ਸੰਖੇਪ ਰਚਨਾ
ਸੰਸਾਰ ਵਿੱਚ ਮੌਤ ਦੀ ਅਵੱਸ਼ਕਤਾ
ਫ਼ਰਜ਼ ਕਰੋ ਮਰਨਾ ਦੁਨੀਆ ਦੇ ਤਖ਼ਤੇ ਤੋਂ ਚੁੱਕ ਦਿੱਤਾ ਜਾਵੇ। ਜਿਸ ਹੱਥ ਪ੍ਰਿਥਵੀ ਦਾ ਪ੍ਰਬੰਧ ਹੈ ਸਮਝੋ ਉਸ ਦੀ ਥਾਂ ਕਿਸੇ ਡਾਢੇ ਸਿਆਣੇ ਮਨੁੱਖ ਨੂੰ ਸੌਂਪ ਦਿੱਤਾ ਜਾਵੇ ਤੇ ਉਹ ਇੱਕ ਇਸ਼ਾਰੇ ਨਾਲ ਮੌਤ ਤੋਂ ਸਭ ਅਧਿਕਾਰ ਖੋਹ ਕੇ ਇਸ ਦੇ ਕਰਿੰਦਿਆਂ ਨੂੰ ਨਰੜ ਕੇ ਡੱਕ ਦੇਵੇ, ਅਥਵਾ ਮਰਨ ਦਾ ਡਰ ਕਿਸੇ ਨੂੰ ਨਾ ਰਹਿ ਜਾਵੇ। ਕੀ ਹੋਵੇ? ਦੋ-ਚਾਰ ਸੌ ਸਾਲ ਵਿੱਚ ਐਨੇ ਪਸ਼ੂ, ਪੰਛੀ ਤੇ ਦਰਿੰਦੇ ਉਤਪੰਨ ਹੋ ਜਾਣ ਕਿ ਆਦਮੀਆਂ ਨੂੰ ਆਪਣਾ – ਆਪ ਸਾਂਭਣਾ ਔਖਾ ਹੋ ਜਾਵੇ। ਜੀਅ-ਜੰਤ ਇੱਕ ਦੂਜੇ ਨੂੰ ਖਾਣ ਲੱਗ ਪੈਣ, ਧਰਤੀ ਸੌੜੀ ਜਾਪਣ ਲੱਗ ਪਵੇ; ਪੁੱਤਰ, ਪੋਤਰੇ ਤੇ ਪੜਪੋਤਰਿਆਂ ਦੀਆਂ ਮੋਹੜਾਂ ਹੋ ਜਾਣ, ਮੀਆਂ-ਬੀਵੀ, ਬੁੱਢਾ-ਬੁੱਢੀ ਨਰੜੇ ਹੀ ਰਹਿਣ, ਖਹਿ-ਖਹਿ ਕੇ ਅੱਕ ਜਾਣ। ਸ਼ਹਿਰਾਂ ਵਿੱਚ ਤਿਲ ਧਰਨ ਨੂੰ ਥਾਂ ਨਾ ਲੱਭੇ ਤੇ ਪਿੰਡਾਂ ਦੀ ਭੋਇੰ ਵੰਡ-ਵੰਡ ਕੇ ਮੰਜੇ-ਮੰਜੇ ਜਿੰਨੀ ਹਿੱਸਿਆਂ ਵਿੱਚ ਆਵੇ। ਬੁੱਢੇ ਹੋਈ ਜਾਣ, ਦੁੱਖਾਂ ਤੇ ਬਿਮਾਰੀਆਂ ਵਿੱਚ ਕੁੜੀ ਜਾਣ, ਨਾ ਬੰਦੇ ਮੁੱਕਣ ਨਾ ਹਿਰਸ, ਨਾ ਕਾਮ, ਨਾ ਚਿੰਤਾ ਤੇ ਨਾ ਦੁੱਖ ਮੁੱਕਣ, ਜੇਲ੍ਹਖਾਨੇ, ਹਸਪਤਾਲ ਤੇ ਕਾਰਖ਼ਾਨੇ ਵਧਦੇ ਤੁਰੇ ਜਾਣ; ਨਾ ਸਮਾਂ ਬਦਲੇ ਨਾ ਕਿਸੇ ਕੰਮ ਨੂੰ ਸਿਰੇ ਚਾੜ੍ਹਨ ਦਾ ਉਤਸ਼ਾਹ ਰਹੇ, ਨਾ ਮੌਤ ਦਾ ਡਰ ਹੋਵੇ ਨਾ ਪਾਪਾਂ ਤੋਂ ਸੰਕੋਚ; ਹਿਰਦੇ ਪੱਥਰਾਂ ਵਾਂਗ ਹੋ ਜਾਣ ਨਾ ਕੁਰਬਾਨੀਆਂ ਹੋਣ, ਨਾ ਸ਼ਹੀਦੀਆਂ। ਜੇ ਮੌਤ ਨਾ ਹੋਵੇ ਤਾਂ ਦੁਨੀਆ ਅਜਿਹੀ ਭਿਆਨਕ, ਬੇਸੁਆਦ ਤੇ ਬੇਰੁਚ ਹੋ ਜਾਵੇ ਜੁ ਦੁਨੀਆ ਵਿੱਚ ਜੀਵਨ ਦਾ ਕੱਖ ਹੀ ਅਰਥ ਨਾ ਰਹਿ ਜਾਵੇ।
ਸਿਰਲੇਖ : ਸੰਸਾਰ ਵਿੱਚ ਮੌਤ ਦੀ ਅਵੱਸ਼ਕਤਾ
ਸੰਖੇਪ : ਸੰਸਾਰ ਵਿੱਚ ਜੀਊਣ ਦੇ ਨਾਲ-ਨਾਲ ਮੌਤ ਵੀ ਜ਼ਰੂਰੀ ਹੈ। ਜੇਕਰ ਮਰਨਾ ਬਿਲਕੁਲ ਬੰਦ ਕਰ ਦਿਤਾ ਜਾਏ ਤਾਂ ਦੋ-ਚਾਰ ਸੌ ਸਾਲਾਂ ਵਿੱਚ ਸੰਸਾਰ ਨਰਕ ਬਣ ਜਾਏ। ਪਸ਼ੂ, ਪੰਛੀ ਤੇ ਜੀਅ-ਜੋਤ ਏਨੇ ਵਧ ਜਾਣ ਕਿ ਮਨੁੱਖ ਦਾ ਜੀਊਣਾ ਔਖਾ ਹੋ ਜਾਏ, ਮੌਤ ਦੇ ਡਰ ਬਿਨਾਂ ਜੀਵਨ ਦਾ ਉਤਸ਼ਾਹ ਫਿੱਕਾ ਪੈ ਜਾਏ; ਹਿਰਸ, ਕਾਮ, ਚਿੰਤਾ, ਦੁੱਖ ਤੇ ਪਾਪ ਵਧਦੇ ਜਾਣ; ਕੁਰਬਾਨੀਆਂ ਤੇ ਸ਼ਹੀਦੀਆਂ ਉੱਡ ਜਾਣ ਅਤੇ ਜੀਵਨ ਬੇਸੁਆਦਾ, ਭਿਆਨਕ ਤੇ ਅਰਥ-ਹੀਣ ਬਣ ਜਾਏ।
ਮੂਲ-ਰਚਨਾ ਦੇ ਸ਼ਬਦ = 214
ਸੰਖੇਪ-ਰਚਨਾ ਦੇ ਸ਼ਬਦ = 71