ਸ੍ਰੀ ਗੁਰੂ ਨਾਨਕ ਦੇਵ ਜੀ


ਸ੍ਰੀ ਗੁਰੂ ਨਾਨਕ ਦੇਵ ਜੀ



“ਕਲਿ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉਡਰਿਆ। ਕੂੜੁ ਅਮਾਵਸ ਸਚੁ ਚੰਦ੍ਰਮਾ, ਦੀਸੈ ਨਾਹੀ ਕਹਿ ਚੜਿਆ॥”

ਜਾਣ – ਪਛਾਣ : ਸੰਸਾਰ ਤੇ ਜਿਉਂ-ਜਿਉਂ ਪਾਪ ਦਾ ਬੋਲਬਾਲਾ ਹੁੰਦਾ ਹੈ, ਉਦੋਂ ਪਰਮਾਤਮਾ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਅਵਤਾਰ ਧਾਰਦਾ ਹੈ। ਇਸੇ ਤਰ੍ਹਾਂ ਪੰਦਰ੍ਹਵੀਂ ਸਦੀ ਵਿੱਚ ਜਦੋਂ ਪਾਪਾਂ ਦਾ ਬੋਲਬਾਲਾ ਸੀ ਅਤੇ ਲੋਕ ਕੁਰਾਹੇ ਪਏ ਹੋਏ ਸਨ ਤਾਂ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰ ਕੇ ਕੁਰਾਹੇ ਪਏ ਲੋਕਾਂ ਨੂੰ ਸਿੱਧੇ ਰਸਤੇ ਪਾਇਆ। ਆਪ ਨੇ ਸਾਰਿਆਂ ਨੂੰ ਜਾਤ-ਪਾਤ, ਊਚ-ਨੀਚ ਦੇ ਭੇਦ-ਭਾਵ ਵਿੱਚੋਂ ਬਾਹਰ ਕੱਢਿਆ ਅਤੇ ਇੱਕੋ ਮਾਨਵਤਾ ਦਾ ਸਬਕ ਸਿਖਾਇਆ।

ਜਨਮ ਤੇ ਮਾਤਾ-ਪਿਤਾ : ਆਪ ਜੀ ਨੇ 15 ਅਪ੍ਰੈਲ, 1469 ਈ. ਨੂੰ ਰਾਇ ਭੋਇ ਦੀ ਤਲਵੰਡੀ, ਜਿਸ ਨੂੰ ਅੱਜਕਲ੍ਹ ਨਨਕਾਣਾ ਸਾਹਿਬ ਆਖਦੇ ਹਨ, ਵਿਖੇ ਅਵਤਾਰ ਤਾਰਿਆ। ਆਪ ਦੇ ਪਿਤਾ ਦਾ ਨਾਂ ਮਹਿਤਾ ਕਾਲੂ ਅਤੇ ਮਾਤਾ ਦਾ ਨਾਂ ਤ੍ਰਿਪਤਾ ਦੇਵੀ ਸੀ। ਆਪ ਦੇ ਪਿਤਾ ਜੀ ਪਟਵਾਰੀ ਸਨ। ਆਪ ਦੀ ਇੱਕ ਭੈਣ ਸੀ, ਬੇਬੀ ਨਾਨਕੀ।

ਵਿੱਦਿਆ ਪ੍ਰਾਪਤੀ : ਆਪ ਜਦੋਂ ਸੱਤ ਸਾਲਾਂ ਦੇ ਹੋਏ ਤਾਂ ਆਪ ਨੂੰ ਪੰਡਤ ਗੋਪਾਲ ਦਾਸ ਕੋਲ ਪੜ੍ਹਨ ਲਈ ਭੇਜਿਆ ਗਿਆ। ਪਰ ਆਪ ਉਸ ਨੂੰ ਹੀ ਪੜ੍ਹਾ ਆਏ ਅਤੇ ਉਹ ਆਪ ਜੀ ਦੁਆਰਾ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਨਾ ਦੇ ਸਕਿਆ। ਫਿਰ ਆਪ ਨੂੰ ਮੌਲਵੀ ਕੋਲ ਪੜ੍ਹਨ ਲਈ ਭੇਜਿਆ ਗਿਆ। ਉਹ ਵੀ ਆਪ ਦੇ ਰੱਬੀ ਗਿਆਨ ਤੋਂ ਬਹੁਤ ਪ੍ਰਭਾਵਿਤ ਹੋਇਆ।

ਜਨੇਊ ਦੀ ਰਸਮ : ਹਿੰਦੂ ਰਸਮ ਅਨੁਸਾਰ ਜਨੇਊ ਦੀ ਰਸਮ ਧਾਰਨ ਕਰਨ ਲਈ ਪੰਡਤ ਨੂੰ ਘਰ ਬੁਲਾਇਆ ਗਿਆ ਤਾਂ ਆਪ ਨੇ ਪੰਡਤ ਨੂੰ ਸੱਚ ਅਤੇ ਦਇਆ ਦਾ ਜਨੇਊ ਪਾਉਣ ਲਈ ਆਖਿਆ ਅਤੇ ਧਾਗੇ ਦਾ ਜਨੇਊ ਪਾਉਣ ਤੋਂ ਨਾਂਹ ਕਰ ਦਿੱਤੀ।

ਮੱਝਾਂ ਚਰਾਉਣੀਆਂ : ਜਦੋਂ ਆਪ ਕੁਝ ਵੱਡੇ ਹੋਏ ਤਾਂ ਪਿਤਾ ਨੇ ਆਪ ਨੂੰ ਮੱਝਾਂ ਚਰਾਉਣ ਲਈ ਭੇਜਿਆ। ਆਪ ਮੱਝਾਂ ਲਿਜਾ ਕੇ ਖੇਤਾਂ ਵਿੱਚ ਛੱਡ ਦਿੰਦੇ ਅਤੇ ਆਪ ਪ੍ਰਭੂ ਦੀ ਭਗਤੀ ਵਿੱਚ ਸਮਾਧੀ ਲਗਾ ਕੇ ਲੀਨ ਹੋ ਜਾਂਦੇ ਸਨ। ਮੱਝਾਂ ਦੂਜਿਆਂ ਦੇ ਖੇਤਾਂ ਵਿੱਚ ਜਾ ਵੜਦੀਆਂ ਤੇ ਖੇਤਾਂ ਦੇ ਮਾਲਕ ਆਪ ਦੇ ਪਿਤਾ ਨੂੰ ਉਲਾਂਭਾ ਦਿੰਦੇ।

ਸੱਚਾ ਸੌਦਾ ਕਰਨਾ : ਆਪ ਦੇ ਪਿਤਾ ਆਪ ਨੂੰ ਇੱਕ ਵਪਾਰੀ ਦੇ ਰੂਪ ਵਿੱਚ ਵੇਖਣਾ ਚਾਹੁੰਦੇ ਸਨ। ਇਸੇ ਲਈ ਉਨ੍ਹਾਂ ਨੇ ਇੱਕ ਦਿਨ ਆਪ ਨੂੰ ਵੀਹ ਰੁਪਏ ਦੇ ਕੇ ਸ਼ਹਿਰ ਜਾ ਕੇ ਕੋਈ ਚੰਗਾ ਜਿਹਾ ਵਪਾਰ ਕਰਨ ਲਈ ਆਖਿਆ ਤਾਂ ਜੋ ਆਪ ਕੁਝ ਕਮਾਈ ਕਰ ਸਕਣ। ਪਰੰਤੂ ਆਪ ਨੇ 20 ਰੁ: ਦਾ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਦਿੱਤਾ। ਪਿਤਾ ਦੇ ਪੁੱਛਣ ਤੇ ਆਪਜੀ ਨੇ ਕਿਹਾ, ਉਹ ਅਸਲੀ ਕਮਾਈ ਕਰ ਆਏ ਹਨ।

ਸੁਲਤਾਨਪੁਰ ਜਾਣਾ : ਜਦੋਂ ਆਪ ਦਾ ਮਨ ਕਿਸੇ ਕੰਮ ਵਿੱਚ ਨਾ ਲੱਗਿਆ ਤਾਂ ਆਪ ਦਾ ਭਣਵੱਈਆ ਜੈਰਾਮ ਆਪ ਨੂੰ ਸੁਲਤਾਨਪੁਰ ਲੈ ਗਿਆ। ਉੱਥੇ ਆਪ ਨੇ ਭੈਣ ਨਾਨਕੀ ਅਤੇ ਭਣਵੱਈਏ ਜੈਰਾਮ ਕੋਲ ਰਹਿੰਦੇ ਹੋਏ ਨਵਾਬ ਦੌਲਤ ਖਾਂ ਲੋਧੀ ਦੇ ਮੋਦੀਖਾਨੇ ਵਿੱਚ ਨੌਕਰੀ ਕੀਤੀ। ਇੱਥੇ ਆਪ ਅਨਾਜ ਤੋਲਣ ਦਾ ਕੰਮ ਕਰਦੇ ਸਨ। ਆਪ ਲੋੜਵੰਦਾਂ ਵਿੱਚ ਤੇਰਾ-ਤੇਰਾ ਕਹਿ ਕੇ ਅਨਾਜ ਵੰਡਣ ਲੱਗੇ। ਲੋਕਾਂ ਨੇ ਆਪ ਦੀ ਸ਼ਿਕਾਇਤ ਨਵਾਬ ਨੂੰ ਕਰ ਦਿੱਤੀ ਪਰ ਜਦੋਂ ਨਵਾਬ ਨੇ ਹਿਸਾਬ-ਕਿਤਾਬ ਦੀ ਜਾਂਚ ਕਰਵਾਈ ਤਾਂ ਉਹ ਵੱਧ ਨਿਕਲਿਆ। ਇਸ ਤੋਂ ਬਾਅਦ ਆਪ ਨੇ ਨਵਾਬ ਦੀ ਨੌਕਰੀ ਛੱਡ ਦਿੱਤੀ।

ਵੇਈਂ ਨਦੀ ਵਿੱਚ ਪ੍ਰਵੇਸ਼ : ਆਪ ਇੱਕ ਸਵੇਰ ਵੇਈਂ ਨਦੀ ਵਿੱਚ ਇਸ਼ਨਾਨ ਕਰਨ ਗਏ ਤਾਂ ਅਜਿਹੀ ਡੁਬਕੀ ਲਗਾਈ ਕਿ ਤਿੰਨ ਦਿਨਾਂ ਤੱਕ ਅਲੋਪ ਰਹੇ। ਜਦੋਂ ਆਪ ਬਾਹਰ ਨਿਕਲੇ ਤਾਂ ਆਪ ਨੂੰ ਗਿਆਨ ਹੋ ਚੁੱਕਾ ਸੀ। ਆਪ ਪਰਮਾਤਮਾ ਵੱਲੋਂ ਮਿਲੀ ਆਗਿਆ ਅਨੁਸਾਰ ਲੋਕ ਕਲਿਆਣ ਕਰਨ ਲਈ ਨਿਕਲ ਤੁਰੇ।

ਚਾਰ ਉਦਾਸੀਆਂ : ਆਪ ਨੇ ਲੋਕ ਕਲਿਆਣ ਲਈ ਪੂਰਬ, ਪੱਛਮ, ਉੱਤਰ ਤੇ ਦੱਖਣ ਵੱਲ ਯਾਤਰਾਵਾਂ ਕੀਤੀਆਂ, ਜਿਸ ਨੂੰ ਚਾਰ ਉਦਾਸੀਆਂ ਵੀ ਕਿਹਾ ਜਾਂਦਾ ਹੈ। ਆਪ ਨੇ ਪਿੰਡ-ਪਿੰਡ, ਸ਼ਹਿਰ-ਸ਼ਹਿਰ ਜਾ ਕੇ ਲੋਕਾਂ ਨੂੰ ਨਾਮ ਜਪਣ, ਕਿਰਤ ਕਰਨ ਤੇ ਵੰਡ ਕੇ ਛੱਕਣ ਦਾ ਉਪਦੇਸ਼ ਦਿੱਤਾ। ਆਪ ਨੇ ਅਨੇਕਾਂ ਬੁਰੇ ਲੋਕਾਂ ਨੂੰ ਸਿੱਧੇ ਰਾਹ ਪਾਇਆ ਅਤੇ ਜੀਵਨ ਦਾ ਮਕਸਦ ਸਮਝਾਇਆ। ਸੱਜਣ ਠੱਗ, ਵਲੀ਼ ਕੰਧਾਰੀ, ਮਲਿਕ ਭਾਗੋ ਅਤੇ ਕੌਡੇ ਰਾਕਸ਼ ਆਦਿ ਦਾ ਮਾਣ ਤੋੜਿਆ ਤੇ ਸੱਚ ਦੀ ਰਾਹ ਤੋਰਿਆ।

ਅੰਤਮ ਸਮਾਂ : ਆਪ ਨੇ ਅੰਤਮ ਸਮਾਂ ਕਰਤਾਰਪੁਰ ਵਿਖੇ ਬਿਤਾਇਆ। ਆਪ ਨੇ ਭਾਈ ਲਹਿਣਾ ਜੀ ਨੂੰ ਗੁਰਗੱਦੀ ਦੇ ਕੇ ਉਨ੍ਹਾਂ ਨੂੰ ਗੁਰੂ ਅੰਗਦ ਦਾ ਨਾਂ ਦਿੱਤਾ ਜੋ ਦੂਜੇ ਗੁਰੂ ਦੇ ਰੂਪ ਵਿੱਚ ਬਿਰਾਜਮਾਨ ਹੋਏ। ਫਿਰ ਆਪ 1539 ਈ. ਨੂੰ ਜੋਤੀ-ਜੋਤ ਸਮਾ ਗਏ।

ਸਾਰ ਅੰਸ਼ : ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਕਲਜੁਗ ਦੇ ਸਮੇਂ ਵਿੱਚ ਅਵਤਾਰ ਧਾਰ ਕੇ ਲੋਕਾਂ ਨੂੰ ਸਿੱਧੇ ਰਾਹ ਪਾਇਆ। ਆਪ ਦੀ ਸਿੱਖਿਆ ਨਾਮ ਜਪੋ, ਕਿਰਤ ਕਰੋ ਤੇ ਵੰਡ ਕੇ ਛੱਕੋ ਨੂੰ ਸਾਰੇ ਨੇਕ ਲੋਕਾਂ ਨੇ ਅਪਣਾਇਆ ਹੈ। ਆਪ ਨੇ ਲੋਕਾਂ ਦਾ ਜੋ ਮਾਰਗ ਦਰਸ਼ਨ ਕੀਤਾ ਉਸ ਨੂੰ ਕਦੇ ਵੀ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ। ਆਪ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ।