ਸਿੱਖਾਂ ਦਾ ਮਲੀਆਮੇਟ ਕਰਨ ਲਈ ਯਾਹੀਆ ਖ਼ਾਂ ਤੇ ਲਖਪਤ ਰਾਏ ਨੇ ਇੱਕ ਭਾਰੀ ਸੈਨਾ ਤਿਆਰ ਕੀਤੀ। ਉਨ੍ਹਾਂ ਦੇ ਅਧੀਨ ਮੁਗ਼ਲ ਸੈਨਾ ਨੇ ਲਗਭਗ 15,000 ਸਿੱਖਾਂ ਨੂੰ ਅਚਾਨਕ ਕਾਹਨੂੰਵਾਨ ਵਿਖੇ ਘੇਰ ਲਿਆ। ਸਿੱਖ ਉੱਥੋਂ ਬਚ ਕੇ ਬਸੋਲੀ ਦੀਆਂ ਪਹਾੜੀਆਂ ਵੱਲ ਚਲੇ ਗਏ।
ਮੁਗ਼ਲ ਸੈਨਿਕਾਂ ਨੇ ਉਨ੍ਹਾਂ ਦਾ ਬੜੀ ਤੇਜ਼ੀ ਨਾਲ ਪਿੱਛਾ ਕੀਤਾ। ਇੱਥੇ ਸਿੱਖ ਬੜੀ ਮੁਸ਼ਕਿਲ ਵਿੱਚ ਫਸ ਗਏ। ਇੱਕ ਪਾਸੇ ਉੱਚੀਆਂ ਪਹਾੜੀਆਂ ਸਨ ਅਤੇ ਦੂਜੇ ਪਾਸੇ ਦਰਿਆ ਰਾਵੀ ਵਿੱਚ ਬੜਾ ਹੜ੍ਹ ਆਇਆ ਹੋਇਆ ਸੀ। ਪਿਛਲੇ ਪਾਸੇ ਮੁਗ਼ਲ ਸੈਨਿਕ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ ਅਤੇ ਅੱਗੇ ਪਹਾੜੀ ਰਾਜੇ ਅਤੇ ਲੋਕ ਵੀ ਉਨ੍ਹਾਂ ਦੇ ਕੱਟੜ ਦੁਸ਼ਮਣ ਸਨ।
ਸਿੱਖਾਂ ਕੋਲ ਰਸਦ ਤਾਂ ਬਿਲਕੁਲ ਹੀ ਨਹੀਂ ਸੀ। ਚਾਰੇ ਦੀ ਘਾਟ ਕਾਰਨ ਘੋੜਿਆਂ ਦਾ ਵੀ ਭੁੱਖ ਨਾਲ ਬੁਰਾ ਹਾਲ ਸੀ। ਇਸ ਹਮਲੇ ਵਿੱਚ 7,000 ਸਿੱਖ ਸ਼ਹੀਦ ਹੋ ਗਏ ਅਤੇ ਮੁਗ਼ਲਾਂ ਨੇ 3,000 ਸਿੱਖਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਸਿੱਖਾਂ ਨੂੰ ਲਾਹੌਰ ਵਿਖੇ ਸ਼ਹੀਦ ਕਰ ਦਿੱਤਾ ਗਿਆ। ਸਿੱਖਾਂ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਸੀ ਜਦੋਂ ਸਿੱਖਾਂ ਦਾ ਇਕੋ ਵਾਰੀ ਇੰਨਾ ਭਾਰੀ ਜਾਨੀ ਨੁਕਸਾਨ ਹੋਇਆ।
ਪ੍ਰਸ਼ਨ 1. ਪਹਿਲਾ ਘੱਲੂਘਾਰਾ ਕਦੋਂ ਵਾਪਰਿਆ?
ਉੱਤਰ : ਪਹਿਲਾ ਘੱਲੂਘਾਰਾ ਮਈ 1746 ਈ. ਵਿੱਚ ਵਾਪਰਿਆ।
ਪ੍ਰਸ਼ਨ 2. ਪਹਿਲੇ ਘੱਲੂਘਾਰਾ ਸਮੇਂ ਲਾਹੌਰ ਦਾ ਸੂਬੇਦਾਰ ਕੌਣ ਸੀ? ਉਸ ਦਾ ਸ਼ਾਸਨ ਕਾਲ ਕੀ ਸੀ?
ਉੱਤਰ : (i) ਪਹਿਲੇ ਘੱਲੂਘਾਰਾ ਸਮੇਂ ਲਾਹੌਰ ਦਾ ਸੂਬੇਦਾਰ ਯਾਹੀਆ ਖ਼ਾਂ ਸੀ।
(ii) ਉਸ ਦਾ ਸ਼ਾਸਨਕਾਲ 1746 ਈ. ਤੋਂ 1747 ਈ. ਤਕ ਸੀ।
ਪ੍ਰਸ਼ਨ 3. ਪਹਿਲੇ ਘੱਲੂਘਾਰੇ ਵਿੱਚ ਕਿੰਨੇ ਸਿੱਖਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ?
ਉੱਤਰ : ਪਹਿਲੇ ਘੱਲੂਘਾਰੇ ਵਿੱਚ 7000 ਸਿੱਖਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ।
ਪ੍ਰਸ਼ਨ 4. ਪਹਿਲੇ ਘੱਲੂਘਾਰੇ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?
ਉੱਤਰ : ਪਹਿਲੇ ਘੱਲੂਘਾਰੇ ਨੂੰ ਛੋਟਾ ਘੱਲੂਘਾਰਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।