ਮਿਠ ਬੋਲੜਾ ਜੀ ਹਰਿ ਸਜਣੁ : ਸ੍ਰੀ ਗੁਰੂ ਅਰਜਨ ਦੇਵ ਜੀ
ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ-
ਹਉ ਬਿਸਮੁ ਭਈ ਜੀ ਹਰਿ ਦਰਸਨੁ ਦੇਖਿ ਅਪਾਰਾ ॥
ਮੇਰਾ ਸੁੰਦਰੁ ਸੁਆਮੀ ਜੀ ਹਉ ਚਰਨ ਕਮਲ ਪਗ ਛਾਰਾ॥
ਪ੍ਰਭੂ ਪੇਖਤ ਜੀਵਾ ਠੰਢੀ ਥੀਵਾ ਤਿਸੁ ਜੇਵਡੁ ਅਵਰੁ ਨ ਕੋਈ ॥
ਆਦਿ ਅੰਤਿ ਮਧਿ ਪ੍ਰਭੁ ਰਵਿਆ ਜਲਿ ਥਲਿ ਮਹੀਅਲਿ ਸੋਈ ॥
ਚਰਨ ਕਮਲ ਜਪਿ ਸਾਗਰੁ ਤਰਿਆ ਭਵਜਲ ਉਤਰੇ ਪਾਰਾ ॥
ਨਾਨਕ ਸਰਣਿ ਪੂਰਨ ਪਰਮੇਸੁਰ ਤੇਰਾ ਅੰਤੁ ਨ ਪਾਰਾਵਾਰਾ ॥
ਪ੍ਰਸੰਗ : ਇਹ ਕਾਵਿ-ਟੋਟਾ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ‘ਮਿਠ ਬੋਲੜਾ ਜੀ ਹਰਿ ਸਜਣੁ’ ਵਿੱਚੋਂ ਲਿਆ ਗਿਆ ਹੈ। ਇਸ ਬਾਣੀ ਵਿੱਚ ਗੁਰੂ ਜੀ ਨੇ ਮਾਲਕ-ਪ੍ਰਭੂ ਦੇ ਗੁਣਾਂ ਦੀ ਮਹਿਮਾ ਗਾਈ ਹੈ।
ਵਿਆਖਿਆ : ਗੁਰੂ ਜੀ ਫ਼ਰਮਾਉਂਦੇ ਹਨ, ਹੇ ਭਾਈ ! ਉਸ ਬੇਅੰਤ ਪਰਮਾਤਮਾ ਦਾ ਦਰਸ਼ਨ ਕਰ ਕੇ ਮੈਂ ਹੈਰਾਨ ਹੋ ਰਹੀ ਹਾਂ। ਉਹ ਮੇਰਾ ਸੋਹਣਾ ਮਾਲਕ ਹੈ ਅਤੇ ਮੈਂ ਉਸ ਦੇ ਚਰਨਾਂ ਦੀ ਧੂੜ ਹਾਂ। ਉਸ ਦਾ ਦਰਸ਼ਨ ਕਰਦਿਆਂ ਮੇਰੇ ਅੰਦਰ ਜਿੰਦ ਪੈ ਜਾਂਦੀ ਹੈ ਅਤੇ ਮੈਂ ਸ਼ਾਂਤ ਚਿੱਤ ਹੋ ਜਾਂਦੀ ਹਾਂ। ਮੇਰੇ ਲਈ ਉਸ ਦੇ ਬਰਾਬਰ ਦਾ ਹੋਰ ਕੋਈ ਵੀ ਨਹੀਂ। ਸੰਸਾਰ ਦੇ ਆਰੰਭ ਵਿੱਚ ਵੀ ਉਹੀ ਸੀ, ਸੰਸਾਰ ਦੇ ਅੰਤ ਵਿੱਚ ਵੀ ਉਹੀ ਹੋਵੇਗਾ ਅਤੇ ਇਸ ਵੇਲੇ ਵੀ ਉਹ ਹੀ ਹੈ। ਪਾਣੀ ਵਿੱਚ, ਧਰਤੀ ਵਿੱਚ, ਅਕਾਸ਼ ਵਿੱਚ, ਸਭ ਥਾਈਂ ਉਹ ਹੀ ਵਸਦਾ ਹੈ। ਉਸ ਦੇ ਸੋਹਣੇ ਚਰਨਾਂ ਦਾ ਧਿਆਨ ਧਰ ਕੇ ਜੀਵ ਸੰਸਾਰ-ਸਮੁੰਦਰ ਨੂੰ ਤਰ ਸਕਦੇ ਹਨ। ਅਤੇ ਇਸ ਤਰ੍ਹਾਂ ਅਨੇਕਾਂ ਹੀ ਜੀਵ, ਸੰਸਾਰ-ਸਮੁੰਦਰ ਤੋਂ ਪਾਰ ਲੰਘਦੇ ਆ ਰਹੇ ਹਨ। ਹੇ ਪੂਰਨ ਪਰਮੇਸ਼ਰ ! ਇਸੇ ਲਈ ਮੈਂ ਤੇਰੀ ਸ਼ਰਨ ਆਇਆ ਹਾਂ। ਮੈਂ ਤੇਰੀ ਹਸਤੀ ਦਾ ਉਰਲਾ-ਪਰਲਾ ਬੰਨਾ ਨਹੀਂ ਲੱਭ ਸਕਦਾ ਤੇ ਨਾ ਹੀ ਤੇਰਾ ਅੰਤ ਪਾ ਸਕਦਾ ਹਾਂ।