ਸਿਨਮਾ : ਪੈਰਾ ਰਚਨਾ
ਪੈਰਾ ਰਚਨਾ : ਸਿਨਮੇ ਦੀ ਸਾਰਥਿਕਤਾ
ਸਿਨਮਾ ਮਨੋਰੰਜਨ ਦਾ ਇੱਕ ਮਹੱਤਵਪੂਰਨ ਸਾਧਨ ਹੈ। ਇਸ ਰਾਹੀਂ ਨਾ ਕੇਵਲ ਸਮਾਜਿਕ ਯਥਾਰਥ ਦੇ ਜੀਵੰਤ ਦਰਸ਼ਨ ਹੁੰਦੇ ਹਨ ਸਗੋਂ ਬੀਤੇ ਸਮੇਂ ਦੀਆਂ ਘਟਨਾਵਾਂ ਅਤੇ ਇਤਿਹਾਸਿਕ ਕਹਾਣੀਆਂ ਨੂੰ ਵੀ ਇਸ ਸ਼ੀਸ਼ੇ ਵਿੱਚੋਂ ਦੇਖਿਆ ਜਾ ਸਕਦਾ ਹੈ। ਸਿਨਮਾ ਜਿੱਥੇ ਸਾਨੂੰ ਸਾਡੇ ਸੱਭਿਆਚਾਰ ਦੀ ਜਾਣਕਾਰੀ ਦਿੰਦਾ ਹੈ ਉੱਥੇ ਅਸੀਂ ਇਸ ਰਾਹੀਂ ਆਪਣੀਆਂ ਕਦਰਾਂ-ਕੀਮਤਾਂ ਵਿੱਚ ਆਈ ਤਬਦੀਲੀ ਤੋਂ ਵੀ ਜਾਣੂ ਹੁੰਦੇ ਹਾਂ। ਫ਼ਿਲਮਾਂ ਰਾਹੀਂ ਕਈ ਸਮੱਸਿਆਵਾਂ ਨੂੰ ਫ਼ਿਲਮਾਇਆ ਜਾਂਦਾ ਹੈ ਜਿਨ੍ਹਾਂ ਦਾ ਸੰਬੰਧ ਸਾਡੇ ਸਮਾਜਿਕ ਅਤੇ ਘਰੇਲੂ ਜੀਵਨ ਨਾਲ ਹੁੰਦਾ ਹੈ। ਇਹ ਫ਼ਿਲਮਾਂ ਸਾਨੂੰ ਇਹਨਾਂ ਸਮੱਸਿਆਵਾਂ ਦੇ ਹੱਲ ਵੀ ਸੁਝਾਉਂਦੀਆਂ ਹਨ। ਸਿਨਮਾ ਗਿਆਨ ਦਾ ਇੱਕ ਮਹੱਤਵਪੂਰਨ ਸਾਧਨ ਹੈ। ਕੌਮੀ ਏਕਤਾ ਲਈ ਇਹ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ। ਇਸ ਰਾਹੀਂ ਸਮਾਜਿਕ ਕੁਰੀਤੀਆਂ ਵਿਰੁੱਧ ਪ੍ਰਚਾਰ ਕੀਤਾ ਜਾ ਸਕਦਾ ਹੈ। ਇਹ ਵਿਗਿਆਪਨ (Advertisement) ਦਾ ਵੀ ਇੱਕ ਮਹੱਤਵਪੂਰਨ ਸਾਧਨ ਹੈ। ਸਿਨਮਾ ਵਿੱਦਿਆ ਦੇ ਪਸਾਰ ਦਾ ਵੀ ਕੰਮ ਕਰਦਾ ਹੈ। ਅਨਪੜ੍ਹ ਨਾਗਰਿਕ ਕਿਤਾਬਾਂ ਰਾਹੀਂ ਜੋ ਗੱਲ ਨਹੀਂ ਸਿੱਖ ਸਕਦਾ ਉਸ ਨੂੰ ਉਹ ਗੱਲ ਸਿਨਮੇ ਰਾਹੀਂ ਸਿਖਾਈ ਜਾ ਸਕਦੀ ਹੈ। ਸਿਨਮੇ ਤੋਂ ਅਸੀਂ ਜਿੱਥੇ ਜੀਵਨ-ਜਾਚ ਸਿੱਖਦੇ ਹਾਂ ਉੱਥੇ ਸਾਨੂੰ ਇਸ ਤੋਂ ਨਵੇਂ ਫ਼ੈਸ਼ਨ ਅਤੇ ਸੰਗੀਤ ਬਾਰੇ ਵੀ ਜਾਣਕਾਰੀ ਮਿਲਦੀ ਹੈ। ਪਰ ਸਿਨਮੇ ਨੇ ਸਾਡੇ ਸਮਾਜ ‘ਤੇ ਕੁਝ ਬੁਰਾ ਅਸਰ ਵੀ ਪਾਇਆ ਹੈ। ਫ਼ਿਲਮਾਂ ਵਿਚਲੇ ਨੰਗੇਜ ਦਾ ਸਾਡੀ ਨੌਜਵਾਨ-ਪੀੜ੍ਹੀ ‘ਤੇ ਬੁਰਾ ਅਸਰ ਹੁੰਦਾ ਹੈ। ਲੋੜ ਇਸ ਗੱਲ ਦੀ ਹੈ ਕਿ ਚੰਗੀਆਂ ਅਤੇ ਉਸਾਰੂ ਫ਼ਿਲਮਾਂ ਬਣਾਈਆਂ ਜਾਣ ਜੋ ਲੋਕਾਂ ਦੀ ਠੀਕ ਅਗਵਾਈ ਕਰਨ। ਪਰ ਹੁਣ ਲੋਕਾਂ ਵਿੱਚ ਸਿਨਮਾ ਹਾਲ ਵਿੱਚ ਜਾ ਕੇ ਫ਼ਿਲਮ ਦੇਖਣ ਦੀ ਰੁਚੀ ਘਟਦੀ ਜਾ ਰਹੀ ਹੈ। ਹੁਣ ਲੋਕਾਂ ਨੇ ਘਰਾਂ ਵਿੱਚ ਹੀ ਫ਼ਿਲਮਾਂ ਦੇਖਣ ਦਾ ਪ੍ਰਬੰਧ ਕੀਤਾ ਹੋਇਆ ਹੈ। ਨਿਹਸੰਦੇਹ ਸਿਨਮੇ ਦੀ ਸਾਰਥਿਕਤਾ ਬਰਾਬਰ ਬਣੀ ਹੋਈ ਹੈ।