ਕਹਾਣੀ ਦਾ ਸਾਰ : ਮਾੜਾ ਬੰਦਾ
ਪ੍ਰਸ਼ਨ : ਪ੍ਰੇਮ ਪ੍ਰਕਾਸ਼ ਦੀ ਕਹਾਣੀ ‘ਮਾੜਾ ਬੰਦਾ’ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ।
ਉੱਤਰ : ‘ਮਾੜਾ ਬੰਦਾ’ ਕਹਾਣੀ ਪ੍ਰੇਮ ਪ੍ਰਕਾਸ਼ ਦੀ ਰਚਨਾ ਹੈ। ਇਸ ਕਹਾਣੀ ਦਾ ਸਾਰ ਇਸ ਪ੍ਰਕਾਰ ਹੈ :
ਉੱਤਮ-ਪੁਰਖੀ ਪਾਤਰ (ਮੈਂ-ਪਾਤਰ) ਲੇਖਕ ਦੀ ਪਤਨੀ ਨੇ ਇੱਕ ਰਿਕਸ਼ਾ ਵਾਲ਼ੇ ਨਾਲ ਸਬਜ਼ੀ ਮੰਡੀ ਤੋਂ ਘਰ ਤੱਕ ਦੋ ਰੁਪਏ ਕੀਤੇ ਸਨ ਪਰ ਘਰ ਪਹੁੰਚ ਕੇ ਉਹ ਅੜ ਗਿਆ ਅਤੇ ਤਿੰਨ-ਰੁਪਏ ਮੰਗਣ ਲੱਗਾ। ਅਵਾਜ਼ ਸੁਣ ਕੇ ਲੇਖਕ (ਉੱਤਮ-ਪੁਰਖੀ ਪਾਤਰ) ਬਾਹਰ ਨਿਕਲ ਆਇਆ। ਰਿਕਸ਼ੇ ਵਾਲੇ ਨੇ ਲੇਖਕ ਦੇ ਸਾਮ੍ਹਣੇ ਹੀ ਉਸ ਦੀ ਪਤਨੀ ਦੇ ਦਿੱਤੇ ਦੋ ਰੁਪਏ ਵਗਾਹ ਮਾਰੇ। ਇਸ ‘ਤੇ ਲੇਖਕ ਨੂੰ ਗੁੱਸਾ ਆ ਗਿਆ। ਜਦ ਉਹ ਰਿਕਸ਼ੇ ਵਾਲੇ ਨੂੰ ਕਮੀਨਾ ਆਖ ਕੇ ਮਾਰਨ ਲੱਗਾ ਤਾਂ ਉਹ ਭੈੜੀਆਂ ਜਿਹੀਆਂ ਨਜ਼ਰਾਂ ਨਾਲ ਦੇਖਦਾ ਰਿਕਸ਼ਾ ਲੈ ਕੇ ਤੁਰ ਗਿਆ ਅਤੇ ਨੇੜੇ ਚੌਂਕ ਵਿੱਚ ਜਾ ਖੜ੍ਹਾ ਹੋਇਆ। ਲੇਖਕ ਦੀ ਪਤਨੀ ਨੇ ਉਸ ਤੋਂ ਚੋਰੀ-ਚੋਰੀ ਰਸੋਈ ਵਿੱਚੋਂ ਨਿਕਲ ਕੇ ਰਿਕਸ਼ੇ ਵਾਲੇ ਨੂੰ ਦੋ-ਚਾਰ ਵਾਰ ਦੇਖਿਆ। ਫਿਰ ਉਹ ਬੂਹੇ ‘ਚ ਖੜ੍ਹੀ ਹੋ ਕੇ ਆਪਣੇ ਪਤੀ ਵੱਲ ਦੇਖਣ ਲੱਗੀ। ਜਦ ਉਸ ਦੇ ਪਤੀ ਨੇ ਖਿਝੀ ਹੋਈ ਨਜ਼ਰ ਨਾਲ ਉਸ ਵੱਲ ਦੇਖਿਆ ਤਾਂ ਉਹ ਰਸੋਈ ਵਿੱਚ ਜਾ ਕੇ ਚਾਹ ਬਣਾਉਣ ਲੱਗੀ।
ਲੇਖਕ ਮੇਜ਼ ‘ਤੇ ਬੈਠ ਕੇ ਫਿਰ ਉਹੀ ਚਿੱਠੀ ਲਿਖਣ ਦੀ ਕੋਸ਼ਸ਼ ਕਰਨ ਲੱਗਾ ਜਿਹੜੀ ਕਈ ਦਿਨਾਂ ਤੋਂ ਅਧੂਰੀ ਸੀ। ਉਸ ਨੇ ਆਪਣੀ ਭੂਆ ਦੇ ਪੁੱਤ ਭਰਾ, ਜੋ ਜੰਗਲਾਤ ਅਫ਼ਸਰ ਸੀ, ਨੂੰ ਫ਼ਰਨੀਚਰ ਬਣਵਾ ਕੇ ਭੇਜਣ ਲਈ ਚਿੱਠੀ ਲਿਖਣੀ ਸੀ। ਸਾਈਜ਼ ਅਤੇ ਡਿਜ਼ਾਈਨ ‘ਤੇ ਆ ਕੇ ਗੱਲ ਉਲਝ ਗਈ ਸੀ। ਗੱਲ ਥੋੜ੍ਹੀ ਜਿਹੀ ਸੁਲਝਣ ਲੱਗੀ ਤਾਂ ਉਸ ਦੀ ਪਤਨੀ ਨੇ ਆ ਕੇ ਹੌਲੀ ਜਿਹੇ ਕਿਹਾ, “ਹੈਂ ਜੀ, ਉਹ ਉੱਥੇ ਈ ਖਲੋਤੈ।”
ਲੇਖਕ ਦੀ ਪਤਨੀ ਅਜੇ ਵੀ ਬੇਚੈਨ ਸੀ। ਲੇਖਕ ਚਾਹੁੰਦਾ ਸੀ ਕਿ ਉਸ ਦੀ ਪਤਨੀ ਰਿਕਸ਼ੇ ਵਾਲੇ ਵੱਲ ਧਿਆਨ ਹੀ ਨਾ ਦਏ ਪਰ ਉਸ ਤੋਂ ਆਪ ਵੀ ਚਿੱਠੀ ਨਹੀਂ ਸੀ ਲਿਖੀ ਜਾ ਰਹੀ। ਉਸ ਨੇ ਵੀ ਰਿਕਸ਼ੇ ਵਾਲ਼ੇ ਨੂੰ ਬਾਰੀ ਵਿੱਚੋਂ ਕਈ ਵਾਰ ਦੇਖਿਆ ਸੀ। ਉਹ ਚੌਕ ਦੇ ਖੱਬੇ ਪਾਸੇ ਉਸੇ ਤਰ੍ਹਾਂ ਹੀ ਖੜ੍ਹਾ ਸੀ। ਉਸ ਦੇ ਰਿਕਸ਼ੇ ਦਾ ਰੁਖ਼ ਪਾਰਕ ਵੱਲ ਸੀ। ਹੁਣ ਉਸ ਨੇ ਰਿਕਸ਼ੇ ਦੀ ਕਾਠੀ ‘ਤੇ ਕੂਹਣੀ ਰੱਖੀ ਹੋਈ ਸੀ ਅਤੇ ਝੁਕਿਆ ਹੋਇਆ ਖੜ੍ਹਾ ਸੀ। ਉਸ ਨੇ ਇੱਕ ਵਾਰ ਵੀ ਮੁੜ ਕੇ ਉਹਨਾਂ ਵੱਲ ਨਹੀਂ ਸੀ ਦੇਖਿਆ, ਜਿਵੇਂ ਉਸ ਦਾ ਉਹਨਾਂ ਨਾਲ ਕੋਈ ਲੈਣ-ਦੇਣ ਹੀ ਨਾ ਹੋਵੇ। ਉਸ ਦੀ ਪਿੱਠ ਕੁੱਬੀ ਹੋਈ ਪਈ ਸੀ ਅਤੇ ਇਸ ‘ਤੇ ਸੱਜੇ ਮੋਢੇ ਦੀ ਹੱਡੀ ਤੱਕ ਭੈੜੀ ਜਿਹੀ ਬੁਸ਼ਰਟ ‘ਤੇ ਕਿਸੇ ਹੋਰ ਰੰਗ ਦੇ ਕੱਪੜੇ ਦੀ ਟਾਕੀ ਲੱਗੀ ਹੋਈ ਸੀ। ਉਸ ਨੇ ਕੱਛਾ ਪਾਇਆ ਹੋਇਆ ਸੀ ਅਤੇ ਇਸ ਹੇਠ ਉਸ ਦੀਆਂ ਕਾਲੀਆਂ ਸੁੱਕੀਆਂ ਲੱਤਾਂ ਸਨ । ਉਸ ਦੇ ਸਿਰ ਦੇ ਵਾਲ ਮੈਲੇ ਤੇ ਉਲਝੇ ਹੋਏ ਸਨ। ਜਦ ਉਸ ਨੇ ਭੈੜਾ ਜਿਹਾ ਮੂੰਹ ਬਣਾ ਕੇ ਅਤੇ ਅੱਖਾਂ ਕੱਢ ਕੇ ਲੇਖਕ ਵੱਲ ਦੇਖਿਆ ਸੀ ਤਾਂ ਉਸ ਨੂੰ ਖਿਝ ਆ ਗਈ ਸੀ। ਰਿਕਸ਼ੇ ਵਾਲੇ ਵੱਲੋਂ ਦੋ ਰੁਪਏ ਬੁੜ-ਬੁੜ ਕਰ ਕੇ ਵਗਾਹ ਮਾਰਨ ‘ਤੇ ਲੇਖਕ ਦਾ ਦਿਲ ਕੀਤਾ ਕਿ ਉਹ ਉਸ ਦੀਆਂ ਸੁੱਕੀਆਂ ਜਿਹੀਆਂ ਬਾਹਵਾਂ ਦੇ ਕਾਨੇ ਮਰੋੜ ਸੁੱਟੇ ਪਰ ਉਸ ਦੀ ਪਤਨੀ ਨੇ ਉਸ ਨੂੰ ਰੋਕ ਦਿੱਤਾ। ਉਹ ਆਪ ਵੀ ਚੁੱਪ ਕਰ ਗਿਆ ਕਿ ਇਸ ਕਮੀਨੇ ਬੰਦੇ ਨੂੰ ਕੀ ਹੱਥ ਪਾਉਣਾ ਹੈ। ਉਂਞ ਵੀ ਉਹ ਮਾੜੇ ਬੰਦੇ ਨਾਲ ਨਹੀਂ ਸੀ ਲੜਨਾ ਚਾਹੁੰਦਾ। ਪਰ ਉਸ ਤੋਂ ਇਹ ਬੇ-ਇਨਸਾਫ਼ੀ ਵੀ ਸਹਿ ਨਹੀਂ ਸੀ ਹੁੰਦੀ ਕਿ ਰਿਕਸ਼ੇ ਵਾਲ਼ਾ ਦੋ ਰੁਪਏ ਕਰ ਕੇ ਤਿੰਨ ਰੁਪਏ ਮੰਗੇ। ਇਹ ਤਾਂ ਮੰਗਣ ਜਾਂ ਠੱਗਣ ਦਾ ਕਮੀਨਾ ਤਰੀਕਾ ਹੈ। ਰਿਕਸ਼ੇ ਵਾਲੇ ਨੇ ਜਦ ਦੋ ਰੁਪਏ ਵਗਾਹ ਸੁੱਟੇ ਤਾਂ ਲੇਖਕ ਉਸ ਨੂੰ ਕਮੀਨਾ ਕਹਿ ਕੇ ਮਾਰਨ ਲੱਗਾ ਤਾਂ ਉਹ ਕਹਿਣ ਲੱਗਾ, “ਗ਼ਰੀਬ ਹਾਂ ਨਾ, ਮਾੜਾ ਬੰਦਾ ਹਾਂ ਨਾ।” ਇਹ ਕਹਿੰਦਾ ਉਹ ਭੈੜੀਆਂ ਜਿਹੀਆਂ ਨਜ਼ਰਾਂ ਨਾਲ ਦੇਖਦਾ ਰਿਕਸ਼ਾ ਲੈ ਕੇ ਤੁਰ ਗਿਆ। ਲੇਖਕ ਨੂੰ ਪਤਾ ਸੀ ਕਿ ਰਿਕਸ਼ੇ ਵਾਲਾ ਇੱਕ ਰੁਪਇਆ ਵੱਧ ਮੰਗ ਕੇ ਪੰਜਾਹ ਪੈਸੇ ਹੋਰ ਲੈਣੇ ਚਾਹੁੰਦਾ ਸੀ ਪਰ ਜੇਕਰ ਉਹ ਇਹ ਕਹਿ ਕੇ ਪੈਸੇ ਮੰਗਦਾ ਕਿ “ਮੈਂ ਸਮਝਦਾ ਸੀ ਕੋਠੀ ਨੇੜੇ ਹੋਵੇਗੀ, ਪਰ ਬੀਬੀ ਜੀ, ਇਹ ਦੂਰ ਨਿਕਲੀ। ਮੈਨੂੰ ਪੰਜਾਹ ਪੈਸੇ ਹੋਰ ਦੇ ਦਿਓ।” ਤਾਂ ਉਸ ਨੂੰ ਉਸੇ ਵੇਲੇ ਪੈਸੇ ਮਿਲ ਜਾਣੇ ਸਨ। ਪਰ ਉਸ ਦੇ ਦੋ ਰੁਪਏ ਸੁੱਟਣ ਅਤੇ ਲੇਖਕ ਦੇ ਗਰਮ ਹੋਣ ਕਾਰਨ ਪੁਆੜਾ ਪੈ ਗਿਆ। ਫਿਰ ਲੇਖਕ ਦੀ ਪਤਨੀ ਨੇ ਉਸ ਨੂੰ ਕਿਹਾ, “ਛੱਡ ਪਰੇ, ਤਿੰਨ ਰੁਪਏ ਹੀ ਨੇ, ਦੇ ਦਿਓ, ਆਹ।” ਪਰ ਲੇਖਕ ਨਾ ਮੰਨਿਆ। ਉਸ ਦੀ ਪਤਨੀ ਹਮਦਰਦੀ ਨਾਲ ਜਾਂ ਡਰ ਨਾਲ ਰਿਕਸ਼ੇ ਵਾਲੇ ਦੀ ਵਕਾਲਤ ਕਰ ਰਹੀ ਸੀ।
ਲੇਖਕ ਦੇ ਵੱਡੇ ਪੁੱਤਰ ਨੇ ਆ ਕੇ ਦੱਸਿਆ, “ਡੈਡੀ, ਰਿਕਸ਼ੇ ਵਾਲਾ ਉੱਥੇ ਖੜੋਤਾ।……ਇੱਕ ਬੰਦੇ ਨੇ ਪੁੱਛਿਆ, ਚੱਲਣਾ ਈ, ਕੰਪਨੀ ਬਾਗ਼-ਕਹਿੰਦਾ ਨਹੀਂ।” ਇਹ ਸੁਣ ਕੇ ਲੇਖਕ ਉਸ ਨੂੰ ਬੇਵਕੂਫ਼ ਤੇ ਜਾਹਲ ਕਹਿ ਕੇ ਕੋਸਣ ਲੱਗਾ। ਉਹ ਕਹਿੰਦਾ ਹੈ ਕਿ ਰਿਕਸ਼ੇ ਵਾਲੇ ਨੇ “ਪੂਰਾ ਇੱਕ ਘੰਟਾ ਬਰਬਾਦ ਕਰ ਲਿਆ। ਪੰਜ ਰੁਪਏ ਕਮਾਏ ਜਾ ਸਕਦੇ ਸੀ, ਏਸ ਸਮੇਂ ‘ਚ।”
ਲੇਖਕ ਨੇ ਉੱਠ ਕੇ ਬਾਰੀ ਵਿੱਚੋਂ ਝਾਤੀ ਮਾਰੀ। ਕੋਈ ਰਿਕਸ਼ੇ ਵਾਲਾ ਉਸ ਰਿਕਸ਼ੇ ਵਾਲੇ ਕੋਲ ਖੜ੍ਹਾ ਸੀ। ਉਹ ਗੱਲ ਕਰ ਕੇ ਕਾਹਲ ਨਾਲ ਅੱਡੇ ਵੱਲ ਚਲਾ ਗਿਆ। ਲੇਖਕ ਨੂੰ ਲੱਗਾ ਕਿ ਉਹ ਆਪਣੇ ਸਾਥੀਆਂ ਨੂੰ ਬੁਲਾਉਣ ਗਿਆ ਹੈ। ਉਹ ਸੋਚਦਾ ਕਿ ਇਹਨਾਂ ਵਿੱਚ ਬਹੁਤ ਏਕਤਾ ਹੁੰਦੀ ਹੈ। ਲੇਖਕ ਦੀ ਪਤਨੀ ਮੁੜ ਬੂਹੇ ਵਿੱਚ ਆ ਕੇ ਖੜ੍ਹੀ ਹੋ ਗਈ ਤੇ ਕਹਿਣ ਲੱਗੀ, “ਰਿਕਸ਼ੇ ਵਾਲੇ ਨੂੰ ਚੰਗਾ ਹੁੰਦਾ, ਇੱਕ ਕੱਪ ਚਾਹ ਪਿਆ ਦੇਂਦੀ। ਹੁਣ ਡੋਲ੍ਹਣੀ ਪਈ ਏ।” ਇਸ ਤਰ੍ਹਾਂ ਉਹ ਸਮਝੌਤੇ ਦਾ ਰਾਹ ਲੱਭ ਰਹੀ ਸੀ ਅਤੇ ਲੱਗਦਾ ਸੀ ਕਿ ਉਹ ਹਾਰ ਗਈ ਹੈ। ਫਿਰ ਉਹ ਕਹਿਣ ਲੱਗੀ, “ਕਿਉਂ ਜੀ, ਜੇ ਰਾਤ ਹੋਵੇ, ਮੀਂਹ ਵੱਸਦਾ ਹੋਵੇ ਤਾਂ ਤਿੰਨ ਹੀ ਰੁਪਏ ਲੈਂਦੇ ਨੇ ਰਿਕਸ਼ੇ ਵਾਲੇ?” ਲੇਖਕ ਨੇ ਸਖ਼ਤੀ ਨਾਲ ਕਿਹਾ, “ਹੁਣ ਮੀਂਹ ਵੱਸਦੇ?” ਇਹ ਸੁਣ ਲੇਖਕ ਦੀ ਪਤਨੀ ਦੂਜੇ ਕਮਰੇ ਵਿੱਚ ਚਲੀ ਗਈ। ਲੇਖਕ ਨੇ ਚਿੱਠੀ ਪੂਰੀ ਕਰਨ ਲਈ ਥੱਕ-ਹਾਰ ਕੇ ਲਿਖ ਦਿੱਤਾ ਕਿ ਉਹ ਬਾਕੀ ਗੱਲਾਂ ਅਗਲੀ ਚਿੱਠੀ ਵਿੱਚ ਲਿਖੇਗਾ। ਡਿਜ਼ਾਈਨ ਬਾਰੇ ਲੇਖਕ ਨੇ ਇਹ ਲਿਖ ਦਿੱਤਾ ਕਿ ‘ਡਿਜ਼ਾਈਨ ਜਿਹੜਾ ਤੁਹਾਨੂੰ ਚੰਗਾ ਲੱਗੇ।’
ਲੇਖਕ ਨੂੰ ਆਪਣੀ ਪਤਨੀ ਦੀ ਇਸ ਆਦਤ ‘ਤੇ ਖਿਝ ਆਈ ਕਿ “ਜਦੋਂ ਵੀ ਕੋਈ ਮਜ਼ਦੂਰ ਝਗੜਾ ਪਾਵੇ ਤਾਂ ਵੱਧ ਪੈਸੇ ਦੇ ਕੇ ਖਲਾਸੀ ਕਰ ਲਈ ਜਾਵੇ।…. ਤੇ ਅੱਡੇ ‘ਤੇ ਬੈਠੇ ਮੰਗਤੇ ਦੀ ਇਹ ਗੱਲ ਮੰਨ ਲਈ ਜਾਵੇ ਪੰਝੀ ਪੈਸੇ ਦਾ ਪਾਨ ਖਾ ਕੇ ਥੁੱਕ ਦੇਂਦੇ ਹੋ, ਇਸ ਗ਼ਰੀਬ ਦੀ ਤਲੀ ‘ਤੇ ਥੁੱਕ ਦਿਓ।” ਲੇਖਕ ਦੀ ਪਤਨੀ ਪੁੰਨ ਸਮਝ ਕੇ ਸੁਖੀ ਹੋ ਜਾਂਦੀ ਹੈ ਅਤੇ ਮੰਗਤਾ ਜਾਂ ਰਿਕਸ਼ੇ ਵਾਲਾ ਠੇਕੇ ਤੋਂ ਬੋਤਲ ਲੈ ਆਉਂਦਾ ਹੈ।
ਲੇਖਕ ਦਾ ਦਿਲ ਕੀਤਾ ਕਿ ਉਹ ਰਿਕਸ਼ੇ ਵਾਲੇ ਨੂੰ ਕਹੇ ਕਿ ਉਹ ਭਲਾ ਮਾਣਸ ਬਣ ਕੇ ਪੈਸੇ ਲੈ ਕੇ ਚਲਾ ਜਾਵੇ ਨਹੀਂ ਤਾਂ ਉਹ ਉਸ ਦੇ ਛਿੱਤਰ ਲਾ-ਲੁਆ ਦਏਗਾ ਤੇ ਪੁਲਿਸ ਨੂੰ ਫੋਨ ਕਰ ਕੇ ਕਹਿ ਦਏਗਾ ਕਿ “ਇਹ ਬਦਮਾਸ਼ ਰਿਕਸ਼ਾ ਵਾਲਾ ਮੈਨੂੰ ਧਮਕੀਆਂ ਦਿੰਦਾ ਏ। ਮੇਰੀ ਇੱਜ਼ਤ ਨੂੰ ਹੱਥ ਪਾਉਣ ਨੂੰ ਫਿਰਦਾ ਏ।” ਪਰ ਉਸ ਨੇ ਦੇਖਿਆ ਕਿ ਰਿਕਸ਼ੇ ਵਾਲਾ ਜਾ ਚੁੱਕਾ ਸੀ। ਲੇਖਕ ਨੇ ਆਪਣੀ ਪਤਨੀ ਨੂੰ ਇਸ ਬਾਰੇ ਦੱਸਿਆ ਅਤੇ ਉਹ ਲਾਅਨ ਵਿੱਚ ਪਈਆਂ ਕੁਰਸੀਆਂ ‘ਤੇ ਬੈਠ ਗਏ। ਲੇਖਕ ਦੀ ਪਤਨੀ ਦੇ ਚਿਹਰੇ ਤੋਂ ਹੁਣ ਦੁੱਖ ਦਾ ਪ੍ਰਭਾਵ ਖ਼ਤਮ ਹੋ ਗਿਆ ਸੀ। ਉਸ ਨੇ ਕਿਹਾ, ” ਹੁਣ ਆਪਾਂ ਇਹ ਤਿੰਨ ਰੁਪਏ ਪਿੰਗਲਵਾੜੇ ਨੂੰ ‘ਦੇ ਦਿਆਂਗੇ।” ਲੇਖਕ ਨੇ ਪੁੱਛਿਆ ਕਿ ਜਿਹੜੇ ਪੰਜਾਹ ਪੈਸੇ ਉਸ ਨੇ ਵੱਧ ਦੇਣੇ ਸਨ? ਪਤਨੀ ਨੇ ਕਿਹਾ ਕਿ “ਉਹ ਅੱਡੇ ਵਾਲੇ ਮੰਗਤੇ ਦੀ ਤਲੀ ‘ਤੇ ਧਰ ਦਿਆਂਗੇ।” ਉਹਨਾਂ ਇੱਕ-ਦੂਜੇ ਵੱਲ ਦੇਖਿਆ ਤੇ ਮੁਸਕਰਾ ਪਏ।
ਇਸ ਤਰ੍ਹਾਂ ‘ਮਾੜਾ-ਬੰਦਾ’ ਕਹਾਣੀ ਵਿੱਚ ਮੱਧ ਵਰਗ ਦੇ ਮਨੁੱਖਾਂ (ਪਤੀ-ਪਤਨੀ) ਦੀ ਮਾਨਸਿਕਤਾ ਨੂੰ ਪ੍ਰਗਟਾਇਆ ਗਿਆ ਹੈ ਜੋ ਉਪਰੋਂ ਤਾਂ ਤਾਕਤਵਰ ਹੋਣ ਦਾ ਦਿਖਾਵਾ ਕਰਦੇ ਹਨ ਪਰ ਅੰਦਰੋਂ ਬਹੁਤ ਕਮਜ਼ੋਰ ਹਨ।