ਹੀਰ ਦਾ ਸਿਦਕ : ਪ੍ਰਸੰਗ ਸਹਿਤ ਵਿਆਖਿਆ


ਪ੍ਰਸ਼ਨ. ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ :

ਹੀਰ ਆਖਦੀ, ਜੋਗੀਆ ਝੂਠ ਬੋਲੇਂ,

ਕੌਣ ਵਿੱਛੜੇ ਯਾਰ ਮਿਲਾਉਂਦਾ ਈ ।

ਏਹਾ ਕੋਈ ਨਾ ਮਿਲਿਆ, ਮੈਂ ਢੂੰਡ ਥੱਕੀ,

ਜਿਹੜਾ ਗਿਆਂ ਨੂੰ ਮੋੜ ਲਿਆਉਂਦਾ ਈ।

ਸਾਡੇ ਚੰਮ ਦੀਆਂ ਜੁੱਤੀਆਂ ਕਰੇ ਕੋਈ,

ਜਿਹੜਾ ਜੀਉ ਦਾ ਰੋਗ ਗਵਾਉਂਦਾ ਈ ।

ਭਲਾ ਦੱਸ ਖਾਂ ਚਿਰੀਂ ਵਿਛੁੰਨਿਆਂ ਨੂੰ,

ਕਦੋਂ ਰੱਬ ਸੱਚਾ ਘਰੀਂ ਲਿਆਉਂਦਾ ਈ ।


ਪ੍ਰਸੰਗ : ਇਹ ਕਾਵਿ-ਟੋਟਾ ਵਾਰਿਸ ਸ਼ਾਹ ਦੀ ‘ਹੀਰ’ ਵਿੱਚੋਂ ਲਿਆ ਗਿਆ ਹੈ ਅਤੇ ਇਹ ‘ਸਾਹਿਤ-ਮਾਲਾ’ ਪੁਸਤਕ ਵਿੱਚ ‘ਹੀਰ ਦਾ ਸਿਦਕ’ ਸਿਰਲੇਖ ਹੇਠ ਦਰਜ ਹੈ। ਇਸ ਕਿੱਸੇ ਵਿੱਚ ਕਵੀ ਨੇ ਹੀਰ-ਰਾਂਝੇ ਦੀ ਪ੍ਰੀਤ-ਕਹਾਣੀ ਨੂੰ ਬਿਆਨ ਕੀਤਾ ਹੈ। ਇਨ੍ਹਾਂ ਸਤਰਾਂ ਵਿੱਚ ਕਵੀ ਨੇ ਰਾਂਝੇ ਤੋਂ ਵਿਛੜੀ ਹੀਰ ਦੀ ਮਾਨਸਿਕ ਦਸ਼ਾ ਨੂੰ ਬਿਆਨ ਕੀਤਾ ਹੈ। ਇਹ ਸਤਰਾਂ ਹੀਰ ਰਾਂਝੇ ਨੂੰ ਉਦੋਂ ਕਹਿੰਦੀ ਹੈ, ਜਦੋਂ ਉਹ ਜੋਗੀ ਬਣ ਕੇ ਉਨ੍ਹਾਂ ਦੇ ਬੂਹੇ ਅੱਗੇ ਆਉਂਦਾ ਹੈ ਤੇ ਉਸ ਨੂੰ ਆਪਣੀ ਨਨਾਣ ਸਹਿਤੀ ਨਾਲ ਝਗੜਾ ਕਰਦਾ ਦੇਖ ਕੇ ਉਹ ਇਹ ਅੰਦਾਜ਼ਾ ਲਾ ਲੈਂਦੀ ਹੈ ਕਿ ਸ਼ਾਇਦ ਉਹ ਰਾਂਝਾ ਹੀ ਹੋਵੇ। ਹੇਠ ਲਿਖੀਆਂ ਸਤਰਾਂ ਕਹਿੰਦੀ ਹੋਈ ਉਹ ਰਾਂਝੇ ਜੋਗੀ ਅੱਗੇ ਇਹ ਪ੍ਰਗਟ ਨਹੀਂ ਕਰਦੀ ਕਿ ਉਸ ਨੇ ਉਸ ਨੂੰ ਪਛਾਣ ਲਿਆ ਹੈ।

ਵਿਆਖਿਆ : ਹੀਰ ਰਾਂਝੇ ਜੋਗੀ ਨੂੰ ਕਹਿੰਦੀ ਹੈ ਕਿ ਉਹ ਝੂਠ ਬੋਲ ਰਿਹਾ ਹੈ ਕਿ ਉਹ ਆਪਣੀ ਕਰਾਮਾਤ ਨਾਲ ਵਿਛੜੇ ਯਾਰਾਂ ਨੂੰ ਮਿਲਾ ਸਕਦਾ ਹੈ। ਭਲਾ ਰੁੱਸੇ ਹੋਏ ਯਾਰ ਨੂੰ ਕੌਣ ਮਿਲਾ ਸਕਦਾ ਹੈ? ਉਹ ਭਾਲ-ਭਾਲ ਕੇ ਥੱਕ ਗਈ ਹੈ, ਉਸ ਨੂੰ ਅਜਿਹਾ ਕੋਈ ਨਹੀਂ ਮਿਲਿਆ, ਜਿਹੜਾ ਕਰਾਮਾਤ ਨਾਲ ਵਿਛੜੇ ਯਾਰ ਨੂੰ ਮੋੜ ਲਿਆਵੇ। ਉਹ ਕਹਿੰਦੀ ਹੈ ਕਿ ਜਿਹੜਾ ਉਸ ਦੇ ਦਿਲ ਦੇ ਰੋਗ ਨੂੰ ਗੁਆ ਦੇਵੇ, ਅਰਥਾਤ ਜਿਹੜਾ ਉਸ ਨੂੰ ਉਸ ਦੇ ਪ੍ਰੇਮੀ ਨਾਲ ਮਿਲਾ ਦੇਵੇ, ਉਹ ਭਾਵੇਂ ਉਸ ਦੇ ਚੰਮ ਦੀਆਂ ਜੁੱਤੀਆਂ ਬਣਵਾ ਕੇ ਪਾ ਲਵੇ, ਉਹ ਤਾਂ ਵੀ ਸੀ (ਹਾਏ) ਨਹੀਂ ਕਰੇਗੀ। ਉਹ ਰਾਂਝੇ ਜੋਗੀ ਨੂੰ ਕਹਿੰਦੀ ਹੈ ਕਿ ਉਹ ਉਸ ਨੂੰ ਦੱਸੇ ਕਿ ਸੱਚਾ ਰੱਬ ਉਸ ਦੇ ਚਿਰ ਦੇ ਵਿਛੜੇ ਯਾਰ ਨੂੰ ਕਦੋਂ ਉਸ ਕੋਲ ਲਿਆਵੇਗਾ? ਇਹ ਸਤਰਾਂ ਕਹਿ ਕੇ ਹੀਰ ਰਾਂਝੇ ਅੱਗੇ ਆਪਣੇ ਸਿਦਕ ਨੂੰ ਪੂਰੀ ਤਰ੍ਹਾਂ ਪ੍ਰਗਟ ਕਰ ਦਿੰਦੀ ਹੈ।