ਸੰਖੇਪ ਰਚਨਾ (Précis writing)

ਪਰਿਭਾਸ਼ਾ – ਕਿਸੇ ਲੰਮੇਰੀ ਵਾਰਤਕ ਰਚਨਾ ਦੇ ਸਮੁੱਚੇ ਭਾਵ ਨੂੰ ਘੱਟ ਤੋਂ ਘੱਟ ਸ਼ਬਦਾਂ ਵਿੱਚ ਲਿਖਣਾ ਹੀ ਸੰਖੇਪ ਰਚਨਾ ਹੈ। ਸੰਖੇਪ ਰਚਨਾ ਫਰਾਂਸੀਸੀ ਬੋਲੀ ਦੇ ਸ਼ਬਦ ‘ਪ੍ਰੈਸੀ’ ਦਾ ਪੰਜਾਬੀ ਅਨੁਵਾਦ ਹੈ, ਜਿਸ ਦਾ ਅਰਥ ਹੈ ‘ਸਾਰੰਸ਼’ ; ਭਾਵ ਇਹ ਕਿ ਸੰਖੇਪ ਰਚਨਾ ਇੱਕ ਕਲਾ ਹੈ, ਜਿਸ ਨੂੰ ਸਿੱਖਣ ਲਈ ਅਭਿਆਸ ਦੀ ਲੋੜ ਹੁੰਦੀ ਹੈ।

ਤਕਨੀਕੀ ਨਿਯਮ : ਹਰ ਸੰਖੇਪਕ ਨੂੰ ਕੁੱਝ ਤਕਨੀਕੀ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ, ਜਿਸ ਤੋਂ ਬਗ਼ੈਰ ਸੰਖੇਪ ਰਚਨਾ ਸ਼ੁੱਧ ਅਤੇ ਸੰਪੂਰਨ ਨਹੀਂ ਸਮਝੀ ਜਾ ਸਕਦੀ। ਉਹ ਨਿਯਮ ਹੇਠ ਲਿਖੇ ਹਨ :

1 . ਸੰਖੇਪ ਰਚਨਾ ਦਾ ਸਿਰਲੇਖ ਜ਼ਰੂਰ ਦੇਣਾ ਚਾਹੀਦਾ ਹੈ, ਭਾਵੇਂ ਇਸ ਬਾਰੇ ਕਿਹਾ ਹੋਵੇ ਜਾਂ ਨਾ।

2 . ਸੰਖੇਪ ਰਚਨਾ ਦਾ ਅਕਾਰ ਮੂਲ ਰਚਨਾ ਨਾਲੋਂ ਲਗਪਗ ਤੀਜਾ ਹਿੱਸਾ ਹੋਣਾ ਚਾਹੀਦਾ ਹੈ; ਜਿਵੇਂ, ਜੇ ਮੂਲ ਰਚਨਾ ਦੇ ਕੁੱਲ ਸ਼ਬਦ 100 ਹੋਣ ਤਾਂ ਸੰਖੇਪ ਰਚਨਾ ਦੇ ਸ਼ਬਦਾਂ ਦੀ ਗਿਣਤੀ 30 ਤੋਂ 35 ਤੱਕ ਹੋਣੀ ਚਾਹੀਦੀ ਹੈ। ਉਂਜ ਸੰਖੇਪ ਰਚਨਾ ਜਿੰਨੀ ਛੋਟੀ ਹੋਵੇ ਉੱਨੀ ਹੀ ਚੰਗੀ ਸਮਝੀ ਜਾਂਦੀ ਹੈ।

3 . ਸੰਖੇਪ ਰਚਨਾ ਇੱਕ ਪੈਰੇ ਵਿੱਚ ਹੋਣੀ ਚਾਹੀਦੀ ਹੈ, ਮੂਲ ਰਚਨਾ ਭਾਵੇਂ ਇੱਕ ਤੋਂ ਵੱਧ ਪੈਰਿਆਂ ਦੀ ਹੋਵੇ।

4 . ਸੰਖੇਪ ਰਚਨਾ ਕਿਸੇ ਤੀਸਰੇ ਵਿਅਕਤੀ ਅਤੇ ਪ੍ਰੋਖ ਕਥਨ ਵਿੱਚ ਹੀ ਹੋਣੀ ਚਾਹੀਦੀ ਹੈ।

5 . ਸੰਖੇਪਕ ਨੂੰ ਕੇਵਲ ਮੂਲ ਰਚਨਾ ਦੇ ਵਿਚਾਰਾਂ ਨੂੰ ਹੀ ਸੰਖੇਪ ਕਰਨਾ ਚਾਹੀਦਾ ਹੈ, ਇਸ ਵਿੱਚ ਆਪਣੇ ਵੱਲੋਂ ਕੋਈ ਟੀਕਾ – ਟਿੱਪਣੀ ਨਹੀਂ ਕਰਨੀ ਚਾਹੀਦੀ।

6 . ਮੂਲ ਰਚਨਾ ਵਿੱਚ ਕਿਸੇ ਵਿਚਾਰ ਨੂੰ ਸਪੱਸ਼ਟ ਕਰਨ ਲਈ ਦਿੱਤੀਆਂ ਗਈਆਂ ਉਦਾਹਰਨਾਂ ਨੂੰ ਸੰਖੇਪ ਕਰਨ ਲੱਗਿਆਂ ਛੱਡ ਦੇਣਾ ਚਾਹੀਦਾ ਹੈ।