ਸੰਖੇਪ ਸਾਰ : ਬਾਕੀ ਸਭ ਸੁਖ-ਸਾਂਦ ਹੈ
ਪ੍ਰਸ਼ਨ. ‘ਬਾਕੀ ਸਭ ਸੁਖ-ਸਾਂਦ ਹੈ’ ਕਹਾਣੀ ਦਾ ਸੰਖੇਪ-ਸਾਰ ਲਿਖੋ।
ਉੱਤਰ : ਮੋਹਣ ਸਿੰਘ ਪੰਜਵੀਂ ਤੋਂ ਦਸਵੀਂ ਪਾਸ ਕਰਨ ਤਕ ਬੀਹੀ ਦੇ ਲੋਕਾਂ ਦੀਆਂ ਚਿੱਠੀਆਂ ਲਿਖਦਾ ਰਿਹਾ ਸੀ, ਜੋ ਕੁੜੀਆਂ ਦੇ ਆਪਣੇ ਪਰਦੇਸੀ ਪਤੀਆਂ ਵਲ ਗਿਲਿਆਂ, ਨਿਹੋਰਿਆਂ ਤੇ ਟਿੱਚਰਾਂ ਨਾਲ ਭਰੀਆਂ ਹੁੰਦੀਆਂ ਸਨ। ਬੁੜ੍ਹੀਆਂ ਦੀਆਂ ਚਿੱਠੀਆਂ ਵਿੱਚ ਕੁਪੱਤੀ ਨੂੰਹ, ਫ਼ੌਜ ਵਿਚ ਭਰਤੀ ਹੋਏ ਮੁੰਡੇ, ਮਾਪਿਆਂ ਦੇ ਬੈਠੀ ਧੀ, ਹੱਥ ਦੀ ਤੰਗੀ ਜਾਂ ਮੁਕੱਦਮੇ ਆਦਿ ਦੇ ਦੁੱਖਾਂ ਦਾ ਜ਼ਿਕਰ ਹੁੰਦਾ ਸੀ। ਤੰਗ ਆਇਆ ਮੋਹਣ ਸਿੰਘ ਲੋਕਾਂ ਦੀਆਂ ਚਿੱਠੀਆਂ ਲਿਖਣ ਤੋਂ ਟਾਲਮਟੋਲ ਕਰਨ ਲੱਗਾ, ਜਿਸ ਕਰਕੇ ਲੋਕ ਉਸ ਵਿਰੁੱਧ ਗੁੱਸੇ ਨਾਲ ਭਰੇ ਪਏ ਸਨ ਤੇ ਕਹਿੰਦੇ ਸਨ ਕਿ ਉਹ ਹਰ ਇੱਕ ਅੱਗੇ ਕਬੀਲਦਾਰੀ ਦੇ ਪਰਦੇ ਨਹੀਂ ਫੋਲ ਸਕਦੇ। ਪਰਸੋਂ ਹਰ ਕੌਰ ਦੀਆਂ ਅੱਖਾਂ ਵਿੱਚ ਅੱਥਰੂ ਦੇਖ ਕੇ ਮੋਹਣ ਸਿੰਘ ਨੂੰ ਚਿੱਠੀ ਲਿਖਣ ਲਈ ਉਸ ਦੇ ਘਰ ਜਾਣਾ ਪਿਆ। ਉਸ ਨੂੰ ਦੁੱਧ ਪਿਲਾਉਣ ਮਗਰੋਂ ਹਰ ਕੌਰ ਨੇ ਉਸ ਨੂੰ ਚਿੱਠੀ ਵਿੱਚ ਆਪਣੇ ਫ਼ੌਜੀ ਪੁੱਤਰ ਨੂੰ ਮੁਕੱਦਮੇ, ਪ੍ਰਾਹੁਣੇ ਦੇ ਗੁਆਚਣ, ਮੱਝ ਦੇ ਤੂਣ ਤੇ ਉਸ ਦੀ ਪੂਛ ਦੇ ਵੱਢੇ ਜਾਣ, ਫ਼ਸਲ ਦੇ ਮਾਰੇ ਜਾਣ ਲਈ ਵੱਛੇ ਨੂੰ ਵੇਚਣ, ਨਾਰੇ ਬਲਦ ਦੇ ਕੰਨ੍ਹੇ ਦੇ ਮਤਾੜੇ ਜਾਣ, ਉਸ ਦੀ ਪਤਨੀ ਦੇ ਬੱਚਾ ਹੋ ਕੇ ਮਰ ਜਾਣ, ਉਸ ਦੀ ਪਤਨੀ ਦੇ ਮਰਨ-ਕੰਢੇ ਪਈ ਹੋਣ ਬਾਰੇ ਤੇ ਉਸ ਨੂੰ ਫ਼ੌਜ ਵਿੱਚੋਂ ਨਾਂਵਾਂ ਕਟਾ ਕੇ ਆਉਣ ਲਈ ਲਿਖਾਇਆ ਅਤੇ ਆਖਿਆ ਕਿ ਅੰਤ ਵਿਚ ਉਹ ਲਿਖ ਦੇਵੇ ਕਿ ‘ਬਾਕੀ ਸਭ ਸੁਖ-ਸਾਂਦ ਹੈ।’ ਹਰ ਕੌਰ ਦੇ ਇਹ ਸ਼ਬਦ ਸੁਣ ਕੇ ਮੋਹਣ ਸਿੰਘ ਦੇ ਹੱਥੋਂ ਕਲਮ ਡਿਗ ਪਈ।
ਔਖੇ ਸ਼ਬਦਾਂ ਦੇ ਅਰਥ
ਵਿਲੂੰ-ਵਿਲੂੰ ਰੋਂਦੇ : ਰਊਂ-ਰਊਂ ਕਰਦੇ ।
ਭੂਸਰ ਗਏ : ਹੰਕਾਰ ਗਏ ।
ਬਾਹਮਣੀ : ਪਸ਼ੂਆਂ ਦੀ ਇੱਕ ਬਿਮਾਰੀ ।
ਕੰਨ੍ਹਾ : ਬਲਦ ਦੀ ਢੁੱਠ ।
ਮਤਾੜਿਆ : ਜ਼ਖ਼ਮੀ ਹੋਇਆ ।