ਸਿੱਖਿਆ ਮੰਤਰੀ ਨੂੰ ਪੱਤਰ
ਵਿਦਿਆ ਮੰਤਰੀ ਨੂੰ ਚਿੱਠੀ ਕਿ ਛੁੱਟੀਆਂ ਵਿਚ ਸਕੂਲ ਤੇ ਕਾਲਜ ਦੇ ਵਿਦਿਆਰਥੀਆਂ ਨੂੰ ਖੇਤੀਬਾੜੀ ਦੇ ਕੰਮ ਵਿਚ ਲਾਇਆ ਜਾਏ।
ਪ੍ਰੀਖਿਆ ਸੈਂਟਰ,
…………… ਕਾਲਜ,
……………ਸ਼ਹਿਰ।
7 ਸਤੰਬਰ, 2023.
ਸੇਵਾ ਵਿਖੇ
ਵਿਦਿਆ ਮੰਤਰੀ,
ਪੰਜਾਬ ਸਰਕਾਰ,
ਚੰਡੀਗੜ।
ਸ੍ਰੀਮਾਨ ਜੀ,
ਮੈਂ ਅਧੀਨਗੀ ਸਹਿਤ ਆਪ ਦੇ ਸਾਮ੍ਹਣੇ ਇਕ ਅਜਿਹੀ ਤਜ਼ਵੀਜ਼ ਪੇਸ਼ ਕਰਨਾ ਚਾਹੁੰਦਾ ਹਾਂ, ਜੋ ਸਾਡੇ ਦੇਸ਼ ਲਈ ਕਈ ਪੱਖਾਂ ਤੋਂ ਬੜੀ ਮਹੱਤਵ-ਪੂਰਨ ਹੈ। ਅੱਜ ਕਲ੍ਹ ਕਣਕ ਦੀ ਵਾਢੀ ਦੇ ਦਿਨ ਹਨ ਤੇ ਅਸੀਂ ਵੇਖ ਰਹੇ ਹਾਂ ਕਿ ਬਹੁਤੇ ਕਿਸਾਨਾਂ ਨੂੰ ਵਾਢੀ ਤੇ ਗਹਾਈ ਵਿਚ ਬੜੀ ਮੁਸ਼ਕਲ ਪੇਸ਼ ਆ ਰਹੀ ਹੈ।ਭਾਵੇਂ ਮਾਰਕਫੈੱਡ ਨੇ ਕੁਝ ਕੰਬਾਈਨ ਹਾਰਵੈਸਟਰਾਂ ਦਾ ਪ੍ਰਬੰਧ ਕੀਤਾ ਹੋਇਆ ਹੈ, ਪਰ ਉਹ ਥੋੜ੍ਹੇ ਜਿਹੇ ਕਿਸਾਨਾਂ ਨੂੰ ਹੀ ਮਿਲ ਸਕਦੀਆਂ ਹਨ। ਉਤਰ-ਪ੍ਰਦੇਸ਼ ਤੇ ਬਿਹਾਰ ਤੋਂ ਹਜ਼ਾਰਾਂ ਮਜ਼ਦੂਰ ਵਾਢੀ ਲਈ ਇੱਥੇ ਆਉਂਦੇ ਹਨ, ਪਰ ਉਹ ਦੀ ਕਾਫੀ ਨਹੀਂ ਹੁੰਦੇ। ਸਟੇਸ਼ਨ ‘ਤੇ ਉਤਰਦਿਆਂ ਸਾਰ ਉਨ੍ਹਾਂ ਦੀਆਂ ਸੇਵਾਵਾਂ ਲੈਣ ਵਾਲੇ ਜ਼ਿੰਮੀਦਾਰਾਂ ਵਿਚ ਖੋਹਾਖਾਹੀ ਸ਼ੁਰੂ ਹੋ ਜਾਂਦੀ ਹੈ। ਕਿਰਤੀਆਂ ਦੀ ਇੰਨੀ ਥੁੜ ਵਿਚ ਕਿਉਂ ਨਾ ਅਸੀਂ ਆਪਣੇ ਉਤਸਾਹੀ ਯੁਵਕਾਂ ਦੀ ਵਰਤੋਂ ਕਰੀਏ। ਇਸ ਦੇ ਕਈ ਲਾਭ ਹੋਣਗੇ। ਪਹਿਲੀ ਗੱਲ ਇਹ ਹੈ ਕਿ ਇਸ ਵੇਲੇ ਵਿਦਿਆਰਥੀਆਂ ਵਿਚ ਜੋ ਹੱਥੀ ਕੰਮ ਕਰਨ ਤੋਂ ਨਫਰਤ ਪੈਦਾ ਹੋ ਰਹੀ ਹੈ, ਉਹ ਦੂਰ ਹੋ ਜਾਏਗੀ। ਖੇਤਾਂ ਵਿਚ ਜੋ ਕਿਸਾਨਾਂ ਦਾ ਹੱਥ ਵਟਾ ਕੇ ਉਹ ਕਿਰਤ ਦੀ ਮਹਾਨਤਾ ਤੋਂ ਜਾਣੂੰ ਹੋਣਗੇ ਤੇ ਉਨ੍ਹਾਂ ਨੂੰ ਇਸ ਕਿੱਤੇ ਨਾਲ ਦਿਲਚਸਪੀ ਪੈਦਾ ਹੋਵੇਗੀ। ਅੱਜ ਕਲ੍ਹ ਬੀ.ਏ. ਕਰਨ ਤੋਂ ਬਾਅਦ ਬਹੁਤੇ ਵਿਦਿਆਰਥੀਆਂ ਨੂੰ ਨੌਕਰੀ ਨਹੀਂ ਮਿਲਦੀ, ਅਤੇ ਕਿਉਂ ਜੋ ਉਨ੍ਹਾਂ ਨੂੰ ਹੱਥੀਂ ਕੰਮ ਕਰਨ ਦੀ ਆਦਤ ਨਹੀਂ ਹੁੰਦੀ, ਇਸ ਲਈ ਉਹ ਬੇਰੁਜ਼ਗਾਰ ਰਹਿੰਦੇ ਹਨ। ਜੇ ਵਿਦਿਆ ਪ੍ਰਾਪਤੀ ਦੇ ਸਮੇਂ ਵਿਚ ਉਨ੍ਹਾਂ ਨੇ ਇਧਰ ਧਿਆਨ ਦਿੱਤਾ ਹੋਵੇਗਾ, ਤਾਂ ਉਹ ਸਹਿਜੇ ਹੀ ਖੇਤੀਬਾੜੀ ਦੇ ਕਿੱਤੇ ਵਿਚ ਪੈ ਜਾਣਗੇ।
ਪਰ ਸਭ ਤੋਂ ਵੱਡੀ ਗੱਲ ਇਹ ਯੋਜਨਾ ਦਾ ਆਰਥਿਕ ਪੱਖ ਹੈ। ਵਿਕਸਿਤ ਪੱਛਮੀ ਦੇਸ਼ਾਂ ਵਿਚ ਛੁੱਟੀਆਂ ਦੇ ਸਮੇਂ ਕੋਈ ਵਿਦਿਆਰਥੀ ਵਿਹਲਾ ਨਹੀਂ ਰਹਿੰਦਾ ਹੈ। ਉਹ ਤਿੰਨ ਮਹੀਨਿਆਂ ਵਿਚ ਹੱਥੀਂ ਕਿਰਤ ਕਰਕੇ ਇੰਨੀ ਰਕਮ ਕਮਾ ਲੈਂਦੇ ਹਨ, ਜੋ ਉਨ੍ਹਾਂ ਦੀਆਂ ਸਾਲ ਭਰ ਦੀਆਂ ਫੀਸਾਂ ਲਈ ਕਾਫ਼ੀ ਹੁੰਦੀ ਹੈ। ਇਸ ਤਰ੍ਹਾਂ ਉਨ੍ਹਾਂ ਵਿਚ ਸ੍ਵੈਮਾਨ ਤੇ ਸ੍ਰੇਭਰੋਸੇ ਦੀ ਭਾਵਨਾ ਪੈਦਾ ਹੁੰਦੀ ਹੈ। ਜਦ ਸਾਡੇ ਵਿਦਿਆਰਥੀਆਂ ਨੂੰ ਪਤਾ ਹੋਵੇਗਾ ਕਿ ਖੇਤ-ਮਾਲਕਾਂ ਵੱਲੋਂ ਉਨ੍ਹਾਂ ਨੂੰ ਵਾਜਬੀ ਮਜ਼ਦੂਰੀ ਮਿਲਦੀ ਹੈ, ਤਾਂ ਉਹ ਪੂਰੀ ਲਗਨ ਤੇ ਦਿਲਚਸਪੀ ਨਾਲ ਕੰਮ ਕਰਨਗੇ। ਇਸ ਤਰ੍ਹਾਂ ਮਹੀਨੇ ਡੇਢ ਵਿਚ ਉਹ ਇਕ ਖਾਸੀ ਰਕਮ ਕਮਾ ਸਕਦੇ ਹਨ। ਇਸ ਯੋਜਨਾ ਨੂੰ ਕੌਮੀ ਸੇਵਾ ਯੋਜਨਾ ਦਾ ਇਕ ਹਿੱਸਾ ਬਣਾਇਆ ਜਾ ਸਕਦਾ ਹੈ।
ਸਕੂਲਾਂ ਵਿਚ ਤਾਂ ਪਹਿਲਾਂ ਹੀ ਕਣਕ ਦੀ ਵਾਢੀ ਦੇ ਦਿਨਾਂ ਵਿਚ ਚਾਰ ਹਫ਼ਤੇ ਦੀਆਂ ਛੁੱਟੀਆਂ ਹੁੰਦੀਆਂ ਹਨ। ਯੂਨੀਵਰਸਿਟੀਆਂ ਨੂੰ ਵੀ ਅਜਿਹਾ ਪ੍ਰਬੰਧ ਕਰਨ ਲਈ ਕਹਿਣਾ ਚਾਹੀਦਾ ਹੈ ਕਿ ਕਾਲਜਾਂ ਦੇ ਇਮਤਿਹਾਨ 15-20 ਮਾਰਚ ਤੋਂ ਸ਼ੁਰੂ ਹੋ ਕੇ 20 ਅਪ੍ਰੈਲ ਤਕ ਖ਼ਤਮ ਹੋ ਜਾਣ, ਤਾਂ ਜੁ ਇਮਤਿਹਾਨਾਂ ਤੋਂ ਬਾਅਦ ਵਿਦਿਆਰਥੀ ਵਾਢੀਆਂ ਵਿਚ ਹਿੱਸਾ ਲੈ ਸਕਣ। ਇਸ ਯੋਜਨਾ ਦੇ ਸੰਗਠਨ, ਕਰਨ ਅਤੇ ਕਾਲਜਾਂ ਤੇ ਲੋੜਵੰਦ ਭੁਇੰ-ਮਾਲਕਾਂ ਵਿਚ ਤਾਲਮੇਲ ਪੈਦਾ ਕਰਨ ਲਈ ਹਰੇਕ ਜ਼ਿਲ੍ਹੇ ਵਿਚ ਇਕ ਸਿਆਣਾ ਪ੍ਰਬੰਧਕੀ ਅਫ਼ਸਰ ਨਿਯੁਕਤ ਕੀਤਾ ਜਾ ਸਕਦਾ ਹੈ।
ਉਮੀਦ ਹੈ, ਤੁਸੀਂ ਮੇਰੀ ਇਸ ਤਜਵੀਜ਼ ‘ਤੇ ਪੂਰਾ ਧਿਆਨ ਦਿਉਗੇ।
ਧੰਨਵਾਦ ਸਹਿਤ,
ਆਪ ਦਾ ਵਿਸ਼ਵਾਸ-ਪਾਤਰ,
ੳ. ਅ. ੲ