CBSEEducationKavita/ਕਵਿਤਾ/ कविताNCERT class 10thPunjab School Education Board(PSEB)

ਕੱਢ ਕਲੇਜਾ ……… ਮੇਰੇ ਨਾਲ ਤੁਹਾਨੂੰ ਕੀ?


ਮਿਰਜ਼ਾ ਸਾਹਿਬਾਂ : ਪੀਲੂ


ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ-

ਕੱਢ ਕਲੇਜਾ ਲੈ ਗਈ, ਖਾਨ ਖੀਵੇ ਦੀ ਧੀ ।

ਗਜ਼ ਗਜ਼ ਲੰਮੀਆਂ ਮੇਢੀਆਂ, ਰੰਗ ਦੀ ਗੋਰੇ ਸੀ ।

ਜਿ ਦੇਵੇ ਪਿਆਲਾ ਜ਼ਹਿਰ ਦਾ, ਮੈਂ ਮਿਰਜ਼ਾ ਲੈਂਦਾ ਪੀ ।

ਜਿ ਮਾਰੇ ਬਰਛੀ ਕੱਸ ਕੇ, ਮਿਰਜ਼ਾ ਕਦੀ ਨਾ ਕਰਦਾ ਸੀ।

ਆਪਣੀ ਮੌਤੇ ਮੈਂ ਮਰਾਂ, ਮੇਰੇ ਨਾਲ ਤੁਹਾਨੂੰ ਕੀ?


ਪ੍ਰਸੰਗ : ਇਹ ਕਾਵਿ-ਟੋਟਾ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਪੀਲੂ ਦੀ ਰਚਨਾ ‘ਮਿਰਜ਼ਾ ਸਾਹਿਬਾਂ’ ਵਿੱਚੋਂ ਲਿਆ ਗਿਆ ਹੈ। ਇਸ ਕਿੱਸੇ ਵਿੱਚ ਕਵੀ ਨੇ ਮਿਰਜ਼ਾ-ਸਾਹਿਬਾਂ ਦੀ ਪ੍ਰੀਤ-ਕਹਾਣੀ ਨੂੰ ਬਿਆਨ ਕੀਤਾ ਹੈ। ਮਿਰਜ਼ੇ ਦੇ ਸਾਹਿਬਾਂ ਨੂੰ ਉਧਾਲਣ ਲਈ ਤੁਰ ਪੈਣ, ਰਸਤੇ ਵਿੱਚ ਉਸ ਨੂੰ ਪੀਲੂ ਸ਼ਾਇਰ ਦੇ ਮਿਲਣ ਤੇ ਉਸ (ਪੀਲੂ) ਦੇ ਉਸ ਨੂੰ ਬਦਸ਼ਗਨੀ ਬਾਰੇ ਦੱਸਣ, ਪਰ ਇਸ਼ਕ ਦੇ ਮਾਰੇ ਮਿਰਜ਼ੇ ਦੇ ਪਿੱਛੇ ਨਾ ਮੁੜਨ ਦਾ ਜ਼ਿਕਰ ਹੈ।

ਵਿਆਖਿਆ : ਮਿਰਜ਼ਾ ਕਹਿੰਦਾ ਹੈ ਕਿ ਖੀਵੇ ਖ਼ਾਨ ਦੀ ਧੀ ਸਾਹਿਬਾਂ ਨੇ ਆਪਣੀ ਸੁੰਦਰਤਾ ਨਾਲ ਉਸ ਦਾ ਕਲੇਜਾ ਕੱਢ ਲਿਆ ਹੈ। ਉਸ ਦੀਆਂ ਗਜ਼-ਗਜ਼ ਲੰਮੀਆਂ ਮੇਂਢੀਆਂ ਤੇ ਉਸ ਦੇ ਗੋਰੇ ਰੰਗ ਨੇ ਉਸ ਨੂੰ ਕੀਲ ਕੇ ਰੱਖ ਲਿਆ ਹੈ। ਉਹ ਉਸ ਨੂੰ ਇੰਨੇ ਸਿਦਕ ਤੇ ਦ੍ਰਿੜਤਾ ਨਾਲ ਪਿਆਰ ਕਰਦਾ ਹੈ ਕਿ ਜੇਕਰ ਉਹ ਉਸ ਨੂੰ ਆਪਣੇ ਹੱਥਾਂ ਨਾਲ ਜ਼ਹਿਰ ਦਾ ਪਿਆਲਾ ਪੀਣ ਲਈ ਦੇਵੇ, ਤਾਂ ਉਹ ਉਸ ਨੂੰ ਬੜੀ ਖ਼ੁਸ਼ੀ ਨਾਲ ਪੀ ਲਵੇਗਾ। ਜੇਕਰ ਉਹ ਉਸ ਨੂੰ ਆਪਣੇ ਹੱਥਾਂ ਨਾਲ ਕੱਸ ਕੇ ਬਰਛੀ ਮਾਰਨੀ ਚਾਹੇ, ਤਾਂ ਉਹ ਹੱਸ ਕੇ ਉਸ ਦੇ ਅਜਿਹੇ ਵਾਰ ਨੂੰ ਸਹਿ ਲਵੇਗਾ ਤੇ ਕਦੇ ਮੂੰਹੋਂ ਸੀ ਨਹੀਂ ਕਰੇਗਾ। ਉਸ ਨੇ ਜੇਕਰ ਮਰਨਾ ਹੈ, ਤਾਂ ਆਪਣੀ ਮੌਤੇ ਮਰਨਾ ਹੈ। ਕਿਸੇ ਨੂੰ ਉਸ ਦੇ ਮਰਨ ‘ਤੇ ਕੋਈ ਦੁੱਖ ਨਹੀਂ ਹੋਣਾ ਚਾਹੀਦਾ, ਕਿਉਂਕਿ ਜ਼ਿੰਦਗੀ ਉਸ ਦੀ ਆਪਣੀ ਹੈ ਤੇ ਇਸ ਨੇ ਜਦੋਂ ਮੌਤ ਆਉਣੀ ਹੈ, ਮਰ ਜਾਣਾ ਹੈ, ਇਸ ਕਰਕੇ ਨਾ ਉਹ ਆਪਣੀ ਮੌਤ ਤੋਂ ਡਰਦਾ ਹੈ ਤੇ ਨਾ ਹੀ ਉਸ ਦੇ ਮਰਨ ਦਾ ਕਿਸੇ ਨੂੰ ਕੋਈ ਦੁਖ ਹੋਣਾ ਚਾਹੀਦਾ ਹੈ।