ਅਣਡਿੱਠਾ ਪੈਰਾ – ਚਰਖਾ
ਚਰਖਾ ਸਾਡੇ ਪੁਰਾਣੇ ਸਮੇਂ ਦੇ ਸੱਭਿਆਚਾਰ ਦਾ ਇੱਕ ਮਹੱਤਵਪੂਰਨ ਅੰਗ ਹੈ। ਦੇਖਣ ਨੂੰ ਇਹ ਲੱਕੜ ਦਾ ਬਣਿਆ ਇੱਕ ਬੇਜਾਨ ਢਾਂਚਾ ਹੈ। ਪਰ ਗਹੁ ਨਾਲ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਇਸ ਦੇ ਕੁੱਝ ਅੰਗ ਸੱਚੀ – ਮੁੱਚੀ ਤਾਂ ਨਹੀਂ, ਪਰ ਝੂਠ – ਮੂਠ ਦੇ ਢੰਗ ਨਾਲ ਜਿਊਂਦੇ – ਜਾਗਦੇ ਹਨ।
ਇਸ ਝੂਠ – ਮੂਠ ਜਾਂ ਬਣਾਵਟ ਦੇ ਸੱਚ ਨੂੰ ਹੀ ਕਲਾ ਦਾ ਨਾਂ ਦਿੱਤਾ ਗਿਆ ਹੈ। ਗੱਲ ਇੰਜ ਹੈ ਕਿ ਚਰਖੇ ਦੀ ਬਣਤਰ ਵਿੱਚ ਫੱਟਾਂ ਦੇ ਦੋਹੀਂ ਪਾਸੀ ਖੜਵੇਂ ਦਾਅ ਗੁਲਾਈਦਾਰ ਘਾੜਤ ਦੀਆਂ ਦੋ ਲੱਕੜਾਂ ਹੁੰਦੀਆਂ ਹਨ। ਕੁੱਝ ਉੱਚੀਆਂ ਅਤੇ ਮੋਟੀਆਂ ਜਿਵੇਂ ਮੰਜੇ ਦੇ ਦੋ ਪਾਵੇ। ਇਹਨਾਂ ਦਾ ਉੱਪਰਲਾ ਸਿਰਾ ਗੋਲ ਅਤੇ ਭਾਰਾ ਹੁੰਦਾ ਹੈ। ਇਹਨਾਂ ਨੂੰ ਮੁੰਨੇ ਕਿਹਾ ਜਾਂਦਾ ਹੈ। ਜੋ ਮੁੰਡੇ ਅਰਥਾਤ ਲੜਕੇ ਦਾ ਦੂਜਾ ਰੂਪ ਹੈ।
ਇੱਥੇ ਹੀ ਬੱਸ ਨਹੀਂ, ਚਰਖੇ ਦੇ ਤੱਕਲੇ ਨੂੰ ਸਹਾਰਾ ਦੇਣ ਲਈ ਉਪਰੋਕਤ ਢੰਗ ਦੀਆਂ ਤਿੰਨ ਲੱਕੜਾਂ ਹੁੰਦੀਆਂ ਹਨ, ਜੋ ਮੁੰਨਿਆਂ ਦੇ ਟਾਕਰੇ ਘੱਟ ਉੱਚੀਆਂ ਤੇ ਘੱਟ ਮੋਟੀਆਂ ਹੁੰਦੀਆਂ ਹਨ। ਇਹ ਹਨ ਚਰਖ਼ੇ ਦੀਆਂ ਮੁੰਨੀਆਂ ਅਰਥਾਤ ਕੁੜੀਆਂ ਜਾਂ ਕਾਕੀਆਂ। ਇਨ੍ਹਾਂ ਦਾ ਨਾਂ ਗੁੱਡੀਆਂ ਵੀ ਹੈ, ਜਿਸ ਦੀ ਤਾਨ ਵੀ ਇੱਥੇ ਹੀ ਟੁੱਟਦੀ ਹੈ, ਕਿਉਂਕਿ ਗੁੱਡੀ ਦੇ ਦੂਜੇ ਅਰਥ ਖੇਡਣ ਵਾਲੀ ਵਸਤੂ ਤੋਂ ਛੁੱਟ, ਛੋਟੀ ਕੁਡ਼ੀ ਜਾਂ ਮੁੰਨੀ ਦੇ ਵੀ ਹਨ।
ਸਾਡੇ ਸ਼ਬਦ ਪੁੱਤਰ – ਪੁੱਤਰੀ ਅਤੇ ਮਾਂ – ਬਾਪ ਦੀ ਦ੍ਰਿਸ਼ਟੀ ਤੋਂ ਛੁਟਾਈ ਅਤੇ ਸਨੇਹ ਦੀ ਭਾਅ ਮਾਰਦੇ ਹਨ। ਤੁਸੀਂ ਉਸ ਲੱਕੜਹਾਰੇ ਦੀ ਸਿਰਜਣ ਸ਼ਕਤੀ ਦੀ ਕਿਵੇਂ ਦਾਦ ਦੇਵੋਗੇ, ਜਿਸ ਨੇ ਲੱਕੜ ਦੇ ਟੁੱਕੜੇ ਨੂੰ ਆਪਣੇ ਹੱਥਾਂ ਦੀ ਛੋਹ ਨਾਲ ਨਿੱਕੇ ਜਿਹੇ ਮੁੰਡੇ ਜਾਂ ਕੁਡ਼ੀ ਵਿੱਚ ਬਦਲ ਦਿੱਤਾ। ਇਸੇ ਤਰ੍ਹਾਂ ਕਠਪੁਤਲੇ ਜਾਂ ਕਠਪੁਤਲੀ ਦਾ ਜਨਮ ਹੋਇਆ, ਜੋ ਪ੍ਰਤੱਖ ਹੀ ਪੁੱਤਰੀ ਦਾ ਕਲਪਿਤ ਰੂਪ ਹੈ
ਪ੍ਰਸ਼ਨ 1 . ਲੇਖਕ ਵੱਲੋਂ ਚਰਖੇ ਨੂੰ ਕਲਾ ਦੀ ਵਸਤੂ ਕਿਵੇਂ ਮੰਨਿਆ ਗਿਆ ਹੈ?
(ੳ) ਕਲਪਿਤ ਢੰਗ ਨਾਲ ਜਿਊਂਦੇ – ਜਾਗਦੇ
(ਅ) ਲੋਕਾਂ ਵਿੱਚ ਵਿਚਰਦੇ ਖ਼ਾਤਰ
(ੲ) ਮੁੰਡੇ ਦਾ ਰੂਪ
(ਸ) ਕੁਡ਼ੀ ਦਾ ਰੂਪ
ਪ੍ਰਸ਼ਨ 2 . ਚਰਖ਼ੇ ਦੇ ਅੰਗ ਮੁੰਨੇ ਅਤੇ ਮੁੰਨੀਆਂ ਬਾਰੇ ਜਾਣਕਾਰੀ ਦਿਓ।
(ੳ) ਮੁੰਨੇ ਅਤੇ ਮੁੰਨੀਆਂ (ਮੁੰਡੇ ਅਤੇ ਕੁੜੀਆਂ)
(ਅ) ਨਰ ਅਤੇ ਮਾਦਾ
(ੲ) ਪਰਿਵਾਰਕ ਮੈਂਬਰ
(ਸ) ਨਿਰਜੀਵ ਵਸਤੂ
ਪ੍ਰਸ਼ਨ 3 . ਕਠਪੁਤਲੇ ਜਾਂ ਕਠਪੁਤਲੀ ਦਾ ਜਨਮ ਕਿਸ ਤਰ੍ਹਾਂ ਹੋਇਆ?
(ੳ) ਲੁਹਾਰ ਦੀ ਸਿਰਜਣ ਸ਼ਕਤੀ ਵਿੱਚ
(ਅ) ਲੱਕੜਹਾਰੇ ਦੀ ਸਿਰਜਣ ਸ਼ਕਤੀ ਵਿੱਚ
(ੲ) ਬਜ਼ੁਰਗਾਂ ਦੀ ਕਲਪਨਾ ਦੁਆਰਾ
(ਸ) ਦੇਵਤਿਆਂ ਦੀ ਸਿਰਜਣ ਸ਼ਕਤੀ ਵਿੱਚ
ਪ੍ਰਸ਼ਨ 4 . ਮੁੰਨੇ ਅਤੇ ਮੁੰਨੀਆਂ ਕਿਹੜੇ ਰੂਪਾਂ ਵਿੱਚ ਵੇਖੇ ਜਾਂਦੇ ਹਨ?
(ੳ) ਮਾਂ – ਬਾਪ ਦੇ ਰੂਪ ਵਿੱਚ
(ਅ) ਨੂੰਹ – ਪੁੱਤਰ ਦੇ ਰੂਪ ਵਿੱਚ
(ੲ) ਧੀ – ਜਵਾਈ ਦੇ ਰੂਪ ਵਿੱਚ
(ਸ) ਪੁੱਤਰ – ਪੁੱਤਰੀ ਦੇ ਰੂਪ ਵਿੱਚ ਸਨੇਹ ਦੀ ਭਾਅ ਮਾਰਦੇ ਹਨ
ਪ੍ਰਸ਼ਨ 5 . ਉਪਰੋਕਤ ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।
(ੳ) ਲੱਕੜ
(ਅ) ਲੋਹਾ
(ੲ) ਚਰਖਾ
(ਸ) ਤੱਕਲਾ