਇਨ੍ਹਾਂ ਕਾਰਨਾਂ ਦਾ ਸੰਖੇਪ ਵੇਰਵਾ ਹੇਠ ਲਿਖੇ ਅਨੁਸਾਰ ਹੈ :
1. ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਦੁਸ਼ਮਣੀ :1605 ਈ. ਤਕ ਸਿੱਖਾਂ ਅਤੇ ਮੁਗ਼ਲਾਂ ਵਿਚਾਲੇ ਮਿੱਤਰਤਾਪੂਰਨ ਸੰਬੰਧ ਚਲੇ ਆ ਰਹੇ ਸਨ। ਪਰ ਜਦੋਂ 1606 ਈ. ਵਿੱਚ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ ਤਾਂ ਇਹ ਸੰਬੰਧ ਦੁਸ਼ਮਣੀ ਵਿੱਚ ਬਦਲ ਗਏ। ਔਰੰਗਜ਼ੇਬ ਦੇ ਸ਼ਾਸਨ ਕਾਲ ਵਿੱਚ ਸਿੱਖਾਂ ਅਤੇ ਮੁਗ਼ਲਾਂ ਵਿਚਾਲੇ ਦੁਸ਼ਮਣੀ ਵਿੱਚ ਹੋਰ ਵਾਧਾ ਹੋ ਗਿਆ ਸੀ। ਇਹ ਦੁਸ਼ਮਣੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦਾ ਇੱਕ ਪ੍ਰਮੁੱਖ ਕਾਰਨ ਬਣੀ।
2. ਔਰੰਗਜ਼ੇਬ ਦੀ ਕੱਟੜਤਾ : ਔਰੰਗਜ਼ੇਬ ਦੀ ਧਾਰਮਿਕ ਕੱਟੜਤਾ ਵੀ ਗੁਰੂ ਸਾਹਿਬ ਦੀ ਸ਼ਹੀਦੀ ਦਾ ਮੁੱਖ ਕਾਰਨ ਬਣੀ। ਔਰੰਗਜ਼ੇਬ 1658 ਈ. ਵਿੱਚ ਮੁਗ਼ਲਾਂ ਦਾ ਨਵਾਂ ਬਾਦਸ਼ਾਹ ਬਣਿਆ ਸੀ। ਉਹ ਭਾਰਤ ਵਿੱਚ ਹਰ ਪਾਸੇ ਇਸਲਾਮ ਧਰਮ ਦਾ ਬੋਲ ਬਾਲਾ ਵੇਖਣਾ ਚਾਹੁੰਦਾ ਸੀ। ਸਿੱਟੇ ਵਜੋਂ ਤਲਵਾਰ ਦੇ ਜ਼ੋਰ ‘ਤੇ ਲੋਕਾਂ ਨੂੰ ਜ਼ਬਰਦਸਤੀ ਇਸਲਾਮ ਧਰਮ ਵਿੱਚ ਸ਼ਾਮਲ ਕੀਤਾ ਜਾਣ ਲੱਗਾ।
3. ਨਕਸ਼ਬੰਦੀਆਂ ਦਾ ਔਰੰਗਜ਼ੇਬ ‘ਤੇ ਪ੍ਰਭਾਵ : ਕੱਟੜ ਸੁੰਨੀ ਮੁਸਲਮਾਨਾਂ ਦੇ ਨਕਸ਼ਬੰਦੀ ਸੰਪਰਦਾਇ ਦਾ ਔਰੰਗਜ਼ੇਬ ‘ਤੇ ਬਹੁਤ ਪ੍ਰਭਾਵ ਸੀ। ਇਸ ਸੰਪਰਦਾਇ ਲਈ ਗੁਰੂ ਸਾਹਿਬ ਦੀ ਵੱਧ ਰਹੀ ਸ਼ੁਹਰਤ ਅਸਹਿ ਸੀ। ਨਕਸ਼ਬੰਦੀਆਂ ਨੂੰ ਇਹ ਖ਼ਤਰਾ ਹੋ ਗਿਆ ਕਿ ਕਿਧਰੇ ਸਿੱਖ ਧਰਮ ਦਾ ਵਿਕਾਸ ਇਸਲਾਮ ਲਈ ਕੋਈ ਗੰਭੀਰ ਵੰਗਾਰ ਨਾ ਬਣ ਜਾਏ। ਇਸ ਲਈ ਉਨ੍ਹਾਂ ਨੇ ਸਿੱਖਾਂ ਵਿਰੁੱਧ ਔਰੰਗਜ਼ੇਬ ਨੂੰ ਭੜਕਾਉਣਾ ਸ਼ੁਰੂ ਕਰ ਦਿੱਤਾ।
4. ਸਿੱਖ ਧਰਮ ਦਾ ਪ੍ਰਸਾਰ : ਗੁਰੂ ਸਾਹਿਬ ਦੀਆਂ ਸਿੱਖ ਧਰਮ ਦੇ ਪ੍ਰਚਾਰ ਲਈ ਕੀਤੀਆਂ ਗਈਆਂ ਯਾਤਰਾਵਾਂ ਤੋਂ ਪ੍ਰਭਾਵਿਤ ਹੋ ਕੇ ਹਜ਼ਾਰਾਂ ਲੋਕ ਸਿੱਖ ਮਤ ਵਿੱਚ ਸ਼ਾਮਲ ਹੋ ਗਏ। ਗੁਰੂ ਸਾਹਿਬ ਨੇ ਸਿੱਖ ਮਤ ਦੇ ਪ੍ਰਚਾਰ ਵਿੱਚ ਤੇਜ਼ੀ ਲਿਆਉਣ ਲਈ ਸਿੱਖ ਪ੍ਰਚਾਰਕ ਨਿਯੁਕਤ ਕੀਤੇ ਅਤੇ ਉਨ੍ਹਾਂ ਨੂੰ ਸੰਗਠਿਤ ਕੀਤਾ। ਸਿੱਖ ਧਰਮ ਦਾ ਹੋ ਰਿਹਾ ਵਿਕਾਸ ਅਤੇ ਉਸ ਦਾ ਸੰਗਠਨ ਔਰੰਗਜ਼ੇਬ ਲਈ ਬਰਦਾਸ਼ਤ ਕਰਨ ਤੋਂ ਬਾਹਰ ਸੀ।
5. ਰਾਮ ਰਾਏ ਦੀ ਦੁਸ਼ਮਣੀ : ਰਾਮ ਰਾਏ ਗੁਰੂ ਹਰਿ ਰਾਏ ਜੀ ਦਾ ਵੱਡਾ ਪੁੱਤਰ ਸੀ। ਉਹ ਆਪਣੇ ਆਪ ਨੂੰ ਗੁਰਗੱਦੀ ਦਾ ਅਸਲ ਹੱਕਦਾਰ ਸਮਝਦਾ ਸੀ। ਪਰ ਜਦੋਂ ਗੁਰਗੱਦੀ ਪਹਿਲਾਂ ਗੁਰੂ ਹਰਿ ਕ੍ਰਿਸ਼ਨ ਜੀ ਨੂੰ ਅਤੇ ਬਾਅਦ ਵਿੱਚ ਗੁਰੂ ਤੇਗ਼ ਬਹਾਦਰ ਜੀ ਨੂੰ ਮਿਲੀ ਤਾਂ ਉਹ ਇਹ ਸਹਾਰ ਨਾ ਸਕਿਆ। ਉਸ ਨੇ ਔਰੰਗਜ਼ੇਬ ਨੂੰ ਗੁਰੂ ਤੇਗ਼ ਬਹਾਦਰ ਜੀ ਵਿਰੁੱਧ ਕਾਰਵਾਈ ਕਰਨ ਲਈ ਭੜਕਾਇਆ।
6. ਕਸ਼ਮੀਰੀ ਪੰਡਤਾਂ ਦੀ ਪੁਕਾਰ : ਕਸ਼ਮੀਰ ਦੇ ਗਵਰਨਰ ਸ਼ੇਰ ਅਫ਼ਗਾਨ ਨੇ ਇਸਲਾਮ ਧਰਮ ਕਬੂਲ ਕਰਵਾਉਣ ਲਈ ਬ੍ਰਾਹਮਣਾਂ ‘ਤੇ ਘੋਰ ਅੱਤਿਆਚਾਰ ਕੀਤੇ। ਜਦੋਂ ਉਨ੍ਹਾਂ ਨੂੰ ਆਪਣੇ ਧਰਮ ਦੇ ਬਚਾਅ ਲਈ ਕੋਈ ਰਸਤਾ ਨਜ਼ਰ ਨਾ ਆਇਆ ਤਾਂ ਪੰਡਤ ਕਿਰਪਾ ਰਾਮ ਦੀ ਅਗਵਾਈ ਹੇਠ ਉਨ੍ਹਾਂ ਦਾ ਇੱਕ ਦਲ ਮਈ, 1675 ਈ. ਵਿੱਚ ਸ੍ਰੀ ਆਨੰਦਪੁਰ ਸਾਹਿਬ ਗੁਰੂ ਤੇਗ਼ ਬਹਾਦਰ ਜੀ ਕੋਲ ਆਪਣੀ ਦੁੱਖ ਭਰੀ ਫਰਿਆਦ ਲੈ ਕੇ ਪਹੁੰਚਿਆ। ਗੁਰੂ ਜੀ ਨੇ ਪੰਡਤਾਂ ਨੂੰ ਕਿਹਾ ਕਿ ਉਹ ਜਾ ਕੇ ਮੁਗ਼ਲ ਅਧਿਕਾਰੀਆਂ ਨੂੰ ਇਹ ਸਾਫ਼-ਸਾਫ਼ ਦੱਸ ਦੇਣ ਕਿ ਜੇ ਉਹ ਗੁਰੂ ਤੇਗ਼ ਬਹਾਦਰ ਜੀ ਨੂੰ ਮੁਸਲਮਾਨ ਬਣਾ ਲੈਣ ਤਾਂ ਉਹ ਸਾਰੇ ਬਿਨਾਂ ਕਿਸੇ ਵਿਰੋਧ ਦੇ ਇਸਲਾਮ ਧਰਮ ਸਵੀਕਾਰ ਕਰ ਲੈਣਗੇ।