CBSEclass 11 PunjabiClass 9th NCERT PunjabiEducationNCERT class 10thParagraphPunjab School Education Board(PSEB)

ਸੰਜਮ – ਪੈਰਾ ਰਚਨਾ

ਮਨੁੱਖੀ ਜੀਵਨ ਵਿਚ ਸੰਜਮ ਦੀ ਭਾਰੀ ਮਹਾਨਤਾ ਹੈ। ਸੰਜਮ ਦੇ ਅਰਥ ਹਨ – ਬੰਧਨ। ਇਸ ਦਾ ਅਰਥ ਮਨੁੱਖੀ ਇੰਦਰੀਆਂ ਉੱਪਰ ਕਾਬੂ ਪਾਉਣ ਤੋਂ ਵੀ ਹੈ। ਸਧਾਰਨ ਅਰਥਾਂ ਵਿਚ ਇਸ ਦਾ ਭਾਵ ਇਹ ਲਿਆ ਜਾਂਦਾ ਹੈ ਕਿ ਸਾਨੂੰ ਆਪਣੇ ਘਰ ਵਿਚ ਰੁਪਏ ਪੈਸੇ ਨੂੰ ਤੇ ਨਿੱਤ ਵਰਤੋਂ ਦੀਆਂ ਚੀਜ਼ਾਂ ਨੂੰ ਸੰਜਮ ਨਾਲ ਵਰਤਣਾ ਚਾਹੀਦਾ ਹੈ। ਜੇਕਰ ਅਸੀਂ ਘਰਾਂ ਵਿਚ ਜਾਂ ਘਰ ਤੋਂ ਬਾਹਰ ਆਪਣੇ ਵਰਤਣ ਵਾਲੀਆਂ ਚੀਜ਼ਾਂ ਦੀ ਸੰਜਮ ਨਾਲ ਵਰਤੋਂ ਕਰਾਂਗੇ ਤਾਂ ਰੁਪਏ ਪੈਸੇ ਦੀ ਸੰਜਮ ਭਰੀ ਵਰਤੋਂ ਆਪਣੇ ਆਪ ਹੀ ਹੋ ਜਾਂਦੀ ਹੈ। ਇਸਤਰੀਆਂ ਆਪਣੇ ਘਰ ਵਿਚ ਖੰਡ, ਘਿਓ ਤੇ ਦਾਲਾਂ – ਸਬਜ਼ੀਆਂ ਦੀ ਵਰਤੋਂ ਵਿਚ ਸੰਜਮ ਨਾਲ ਕੰਮ ਲੈ ਸਕਦੀਆਂ ਹਨ। ਚਾਰ – ਚਾਰ ਸਬਜ਼ੀਆਂ ਤੇ ਦਾਲਾਂ ਦੀ ਥਾਂ ਇਕ  – ਦੋ ਨਾਲ ਕੰਮ ਚਲਾਇਆ ਜਾ ਸਕਦਾ ਹੈ। ਘਿਓ ਸਾੜ – ਸਾੜ ਕੇ ਬਣਾਏ ਪਰੌਂਠਿਆ ਦੀ ਥਾਂ ਚੋਪੜਿਆ ਜਾਂ ਖੁਸ਼ਕ ਫੁਲਕਾ ਹਾਜ਼ਮੇ ਲਈ ਵਧੇਰੇ ਚੰਗਾ ਰਹਿੰਦਾ ਹੈ। ਇਸੇ ਤਰ੍ਹਾਂ ਅਸੀਂ ਘਰ ਵਿਚ ਬਿਜਲੀ, ਪਾਣੀ, ਗੈਸ ਤੇ ਬਾਲਣ ਦੀ ਵਰਤੋਂ ਉੱਪਰ ਸੰਜਮ ਲਾਗੂ ਕਰ ਕੇ ਕਾਫ਼ੀ ਬੱਚਤ ਕਰ ਸਕਦੇ ਹਾਂ। ਸਾਨੂੰ ਨਾ ਬਿਜਲੀ ਅਜਾਈਂ ਵਰਤਣੀ ਚਾਹੀਦੀ ਹੈ ਤੇ ਨਾ ਹੀ ਟੂਟੀਆਂ ਦਾ ਪਾਣੀ ਚਲਦਾ ਰਹਿਣ ਦੇਣਾ ਚਾਹੀਦਾ ਹੈ। ਗੈਸ ਨੂੰ ਸੰਜਮ ਭਰੇ ਤਰੀਕੇ ਨਾਲ ਵਰਤਣ ਦੀ ਆਦਤ ਪਾਉਣੀ ਚਾਹੀਦੀ ਹੈ। ਜਿਹੜੇ ਕੰਮ ਸਾਈਕਲ ਚਲਾ ਕੇ ਹੋ ਸਕਦੇ ਹੋਣ, ਉਨ੍ਹਾਂ ਲਈ ਸਕੂਟਰ ਜਾਂ ਕਾਰ ਵਰਤਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਸਾਨੂੰ ਵਿਆਹ – ਸ਼ਾਦੀਆਂ, ਤਿਉਹਾਰਾਂ ਤੇ ਹੋਰਨਾਂ ਸਮਾਜਿਕ ਫ਼ਰਜ਼ਾਂ ਨੂੰ ਨਿਭਾਉਂਦੇ ਸਮੇਂ ਵੀ ਫ਼ਜ਼ੂਲ – ਖਰਚੀ ਤੋਂ ਬਚਣਾ ਚਾਹੀਦਾ ਹੈ। ਇਸ ਪ੍ਰਕਾਰ ਅਸੀਂ ਆਪਣੇ ਜੀਵਨ ਵਿਚ ਸੰਜਮ ਲਾਗੂ ਕਰ ਕੇ ਤੇ ਰੁਪਏ ਪੈਸੇ ਦੀ ਬੱਚਤ ਕਰ ਕੇ ਆਪਣੇ ਜੀਵਨ ਨੂੰ ਖੁਸ਼ਹਾਲ ਤੇ ਚਿੰਤਾ – ਰਹਿਤ ਬਣਾ ਸਕਦੇ ਹਾਂ।