ਸੁਣ ਨੀ ਕੁੜੀਏ : ਪ੍ਰਸੰਗ ਸਹਿਤ ਵਿਆਖਿਆ
ਸੁਣ ਨੀ ਕੁੜੀਏ ! ਸੁਣ ਨੀ ਚਿੜੀਏ !
ਤੇਰਾ ਪੁੰਨਿਆਂ ਤੋਂ ਰੂਪ ਸਵਾਇਆ।
ਵਿੱਚ ਸਖੀਆਂ ਦੇ ਪੈਲਾਂ ਪਾਵੇਂ,
ਤੈਨੂੰ ਨੱਚਣਾ ਕੀਹਨੇ ਸਿਖਾਇਆ।
ਤੂੰ ਹੱਸਦੀ ਦਿਲ ਰਾਜ਼ੀ ਸਭ ਦਾ,
ਜਿਉਂ ਬਿਰਛਾਂ ਦੀ ਛਾਇਆ।
ਨੱਚ-ਨੱਚ ਕੇ ਤੂੰ ਹੋਗੀ ਦੁਹਰੀ,
ਭਾਗ ਗਿੱਧੇ ਨੂੰ ਲਾਇਆ।
ਪਰੀਏ ਰੂਪ ਦੀਏ,
ਤੈਨੂੰ ਰੱਬ ਨੇ ਆਪ ਬਣਾਇਆ………..।
ਪ੍ਰਸੰਗ : ਇਹ ਕਾਵਿ-ਸਤਰਾਂ ‘ਲਾਜ਼ਮੀ ਪੰਜਾਬੀ-11’ ਨਾਂ ਦੀ ਪਾਠ-ਪੁਸਤਕ ਵਿੱਚ ‘ਸੁਣ ਨੀ ਕੁੜੀਏ’ ਸਿਰਲੇਖ ਹੇਠ ਦਰਜ ਹਨ। ਇਸ ਬੋਲੀ ਵਿੱਚ ਕੁੜੀ ਦੇ ਰੂਪ ਤੇ ਨਾਚ ਦੀ ਸਿਫ਼ਤ ਹੈ।
ਵਿਆਖਿਆ : ਮੁਟਿਆਰ ਨੂੰ ਸੰਬੋਧਨ ਕਰਦਾ ਗੱਭਰੂ ਆਖਦਾ ਹੈ — ਨੀਂ ਕੁੜੀਏ-ਚਿੜੀਏ ਤੂੰ ਸੁਣ ਲੈ। ਤੇਰਾ ਰੂਪ ਪੁੰਨਿਆਂ ਤੋਂ ਸਵਾਇਆ ਹੈ ਅਥਵਾ ਤੂੰ ਪੁੰਨਿਆਂ ਦੇ ਚੰਨ ਤੋਂ ਵੀ ਸੋਹਣੀ ਹੈਂ। ਤੂੰ ਸਹੇਲੀਆਂ ਵਿੱਚ ਨੱਚਦੀ ਇਸ ਤਰ੍ਹਾਂ ਲੱਗਦੀ ਹੈਂ ਜਿਵੇਂ ਪੈਲਾਂ ਪਾਉਂਦੀ ਹੋਵੇਂ। ਤੈਨੂੰ ਅਜਿਹਾ ਨੱਚਣਾ ਕਿਸ ਨੇ ਸਿਖਾਇਆ ਹੈ? ਤੇਰੇ ਹੱਸਣ ‘ਤੇ ਸਭ ਦਾ ਦਿਲ ਉਸੇ ਤਰ੍ਹਾਂ ਰਾਜ਼ੀ ਭਾਵ ਖ਼ੁਸ਼ ਹੁੰਦਾ ਹੈ ਜਿਵੇਂ ਰੁੱਖ ਦੀ ਛਾਂ ਵਿੱਚ ਬੈਠ ਕੇ ਹੁੰਦਾ ਹੈ। (ਮੁਟਿਆਰ ਗੱਭਰੂ ਲਈ ਜਿਵੇਂ ਬਿਰਛਾਂ ਦੀ ਛਾਂ ਹੋਵੇ। ਤੂੰ ਨੱਚ-ਨੱਚ ਕੇ ਦੂਹਰੀ ਹੋ ਗਈ ਏਂ ਅਤੇ ਤੂੰ ਗਿੱਧੇ ਨੂੰ ਭਾਗ ਲਾਇਆ ਹੋਇਆ ਹੈ। ਰੂਪ (ਸੁੰਦਰਤਾ) ਦੀਏ ਪਰੀਏ। ਤੈਨੂੰ ਤਾਂ ਰੱਬ ਨੇ ਆਪ ਰੀਝ ਨਾਲ ਬਣਾਇਆ ਹੈ।
ਔਖੇ ਸ਼ਬਦਾਂ ਦੇ ਅਰਥ
ਪੁੰਨਿਆ : ਪੂਰਨਮਾਸ਼ੀ, ਚਾਨਣ-ਪੱਖ ਦੀ ਪੰਦਰ੍ਹਵੀਂ ਤਿਥ/ਥਿਤ।
ਰੂਪ : ਸੁੰਦਰਤਾ।
ਸਵਾਇਆ : ਸਵਾ-ਗੁਣਾ।
ਸਖੀਆਂ : ਸਹੇਲੀਆਂ।
ਦਿਲ ਰਾਜ਼ੀ ਹੋਣਾ : ਦਿਲੋਂ ਖ਼ੁਸ਼ ਹੋਣਾ, ਸਭ ਨੂੰ ਚੰਗਾ ਲੱਗਣਾ।
ਹੋਗੀ : ਹੋ ਗਈ।