ਕ ਅਤੇ ਖ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ
ਕੰਨਾਂ ਨੂੰ ਹੱਥ ਲਵਾਉਣਾ (ਤੋਬਾ ਕਰਾਉਣੀ) – ਨਵੀਂ ਨੂੰਹ ਨੇ ਆਪਣੇ ਭੈੜੇ ਸਲੂਕ ਨਾਲ ਆਪਣੇ ਸਹੁਰੇ-ਸੱਸ ਦੇ ਕੰਨਾਂ ਨੂੰ ਹੱਥ ਲਵਾ ਦਿੱਤੇ।
ਕੱਖ ਨਾ ਰਹਿਣਾ (ਬਿਲਕੁਲ ਨਾਸ਼ ਹੋ ਜਾਣਾ) – ਮਹਿੰਦਰ ਦੀ ਦੁਕਾਨ ਨੂੰ ਅੱਗ ਲੱਗ ਗਈ ਤਾਂ ਵਿਚਾਰੇ ਦਾ ਕੱਖ ਵੀ ਨਹੀਂ ਰਿਹਾ।
ਕੱਖ ਭੰਨ ਕੇ ਦੋਹਰਾ ਨਾ ਕਰਨਾ (ਬਿਲਕੁਲ ਕੰਮ ਨਾ ਕਰਨਾ) – ਬਿੱਲਾ ਤਾਂ ਵਿਹਲੀਆਂ ਖਾਣ ਜੋਗਾ ਹੀ ਹੈ, ਸਾਰਾ ਦਿਨ ਕੱਖ ਭੰਨ ਕੇ ਦੋਹਰਾ ਨਹੀਂ ਕਰਦਾ।
ਕੱਛਾਂ ਮਾਰਨੀਆਂ (ਕਿਸੇ ਜਿੱਤ ਜਾਂ ਪ੍ਰਾਪਤੀ ਉੱਪਰ ਖ਼ੁਸ਼ੀ ਪ੍ਰਗਟ ਕਰਨੀ) — ਤੁਹਾਡੇ ਸ਼ਰੀਕਾਂ ਨੇ ਤਾਂ ਕੱਛਾਂ ਮਾਰਨੀਆਂ ਹੀ ਸਨ, ਜਦੋਂ ਕਿ ਤੁਹਾਡੇ ਮੁੰਡੇ ਦੀ ਕੁੜਮਾਈ ਟੁੱਟ ਗਈ ਸੀ, ਪਰ ਉਨ੍ਹਾਂ ਨੇ ਆਪਣਾ ਰਿਹਾ-ਖੁਹਾ ਛੜਾ ਵੀ ਵਿਆਹ ਲਿਆ ਸੀ।
ਕਦਮਾਂ ਹੇਠ ਅੱਖਾਂ ਵਿਛਾਉਣਾ (ਬਹੁਤ ਆਦਰ ਕਰਨਾ) — ਉਹ ਤਾਂ ਸਾਡਾ ਜਵਾਈ ਹੈ, ਉਸ ਨੂੰ ਘਰ ਕਿੱਦਾਂ ਨਹੀਂ ਵੜਨ ਦਿਆਂਗੇ? ਅਸੀਂ ਤਾਂ ਉਸ ਦੇ ਕਦਮਾਂ ਹੇਠ ਅੱਖਾਂ ਵਿਛਾਵਾਂਗੇ।
ਕੱਪੜੇ ਲਾਹੁਣੇ (ਲੁੱਟ ਲੈਣਾ) – ਅੱਜ ਦੇ ਦੁਕਾਨਦਾਰ ਵਾਕਫ਼ੀ ਵਾਲੇ ਬੰਦੇ ਦੇ ਤਾਂ ਸਗੋਂ ਜ਼ਿਆਦਾ ਕੱਪੜੇ ਲਾਹੁੰਦੇ ਹਨ।
ਕਬਰ ਕਿਨਾਰੇ ਹੋਣਾ (ਮਰਨ ਕੰਢੇ ਹੋਣਾ)— ਮੈਂ ਬੁੱਢੇ ਨੂੰ ਕਿਹਾ ਕਿ ਹੁਣ ਤੂੰ ਕਬਰ ਕਿਨਾਰੇ ਹੈਂ ਤੇ ਰੱਬ ਦੇ ਪਾਸੇ ਲੱਗ।
ਕਬਰਾਂ ਦੇ ਮੁਰਦੇ ਪੁੱਟਣਾ (ਵਿਅਰਥ ਪੁਰਾਣੀਆਂ ਅਣਸੁਖਾਵੀਆਂ ਗੱਲਾਂ ਕਰਨਾ) – ਮੈਂ ਆਪਣੇ ਗੁਆਂਢੀਆਂ ਨੂੰ ਕਿਹਾ ਕਿ ਜੇਕਰ ਉਹ ਸਾਡੇ ਨਾਲ ਆਪਣਾ ਝਗੜਾ ਖ਼ਤਮ ਕਰਨਾ ਚਾਹੁੰਦੇ ਹਨ, ਤਾਂ ਉਹ ਕਬਰਾਂ ਦੇ ਮੁਰਦੇ ਨਾ ਪੁੱਟਣ।
ਕਰਮਾਂ ਨੂੰ ਰੋਣਾ (ਮਾੜੀ ਕਿਸਮਤ ਤੇ ਝੂਰਨਾ) – ਵਿਚਾਰੀ ਵਿਧਵਾ ਆਪਣੇ ਕਰਮਾਂ ਨੂੰ ਰੋਂਦੀ ਦਿਨ ਕੱਟ ਰਹੀ ਸੀ।
ਕੱਲਰ ਦਾ ਕੰਵਲ ਹੋਣਾ (ਭੈੜੀਆਂ ਤੋਂ ਭੈੜੀਆਂ ਹਾਲਤਾਂ ਵਿੱਚ ਚੰਗਾ ਮਨੁੱਖ ਬਣ ਜਾਣਾ) – ਸ੍ਰੀ ਲਾਲ ਬਹਾਦਰ ਸ਼ਾਸਤਰੀ ਕੱਲਰ ਦੇ ਕੰਵਲ ਸਨ, ਉਹ ਗ਼ਰੀਬ ਘਰ ਵਿੱਚ ਪੈਦਾ ਹੋਏ, ਪਰ ਦੇਸ਼ ਦੇ ਪ੍ਰਧਾਨ ਮੰਤਰੀ ਬਣ ਗਏ।
ਕਲੇਜਾ ਫੜ ਕੇ ਬਹਿ ਜਾਣਾ (ਬਹੁਤ ਦੁਖੀ ਹੋਣਾ) —ਆਪਣੇ ਪੁੱਤਰ ਦੇ ਕਤਲ ਦੀ ਖ਼ਬਰ ਸੁਣ ਕੇ ਉਹ ਕਲੇਜਾ ਫੜ ਕੇ ਬਹਿ ਗਈ ।
ਕਾਂਜੀ ਘੋਲਣਾ (ਬੇਸੁਆਦੀ ਕਰਨਾ) – ਜਦੋਂ ਸਾਡੇ ਘਰ ਵਿਆਹ ਦੀਆਂ ਖ਼ੁਸ਼ੀਆਂ ਮਨਾਈਆਂ ਜਾ ਰਹੀਆਂ ਸਨ, ਤਾਂ ਤੂੰ ਉੱਥੇ ਜਾਇਦਾਦ ਦੇ ਝਗੜੇ ਦੀ ਗੱਲ ਛੇੜ ਕੇ ਕਿਉਂ ਕਾਂਜੀ ਘੋਲੀ?
ਕਾਲਜੇ ਛੁਰੀਆਂ ਮਾਰਨਾ (ਚੁੱਭਵੀਆਂ ਗੱਲਾਂ ਕਹਿਣਾ)—ਨੂੰਹ ਨੇ ਕਿਹਾ ਕਿ ਮੇਰੀ ਸੱਸ ਮੇਰੇ ਮਾਪਿਆਂ ਦੀ ਨਿੰਦਿਆ ਕਰ ਕੇ ਹਰ ਸਮੇਂ ਮੇਰੇ ਕਾਲਜੇ ਵਿੱਚ ਛੁਰੀਆਂ ਮਾਰਦੀ ਰਹਿੰਦੀ ਹੈ।
ਕੁੱਜੇ ਵਿੱਚ ਸਮੁੰਦਰ ਬੰਦ ਕਰਨਾ (ਵੱਡੀ ਗੱਲ ਨੂੰ ਬਹੁਤ ਸੰਖੇਪ ਵਿੱਚ ਕਹਿਣਾ) – ਗੁਰੂ ਨਾਨਕ ਦੇਵ ਜੀ ਨੇ ਚੌਦਾਂ ਸ਼ਬਦਾਂ ਦੇ ਮੂਲ-ਮੰਤਰ ਵਿੱਚ ਆਪਣੀ ਰਹੱਸਵਾਦੀ ਫ਼ਿਲਾਸਫ਼ੀ ਦਾ ਨਿਚੋੜ ਪੇਸ਼ ਕਰਦਿਆਂ ਕੁੱਜੇ ਵਿੱਚ ਸਮੁੰਦਰ ਬੰਦ ਕਰ ਦਿੱਤਾ ਹੈ।
ਕੰਨ ਕੁਤਰਨੇ (ਠੱਗ ਲੈਣਾ)— ਉਹ ਬਨਾਰਸੀ ਠੱਗ ਹੈ। ਉਸ ਤੋਂ ਬਚ ਕੇ ਰਹਿਣਾ। ਉਹ ਤਾਂ ਚੰਗੇ-ਭਲੇ ਸਿਆਣੇ ਦੇ ਕੰਨ ਕੁਤਰ ਲੈਂਦਾ ਹੈ।
ਕੰਨ ਕਰਨੇ (ਸਬਕ ਦੇਣਾ) – ਮੈਂ ਉਸ ਸ਼ਰਾਬੀ ਨੂੰ ਪੁਲਿਸ ਵਾਲਿਆਂ ਕੋਲ ਫੜਾ ਕੇ ਅੱਗੋਂ ਲਈ ਸ਼ਰਾਬ ਪੀ ਕੇ ਗਲੀ
ਵਿੱਚ ਗੰਦ ਬੋਲਣ ਤੋਂ ਕੰਨ ਕਰ ਦਿੱਤੇ ਹਨ ।
ਕੰਨ ਖੜ੍ਹੇ ਹੋਣੇ (ਚੁਕੰਨੇ ਹੋਣਾ) — ਜਦੋਂ ਅਸੀਂ ਜੰਗਲ ਵਿੱਚੋਂ ਲੰਘ ਰਹੇ ਸਾਂ, ਤਾਂ ਇਕ ਝਾੜੀ ਵਿੱਚ ਘੁਸਰ-ਮੁਸਰ ਸੁਣ ਕੇ ਸਾਡੇ ਕੰਨ ਖੜ੍ਹੇ ਹੋ ਗਏ, ਅਸੀਂ ਝਾੜੀ ਵਲ ਵੇਖਣ ਲੱਗ ਪਏ।
ਕਮਰਕੱਸੇ ਕਰਨਾ (ਤਿਆਰ ਹੋਣਾ) – ਜੰਗ ਦਾ ਬਿਗਲ ਵੱਜਦਿਆਂ ਹੀ ਸਿੰਘਾਂ ਨੇ ਲੜਾਈ ਲਈ ਕਮਰਕੱਸੇ ਕਰ ਲਏ।
ਕਈ ਪੱਤਣਾਂ ਦਾ ਪਾਣੀ ਪੀਤਾ ਹੋਣਾ (ਬਹੁਤ ਹੰਢਿਆ ਵਰਤਿਆ ਹੋਣਾ)— ਤੂੰ ਤਾਂ ਕਈ ਪੱਤਣਾਂ ਦਾ ਪਾਣੀ ਪੀਤਾ ਹੋਇਆ ਹੈ, ਤੂੰ ਕਿਸੇ ਤੋਂ ਕਿਵੇਂ ਧੋਖਾ ਖਾ ਸਕਦਾ ਹੈ?
ਕੰਨ ਭਰਨੇ (ਚੁਗਲੀ ਕਰਨੀ) – ਮਨਜੀਤ ਨੇ ਮੇਰੇ ਵਿਰੁੱਧ ਝੂਠੀਆਂ-ਸੱਚੀਆਂ ਗੱਲਾਂ ਕਰ ਕੇ ਰਾਮ ਦੇ ਕੰਨ ਭਰੇ ਤੇ ਉਸ ਨੂੰ ਮੇਰਾ ਦੁਸ਼ਮਣ ਬਣਾ ਦਿੱਤਾ।
ਕੱਛਾਂ ਵਜਾਉਣੀਆਂ (ਕਿਸੇ ਦੀ ਅਸਫਲਤਾ ‘ਤੇ ਖ਼ੁਸ਼ ਹੋਣਾ) — ਉਨ੍ਹਾਂ ਨੇ ਸਾਡੇ ਸਕੂਲ ਨੂੰ ਮੈਚ ਵਿੱਚ ਹਾਰਦਾ ਦੇਖ ਕੇ ਬੜੀਆ ਕੱਛਾਂ ਵਜਾਈਆਂ ।
ਕਲੇਜੇ ਭਾਂਬੜ ਬਲਣਾ (ਗੁੱਸਾ ਚੜ੍ਹਨਾ) – ਜਦੋਂ ਦੀਆਂ ਮੇਰੇ ਛੋਟੇ ਪੁੱਤਰ ਨੇ ਮੈਨੂੰ ਗਾਲਾਂ ਕੱਢੀਆਂ ਹਨ, ਉਦੋਂ ਤੋਂ ਮੇਰੇ ਕਲੇਜੇ ਭਾਂਬੜ ਬਲ ਰਿਹਾ ਹੈ।
ਕੰਘਾ ਹੋਣਾ (ਬਹੁਤ ਨੁਕਸਾਨ ਹੋ ਜਾਣਾ) – ਇਸ ਮੁਕੱਦਮੇ ਵਿੱਚ ਸਾਡਾ ਕੰਘਾ ਹੋ ਗਿਆ ਹੈ, ਅਜੇ ਪਤਾ ਨਹੀਂ ਇਹ ਕਿੰਨਾ ਚਿਰ ਚਲਦਾ ਰਹੇਗਾ।
ਕਲਮ ਫੇਰਨਾ (ਲਿਖਤ ਨੂੰ ਕੱਟ ਦੇਣਾ) – ਜਦੋਂ ਸ਼ਾਹ ਨੂੰ ਮੈਂ ਸਾਰਾ ਕਰਜ਼ਾ ਵਾਪਸ ਕਰ ਦਿੱਤਾ ਤਾਂ ਉਸ ਨੇ ਮੇਰੇ ਹਿਸਾਬ ਉੱਪਰ ਕਲਮ ਫੇਰ ਦਿੱਤੀ।
ਕੰਨਾਂ ਵਿੱਚ ਉਂਗਲਾਂ ਦੇਣੀਆਂ (ਯਤਨ ਕਰਨਾ ਕਿ ਸੁਣਿਆ ਨਾ ਜਾਵੇ) – ਜਦੋਂ ਉਹ ਝੂਠ ਬੋਲ ਰਿਹਾ ਸੀ, ਤਾਂ ਮੈਂ ਕੰਨਾਂ ਵਿੱਚ ਉਂਗਲਾਂ ਦੇ ਲਈਆਂ।
ਕੰਨਾਂ ‘ਤੇ ਜੂੰ ਨਾ ਸਰਕਣੀ (ਕੋਈ ਅਸਰ ਨਾ ਹੋਣਾ) – ਮੇਰੀਆਂ ਨਸੀਹਤਾਂ ਨਾਲ ਉਸ ਦੇ ਕੰਨਾਂ ‘ਤੇ ਜੂੰ ਵੀ ਨਹੀਂ ਸਰਕੀ।
ਕੱਖਾਂ ਤੋਂ ਹੌਲਾ ਹੋਣਾ (ਬਹੁਤ ਸ਼ਰਮਿੰਦਾ ਕਰ ਦੇਣਾ) – ਕਮਲਾ ਨੇ ਮੈਨੂੰ ਇਕਰਾਰ ਨਾ ਪੂਰਾ ਕਰਨ ‘ਤੇ ਅਜਿਹੀ ਝਾੜ ਪਾਈ ਕਿ ਮੈਂ ਕੱਖੋਂ ਹੌਲੀ ਹੋ ਗਈ।
ਕਦਮਾਂ ਹੇਠ ਅੱਖਾਂ ਵਿਛਾਉਣਾ (ਬਹੁਤ ਸਤਿਕਾਰ ਕਰਨਾ) – ਅਸੀਂ ਆਪਣੇ ਮਾਸਟਰ ਜੀ ਦੇ ਕਦਮਾਂ ਹੇਠ ਅੱਖਾਂ ਵਿਛਾਉਂਦੇ ਹਾਂ।
ਕੱਪੜਿਆਂ ਤੋਂ ਬਾਹਰ ਹੋਣਾ (ਗੁੱਸੇ ਨਾਲ ਬੇਕਾਬੂ ਹੋਣਾ) — ਮੇਰੇ ਮੂੰਹੋਂ ਖ਼ਰੀਆਂ-ਖ਼ਰੀਆਂ ਸੁਣ ਕੇ ਉਹ ਕੱਪੜਿਆਂ ਤੋਂ ਬਾਹਰ ਹੋ ਗਿਆ।
ਕੁੱਤੇ ਦੇ ਠੀਕਰੇ ਪਾਣੀ ਪਿਲਾਉਣਾ (ਬਹੁਤ ਨਿਰਾਦਰੀ ਕਰਨੀ) – ਦਰਾਣੀ ਨੇ ਜਿਠਾਣੀ ਨੂੰ ਕਿਹਾ ਕਿ ਅੱਜ ਤੂੰ ਮੇਰੀ ਬਦਨਾਮੀ ਕੀਤੀ ਹੈ, ਕਲ੍ਹ ਮੈਂ ਵੀ ਤੈਨੂੰ ਕੁੱਤੇ ਦੇ ਠੀਕਰੇ ਪਾਣੀ ਪਿਲਾ ਕੇ ਛੱਡਾਂਗੀ।
ਕੱਚੀਆਂ ਗੋਲੀਆਂ ਖੇਡਣਾ (ਭੋਲੇ-ਭਾਲੇ ਹੋਣਾ) – ਅਸੀਂ ਕੱਚੀਆਂ ਗੋਲੀਆਂ ਨਹੀਂ ਖੇਡੇ ਹੋਏ, ਸਾਡੇ ਨਾਲ ਤੇਰੀ ਇਹ ਚਲਾਕੀ ਨਹੀਂ ਚੱਲਣੀ।
ਕਾਰਾ ਹੋ ਜਾਣਾ (ਬਹੁਤ ਬੁਰੀ ਗੱਲ ਵਾਪਰ ਜਾਣੀ) – ਜਦੋਂ ਲੋਕ ਉਸ ਦੇ ਕਤਲ ਹੋਏ ਪੁੱਤਰ ਦਾ ਅਫ਼ਸੋਸ ਕਰਨ ਆਏ, ਤਾਂ ਉਸ ਨੇ ਕਿਹਾ ਕਿ ਉਸ ਨੂੰ ਕੀ ਪਤਾ ਸੀ ਕਿ ਅੱਜ ਇਹ ਕਾਰਾ ਹੋ ਜਾਣਾ ਹੈ? ਜੇਕਰ ਉਸ ਨੂੰ ਮਾੜਾ ਜਿਹਾ ਵੀ ਡਰ ਹੁੰਦਾ, ਤਾਂ ਉਹ ਉਸ ਨੂੰ ਘਰੋਂ ਬਾਹਰ ਨਾ ਨਿਕਲਣ ਦਿੰਦਾ।
ਕਾਵਾਂ ਰੌਲੀ ਪਾਉਣਾ (ਕੰਨ ਪਈ ਅਵਾਜ਼ ਸੁਣਾਈ ਨਾ ਦੇਣੀ, ਬਹੁਤ ਰੌਲਾ ਪੈਣਾ) – ਸਭਾ ਦੀ ਮੀਟਿੰਗ ਵਿੱਚ ਕਿਸੇ ਦੀ ਕੋਈ ਗੱਲ ਸੁਣ ਹੀ ਨਹੀਂ ਸੀ ਰਿਹਾ, ਬੱਸ ਕਾਵਾਂ ਰੌਲੀ ਹੀ ਪਈ ਹੋਈ ਸੀ।
ਕਲੇਜਾ ਕੰਬ ਜਾਣਾ (ਬਹੁਤ ਡਰ ਜਾਣਾ) — ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਿਰਤਾਂਤ ਪੜ੍ਹ ਕੇ ਮਨੁੱਖ ਦਾ ਕਲੇਜਾ ਕੰਬ ਜਾਂਦਾ ਹੈ ।
ਕਲੇਜਾ ਵਿੰਨ੍ਹਿਆ ਜਾਣਾ (ਬਹੁਤ ਦੁਖੀ ਹੋਣਾ) —ਹਰਨਾਮ ਕੌਰ ਦੀਆਂ ਈਰਖਾ ਭਰੀਆਂ ਗੱਲਾਂ ਨਾਲ ਮੇਰਾ ਕਲੇਜਾ ਵਿੰਨ੍ਹਿਆ ਗਿਆ।
ਕਾਇਆ ਪਲਟ ਦੇਣਾ (ਨਵਾਂ ਨਰੋਆ ਹੋ ਜਾਣਾ) — ਉਸ ਦੀ ਸਿੱਖਿਆ ਨੇ ਮੇਰੀ ਕਾਇਆ ਪਲਟ ਦਿੱਤੀ।
ਕੁੱਤੇ ਦੀ ਮੌਤ ਮਰਨਾ (ਖ਼ੁਆਰ ਹੋ ਕੇ ਬੇਇਜ਼ਤੀ ਦੀ ਮੌਤ ਮਰਨਾ) – ਬੁਰੇ ਕੰਮ ਕਰਨ ਵਾਲੇ ਬੰਦੇ ਆਖ਼ਰ ਕੁੱਤੇ ਦੀ ਮੌਤ ਮਰਦੇ ਹਨ।
ਕੁੱਬੇ ਨੂੰ ਲੱਤ ਰਾਸ ਆਉਣੀ (ਕਿਸੇ ਦੇ ਭੈੜੇ ਵਰਤਾਓ ਕਾਰਨ ਲਾਭ ਹੋਣਾ) – ਜਦੋਂ ਹੁਕਮਰਾਨ ਦੇ ਲੀਡਰਾਂ ਨੂੰ ਵਿਰੋਧੀ ਪਾਰਟੀ ਕਿਸੇ ਕਾਰਨ ਜੇਲ੍ਹਾਂ ਵਿੱਚ ਬੰਦ ਕਰ ਦੇਵੇ, ਤਾਂ ਉਹ ਲੋਕਾਂ ਦੇ ਨਾਇਕ ਬਣ ਕੇ ਨਿਕਲਦੇ ਹਨ। ਇਸ ਤਰ੍ਹਾਂ ਕੁੱਬੇ ਨੂੰ ਲੱਤ ਰਾਸ ਆ ਜਾਂਦੀ ਹੈ।
ਕੀਤੀ ਕਰਾਈ ਖੂਹ ਵਿੱਚ ਪਾ ਦੇਣੀ (ਸਾਰੀ ਮਿਹਨਤ ਜ਼ਾਇਆ ਕਰਨੀ) — ਉਸ ਨੇ ਇਹ ਗੱਲ ਕਰ ਕੇ ਮੇਰੀ ਸਾਰੀ ਕੀਤੀ ਕਰਾਈ ਖੂਹ ਵਿੱਚ ਪਾ ਦਿੱਤੀ ।
ਕੰਨਾਂ ਤੀਕ ਮੂੰਹ ਪਾਟਣਾ (ਵਧ-ਵਧ ਕੇ ਗੱਲਾਂ ਕਰਨਾ)—ਰੇਸ਼ਮਾ ਦਾ ਕੰਨਾਂ ਤੀਕ ਮੂੰਹ ਪਾਟਿਆ ਹੋਇਆ ਹੈ। ਬੋਲਣ ਲੱਗੀ ਅੱਗਾ-ਪਿੱਛਾ ਨਹੀਂ ਦੇਖਦੀ ।
ਕੱਚਾ ਕਰਨਾ (ਸ਼ਰਮਿੰਦਾ ਹੋਣਾ) – ਮੈਂ ਉਸਦੀਆਂ ਕਰਤੂਤਾਂ ਦਾ ਭਾਂਡਾ ਭੰਨ ਕੇ ਉਸਨੂੰ ਸਭ ਦੇ ਸਾਹਮਣੇ ਕੱਚਾ ਕਰ ਦਿੱਤਾ।
ਕੋਠੇ ਜਿੱਡੀ ਹੋਣਾ (ਮੁਟਿਆਰ ਹੋਣਾ) – ਜੱਟੀ ਨੇ ਜੱਟ ਨੂੰ ਕਿਹਾ ਕਿ ਉਸ ਦੀ ਧੀ ਕੋਠੇ ਉਸ ਦੇ ਵਿਆਹ ਦਾ ਵੀ ਕੋਈ ਫ਼ਿਕਰ ਹੈ ?
ਕੌੜਾ ਘੁੱਟ ਭਰਨਾ (ਨਾ-ਪਸੰਦ ਗੱਲ ਨੂੰ ਜਰ ਲੈਣਾ) – ਕੁਲਦੀਪ ਨੇ ਪੇਕੇ ਆ ਕੇ ਆਪਣੀ ਮਾਂ ਨੂੰ ਕਿਹਾ ਕਿ ਉਸ ਦੇ ਸਹੁਰੇ ਉਸ ਨਾਲ ਭੈੜਾ ਸਲੂਕ ਕਰਦੇ ਹਨ ਤੇ ਉਹ ਅੱਜ ਤਕ ਉੱਥੇ ਕੌੜਾ ਘੁੱਟ ਭਰ ਕੇ ਬੈਠੀ ਰਹੀ ਹੈ, ਪਰ ਹੁਣ ਉੱਥੇ ਵਾਪਸ ਨਹੀਂ ਜਾਵੇਗੀ ।
ਕੰਡ ਲਾਉਣਾ (ਹਰਾ ਦੇਣਾ) – ਜਿਸ ਉੱਤੇ ਗੁਰੂ ਦੀ ਕਿਰਪਾ ਹੋਵੇ, ਕੋਈ ਦੁਸ਼ਮਣ ਉਸ ਦੀ ਕੰਡ ਨਹੀਂ ਲਾ ਸਕਦਾ।
ਕੰਡੇ ਬੀਜਣਾ (ਮੁਸ਼ਕਿਲਾਂ ਪੈਦਾ ਕਰ ਦੇਣੀਆਂ) – ਜੇਕਰ ਤੁਸੀਂ ਆਮਦਨ ਟੈਕਸ ਵਿੱਚ ਚੋਰੀ ਕਰੋਗੇ, ਤਾਂ ਆਪਣੇ ਲਈ ਕੰਡੇ ਬੀਜ ਲਵੋਗੇ ।
ਕੰਨ ਵਲ੍ਹੇਟ ਕੇ ਤੁਰਨਾ (ਗੱਲ ਨਾ ਸੁਣਨਾ) – ਮੈਂ ਉਸ ਦੀਆ ਜ਼ਿੰਮੇਵਾਰੀਆਂ ਬਾਰੇ ਹਰ ਸਮੇਂ ਚੇਤਾਵਨੀ ਕਰਦਾ ਰਹਿੰਦਾ ਹਾਂ, ਪਰ ਉਹ ਕਿਸੇ ਗੱਲ ਦੀ ਪਰਵਾਹ ਕਰਨ ਦੀ ਥਾਂ ਕੰਨ ਵਲ੍ਹੇਟ ਕੇ ਤੁਰ ਜਾਂਦਾ ਹੈ।
ਕੰਨ ਖਾਣੇ (ਸਿਰ ਖਾਣਾ)— ਤੂੰ ਸਾਰਾ ਦਿਨ ਸਾਡੇ ਕੰਨ ਖਾਂਦੀ ਰਹਿੰਦੀ ਹੈ, ਕਦੇ ਚੁੱਪ ਕਰ ਕੇ ਵੀ ਬੈਠਿਆ ਕਰ ।
ਕੰਨਾਂ ਦੇ ਕੱਚੇ ਹੋਣਾ (ਸੁਣੀ ਸੁਣਾਈ ਗੱਲ ‘ਤੇ ਇਤਬਾਰ ਕਰ ਲੈਣਾ) – ਲਵਲੀ ਨੇ ਕਿਹਾ ਕਿ ਉਸਦਾ ਪਤੀ ਕੰਨਾ ਦਾ ਕੱਚਾ ਹੈ । ਜਦੋਂ ਉਸਦੀ ਮਾਂ ਉਸ ਕੋਲ ਮੇਰੇ ਵਿਰੁੱਧ ਕੋਈ ਊਜ ਲਾਉਂਦੀ ਹੈ, ਤਾਂ ਉਹ ਬਿਨਾਂ ਸੋਚੇ ਸਮਝੇ ਮੇਰੇ ਨਾਲ ਲੜਨ ਲੱਗ ਪੈਂਦਾ ਹੈ ।
ਕੰਨ ਧਰਨਾ (ਧਿਆਨ ਦੇਣਾ) – ਆਪਣੇ ਵਿਗੜੇ ਪੁੱਤ ਤੋਂ ਦੁਖੀ ਹੋਈ ਮਾਂ ਨੇ ਕਿਹਾ ਕਿ ਉਹ ਉਸਨੂੰ ਬਥੇਰਾ ਸਮਝਾਉਂਦੀ ਹੈ, ਪਰ ਉਹ ਮੇਰੀ ਗੱਲ ਵਲ ਕੰਨ ਹੀ ਨਹੀਂ ਧਰਦਾ।
ਕੰਨ ਪਈ ਅਵਾਜ਼ ਸੁਣਾਈ ਨਾ ਦੇਣੀ (ਬਹੁਤ ਉੱਚਾ ਸ਼ੋਰ ਹੋਣਾ) – ਵਿਆਹ-ਸਮਾਗਮਾਂ ਸਮੇਂ ਡੀ.ਜੇ. ਇੰਨੀ ਉੱਚੀ ਅਵਾਜ਼ ਵਿਚ ਵਜਾਇਆ ਜਾਂਦਾ ਹੈ ਕਿ ਕੰਨ ਪਈ ਅਵਾਜ਼ ਸੁਣਾਈ ਨਹੀਂ ਦਿੰਦੀ।
ਕੰਧਾਂ ਨਾਲ ਗੱਲਾਂ ਕਰਨੀਆਂ (ਇਕੱਲਿਆਂ ਬੋਲੀ ਜਾਣਾ) – ਜਦੋਂ ਮੈਂ ਆਪਣੀ ਪਤਨੀ ਤੇ ਬੱਚਿਆਂ ਨਾਲ ਕੁੱਝ ਦਿਨ ਲਈ ਬਾਹਰ ਜਾਣ ਲੱਗਾ, ਤਾਂ ਮੇਰੀ ਮਾਂ ਨੇ ਕਿਹਾ ਕਿ ਉਹ ਵੀ ਨਾਲ ਹੀ ਚਲਦੀ ਹੈ। ਮੈਂ ਇੱਥੇ ਇਕੱਲੀ ਨੇ ਕੀ ਕਰਨਾ ਹੈ? ਕੰਧਾਂ ਨਾਲ ਗੱਲਾਂ ਕਰਨੀਆਂ ਹਨ?
ਖਹਿ-ਖਹਿ ਕੇ ਮਰਨਾ (ਆਪੋ ਵਿਚ ਲੜਨਾ-ਝਗੜਨਾ) – ਬੰਤਾ ਸਿੰਘ ਆਪਣੇ ਭਰਾ ਨਾਲ ਖਹਿ-ਖਹਿ ਕੇ ਮਰਦਾ ਰਹਿੰਦਾ ਹੈ।
ਖੰਡ-ਖੀਰ ਹੋਣਾ, ਘਿਓ-ਖਿਚੜੀ (ਸ਼ੱਕਰ) ਹੋਣਾ (ਘੁਲ ਮਿਲ ਜਾਣਾ) – ਮਨਜੀਤ ਸਾਡੇ ਵਿੱਚ ਆ ਕੇ ਖੰਡ-ਖੀਰ (ਘਿਓ- ਖਿਚੜੀ) ਹੋ ਗਈ ਹੈ। ਕੋਈ ਨਹੀਂ ਕਹਿ ਸਕਦਾ ਕਿ ਉਹ ਓਪਰੀ ਹੈ।
ਖੁੰਬ ਠੱਪਣੀ (ਆਕੜ ਭੰਨਣੀ) — ਮੈਂ ਉਸ ਨੂੰ ਖ਼ਰੀਆਂ ਖ਼ਰੀਆਂ ਸੁਣਾ ਕੇ ਉਸ ਦੀ ਖੂਬ ਖੁੰਬ ਠੱਪੀ।
ਖੇਰੂੰ-ਖੇਰੂੰ ਹੋ ਜਾਣਾ (ਆਪੋ ਵਿਚ ਪਾਟ ਕੇ ਤਬਾਹ ਹੋ ਜਾਣਾ) – ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਸਿੱਖ ਰਾਜ ਘਰੇਲੂ ਬੁਰਛਾਗਰਦੀ ਕਾਰਨ ਖੇਰੂੰ-ਖੇਰੂੰ ਹੋ ਗਿਆ।
ਖੱਟੇ ਪਿਆ ਹੋਣਾ (ਮਸਲਾ ਲਮਕਦਾ ਰਹਿਣਾ) – ਖ਼ਾਲਸਾ ਕਾਲਜ ਵਿੱਚ ਪ੍ਰਿੰਸੀਪਲ ਦੀ ਨਿਯੁਕਤੀ ਦਾ ਮਾਮਲਾ ਮੈਨੇਜਿੰਗ ਕਮੇਟੀ ਤੇ ਡੀ.ਪੀ.ਆਈ. ਵਿਚਕਾਰ ਝਗੜੇ ਕਾਰਨ ਲੰਮਾ ਸਮਾਂ ਖੱਟੇ ਵਿਚ ਪਿਆ ਰਿਹਾ ।
ਖ਼ਿਆਲੀ ਪੁਲਾਓ ਪਕਾਉਣੇ (ਹਵਾਈ ਕਿਲ੍ਹੇ ਉਸਾਰਨੇ) – ਸੁਰਿੰਦਰ ਸਾਰਾ ਦਿਨ ਕੋਈ ਕੰਮ ਨਹੀਂ ਕਰਦਾ । ਬੱਸ ਖ਼ਿਆਲੀ ਪੁਲਾਓ ਪਕਾਉਂਦਾ ਰਹਿੰਦਾ ਹੈ।
ਖੂਹ ਪੁੱਟਣਾ (ਬਿਪਤਾ ਖੜ੍ਹੀ ਕਰਨੀ) – ਪਾਕਿਸਤਾਨ ਨੇ ਅਫ਼ਗਾਨਿਸਤਾਨ ਵਿੱਚ ਗੜਬੜ ਮਚਾਉਣ ਵਾਲੇ ਅਨਸਰਾਂ ਨੂੰ ਸ਼ਹਿ ਦੇ ਕੇ ਆਪਣੇ ਲਈ ਖੂਹ ਪੁੱਟ ਲਿਆ।
ਖੂਨ ਨਿਚੋੜਨਾ (ਹਰਾਮ ਦੇ ਪੈਸੇ ਇਕੱਠੇ ਕਰਨਾ) – ਮਲਕ ਭਾਗੋ ਗ਼ਰੀਬਾਂ ਦਾ ਖੂਨ ਨਿਚੋੜ ਕੇ ਧਨ ਇਕੱਠਾ ਕਰਦਾ ਸੀ।
ਖ਼ਾਕ ਛਾਣਨਾ (ਵਿਅਰਥ ਯਤਨ ਕਰਨਾ) – ਜੀਤਾ ਨੌਕਰੀ ਲੱਭਣ ਲਈ ਥਾਂ-ਥਾਂ ਖ਼ਾਕ ਛਾਣਦਾ ਰਿਹਾ, ਪਰ ਉਸ ਦਾ ਕੰਮ ਨਾ ਬਣਿਆ।
ਖ਼ਾਨਿਓਂ ਜਾਣੀ (ਘਬਰਾ ਜਾਣਾ) – ਜੀਤੇ ਦੇ ਪਿਤਾ ਦੀ ਅਚਾਨਕ ਮੌਤ ਦੀ ਖ਼ਬਰ ਸੁਣ ਕੇ ਮੇਰੇ ਖ਼ਾਨਿਓਂ ਗਈ ।
ਖਿੱਲੀ ਉਡਾਉਣਾ (ਮਖ਼ੌਲ ਉਡਾਉਣਾ)— ਕੁੱਝ ਮਨਚਲੇ ਨੌਜਵਾਨ ਇਕ ਲੰਙੜੇ ਦੀ ਖਿੱਲੀ ਉਡਾ ਰਹੇ ਸਨ।
ਖੂਹ ਦੀ ਮਿੱਟੀ ਖੂਹ ਨੂੰ ਲਾਉਣੀ (ਜਿੰਨੀ ਖੱਟੀ ਓਨਾ ਖ਼ਰਚਾ ਹੋਣਾ) – ਅੱਜ-ਕਲ੍ਹ ਡੁਬਈ ਜਾਣ ਦਾ ਕੋਈ ਫ਼ਾਇਦਾ ਨਹੀਂ ਕਿਉਂਕਿ ਉੱਥੇ ਭੇਜਣ ਲਈ 90-95 ਹਜ਼ਾਰ ਰੁ: ਏਜੰਟ ਬਟੋਰ ਲੈਂਦੇ ਹਨ ਤੇ ਅੱਠ-ਦਸ ਹਜ਼ਾਰ ਹੋਰ ਖ਼ਰਚ ਹੋ ਜਾਂਦਾ ਹੈ। ਫਿਰ ਸਾਲ ਬਾਅਦ ਜਦੋਂ ਆਦਮੀ ਡੇਢ ਕੁ ਲੱਖ ਰੁ: ਕਮਾ ਕੇ ਘਰ ਵਾਪਸ ਆਉਂਦਾ, ਤਾਂ ਕਰਜ਼ੇ ਆਦਿ ਵਾਪਸ ਕਰ ਕੇ ਉਸ ਦੇ ਪੱਲੇ ਕੁੱਝ ਨਹੀਂ ਪੈਂਦਾ। ਇਸ ਤਰ੍ਹਾਂ ਖੂਹ ਦੀ ਮਿੱਟੀ ਖੂਹ ਨੂੰ ਲੱਗ ਜਾਂਦੀ ਹੈ।
ਖੂਨ ਸਫ਼ੈਦ ਹੋਣਾ (ਅਪਣੱਤ ਖ਼ਤਮ ਹੋ ਜਾਣਾ) – ਅੱਜ-ਕਲ੍ਹ ਲੋਕਾਂ ਦੇ ਖੂਨ ਸਫ਼ੈਦ ਹੋ ਗਏ ਹਨ । ਆਪਣੇ ਸਵਾਰਥ ਲਈ ਸਕਿਆਂ ਦੇ ਵੀ ਕਤਲ ਕਰ ਦਿੰਦੇ ਹਨ।