ਸੰਖੇਪ ਰਚਨਾ
ਸਾਹਿੱਤ ਕੀ ਹੈ ?
ਸਾਹਿੱਤ ਇੱਕ ਸੂਖਮ ਕਲਾ ਹੈ ਅਤੇ ਇੱਕ ਸੂਖਮ ਕਲਾ ਦੀ ਹੈਸੀਅਤ ਵਿੱਚ ਸੁਹਜ-ਸੁਆਦ ਉਪਜਾਉਣਾ ਇਸ ਦਾ ਵਿਸ਼ੇਸ਼ ਲੱਛਣ ਹੈ। ਸ਼ਾਇਦ ਇਹੀ ਇੱਕ ਅੰਤਰਸ਼ੀਲ ਗੁਣ ਹੈ ਜਿਸ ਕਰਕੇ ਸਾਹਿੱਤ-ਲਿਖਤਾਂ ਹੋਰ ਲਿਖਤਾਂ ਨਾਲੋਂ ਵੱਖਰੇ ਸਰੂਪ ਵਾਲੀਆਂ ਹਨ। ਕਈ ਵਿਚਾਰਵਾਨ ਜਿਹੜੇ ‘ਕਲਾ-ਕਲਾ ਲਈ’ ਦੇ ਸਿਧਾਂਤ ਵਾਲੇ ਹਨ, ਇਸ ਗੱਲ ‘ਤੇ ਬੜਾ ਜ਼ੋਰ ਦਿੰਦੇ ਹਨ ਕਿ ਸਾਹਿੱਤ ਨੂੰ ਨਿਰੋਲ ਸੁਹਜ-ਸੁਆਦ ਉਤਪੰਨ ਕਰਨ ਤੋਂ ਬਿਨਾਂ ਹੋਰ ਕੋਈ ਉਚੇਰਾ ਕਰਮ ਨਹੀਂ ਕਰਨਾ ਚਾਹੀਦਾ ਤੇ ਹੋਰ ਕੋਈ ਉੱਤਮ ਫ਼ਰਜ਼ ਆਪਣੇ ਜ਼ਿੰਮੇ ਨਹੀਂ ਲੈਣਾ ਚਾਹੀਦਾ। ਉਹ ਸੁਹਜ-ਸੁਆਦ ਨੂੰ ਹੀ ਸਾਹਿੱਤ ਰਚਨਾ ਦਾ ਮੂਲ ਮਨੋਰਥ ਸਮਝਦੇ ਹਨ, ਪ੍ਰੰਤੂ ਨਵੀਂ ਦ੍ਰਿਸ਼ਟੀ ਇਸ ਸਿਧਾਂਤ ਨੂੰ ਕੇਵਲ ਨਿੰਦਦੀ ਹੀ ਨਹੀਂ ਸਗੋਂ ਇਸ ਵਿਚਾਰਧਾਰਾ ਨੂੰ ਸਾਹਿੱਤ-ਰਚਨਾ ਦਾ ਇੱਕ ਵੱਡਾ ਤੇ ਗੁਪਤ ਵੈਰੀ ਸਮਝਦੀ ਹੈ। ਇਨ੍ਹਾਂ ਵਿਚਾਰਵਾਨਾਂ ਦਾ ਖ਼ਿਆਲ ਹੈ ਕਿ ਸਾਹਿੱਤ ਪੜ੍ਹਨ ਨਾਲ ਪਾਠਕਾਂ ਦੀ ਸੁਹਜ-ਤ੍ਰਿਪਤੀ ਤਾਂ ਠੀਕ ਹੁੰਦੀ ਹੈ, ਪਰ ਇਸ ਤੋਂ ਉਪਰੰਤ ਵੀ ਸਾਹਿੱਤ ਰਚਨਾ ਦਾ ਕੋਈ ਮਨੋਰਥ ਹੈ। ਇਨ੍ਹਾਂ ਦਾ ਵਿਚਾਰ ਹੈ ਕਿ ਜੇ ਸਾਹਿੱਤ ਨੂੰ ਮਨੁੱਖ ਜਾਤੀ ਤੇ ਸੰਸਾਰ ਦੇ ਭਲੇ ਲਈ ਕਿਸੇ ਹੋਰ ਦ੍ਰਿਸ਼ਟੀ ਤੋਂ ਵਰਤਿਆ ਜਾ ਸਕਦਾ ਹੈ ਤਾਂ ਉਸ ਨੂੰ ਇਸ ਸ਼ੁੱਭ ਸੇਵਾ ਦੀ ਕੀਰਤੀ ਤੋਂ ਕਿਉਂ ਵਾਂਝਿਆ ਰੱਖਿਆ ਜਾਵੇ। ਇਹ ਵਿਚਾਰਵਾਨ ਸਾਹਿੱਤ ਨੂੰ ਜਨਤਾ ਦੀ ਅਗਵਾਈ ਲਈ ਰਚਿਆ ਸਮਝਦੇ ਹਨ, ਜਿਵੇਂ ਕਿ ਕਿਸੇ ਵਿਚਾਰਵਾਨ ਨੇ ਠੀਕ ਕਿਹਾ ਕਿ ਸਾਹਿੱਤ ਜਨਤਾ ਦੀ ਡੰਗੋਰੀ ਹੈ। ਸਾਹਿੱਤ ਬੇਜ਼ਬਾਨ ਜਨਤਾ ਨੂੰ ਜੀਭ ਦਿੰਦਾ ਹੈ ਅਤੇ ਮਨੁੱਖੀ ਆਦਰਸ਼ਾਂ ਦੀ ਅਗਵਾਈ ਸਾਹਿੱਤ ਸ਼ਾਇਦ ਇਸੇ ਕਰਕੇ ਵਿਗਿਆਨ ਨਾਲੋਂ ਵੀ ਭਲੇਰੀ ਭਾਂਤ ਕਰ ਸਕਦਾ ਹੈ, ਕਿਉਂਜੋ ਇਹ ਸਭ ਕੁਝ ਸੁਹਜ ਦੁਆਰਾ ਕਰਦਾ ਹੈ।
ਸਿਰਲੇਖ : ਸਾਹਿੱਤ ਕੀ ਹੈ ?
ਸੰਖੇਪ : ਸਾਹਿੱਤ ਸੂਖਮ ਕਲਾ ਹੈ ਜਿਸ ਦੀ ਪ੍ਰਮੁੱਖ ਵਿਸ਼ੇਸ਼ਤਾ ਸੁਹਜ-ਸੁਆਦ ਉਤਪੰਨ ਕਰਨਾ ਹੈ। ਇਸ ਬੁਨਿਆਦੀ ਖਾਸੀਅਤ ਕਾਰਨ ਸਾਹਿੱਤਕ ਲਿਖਤਾਂ ਹੋਰਨਾਂ ਨਾਲੋਂ ਭਿੰਨ ਹੁੰਦੀਆਂ ਹਨ।‘ਕਲਾ-ਕਲਾ ਲਈ’ ਸਿਧਾਂਤ ਦੇ ਅਨੁਆਈ ਸਾਹਿੱਤ ਦਾ ਮੂਲ ਮੰਤਵ ਕੇਵਲ ਸੁਹਜ-ਸੁਆਦ ਉਪਜਾਉਣਾ ਹੀ ਮੰਨਦੇ ਹਨ, ਪਰ ਨਵੀਂ ਦ੍ਰਿਸ਼ਟੀ ਵਾਲੇ ਇਸ ਸਿਧਾਂਤ ਦੀ ਕਰੜੀ ਆਲੋਚਨਾ ਕਰਦੇ ਹੋਏ ਕਹਿੰਦੇ ਹਨ ਕਿ ਸਾਹਿੱਤ ਨੂੰ ਸੁਹਜ-ਸੁਆਦ ਦੇ ਨਾਲ ਮਨੁੱਖੀ ਆਦਰਸ਼ਾਂ ਦੀ ਅਗਵਾਈ ਵੀ ਕਰਨੀ ਹੁੰਦੀ ਹੈ ਅਤੇ ਇਹ ਕੰਮ ਸਾਹਿੱਤ ਵਿਗਿਆਨ ਨਾਲੋਂ ਵੀ ਚੰਗੇਰੀ ਤਰ੍ਹਾਂ ਕਰ ਸਕਦਾ ਹੈ।
ਮੂਲ-ਰਚਨਾ ਦੇ ਸ਼ਬਦ = 232
ਸੰਖੇਪ-ਰਚਨਾ ਦੇ ਸ਼ਬਦ = 78