CBSEclass 11 PunjabiEducationPunjab School Education Board(PSEB)

ਸਿੱਠਣੀ ਕੀ ਹੁੰਦੀ ਹੈ?

ਪ੍ਰਸ਼ਨ . ਸਿੱਠਣੀ ਕੀ ਹੁੰਦੀ ਹੈ? ਇਸ ਦੀ ਪਰਿਭਾਸ਼ਾ ਦਿੰਦੇ ਹੋਏ ਇਸ ਨਾਲ ਜਾਣ – ਪਛਾਣ ਕਰਾਓ।

ਉੱਤਰ – ਸਿੱਠਣੀ ਲੋਕ – ਗੀਤ ਵਿਆਹ ਨਾਲ ਸੰਬੰਧਿਤ ਹੈ। ਕੁੜੀ ਦੇ ਵਿਆਹ ਵੇਲੇ ਸ਼ਰੀਕਣੀਆਂ ਤੇ ਮੇਲਣਾਂ ਸਿੱਠਣੀਆਂ ਰਾਹੀਂ ਲਾੜੇ, ਉਸ ਦੇ ਮਾਪਿਆਂ, ਭੈਣਾਂ ਤੇ ਹੋਰਨਾਂ ਰਿਸ਼ਤੇਦਾਰਾਂ ਨੂੰ ਸੰਬੋਧਨ ਕਰ ਕੇ ਗਾਉਂਦੀਆਂ ਹੋਈਆਂ ਉਨ੍ਹਾਂ ਦਾ ਮਖ਼ੌਲ ਉਡਾਉਂਦੀਆਂ ਹਨ। ਇਨ੍ਹਾਂ ਵਿਚ ਚੋਟ ਵਿਅੰਗ ਤੇ  ਕਲਪਿਤ ਊਜਾਂ ਹੁੰਦੀਆਂ ਹਨ।

ਸਿੱਠਣੀਆਂ ਇੱਕ ਤਰ੍ਹਾਂ ਦੀਆਂ ਗਾਲਾਂ ਹਨ। ਇਹ ਸਦਾ ਨਿਵਦੀ ਰਹੀ ਕੁੜੀ ਵਾਲਿਆਂ ਦੀ ਧਿਰ ਵੱਲੋਂ ਗੁੱਭ – ਗਭਾਟ ਕੱਢਣ ਦਾ ਸਾਧਨ ਬਣਦੀਆਂ ਹਨ। ਇਹ ਹਾਸ – ਰਸ ਭਰਪੂਰ ਹੋਣ ਕਰਕੇ ਮਾਹੌਲ ਨੂੰ ਸਾਵਾਂ ਤੇ ਸੁਖਾਵਾਂ ਬਣਾ ਦਿੰਦੀਆਂ ਹਨ। ਇਨ੍ਹਾਂ ਵਿਚ ਲੁਕਿਆਂ ਵਿਅੰਗ, ਚੋਟ ਤੇ ਮਸ਼ਕਰੀ ਵਿਆਹ ਦੇ ਵਾਤਾਵਰਨ ਵਿਚ ਵਿਸ਼ੇਸ਼ ਰਸ ਤੇ ਸੁਆਦ ਪੈਦਾ ਕਰਦੀਆਂ ਹਨ। ਸਿੱਠਣੀਆਂ ਰਾਹੀਂ ਔਰਤਾਂ ਨੂੰ ਸਮਾਜਿਕ ਬੰਧਨਾਂ ਤੇ ਸੰਕੋਚਾਂ ਤੋਂ ਕੁੱਝ ਖੁੱਲ੍ਹ ਵੀ ਪ੍ਰਾਪਤ ਹੁੰਦੀ ਹੈ।

ਸਿੱਠਣੀਆਂ ਆਮ ਕਰਕੇ ਮੁੰਡੇ ਵਾਲਿਆਂ ਵਿੱਚ ਸ਼ਾਮਲ ਜਾਂਞੀਆਂ ਦੇ ਪਹਿਰਾਵੇ ਤੇ ਖਾਣ ਪੀਣ ਦੇ ਢੰਗ ਤਰੀਕੇ ਉੱਤੇ ਟਕੋਰਾਂ ਦੇ ਰੂਪ ਵਿੱਚ ਹੁੰਦੀਆਂ ਹਨ। ਇਨ੍ਹਾਂ ਵਿਚ ਮੁੰਡੇ ਅਤੇ ਉਸ ਦੇ ਪਿਉ ਤੋਂ ਇਲਾਵਾ ਹੋਰ ਸੰਬੰਧੀਆਂ ਨੂੰ ਤਾਂ ਸਿੱਧੇ ਮਖ਼ੌਲ ਤੇ ਟਿਕਚਰਾਂ ਕੀਤੀਆਂ ਜਾਂਦੀਆਂ ਹਨ, ਪਰ ਉਨ੍ਹਾਂ ਦੀਆਂ ਘਰ ਬੈਠੀਆਂ ਮਾਵਾਂ – ਭੈਣਾਂ ਤੇ ਹੋਰਨਾਂ  ਰਿਸ਼ਤੇਦਾਰਨੀਆਂ ਦਾ ਵੀ ਖ਼ੂਬ ਮਖ਼ੌਲ ਉਡਾਇਆ ਜਾਂਦਾ ਹੈ।

ਇਨ੍ਹਾਂ ਵਿਚ ਵਰਣਿਤ ਊਜਾਂ ਸਭ ਕਲਪਿਤ ਤੇ ਮਨਘੜੰਤ ਹੁੰਦੀਆਂ ਹਨ। ਮੁੰਡੇ ਦੇ ਪਿਓ ਦੀ ਸਰੀਰਕ ਬਣਤਰ, ਉਸਦੇ ਪਿਛੋਕੜ, ਕੰਜੂਸੀ, ਆਲਸ ਅਤੇ ਮੂਰਖਤਾ ਉੱਤੇ ਖ਼ੂਬ ਚੋਟਾਂ ਮਾਰੀਆਂ ਜਾਂਦੀਆਂ ਹਨ। ਸਿੱਠਣੀਆਂ ਨਵੇਂ ਬਣੇ ਰਿਸ਼ਤੇਦਾਰਾਂ ਪ੍ਰਤੀ ਸੰਕੋਚ ਨੂੰ ਘਟਾਉਣ ਵਿਚ ਵੀ ਹਿੱਸਾ ਪਾਉਂਦੀਆਂ ਹਨ।

ਸਿੱਠਣੀ ਦੀ ਪਰਿਭਾਸ਼ਾ ਇਸ ਤਰ੍ਹਾਂ ਕੀਤੀ ਜਾ ਸਕਦੀ ਹੈ :

“ਸਿੱਠਣੀ ਲੋਕ – ਗੀਤਾਂ ਦਾ ਇਕ ਅਜਿਹਾ ਰੂਪ ਹੈ, ਜਿਸ ਨੂੰ ਕੁੜੀਆਂ ਦੇ ਵਿਆਹ ਵੇਲੇ ਸ਼ਰੀਕਣੀਆਂ ਤੇ ਮੇਲਣਾ ਇਕੱਠੀਆਂ ਹੋ ਕੇ ਲਾੜੇ, ਉਸ ਦੇ ਮਾਪਿਆਂ, ਭੈਣਾਂ ਤੇ ਹੋਰਨਾਂ ਸਾਕ – ਸੰਬੰਧੀਆਂ ਨੂੰ ਸੰਬੋਧਨ ਕਰ ਕੇ ਗਾਉਂਦੀਆਂ ਹੋਈਆਂ ਚੋਟ, ਵਿਅੰਗ, ਮਸ਼ਕਰੀਆਂ ਤੇ ਕਲਪਿਤ ਊਜਾਂ ਰਾਹੀਂ ਉਨ੍ਹਾਂ ਦਾ ਮਖ਼ੌਲ ਉਡਾਉਂਦੀਆਂ ਹਨ, ਜਿਸ ਨਾਲ ਖ਼ੂਬ ਹਾਸ – ਰੱਸ ਪੈਦਾ ਹੁੰਦਾ ਹੈ।