ਗਗਨ ਮੈ ਥਾਲੁ…… ਵਾਜੰਤ ਭੇਰੀ।।
ਗਗਨ ਮੈ ਥਾਲੁ : ਪ੍ਰਸੰਗ ਸਹਿਤ ਵਿਆਖਿਆ
ਪ੍ਰਸ਼ਨ 1. ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ-
ਗਗਨ ਮੈ ਬਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥
ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥
ਕੈਸੀ ਆਰਤੀ ਹੋਇ ਭਵਖੰਡਨਾ ਤੇਰੀ ਆਰਤੀ ਅਨਹਤਾ ਸਬਦ ਵਾਜੰਤ ਭੇਰੀ ॥
ਪ੍ਰਸੰਗ : ਇਹ ਕਾਵਿ-ਟੋਟਾ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ‘ਗਗਨ ਮੈ ਥਾਲੁ’ ਵਿੱਚੋਂ ਲਿਆ ਗਿਆ ਹੈ। ਇਸ ਬਾਣੀ ਵਿੱਚ ਗੁਰੂ ਜੀ ਨੇ ਮੰਦਰਾਂ ਵਿੱਚ ਉਤਾਰੀ ਜਾਂਦੀ ਪ੍ਰਭੂ ਦੀ ਆਰਤੀ ਨੂੰ ਇਕ ਫੋਕਟ ਕਰਮ ਕਰਾਰ ਦਿੰਦੇ ਹੋਏ ਦੱਸਿਆ ਹੈ ਕਿ ਸਾਰੀ ਕੁਦਰਤ ਹਰ ਸਮੇਂ ਸਰਗੁਣ ਤੇ ਨਿਰਗੁਣ ਸਰੂਪ ਵਾਲੇ ਪਰਮਾਤਮਾ ਦੀ ਆਰਤੀ ਉਤਾਰਨ ਦੇ ਆਹਰ ਵਿੱਚ ਲੱਗੀ ਹੋਈ ਹੈ ਅਤੇ ਜੀਵ ਵਿਅਕਤੀਗਤ ਰੂਪ ਵਿੱਚ ਪ੍ਰਭੂ ਦੇ ਚਰਨਾਂ ਨਾਲ ਜੁੜ ਕੇ ਤੇ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰ ਕੇ ਪ੍ਰਭੂ ਦੇ ਭਾਣੇ ਵਿੱਚ ਵਿਚਰਦਿਆਂ ਕੁਦਰਤ ਦੁਆਰਾ ਉਤਾਰੀ ਜਾ ਰਹੀ ਇਸ ਆਰਤੀ ਵਿੱਚ ਸ਼ਰੀਕ ਹੁੰਦਾ ਹੈ। ਇਨ੍ਹਾਂ ਸਤਰਾਂ ਵਿੱਚ ਗੁਰੂ ਜੀ ਨੇ ਸਾਰੀ ਕੁਦਰਤ ਦੁਆਰਾ ਉਤਾਰੀ ਜਾ ਰਹੀ ਪ੍ਰਭੂ ਦੀ ਆਰਤੀ ਦਾ ਉਲੇਖ ਕੀਤਾ ਹੈ।
ਵਿਆਖਿਆ : ਗੁਰੂ ਜੀ ਫ਼ਰਮਾਉਂਦੇ ਹਨ ਕਿ ਅਕਾਸ਼ ਰੂਪੀ ਥਾਲ ਵਿੱਚ ਸੂਰਜ ਅਤੇ ਚੰਦ ਦੀਪਕ ਬਣ ਕੇ ਜਗ ਰਹੇ ਹਨ ਅਤੇ ਤਾਰਾ ਮੰਡਲ ਮਾਨੋ ਮੋਤੀ ਹਨ। ਮਲਯ ਪਰਬਤ ਦੇ ਚੰਦਨ ਦੇ ਖ਼ੁਸ਼ਬੂਦਾਰ ਰੁੱਖਾਂ ਵਿੱਚੋਂ ਲੰਘ ਕੇ ਆਉਣ ਵਾਲੀ ਪੌਣ ਧੂਫ਼ ਦੇ ਰਹੀ ਹੈ ਅਤੇ ਇਹ ਚਲਦੀ ਹੋਈ ਪੌਣ ਚਵਰ ਕਰ ਰਹੀ ਹੈ। ਸਾਰੀ ਬਨਸਪਤੀ ਫੁੱਲ ਭੇਟਾ ਕਰ ਰਹੀ ਹੈ। ਕੈਸੀ ਆਰਤੀ ਹੋ ਰਹੀ ਹੈ! ਹੇ ਪ੍ਰਭੂ ! ਤੇਰੀ ਆਰਤੀ ਕਿੰਨੀ ਅਸਚਰਜ ਹੈ! ਸਾਰੇ ਜੀਵਾਂ ਵਿੱਚ ਰੁਮਕ ਰਹੀ ਇਕ-ਰਸ ਜੀਵਨ-ਰੌਂ, ਮਾਨੋ ਨਗਾਰੇ ਵਜ ਰਹੇ ਹਨ। ਇਸ ਪ੍ਰਕਾਰ ਹੇ ਪ੍ਰਭੂ ! ਸਾਰੀ ਕੁਦਰਤ ਹੀ ਤੇਰੀ ਆਰਤੀ ਉਤਾਰਨ ਦੇ ਕਾਰਜ ਵਿੱਚ ਜੁੱਟੀ ਹੋਈ ਹੈ।