BloggingCBSEclass 11 PunjabiClass 12 PunjabiClass 9th NCERT PunjabiEducationHistoryNCERT class 10thPunjab School Education Board(PSEB)

ਸੰਵਿਧਾਨ ਦੇ ਇਤਿਹਾਸ ਦੇ ਦਿਲਚਸਪ ਤੱਥ


ਦੇਸ਼ ਹਰ ਸਾਲ 26 ਜਨਵਰੀ ਨੂੰ ‘ਗਣਤੰਤਰ ਦਿਵਸ’ ਮਨਾਉਂਦਾ ਹੈ। 26 ਜਨਵਰੀ 1930 ਨੂੰ ਰਾਵੀ ਦੇ ਕੰਢੇ ਲਾਹੌਰ ‘ਚ ਇੰਡੀਅਨ ਨੈਸ਼ਨਲ ਕਾਂਗਰਸ ਨੇ ਪੂਰਨ ਸਵਰਾਜ ਦਾ ਮਤਾ ਪਾਸ ਕਰਕੇ ਸੰਪੂਰਨ ਆਜ਼ਾਦੀ ਪ੍ਰਾਪਤ ਕਰਨ ਨੂੰ ਟੀਚਾ ਬਣਾਇਆ।

ਸੰਵਿਧਾਨ ਇਤਿਹਾਸਕ ਦਸਤਾਵੇਜ਼ ਹੁੰਦੇ ਹਨ। ਭਾਰਤ ਦਾ ਸੰਵਿਧਾਨ ਭਾਰਤ ਦੇ ਲੋਕਾਂ ਦੀਆਂ ਸੱਧਰਾਂ ਦੀ ਤਰਜਮਾਨੀ ਕਰਦਾ ਹੈ ਜਿਨ੍ਹਾਂ ਨੇ ਬਸਤੀਵਾਦ(colonization) ਤੋਂ ਮੁਕਤ ਜ਼ਿੰਦਗੀ ਦਾ ਸੁਪਨਾ ਦੇਖਣ ਦੀ ਹਿੰਮਤ ਦਿਖਾਈ ਸੀ। ਸੰਵਿਧਾਨ ਭਵਿੱਖ ਦਾ ਪ੍ਰਾਜੈਕਟ ਵੀ ਹੁੰਦਾ ਹੈ। ਸੰਵਿਧਾਨ ਦੀ ਚਾਹਨਾ ਹੈ ਕਿ ਸਭਿਆਚਾਰਕ, ਧਾਰਮਿਕ, ਭਾਸ਼ਾਈ ਅਤੇ ਨਸਲੀ ਤਬਕਿਆਂ ਦੇ ਸਮੂਹ ਵਿਚੋਂ ਲੋਕਰਾਜੀ ਸਮਾਜ/ਬਰਾਦਰੀ ਦੀ ਸਿਰਜਣਾ ਕੀਤੀ ਜਾਵੇ।

ਆਜ਼ਾਦੀ ਦਾ ਮੁਕੱਰਰ ਦਿਨ ਜਦੋਂ ਨੇੜੇ ਆ ਰਿਹਾ ਸੀ ਤਾਂ ਸੰਵਿਧਾਨ ਦਾ ਖਰੜਾ ਤਿਆਰ ਕਰਨ ਲਈ 9 ਦਸੰਬਰ 1946 ਨੂੰ ਸੰਵਿਧਾਨ – ਘੜਨੀ ਸਭਾ ਦੀ ਮੀਟਿੰਗ ਹੋਈ ਸੀ। ਅੰਤਰਿਮ ਸਰਕਾਰ ਦੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਵਲੋਂ ਦੀ ਸੰਵਿਧਾਨ ਦੇ ਉਦੇਸ਼ਾਂ ਦਾ ਮਤਾ ਪੇਸ਼ ਕੀਤਾ ਗਿਆ। ਉਨ੍ਹਾਂ ਇਸ ਵੱਲ ਧਿਆਨ ਦਿਵਾਇਆ ਕਿ ਸੰਵਿਧਾਨ – ਘੜਨੀ ਸਭਾ ਬਸਤੀਵਾਦੀ ਸਰਕਾਰ ਵੱਲੋਂ ਦਿੱਤਾ ਗਿਆ ਕੋਈ ਤੋਹਫ਼ਾ ਨਹੀਂ ਹੈ। ਹਿੰਦੋਸਤਾਨੀ ਅਵਾਮ ਨੇ ਆਪਣਾ ਸੰਵਿਧਾਨ ਲਿਖਣ ਦਾ ਹੱਕ ਲੈਣ ਵਾਸਤੇ ਲੜਾਈ ਲੜੀ ਸੀ।

ਭਾਰਤ ਦੇ ਸੰਵਿਧਾਨ ਦਾ ਦਿਲਚਸਪ ਤੱਥ ਇਹ ਹੈ ਕਿ ਸੰਵਿਧਾਨ – ਘੜਨੀ ਸਭਾ ਦਾ ਵਿਚਾਰ ਸਭ ਤੋਂ ਪਹਿਲਾਂ ਕਮਿਊਨਿਸਟ ਪਾਰਟੀ ਆਫ਼ ਇੰਡੀਆ ਦੀ ਨੀਂਹ ਰੱਖਣ ਵਾਲੇ ਇਨਕਲਾਬੀ ਐੱਮ. ਐੱਨ. ਰਾਏ ਨੇ 1934 ਵਿੱਚ ਪੇਸ਼ ਕੀਤਾ। ਕਾਂਗਰਸ ਨੇ 1935 ਵਿੱਚ ਇਸ ਮੰਗ ਨੂੰ ਅਪਣਾਇਆ।

ਅੰਗਰੇਜ਼ ਸਰਕਾਰ ਨੇ ਇਸ ਮੰਗ ਨੂੰ ਠੁਕਰਾ ਦਿੱਤਾ; 1938 ਵਿੱਚ ਜਵਾਹਰਲਾਲ ਨਹਿਰੂ ਨੇ ਕਾਂਗਰਸ ਵੱਲੋਂ ਇਹ ਮੰਗ ਦੁਹਰਾਈ। ਦੂਸਰੀ ਆਲਮੀ ਜੰਗ ਹੇਠ ਅੰਗਰੇਜ਼ ਸਰਕਾਰ ਦਬਾਅ ਵਿੱਚ ਸੀ। 15 ਨਵੰਬਰ 1939 ਨੂੰ ਕਾਂਗਰਸੀ ਆਗੂ ਸੀ. ਰਾਜਗੋਪਾਲਾਚਾਰੀ ਨੇ ਕਾਂਗਰਸ ਵੱਲੋਂ ਇਹ ਮੰਗ ਦੁਬਾਰਾ ਰੱਖੀ ਜਿਹੜੀ ਅੰਗਰੇਜ਼ ਸਰਕਾਰ ਨੇ ਅਗਸਤ 1940 ਵਿਚ ਪਰਵਾਨ ਕਰ ਲਈ।

ਇਤਿਹਾਸ ਵਿੱਚ ਇਸ ਨੂੰ ਅੰਗਰੇਜ਼ ਸਰਕਾਰ ਦੀ ‘ਅਗਸਤ ਆਫਰ'(August Offer) ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ।

1946 ਵਿੱਚ ਸੰਵਿਧਾਨ – ਘੜਨੀ ਸਭਾ (Constituent Assembly) ਹੋਂਦ ਵਿੱਚ ਆਈ।

ਦਿਲਚਸਪ ਗੱਲ ਇਹ ਹੈ ਕਿ ਭਾਰਤੀ ਸੰਵਿਧਾਨ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਵੀ ਕਈ ਅਜਿਹੇ ਦਸਤਾਵੇਜ਼ ਪੇਸ਼ ਹੋਏ ਜਿਨ੍ਹਾਂ ਨੂੰ ਅਪਣਾਏ ਜਾਣ ਵਾਲੇ ਸੰਵਿਧਾਨ ਦੇ ਡਰਾਫਟ ਕਿਹਾ ਗਿਆ। ਇਨ੍ਹਾਂ ਵਿਚੋਂ ਇਕ ਮਹੱਤਵਪੂਰਨ ਦਸਤਾਵੇਜ਼ ਐੱਮ.ਐੱਨ. ਰਾਏ ਦੁਆਰਾ 1944 ਵਿਚ ਲਿਖਿਆ ‘ਆਜ਼ਾਦ ਭਾਰਤ ਦਾ ਸੰਵਿਧਾਨ: ਇਕ ਖਰੜਾ (Constitution of Free India: A Draft)’ ਵੀ ਸੀ।

ਸੰਵਿਧਾਨ ਬਣਾਉਣਾ ਦੇਸ਼ ਦੀ ਅਹਿਮ ਪ੍ਰਾਪਤੀ ਸੀ। ਨਵੇਂ ਬਣੇ ਦੇਸ਼ ਪਾਕਿਸਤਾਨ ਵਿਚ 9 ਸਾਲ ਤਕ ਸੰਵਿਧਾਨ ਨਾ ਬਣ ਸਕਿਆ ਅਤੇ ਇਸ ਨੇ ਪਾਕਿਸਤਾਨ ‘ਚ ਫੌਜੀ ਰਾਜ ਦਾ ਰਾਹ ਪੱਧਰਾ ਕੀਤਾ।

ਭਾਰਤ ਦੇ ਸੰਵਿਧਾਨ ਦੇ ਬਣਨ ਵਿੱਚ ਆਜ਼ਾਦੀ ਸੰਘਰਸ਼ ਦੌਰਾਨ ਪੈਦਾ ਹੋਈਆਂ ਤਾਕਤਾਂ ਅਤੇ ਵਿਚਾਰਧਾਵਾਂ ਨੇ ਅਹਿਮ ਭੂਮਿਕਾ ਨਿਭਾਈ। ਐੱਮ.ਐੱਨ. ਰਾਏ ਦਾ ਲਿਖਿਆ ‘ਆਜ਼ਾਦ ਭਾਰਤ ਦਾ ਸੰਵਿਧਾਨ : ਇਕ ਖਰੜਾ’ ਵੀ ਅਜਿਹੀ ਲੜੀ ਦਾ ਅਹਿਮ ਦਸਤਾਵੇਜ਼ ਹੈ।