ਸੰਖੇਪ ਉੱਤਰ ਵਾਲੇ ਪ੍ਰਸ਼ਨ : ਪੰਜਾਬ ਦੇ ਮੇਲੇ ਤੇ ਤਿਉਹਾਰ


ਪੰਜਾਬ ਦੇ ਮੇਲੇ ਤੇ ਤਿਉਹਾਰ : ਡਾ. ਐੱਸ. ਐੱਸ.ਵਣਜਾਰਾ ਬੇਦੀ


ਪ੍ਰਸ਼ਨ 1. ਮੇਲਿਆਂ ਦਾ ਕਿਸੇ ਜਾਤੀ ਲਈ ਕੀ ਮਹੱਤਵ ਹੁੰਦਾ ਹੈ?

ਉੱਤਰ : ਕਿਸੇ ਜਾਤੀ ਦੀ ਸੰਸਕ੍ਰਿਤਕ ਨੁਹਾਰ ਮੇਲਿਆਂ ਵਿਚੋਂ ਪੂਰੀ ਤਰ੍ਹਾਂ ਪ੍ਰਤੀਬਿੰਬਤ ਹੁੰਦੀ ਹੈ। ਮੇਲਿਆਂ ਵਿਚ ਜਾਤੀ ਪੂਰੀ ਖੁੱਲ੍ਹ ਮਾਣਦੀ ਹੈ, ਲੋਕ-ਪ੍ਰਤਿਭਾ ਨਿੱਖਰਦੀ ਹੈ ਅਤੇ ਚਰਿੱਤਰ ਦਾ ਨਿਰਮਾਣ ਹੁੰਦਾ ਹੈ । ਮੇਲੇ ਮਨ-ਪਰਚਾਵੇ ਤੇ ਸਮੂਹਿਕ ਮੇਲ-ਜੋਲ ਦੇ ਸਮੂਹਿਕ ਵਸੀਲੇ ਹੋਣ ਤੋਂ ਇਲਾਵਾ ਧਾਰਮਿਕ ਤੇ ਕਲਾਤਮਿਕ ਭਾਵਾਂ ਦੀ ਤ੍ਰਿਪਤੀ ਵੀ ਕਰਦੇ ਹਨ। ਇਨ੍ਹਾਂ ਵਿਚ ਜਾਤੀ ਦਾ ਸਮੁੱਚਾ ਮਨ ਤਾਲ-ਬੱਧ ਹੋ ਕੇ ਨੱਚਦਾ ਹੈ ਤੇ ਇਕ-ਸੁਰ ਹੋ ਕੇ ਗੂੰਜਦਾ ਹੈ।

ਪ੍ਰਸ਼ਨ 2. ”ਮੇਲਾ ਬੀਜ ਰੂਪ ਵਿਚ ਪੰਜਾਬੀ ਚਰਿੱਤਰ ਵਿਚ ਸਮਾਇਆ ਹੋਇਆ ਹੈ।” ਦੱਸੋ ਕਿਵੇਂ?

ਉੱਤਰ : ਇਹ ਗੱਲ ਠੀਕ ਹੈ ਕਿ ਮੇਲਾ ਬੀਜ ਰੂਪ ਵਿਚ ਪੰਜਾਬੀ ਚਰਿੱਤਰ ਵਿਚ ਹੀ ਸਮਾਇਆ ਹੋਇਆ ਹੈ। ਪੰਜਾਬੀਆਂ ਲਈ ਹਰ ਪਲ ਪੁਰਬ ਤੇ ਹਰ ਦਿਨ ਮੇਲਾ ਹੁੰਦਾ ਹੈ। ਇਸੇ ਕਰਕੇ ਦੂਜੇ ਪ੍ਰਾਂਤਾਂ ਦੇ ਲੋਕ ਕਹਿੰਦੇ ਹਨ ਕਿ ਪੰਜਾਬੀ ਦੁਨੀਆ ਵਿਚ ਆਏ ਹੀ ਮੇਲਾ ਮਨਾਉਣ ਲਈ ਹਨ। ਜਿੱਥੇ ਸੱਤ-ਅੱਠ ਪੰਜਾਬੀ ਇਕੱਠੇ ਹੋ ਜਾਣ, ਉਹ ਤੁਰਦਾ-ਫਿਰਦਾ ਮੇਲਾ ਬਣ ਜਾਂਦਾ ਹੈ, ਪਰ ਜਦੋਂ ਸਚਮੁੱਚ ਹੀ ਕੋਈ ਤਿਉਹਾਰ ਜਾਂ ਮੇਲਾ ਹੁੰਦਾ ਹੈ, ਤਾਂ ਪੰਜਾਬੀਆਂ ਦਾ ਭਖਦਾ ਉਤਸ਼ਾਹ ਦੇਖਣ ਵਾਲਾ ਹੁੰਦਾ ਹੈ। ਪੰਜਾਬੀ ਜੀਵਨ ਵਿਚ ਮੇਲਿਆਂ ਤੇ ਤਿਉਹਾਰਾਂ ਦਾ ਕਾਫ਼ਲਾ ਸਾਲ ਦੇ ਆਰੰਭ ਤੋਂ ਲੈ ਕੇ ਸਾਲ ਦੇ ਅੰਤ ਤਕ ਚਲਦਾ ਹੈ। ਕੋਈ ਮਹੀਨਾ ਅਜਿਹਾ ਨਹੀਂ, ਜਿਸ ਵਿਚ ਦੋ-ਤਿੰਨ ਮੇਲੇ ਜਾਂ ਤਿਉਹਾਰ ਨਾ ਆਉਂਦੇ ਹੋਣ, ਜਿਨ੍ਹਾਂ ਵਿਚ ਪੰਜਾਬੀ ਜੀਵਨ ਖੁੱਲ੍ਹਾਂ ਮਾਣਦਾ ਤੇ ਮਾਨਸਿਕ ਤ੍ਰਿਪਤੀ ਪ੍ਰਾਪਤ ਕਰਦਾ ਹੈ। ਮੇਲਿਆਂ ਦਾ ਅਨੰਦ ਲੈਣ ਦਾ ਇਹ ਸਿਲਸਿਲਾ ਪੰਜਾਬੀ ਜੀਵਨ ਵਿਚ ਲਗਾਤਾਰ ਚਲਦਾ ਰਹਿੰਦਾ ਹੈ। ਮੇਲੇ ਵਿਚ ਤਾਂ ਪੰਜਾਬੀ ਸਚਮੁੱਚ ਲਾੜਾ ਬਣਿਆ ਫਿਰਦਾ ਹੈ। ਉਸ ਦਾ ‘ਨਿੱਜ’ ਘੋੜੀ ਚੜ੍ਹਿਆ ਹੁੰਦਾ ਹੈ। ਇਸੇ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਮੇਲਾ ਬੀਜ ਰੂਪ ਵਿਚ ਹੀ ਪੰਜਾਬੀ ਜੀਵਨ ਵਿਚ ਸਮਾਇਆ ਹੋਇਆ ਹੈ।

ਪ੍ਰਸ਼ਨ 3. ਪੰਜਾਬ ਦੇ ਮੇਲਿਆਂ ਵਿਚ ਕਿਹੜੀ-ਕਿਹੜੀ ਵਿਸ਼ੇਸ਼ਤਾ ਹੈ?

ਉੱਤਰ : ਪੰਜਾਬ ਦੇ ਹਰ ਮੇਲੇ ਦੀ ਆਪਣੀ ਨਵੇਕਲੀ ਸ਼ਖ਼ਸੀਅਤ, ਰੰਗ ਤੇ ਚਰਿੱਤਰ ਹੈ। ਇਨ੍ਹਾਂ ਦੀ ਬਹੁਰੰਗਤਾ ਪੰਜਾਬੀਆਂ ਦੀ ਬਹੁਪੱਖੀ ਜ਼ਿੰਦਗੀ ਦਾ ਹੁੰਗਾਰਾ ਭਰਦੀ ਹੈ।

ਪੰਜਾਬ ਦੇ ਮੇਲੇ ਦਾ ਹਰ ਦ੍ਰਿਸ਼ ਮਨਮੋਹਣਾ ਤੇ ਲੁਭਾਉਣਾ ਹੋਣ ਦੇ ਨਾਲ ਸਭਿਆਚਾਰਕ ਪ੍ਰਤੀਨਿਧਤਾ ਵੀ ਕਰਦਾ ਹੈ। ਪੰਜਾਬ ਦੇ ਹਰ ਮੇਲੇ ਵਿਚ ਇਕ ਭਰਪੂਰ ਬਜ਼ਾਰ ਉੱਭਰ ਆਉਂਦਾ ਹੈ, ਕਿਉਂਕਿ ਪੰਜਾਬੀ ਹਰ ਮੇਲੇ ‘ਤੇ ਕੋਈ ਨਾ ਕੋਈ ਨਵੀਂ ਚੀਜ਼ ਜ਼ਰੂਰ ਖ਼ਰੀਦਦੇ ਹਨ। ਮੇਲਿਆਂ ਦੇ ਬਜ਼ਾਰ ਵਿਚ ਖਾਣ-ਪੀਣ, ਸ਼ਿੰਗਾਰ, ਖਿਡੌਣਿਆਂ ਤੇ ਦਿਲ-ਪਰਚਾਵੇ ਦੀਆਂ ਵੰਨ-ਸੁਵੰਨੀਆਂ ਦੁਕਾਨਾਂ ਉੱਭਰ ਆਉਂਦੀਆਂ ਹਨ।

ਪ੍ਰਸ਼ਨ 4. ਪੰਜਾਬ ਦੇ ਮੁੱਖ ਮੌਸਮੀ ਮੇਲੇ ਕਿਹੜੇ-ਕਿਹੜੇ ਹਨ? ਇਨ੍ਹਾਂ ਵਿੱਚੋਂ ਇਕ ਮੇਲੇ ਬਾਰੇ ਸੰਖੇਪ ਨੋਟ ਲਿਖੋ।

ਉੱਤਰ : ਬਸੰਤ-ਪੰਚਮੀ, ਹੋਲੀ, ਹੋਲਾ-ਮਹੱਲਾ, ਵਿਸਾਖੀ ਤੇ ਤੀਆਂ ਆਦਿ ਪੰਜਾਬ ਦੇ ਮੁੱਖ ਮੌਸਮੀ ਮੇਲੇ ਹਨ।

ਇਨ੍ਹਾਂ ਵਿਚੋਂ ਬਸੰਤ-ਪੰਚਮੀ ਦਾ ਮੇਲਾ ਬਸੰਤ ਰੁੱਤ ਦੇ ਆਰੰਭ ਹੋਣ ਦੀ ਖ਼ੁਸ਼ੀ ਵਿਚ ਮਨਾਇਆ ਜਾਂਦਾ ਹੈ। ਇਸ ਦਿਨ ਥਾਂ-ਥਾਂ ‘ਤੇ ਨਿੱਕੇ-ਵੱਡੇ ਮੇਲੇ ਲਗਦੇ ਹਨ । ਇਨ੍ਹਾਂ ਦਿਨਾਂ ਵਿਚ ਲੋਕ ਬਸੰਤੀ ਕੱਪੜੇ ਪਾਉਂਦੇ ਅਤੇ ਬਸੰਤੀ ਹਲਵਾ ਬਣਾਉਂਦੇ ਹਨ। ਪਟਿਆਲੇ ਤੇ ਛੇਹਰਟੇ ਦੇ ਬਸੰਤ-ਪੰਚਮੀ ਦੇ ਮੇਲੇ ਬਹੁਤ ਪ੍ਰਸਿੱਧ ਹਨ। ਵੰਡ ਤੋਂ ਪਹਿਲਾਂ ਲਾਹੌਰ ਵਿਚ ਹਕੀਕਤ ਰਾਇ ਧਰਮੀ ਦੀ ਸਮਾਧ ‘ਤੇ ਬੜਾ ਭਾਰੀ ਮੇਲਾ ਲਗਦਾ ਸੀ।

ਪ੍ਰਸ਼ਨ 5. ਪ੍ਰਾਚੀਨ ਕਾਲ ਤੋਂ ਚਲੀ ਆ ਰਹੀ ਸਰਪ-ਪੂਜਾ ਨਾਲ ਸੰਬੰਧਿਤ ਮੇਲੇ ਕਿਹੜੇ-ਕਿਹੜੇ ਹਨ? ਇਨ੍ਹਾਂ ਵਿਚੋਂ ਕਿਸੇ ਇਕ ਮੇਲੇ ਦਾ ਵਰਣਨ ਕਰੋ।

ਉੱਤਰ : ਪ੍ਰਾਚੀਨ ਕਾਲ ਤੋਂ ਚਲੀ ਆ ਰਹੀ ਸਰਪ-ਪੂਜਾ ਨਾਲ ਬਹੁਤ ਸਾਰੇ ਮੇਲੇ ਸੰਬੰਧਿਤ ਹਨ। ਪਹਿਲੇ ਸਮੇਂ ਵਿਚ ਕਿਸਾਨ ਪੈਲੀ ਨੂੰ ਵਾਹੁਣ, ਬੀਜਣ ਤੇ ਵੱਢਣ ਤੋਂ ਪਹਿਲਾਂ ਨਾਗ ਪੂਜਾ ਕਰਦੇ ਸਨ ਤੇ ਇਨ੍ਹੀਂ ਦਿਨੀਂ ਖੇਤਾਂ ਵਿਚ ਮੇਲੇ ਵੀ ਲਗਦੇ ਹੁੰਦੇ ਸਨ। ਪੰਜਾ ਸਾਹਿਬ ਦੇ ਚਸ਼ਮੇ ਨੂੰ ਨਾਗਾਂ ਦੇ ਰਾਜੇ ਨਾਲ ਸੰਬੰਧਿਤ ਸਮਝਿਆ ਜਾਂਦਾ ਹੈ, ਜਿੱਥੇ ਪ੍ਰਾਚੀਨ ਕਾਲ ਵਿਚ ਲੋਕ ਮੀਂਹ ਲਈ ਪ੍ਰਾਰਥਨਾ ਕਰਦੇ ਹੁੰਦੇ ਸਨ। ਮੁਸਲਮਾਨੀ ਰਾਜ ਤੋਂ ਪਹਿਲਾਂ ਇੱਥੇ ਭਾਰੀ ਮੇਲਾ ਲਗਦਾ ਹੁੰਦਾ ਸੀ। ਇਨ੍ਹਾਂ ਮੇਲਿਆਂ ਨੂੰ ‘ਨਾਗ ਮਾਹ’ ਕਿਹਾ ਜਾਂਦਾ ਹੈ। ਪੰਜਾਬ ਵਿਚ ਗੁੱਗੇ ਦੀ ਪੂਜਾ ਮੂਲ ਰੂਪ ਵਿਚ ਸਰਪ-ਪੂਜਾ ਦਾ ਹੀ ਵਧੇਰੇ ਸੁਧਰਿਆ ਰੂਪ ਹੈ। ਪੰਜਾਬ ਵਿਚ ਗੁੱਗੇ ਦੀ ਪੂਜਾ ਨਾਲ ਸੰਬੰਧਿਤ ਸਭ ਤੋਂ ਵੱਡਾ ਮੇਲਾ ਛਪਾਰ ਵਿਚ ਭਾਦਰੋਂ ਸੁਦੀ ਚੌਦਾਂ ਨੂੰ ਲਗਦਾ ਹੈ। ਇੱਥੇ ਪਿੰਡ ਦੀ ਦੱਖਣੀ ਗੁੱਠੇ ਗੁੱਗੇ ਪੀਰ ਦੀ ਮਾੜੀ ਹੈ, ਜਿਸ ਦੀ ਗੁੱਗੇ ਦੇ ਭਗਤਾਂ ਨੇ ਰਾਜਸਥਾਨ ਦੀ ਕਿਸੇ ਮਾੜੀ ਤੋਂ ਮਿੱਟੀ ਲਿਆ ਕੇ 1890 ਬਿਕਰਮੀ ਵਿਚ ਸਥਾਪਨਾ ਕੀਤੀ ਸੀ ਤੇ ਉਦੋਂ ਤੋਂ ਹੀ ਇਹ ਮੇਲਾ ਲਗਦਾ ਆ ਰਿਹਾ ਹੈ।

ਪ੍ਰਸ਼ਨ 6. ਦੇਵੀ ਮਾਤਾ ਦੇ ਮੇਲਿਆਂ ਦਾ ਕੀ ਪਿਛੋਕੜ ਹੈ? ਦੇਵੀ ਮਾਤਾ ਨਾਲ ਸੰਬੰਧਿਤ ਕਿਸੇ ਇਕ ਮੇਲੇ ਬਾਰੇ ਸੰਖੇਪ ਨੋਟ ਲਿਖੋ ।

ਉੱਤਰ : ਦੇਵੀ ਮਾਤਾ ਦੇ ਮੇਲੇ ਦੇਵੀ ਮਾਤਾ ਨੂੰ ਪਤਿਆਉਣ ਲਈ ਲਗਦੇ ਹਨ। ਦੇਵੀ ਮਾਤਾ ਦੀ ਪੂਜਾ ਮੁੱਢ-ਕਦੀਮ ਤੋਂ ਚਲੀ ਆ ਰਹੀ ਹੈ। ਹੜੱਪਾ ਤੇ ਮੁਹਿੰਜੋਦੜੋ ਦੀ ਖੁਦਾਈ ਤੋਂ ਮਿਲੀਆਂ ਮੂਰਤੀਆਂ ਤੋਂ ਦੇਵੀ-ਮਾਤਾ ਦੀ ਪੂਜਾ ਦੇ ਪੁਰਾਤਨ ਪ੍ਰਮਾਣ ਮਿਲਦੇ ਹਨ। ਇਹ ਮੇਲੇ ਦੇਵੀ ਮਾਤਾ ਦੀ ਕਰੋਪੀ ਤੋਂ ਬਚਣ ਲਈ ਤੇ ਉਸ ਨੂੰ ਖ਼ੁਸ਼ ਕਰਨ ਲਈ ਪੁਰਾਤਨ ਕਾਲ ਤੋਂ ਲਗਦੇ ਆਏ ਹਨ।

ਸਾਂਝੀ ਦੇਵੀ ਦੀ ਪੂਜਾ : ਸਾਂਝੀ ਦੇਵੀ ਦੀ ਪੂਜਾ ਕਰਨ ਲਈ ਪਹਿਲੇ ਨੌਰਾਤੇ ਨੂੰ ਗੋਹੇ ਵਿਚ ਮਿੱਟੀ ਗੁੰਨ੍ਹ ਕੇ ਘਰ ਦੀ ਕਿਸੇ ਕੰਧ ਉੱਤੇ ਸਾਂਝੀ ਮਾਈ ਦੀ ਮੂਰਤੀ ਬਣਾ ਲਈ ਜਾਂਦੀ ਹੈ। ਉਸ ਨੂੰ ਫੁੱਲਾਂ, ਕੌਡੀਆਂ ਤੇ ਮੋਤੀਆਂ ਨਾਲ ਸਜਾਇਆ ਤੇ ਗਹਿਣਿਆਂ ਨਾਲ ਸ਼ਿੰਗਾਰਿਆ ਜਾਂਦਾ ਹੈ। ਇਕ ਪਾਸੇ ਚੰਨ ਚੜ੍ਹਦਾ ਤੇ ਦੂਜੇ ਪਾਸੇ ਸੂਰਜ ਡੁੱਬਦਾ ਵਿਖਾਇਆ ਜਾਂਦਾ ਹੈ। ਕਈ ਘਰਾਂ ਵਿਚ ਸਾਂਝੀ ਦੇਵੀ ਦੀ ਮੂਰਤੀ ਦੀ ਥਾਂ ਉਸ ਦਾ ਚਿਤਰ ਹੀ ਬਣਾਇਆ ਜਾਂਦਾ ਹੈ ਤੇ ਪੂਜਾ ਹਰ ਰੋਜ਼ ਸ਼ਾਮ ਵੇਲੇ ਕੀਤੀ ਜਾਂਦੀ ਹੈ। ਦੁਸਹਿਰੇ ਵਾਲੇ ਦਿਨ ਸਰਘੀ ਵੇਲੇ ਸਾਂਝੀ ਮਾਈ ਦੀ ਮੂਰਤੀ ਨੂੰ ਕਿਸੇ ਟੋਭੇ ਜਾਂ ਨਦੀ-ਨਾਲੇ ਵਿਚ ਜਲ-ਪ੍ਰਵਾਹ ਕਰ ਦਿੱਤਾ ਜਾਂਦਾ ਹੈ।

ਪ੍ਰਸ਼ਨ 7. ਗੁਰੂ ਸਾਹਿਬਾਂ ਦੀ ਸਿਮਰਤੀ ਵਿਚ ਪੰਜਾਬ ਦੇ ਕਿਹੜੇ-ਕਿਹੜੇ ਮੇਲੇ ਲਗਦੇ ਹਨ? ਕਿਸੇ ਇਕ ਮੇਲੇ ਬਾਰੇ ਜਾਣਕਾਰੀ ਦਿਓ।

ਉੱਤਰ : ਪੰਜਾਬ ਵਿਚ ਗੁਰੂ ਸਾਹਿਬਾਂ ਦੇ ਪਾਵਨ ਸਥਾਨਾਂ ਉੱਤੇ ਖ਼ਾਸ-ਖ਼ਾਸ ਮੌਕਿਆਂ ਉੱਤੇ ਮੇਲੇ ਲਗਦੇ ਹਨ। ਪੱਛਮੀ ਪੰਜਾਬ ਵਿਚ ਪੰਜਾ ਸਾਹਿਬ ਵਿਖੇ ਹਰ ਪੂਰਨਮਾਸ਼ੀ ਨੂੰ ਮੇਲਾ ਲਗਦਾ ਸੀ। ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਉੱਤੇ ਡੇਰਾ ਸਾਹਿਬ, ਲਾਹੌਰ ਵਿਚ ਭਾਰੀ ਜੋੜ-ਮੇਲਾ ਲਗਦਾ ਸੀ। ਕੱਤਕ ਦੀ ਪੂਰਨਮਾਸ਼ੀ ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ-ਉਤਸਵ ਉੱਤੇ ਦੇਸ਼ ਦੀ ਵੰਡ ਤੋਂ ਪਹਿਲਾਂ ਭਾਰੀ ਮੇਲਾ ਲਗਦਾ ਸੀ। ਇਹ ਮੇਲਾ ਕਿਸੇ ਹੱਦ ਤਕ ਹੁਣ ਵੀ ਲਗਦਾ ਹੈ। ਇਨ੍ਹਾਂ ਤੋਂ ਇਲਾਵਾ ਮਾਘੀ ਦੇ ਦਿਨ ਮੁਕਤਸਰ ਵਿਚ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਚਾਲੀ ਮੁਕਤਿਆਂ ਦੀ ਟੁੱਟੀ ਗੰਢਣ ਸੰਬੰਧੀ ਭਾਰੀ ਮੇਲਾ ਲਗਦਾ ਹੈ। ਚੇਤ ਵਦੀ ਪਹਿਲੀ ਨੂੰ ਆਨੰਦਪੁਰ ਸਾਹਿਬ ਵਿਖੇ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਲੇ-ਮਹੱਲੇ ਦਾ ਮੇਲਾ ਲਗਦਾ ਹੈ, ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਿੰਘਾਂ ਨੂੰ ਯੁੱਧ-ਵਿੱਦਿਆ ਵਿਚ ਨਿਪੁੰਨ ਕਰਨ ਲਈ ਉਨ੍ਹਾਂ ਦੇ ਮੁਕਾਬਲਿਆਂ ਦੇ ਰੂਪ ਵਿਚ ਸ਼ੁਰੂ ਕੀਤਾ ਗਿਆ ਸੀ। ਤਰਨਤਾਰਨ ਵਿਖੇ ਹਰ ਮੱਸਿਆ ਨੂੰ ਲੱਗਣ ਵਾਲੇ ਮੇਲੇ ਵਿਚ ਲੋਕ ਭਾਰੀ ਗਿਣਤੀ ਵਿਚ ਪਹੁੰਚਦੇ ਹਨ। ਇਨ੍ਹਾਂ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸੰਬੰਧੀ ਮੋਰਿੰਡਾ, ਚਮਕੌਰ ਸਾਹਿਬ ਤੇ ਫ਼ਤਹਿਗੜ੍ਹ ਸਾਹਿਬ ਵਿਚ ਜੋੜ-ਮੇਲੇ ਲਗਦੇ ਹਨ।

ਮੁਕਤਸਰ ਦਾ ਮੇਲਾ : ਇਹ ਮੇਲਾ ਮਾਘੀ ਵਾਲੇ ਦਿਨ ਮੁਕਤਸਰ ਵਿਚ ਲਗਦਾ ਹੈ। ਇਸ ਦਾ ਸੰਬੰਧ 1705 ਈ: ਦੀ ਉਸ ਇਤਿਹਾਸਿਕ ਘਟਨਾ ਨਾਲ ਹੈ, ਜਦੋਂ ਸਰਹਿੰਦ ਦੇ ਸੂਬੇਦਾਰ, ਵਜ਼ੀਰ ਖਾਂ ਦੀਆਂ ਫ਼ੌਜਾਂ ਗੁਰੂ ਗੋਬਿੰਦ ਸਿੰਘ ਜੀ ਦਾ ਪਿੱਛਾ ਕਰਦੀਆਂ ਮਾਲਵੇ ਦੇ ਇਲਾਕੇ ਵਿਚ ਆਈਆਂ, ਤਾਂ ਸਿੰਘਾਂ ਨੇ ਖਿਦਰਾਣੇ (ਅਜੋਕਾ ਮੁਕਤਸਰ) ਦੀ ਢਾਬ ਦੇ ਕੰਢੇ ਉਨ੍ਹਾਂ ਦਾ ਮੁਕਾਬਲਾ ਕੀਤਾ। ਇਸੇ ਯੁੱਧ ਵਿਚ ਚਾਲੀ ਸਿੰਘ, ਜੋ ਪਹਿਲਾਂ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇ ਗਏ ਸਨ, ਸ਼ਹੀਦ ਹੋਏ। ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਦੇ ਜੱਥੇਦਾਰ ਮਹਾਂ ਸਿੰਘ ਦੀ ਬੇਨਤੀ ਮੰਨ ਕੇ ਬੇਦਾਵਾ ਪਾੜ ਦਿੱਤਾ ਤੇ ਉਨ੍ਹਾਂ ਨਾਲ ਟੁੱਟੀ ਗੰਢ ਲਈ। ਗੁਰੂ ਜੀ ਨੇ ਇਨ੍ਹਾਂ ਸ਼ਹੀਦ ਸਿੰਘਾਂ ਨੂੰ ‘ਮੁਕਤੇ’ ਕਹਿ ਕੇ ਸਨਮਾਨਿਆ ਅਤੇ ਇਸ ਥਾਂ ਦਾ ਨਾਂ ਮੁਕਤਸਰ ਰੱਖਿਆ। ਮਾਘੀ ਵਾਲੇ ਦਿਨ ਸੰਗਤਾਂ ਹੁੰਮ-ਹੁਮਾ ਕੇ ਇੱਥੇ ਆਉਂਦੀਆਂ ਹਨ ਅਤੇ ਪਾਵਨ ਸਰੋਵਰ ਵਿਚ ਇਸ਼ਨਾਨ ਕਰਦੀਆਂ ਹਨ।

ਪ੍ਰਸ਼ਨ 8. ਪੰਜਾਬ ਵਿਚ ਤਿੱਥਾਂ ਨਾਲ ਸੰਬੰਧਿਤ ਕਿਹੜੇ-ਕਿਹੜੇ ਤਿਉਹਾਰ ਮਨਾਏ ਜਾਂਦੇ ਹਨ?

ਉੱਤਰ : ਪੰਜਾਬ ਵਿਚ ਤਿੱਥਾਂ ਨਾਲ ਸੰਬੰਧਿਤ ਬਹੁਤ ਸਾਰੇ ਸਾਲ ਦੇ ਹਰ ਮਹੀਨੇ ਵਿਚ ਤਿੱਥ-ਤਿਉਹਾਰ ਮਨਾਏ ਜਾਂਦੇ ਹਨ। ਪੰਜਾਬ ਵਿਚ ਚੰਨ ਦੀਆਂ ਤਿੱਥਾਂ ਮੁਤਾਬਿਕ ਏਕਾਦਸ਼ੀ, ਮੱਸਿਆ, ਪੂਰਨਮਾਸ਼ੀ ਤੇ ਸੰਗਰਾਂਦ ਹਰ ਮਹੀਨੇ ਆਉਂਦੇ ਰਹਿੰਦੇ ਹਨ। ਇਨ੍ਹਾਂ ਤੋਂ ਇਲਾਵਾ ਨਵਾਂ ਸਾਲ ਚੜ੍ਹਦਿਆਂ ਚੇਤਰ ਦੀ ਏਕਮ ਨੂੰ ਨਵਾਂ ਸੰਮਤ, ਚੇਤਰ ਸੁਦੀ ਅੱਠਵੀਂ ਨੂੰ ਕੰਜਕਾਂ, ਚੇਤਰ ਸੁਦੀ ਨੌਂ ਨੂੰ ਰਾਮ ਨੌਵੀਂ, ਸਾਵਣ ਵਿਚ ਤੀਆਂ, ਸਾਵਣ ਦੀ ਪੂਰਨਮਾਸ਼ੀ ਨੂੰ ਰੱਖੜੀ, ਭਾਦੋਂ ਵਿਚ ਗੁੱਗਾ ਨੌਵੀਂ, ਭਾਦੋਂ ਦੀ ਕ੍ਰਿਸ਼ਨ ਪੱਖ ਦੀ ਅੱਠਵੀਂ ਨੂੰ ਜਨਮ ਅਸ਼ਟਮੀ, ਅੱਸੂ ਦੇ ਹਨੇਰੇ ਪੱਖ ਦੀਆਂ ਪੰਦਰਾਂ ਤਿੱਥਾਂ ਨੂੰ ਸਰਾਧ, ਅੱਸੂ ਦੇ ਚਾਨਣ ਪੱਖ ਦੀ ਏਕਮ ਤੋਂ ਨੌਵੀਂ ਤਕ ਨੌਰਾਤੇ, ਨੌਰਾਤਿਆਂ ਵਿਚ ਮਾਤਾ ਗੋਰਜਾਂ ਤੇ ਸਾਂਝੀ ਦੇਵੀ ਦੀ ਪੂਜਾ, ਰਾਮ-ਲੀਲ੍ਹਾ, ਦੁਸਹਿਰਾ, ਕੱਤਕ ਦੀ ਮੱਸਿਆ ਨੂੰ ਦੀਵਾਲੀ, ਹਨੇਰੇ ਪੱਖ ਦੀ ਚੌਥੀ ਤਿੱਥ ਨੂੰ ਕਰਵਾ ਚੌਥ, ਕੱਤਕ ਦੀ ਪੂਰਨਮਾਸ਼ੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ, ਪੋਹ ਮਹੀਨੇ ਦੇ ਆਖ਼ਰੀ ਦਿਨ ਲੋਹੜੀ, ਮਾਘ ਦੀ ਏਕਮ ਨੂੰ ਮਕਰ ਸੰਕ੍ਰਾਂਤੀ ਜਾਂ ਮਾਘੀ ਤੇ ਫੱਗਣ ਦੀ ਮੱਸਿਆ ਨੂੰ ਸ਼ਿਵਰਾਤਰੀ ਦਾ ਤਿਉਹਾਰ ਆਉਂਦਾ ਹੈ। ਇਸ ਤਰ੍ਹਾਂ ਪੰਜਾਬ ਵਿਚ ਤਿਉਹਾਰਾਂ ਦਾ ਲੰਮਾ ਕਾਫ਼ਲਾ ਲਗਾਤਾਰ ਚਲਦਾ ਰਹਿੰਦਾ ਹੈ।