CBSEEducationPunjab School Education Board(PSEB)ਸੰਖੇਪ ਰਚਨਾ (Precis writing)

ਸੰਖੇਪ ਰਚਨਾ : ਸਭਿਅਤਾ ਦਾ ਮਾਪ


ਹੇਠ ਲਿਖੀ ਵਾਰਤਾ ਦੀ ਇਕ-ਤਿਹਾਈ ਸ਼ਬਦਾਂ ਵਿਚ ਸੰਖੇਪ-ਰਚਨਾ ਕਰੋ ਤੇ ਢੁੱਕਵਾਂ ਸਿਰਲੇਖ ਵੀ ਦਿਓ-

ਕਿਸੇ ਕੌਮ ਅੰਦਰ ਇਸਤਰੀ ਜਾਤੀ ਨੂੰ ਯੋਗ ਅਸਥਾਨ ਪ੍ਰਾਪਤ ਹੋਣਾ ਵੀ ਸਭਿਅਤਾ ਦਾ ਇਕ ਸੋਹਣਾ ਮਾਪ ਹੈ। ਜਿਸ ਤਰ੍ਹਾਂ ਗ਼ਰੀਬੀ ਅਤੇ ਮਿਹਨਤ ਮਜ਼ਦੂਰੀ ਆਪਣੇ ਨਰੋਏ ਤੇ ਸਾਫ਼ ਦਿਲ-ਦਿਮਾਗ਼ ਨਾਲ ਮਾਨਵਤਾ ਦੇ ਨਿਯਮਾਂ ਨੂੰ ਸੋਹਣੀ ਤਰ੍ਹਾਂ ਪੜ੍ਹ ਸਕਦੀਆਂ ਹਨ ਤੇ ਇਨ੍ਹਾਂ ਨਾਲ ਪ੍ਰੇਮ ਕਰਦੀਆਂ ਹਨ, ਇਸੇ ਤਰ੍ਹਾਂ ਮਰਦ ਅਤੇ ਇਸਤਰੀ, ਮਨੁੱਖ ਜਾਤੀ ਦੇ ਦੋ ਅੰਗਾਂ ਨੂੰ ਪਰਸਪਰ ਸਤਿਕਾਰ ਸਹਿਤ ਰੱਖੇ ਜਾਣ ਨਾਲ ਇਸਤਰੀ ਜਾਤੀ ਅੰਦਰ ਇਕ ਅਜਿਹਾ ਜਾਦੂ ਅਸਰ ਪੈਦਾ ਹੋ ਜਾਂਦਾ ਹੈ, ਜਿਸ ਨਾਲ ਉਹ ਆਪਣੇ ਸਾਥੀ ਮਰਦ ਅੰਦਰ ਵੀ ਸੋਹਣੇ, ਕੋਮਲ ਤੇ ਕੁਰਬਾਨੀ ਭਰੇ ਭਾਵ ਪੈਦਾ ਕਰ ਸਕਦੀ ਹੈ। ਇਸ ਤਰ੍ਹਾਂ ਫਿਰ ਮਧੁਰ ਤੇ ਸੁਚੱਜੇ ਮੇਲ-ਜੋਲ, ਵਿੱਦਿਆ, ਵਾਰਤਾਲਾਪ ਤੇ ਸਿਆਣਪ ਆਦਿ ਗੁਣ ਚੰਗੀ ਤਰ੍ਹਾਂ ਪ੍ਰਫੁੱਲਿਤ ਹੋਣ ਲੱਗ ਪੈਂਦੇ ਹਨ। ਇਸ ਲਈ ਮੈਂ ਖ਼ਿਆਲ ਕਰਦਾ ਹਾਂ ਕਿ ਕਿਸੇ ਇਕ ਸੁਚੱਜੀ ਸਭਿਅਤਾ ਵਿਚ ਸੁਸ਼ੀਲ ਇਸਤਰੀਆਂ ਦੇ ਸਾਊ ਅਸਰ ਦਾ ਵੀ ਇਕ ਖ਼ਾਸ ਹਿੱਸਾ ਹੁੰਦਾ ਹੈ।


ਉੱਤਰ- ਸਿਰਲੇਖ : ਸਭਿਅਤਾ ਦਾ ਮਾਪ ।

ਸੰਖੇਪ-ਰਚਨਾ : ਕਿਸੇ ਕੌਮ ਵਿਚ ਇਸਤਰੀ ਜਾਤੀ ਦਾ ਯੋਗ ਸਥਾਨ ਸਭਿਅਤਾ ਦਾ ਇਕ ਸੋਹਣਾ ਮਾਪ ਹੈ। ਸਤਿਕਾਰ- ਪ੍ਰਾਪਤ ਇਸਤਰੀ ਮਰਦ ਵਿਚ ਕੋਮਲ ਤੇ ਕੁਰਬਾਨੀ ਭਰੇ ਭਾਵ ਪੈਦਾ ਕਰਦੀ ਹੈ। ਇਸ ਨਾਲ ਮਧੁਰ ਮੇਲ-ਜੋਲ, ਵਿੱਦਿਆ, ਵਾਰਤਾਲਾਪ ਤੇ ਸਿਆਣਪ ਆਦਿ ਗੁਣ ਪ੍ਰਫੁੱਲਤ ਹੁੰਦੇ ਹਨ। ਸੁਸ਼ੀਲ ਇਸਤਰੀਆਂ ਸੁਚੱਜੀ ਸਭਿਅਤਾ ਉਸਾਰਦੀਆਂ ਹਨ।