ਸੰਖੇਪ ਰਚਨਾ
ਬਾਬਾ ਫ਼ਰੀਦ ਤੇ ਕਾਠ ਦੀ ਰੋਟੀ
ਬਾਬਾ ਫ਼ਰੀਦ ਜੀ ਗ੍ਰਹਿਸਤੀ ਸਨ, ਸੁਚੱਜੇ ਗ੍ਰਹਿਸਤੀ ਸਨ, ਦਰਵੇਸ਼ ਗ੍ਰਹਿਸਤੀ ਸਨ, ਗ੍ਰਹਿਸਤ ਵਿੱਚ ਰਹਿੰਦੇ ਹੋਏ ਦਰਵੇਸ਼ ਸਨ, ਰਾਜ ਜੋਗੀ ਸਨ, ਜੋਗੀ ਰਾਜ ਸਨ। ਉਨ੍ਹਾਂ ਦੇ ਬਚਨ ਤੇ ਕੰਮ ਆਮ ਦੁਨੀਆਦਾਰਾਂ ਨੂੰ ਸਹੀ ਰਾਹ ‘ਤੇ ਪਾਉਣ ਵਾਲੇ ਸਨ। ਜਗਤ ਦੇ ਕਿਸੇ ਵੀ ਰਹਿਬਰ ਨੇ ਰੋਟੀ ਛੱਡਣ ਦਾ ਉਪਦੇਸ਼ ਨਹੀਂ ਕੀਤਾ। ਕੁਝ ਚਿਰ ਲਈ ਰੋਜ਼ੇ, ਵਰਤ ਰੱਖਣੇ, ਭੁੱਖ ਰੱਖ ਕੇ ਰੋਟੀ ਖਾਣੀ, ਅਜਿਹੀ ਹਦਾਇਤ ਤਾਂ ਸ਼ਾਇਦ ਹਰੇਕ ਮਜ਼ਹਬ ਵਿੱਚ ਮਿਲਦੀ ਹੈ, ਪਰ ਅੰਨ ਛੱਡ ਕੇ ਲੱਕੜ ਦੀ ਰੋਟੀ ਪੱਲੇ ਬੰਨ੍ਹ ਲੈਣੀ ਇੱਕ ਗ਼ੈਰ – ਕੁਦਰਤੀ ਗੱਲ ਹੈ; ਇਸ ਬਾਰੇ ਕਿਸੇ ਮਹਾਂਪੁਰਖ ਨੇ ਕਦੇ ਕੋਈ ਆਗਿਆ ਨਹੀਂ ਕੀਤੀ। ਇੱਕ ਗੱਲ ਹੋਰ ਹੈਰਾਨੀ ਪੈਦਾ ਕਰਨ ਵਾਲੀ ਹੈ। ਬਾਬਾ ਫ਼ਰੀਦ ਦੇ ਜੀਵਨ-ਉਪਦੇਸ਼ ਵਿੱਚ ਸਿਦਕ-ਸ਼ਰਧਾ ਰੱਖਣ ਵਾਲੇ ਹਜ਼ਾਰਾਂ ਦੀ ਗਿਣਤੀ ਵਿੱਚ ਹਨ। ਜੇ ਦਰਵੇਸ਼-ਗ੍ਰਹਿਸਤੀ ਬਾਬਾ ਜੀ ਨੇ ਕਦੇ ਆਪਣੇ
ਪੱਲੇ ਲੱਕੜ ਦੀ ਰੋਟੀ ਬੱਧੀ ਹੁੰਦੀ ਤੇ ਇਸ ਕੰਮ ਵਿੱਚ ਕੋਈ ਸਵਾਬ ਹੁੰਦਾ ਤਾਂ ਬਾਬਾ ਜੀ ਦੇ ਇਹਨਾਂ ਪੂਰਨਿਆਂ ਉੱਤੇ ਤੁਰਨਾ ਹੋਰਨਾਂ ਦੀ ਵੀ ਭਲਾਈ ਦਾ ਸਬੱਬ ਬਣਦਾ, ਪਰ ਕਦੇ ਕੋਈ ਐਸਾ ਮਨੁੱਖ ਸੁਣਿਆ ਵੇਖਿਆ ਨਹੀਂ ਗਿਆ, ਜੋ ਕੁਦਰਤੀ ਭੁੱਖ ਲੱਗਣ ‘ਤੇ ਕਿਸੇ ਕਾਠ ਦੀ ਰੋਟੀ ਨੂੰ ਚੱਕ ਮਾਰ ਕੇ ਆਪਣੇ-ਆਪ ਨੂੰ ਤਸੱਲੀ ਦੇ ਲੈਂਦਾ ਹੋਵੇ।
ਸਿਰਲੇਖ : ਬਾਬਾ ਫ਼ਰੀਦ ਤੇ ਕਾਠ ਦੀ ਰੋਟੀ
ਸੰਖੇਪ : ਬਾਬਾ ਫ਼ਰੀਦ ਸੁਚੱਜੇ ਦਰਵੇਸ਼ ਗ੍ਰਹਿਸਤੀ ਸਨ, ਰਾਜ ਜੋਗੀ ਤੇ ਜੋਗੀ ਰਾਜ ਸਨ। ਉਨ੍ਹਾਂ ਦੇ ਜੀਵਨ-ਸਿਧਾਂਤ ਵਿੱਚ ਦੁਨੀਆਦਾਰਾਂ ਨੂੰ ਅੰਨ ਛੱਡ ਕੇ ਕਾਠ ਦੀ ਰੋਟੀ ਪੱਲੇ ਬੰਨ੍ਹਣ ਵਾਲੀ ਗੱਲ ਨਹੀਂ ਹੋ ਸਕਦੀ। ਜੇ ਅਜਿਹੀ ਗੱਲ ਹੁੰਦੀ ਤਾਂ ਉਨ੍ਹਾਂ ਦੇ ਹਜ਼ਾਰਾਂ ਸ਼ਰਧਾਲੂਆਂ ਵਿੱਚੋਂ ਕੋਈ ਇੱਕ ਤਾਂ ਇਸ ਰਸਤੇ ਉੱਤੇ ਚਲਦਾ ਹੋਇਆ ਕਾਠ ਦੀ ਰੋਟੀ ਗਲ ਵਿੱਚ ਬੰਨ੍ਹ ਕੇ ਤੁਰਿਆ-ਫਿਰਦਾ ਮਿਲਦਾ।
ਮੂਲ-ਰਚਨਾ ਦੇ ਸ਼ਬਦ = 178
ਸੰਖੇਪ-ਰਚਨਾ ਦੇ ਸ਼ਬਦ = 59