CBSEclass 11 PunjabiEducationPunjab School Education Board(PSEB)

ਸਾਰ : ਮੀਆਂ ਰਾਂਝਾ


ਪ੍ਰਸ਼ਨ : ‘ਮੀਆਂ ਰਾਂਝਾ’ ਨਾਂ ਦੇ ਢੋਲੇ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ : ‘ਮੀਆਂ ਰਾਂਝਾ’ ਨਾਂ ਦੇ ਢੋਲੇ ਵਿੱਚ ਰਾਂਝੇ ਵੱਲੋਂ ਆਪਣਾ ਘਰ ਛੱਡ ਕੇ ਸਿਆਲਾਂ ਨੂੰ ਜਾਣ ਦੀ ਮਾਨਸਿਕਤਾ ਦਾ ਚਿਤਰਨ ਹੈ। ਭਰਾਵਾਂ-ਭਰਜਾਈਆਂ ਦਾ ਸਤਾਇਆ ਰਾਂਝਾ ਘਰੋਂ ਫ਼ਿਕਰਮੰਦ ਹੋ ਕੇ ਤੁਰ ਪਿਆ ਅਤੇ ਝਨਾਂਅ ਦਰਿਆ ਦਾ ਕੰਢਾ ਜਾ ਮੱਲਿਆ। ਰਾਂਝੇ ਦੇ ਭਰਾ ਉਹਨੂੰ ਮੋੜਨ ਲਈ ਆਏ। ਉਹ ਉਸ ਅੱਗੇ ਹੱਥ ਬੰਨ੍ਹ ਕੇ ਬੇਨਤੀ ਕਰਦੇ ਹੋਏ ਉਸ ਨੂੰ ਕਹਿੰਦੇ ਹਨ ਕਿ ਸੱਤ ਭਰਜਾਈਆਂ ਉਸ ਦੀਆਂ ਆਗਿਆਕਾਰ ਹਨ। ਇਸ ਲਈ ਉਹ ਉਹਨਾਂ ਦੀ ਗੱਲ ਮੰਨੇ ਤੇ ਪਿਓ-ਦਾਦੇ ਦੀ ਜਾਇਦਾਦ ਛੱਡ ਕੇ ਨਾ ਜਾਵੇ। ਪਰ ਰਾਂਝਾ ਭਰਾਵਾਂ ਨੂੰ ਕਹਿੰਦਾ ਹੈ ਕਿ ਉਸ ਦੀ ਰੂਹ ਅਥਵਾ ਉਸ ਦਾ ਧਿਆਨ ਹੀਰ ਵਿੱਚ ਲੱਗ ਗਿਆ ਹੈ। ਇਸ ਲਈ ਉਸ ਨੇ ਤਾਂ ਸਿਆਲਾਂ ਨੂੰ ਜਾਣਾ ਹੈ ਅਤੇ ਉਸ ਨੂੰ ਧੁੱਪ ਤੇ ਛਾਂ ਦੀ ਕੋਈ ਪਰਵਾਹ ਨਹੀਂ। ਇਸ ਤਰ੍ਹਾਂ ਰਾਂਝੇ ਨੇ ਝੰਗ ਸਿਆਲ਼ਾਂ ਨੂੰ ਜਾਣ ਦੀ ਪੱਕੀ ਧਾਰੀ ਹੋਈ ਸੀ।


ਅਭਿਆਸ ਦੇ ਪ੍ਰਸ਼ਨ-ਉੱਤਰ

(ਸੰਖੇਪ ਉੱਤਰਾਂ ਵਾਲੇ ਪ੍ਰਸ਼ਨ)

ਪ੍ਰਸ਼ਨ 1. ‘ਮੀਆਂ ਰਾਂਝਾ’ ਢੋਲੇ ਵਿੱਚ ਰਾਂਝੇ ਦੀ ਮਾਨਸਿਕ ਹਾਲਤ ਕਿਹੋ-ਜਿਹੀ ਸੀ?

ਉੱਤਰ : ‘ਮੀਆਂ ਰਾਂਝਾ’ ਨਾਂ ਦੇ ਢੋਲੇ ਵਿੱਚ ਰਾਂਝੇ ਦੀ ਮਾਨਸਿਕ ਹਾਲਤ ਇਹ ਸੀ ਕਿ ਭਾਵੇਂ ਉਸ ਦੇ ਭਰਾ ਉਸ ਨੂੰ ਝੰਗ ਸਿਆਲ ਜਾਣ ਤੋਂ ਰੋਕਦੇ ਸਨ ਪਰ ਰਾਂਝੇ ਦੇ ਮਨ ਵਿੱਚ ਹੀਰ ਹੀ ਵਸੀ ਹੋਈ ਸੀ ਅਤੇ ਉਸ ਨੇ ਝੰਗ ਸਿਆਲ ਜਾਣ ਦੀ ਪੱਕੀ ਧਾਰੀ ਹੋਈ ਸੀ। ਉਸ ਨੂੰ ਧੁੱਪ-ਛਾਂ ਅਥਵਾ ਕਿਸੇ ਹੋਰ ਮੁਸੀਬਤ ਦੀ ਕੋਈ ਪਰਵਾਹ ਨਹੀਂ ਸੀ।

ਪ੍ਰਸ਼ਨ 2. ‘ਮੀਆਂ ਰਾਂਝਾ’ ਢੋਲੇ ਵਿੱਚ ਰਾਂਝੇ ਦੇ ਭਰਾਵਾਂ ਨੇ ਕੀ ਕਿਹਾ?

ਉੱਤਰ : ‘ਮੀਆਂ ਰਾਂਝਾ’ ਢੋਲੇ ਵਿੱਚ ਰਾਂਝੇ ਦੇ ਭਰਾਵਾਂ ਨੇ ਕਿਹਾ ਕਿ ਉਹ ਬਾਹਾਂ ਬੰਨ੍ਹ ਕੇ ਅਰਜ਼ ਕਰਦੇ ਹਨ ਕਿ ਸੱਤ ਭਰਜਾਈਆਂ ਉਸ ਦੀਆਂ ਆਗਿਆਕਾਰ ਹਨ। ਇਸ ਲਈ ਉਹ (ਰਾਂਝਾ) ਉਹਨਾਂ ਦੀ ਅਰਜ਼ ਮੰਨੇ ਅਤੇ ਕੋਈ ਨਿਆਂ ਦੀ ਗੱਲ ਕਰੇ। ਰਾਂਝੇ ਦੇ ਭਰਾ ਉਸ ਨੂੰ ਕਹਿੰਦੇ ਹਨ ਕਿ ਉਹ ਪਿਓ-ਦਾਦੇ ਦੀ ਜ਼ਮੀਨ-ਜਾਇਦਾਦ ਛੱਡ ਕੇ ਨਾ ਜਾਵੇ।

ਪ੍ਰਸ਼ਨ 3. ‘ਮੀਆਂ ਰਾਂਝਾ’ ਢੋਲੇ ਵਿੱਚ ਰਾਂਝੇ ਨੇ ਆਪਣੇ ਭਰਾਵਾਂ ਨੂੰ ਕੀ ਕਿਹਾ?

ਉੱਤਰ : ‘ਮੀਆਂ ਰਾਂਝਾ’ ਢੋਲੇ ਵਿੱਚ ਰਾਂਝੇ ਨੇ ਭਰਾਵਾਂ ਨੂੰ ਕਿਹਾ ਕਿ ਉਸ ਦੀ ਰੂਹ ਅਥਵਾ ਧਿਆਨ ਹੀਰ ਵਿੱਚ ਲੱਗ ਗਿਆ ਹੈ। ਭੈੜਾ ਦਿਲ ਜ਼ਿਦ ਕਰਦਾ ਹੈ। ਉਸ ਨੇ ਤਾਂ ਝੰਗ ਸਿਆਲ ਨੂੰ ਜਾਣਾ ਹੈ ਅਤੇ ਉਸ ਨੂੰ ਧੁੱਪ ਅਤੇ ਛਾਂ ਦੀ ਕੋਈ ਪਰਵਾਹ ਨਹੀਂ।


ਔਖੇ ਸ਼ਬਦਾਂ ਦੇ ਅਰਥ

ਮੁਦ-ਫ਼ਿਕਰ : ਫ਼ਿਕਰਮੰਦ।

ਕੰਧੀ : ਕੰਢਾ।

ਤਾਬੇਦਾਰ : ਅਗਿਆਕਾਰ।

ਅਰਜੋਈ : ਅਰਜ਼, ਬੇਨਤੀ।

ਫਿੱਟੀ : ਛੱਡੀ।

ਵੈਨਾਂ ਏਂ : ਜਾਂਦਾ ਏਂ।

ਮਿਲਖ : ਜਾਇਦਾਦ।

ਦਰੋਹੀ : ਦੁਹਾਈ।

ਅਲਾਹੁ : ਰੱਬ।

ਕਾਣ : ਵਿੱਚ।

ਮੂਝ : ਲੱਗ ਗਿਆ।

ਰਿਹਾੜ : ਜ਼ਿਦ, ਹਠ।

ਵੰਝਣਾਂ : ਜਾਣਾ।