ਸਾਰ : ਢੋਲ ਢਮੱਕਾ


ਪ੍ਰਸ਼ਨ. ‘ਢੋਲ-ਢਮੱਕਾ’ ਲੇਖ ਵਿਚ ਆਏ ਵਿਚਾਰਾਂ ਦਾ ਸਾਰ ਲਿਖੋ।

ਉੱਤਰ : ਦੁਨੀਆ ਵਿਚ ਹਰ ਇਕ ਬੰਦਾ ਆਪਣੀ ਪਹੁੰਚ ਅਨੁਸਾਰ ਰੌਲਾ ਪਾਉਣ ਦਾ ਯਤਨ ਕਰਦਾ ਹੈ। ਅਜਿਹੇ ਲੋਕ ਬਹੁਤ ਘੱਟ ਹਨ, ਜਿਹੜੇ ਦੁਨੀਆ ਨੂੰ ਸੁਖੀ ਅਤੇ ਸ਼ਾਂਤ ਦੇਖਣਾ ਚਾਹੁੰਦੇ ਹਨ। ਰੌਲਾ ਪਾਉਣ ਵਾਲੇ ਲੋਕਾਂ ਦਾ ਮਤਲਬ ਹੁੰਦਾ ਹੈ, ਲੋਕਾਂ ਨੂੰ ਉੱਲੂ ਬਣਾ ਕੇ ਆਪਣਾ ਮਤਲਬ ਕੱਢਣਾ। ਜਿਹੜਾ ਇਸ ਖੇਡ ਵਿਚ ਸਫਲ ਹੋ ਜਾਂਦਾ ਹੈ, ਦੁਨੀਆ ਉਸ ਨੂੰ ਆਪਣੇ ਮੋਢਿਆ ਉੱਤੇ ਚੁੱਕ ਲੈਂਦੀ ਹੈ, ਪਰੰਤੂ ਅਸਫਲ ਰਹਿਣ ਵਾਲੇ ਪੈਰਾਂ ਹੇਠ ਲਿਤਾੜੇ ਜਾਂਦੇ ਹਨ।

ਪਿਛਲੀ ਜੰਗ ਵਿਚ ਜਰਮਨਾਂ ਨੇ ਪਹਿਲੇ ਹੱਲੇ ਵਿਚ ਹੀ ਫ਼ਰਾਂਸ ਤੇ ਬੈਲਜੀਅਮ ਨੂੰ ਉਲਟਾਉਣ ਮਗਰੋਂ ਬਰਤਾਨੀਆ ਦੇ ਜਹਾਜੀ ਬੇੜੇ ਨੂੰ ਰੋਕਣ ਖ਼ਾਤਰ ਨੇੜੇ ਦੇ ਸਮੁੰਦਰੀ ਕੰਢਿਆਂ ਉੱਪਰ ਹਮਲਾ ਕਰਨ ਲਈ ਡੈਨਮਾਰਕ, ਹਾਲੈਂਡ ਤੇ ਨਾਰਵੇ ਦੇ ਸਾਰੇ ਕੰਢੇ ਮੱਲ ਲਏ। ਨਾਰਵੇ ਦੇ ਸ਼ਹਿਰ ਓਸਲੋ ਉੱਤੇ ਕਬਜ਼ਾ ਕਰਨ ਲਈ ਜਰਮਨ ਫ਼ੌਜਾਂ ਨੇ ਚਲਾਕੀ ਨਾਲ ਅੱਗੇ-ਅੱਗੇ ਬੈਂਡ ਵਜਾਇਆ। ਲੋਕ ਤਮਾਸ਼ਾ ਦੇਖਣ ਲਈ ਘਰਾਂ ਤੋਂ ਨਿਕਲ ਕੇ ਵਾਜੇ ਦੀਆਂ ਸੁਰਾਂ ਸੁਣਨ ਲੱਗ ਪਏ ਤੇ ਜਰਮਨ ਫ਼ੌਜਾਂ ਨੇ ਸਭ ਨੂੰ ਮਸਤ ਕਰ ਕੇ ਬਿਨਾਂ ਗੋਲੀ ਚਲਾਇਆਂ ਓਸਲੋ ਉੱਤੇ ਕਬਜ਼ਾ ਕਰ ਲਿਆ।

ਲੇਖਕ ਕਹਿੰਦਾ ਹੈ ਕਿ ਸਾਰਾ ਮਸਲਾ ਅਗਲੇ ਨੂੰ ਝੁਰਲੂ ਫੇਰ ਕੇ ਕਮਲਿਆਂ ਕਰਨ ਦਾ ਹੈ, ਜਿੱਥੇ ਦੋ ਆਦਮੀ ਟੱਕਰਦੇ ਹਨ, ਉੱਥੇ ਇਹੋ ਸੁਆਲ ਉੱਠਦਾ ਹੈ ਕਿ ਕਿਹੜਾ ਦੂਜੇ ਨੂੰ ਉੱਲੂ ਬਣਾ ਸਕਦਾ ਹੈ ਤੇ ਕਿਵੇਂ? ਮਨੁੱਖ ਦੇ ਜਾਨਵਰਾਂ ਵਾਂਗ ਸਿੰਙ ਜਾਂ ਨਹੁੰਦਰਾਂ ਨਹੀਂ, ਇਸ ਕਰਕੇ ਉਹ ਫ਼ਰੇਬ ਜਾਂ ਨੀਤੀ ਨਾਲ ਵਿਰੋਧੀਆਂ ਨੂੰ ਦਬਾਉਣਾ ਚਾਹੁੰਦਾ ਹੈ। ਇਸ ਪੱਖ ਤੋਂ ਪਸ਼ੂ ਨੇਕ ਤੇ ਇਮਾਨਦਾਰ ਹਨ, ਜੋ ਕਿ ਆਪਣੇ ਹਥਿਆਰ ਲੁਕਾਉਂਦੇ ਨਹੀਂ, ਪਰੰਤੂ ਆਦਮੀ ਖੋਟਾ ਤੇ ਚਲਾਕ ਹੈ, ਜੋ ਵੈਰੀ ਵਿਰੁੱਧ ਨਾ ਦਿਸਣ  ਵਾਲੇ ਹਥਿਆਰ ਦੀ ਵਰਤੋਂ ਕਰਦਾ ਹੈ। ਜਿਹੜਾ ਫ਼ਰੇਬ ਨਾਲ ਦੂਜੇ ਨੂੰ ਕਾਬੂ ਕਰੇ, ਉਹ ਸੱਭਿਅਕ ਕਹਾਉਂਦਾ ਹੈ। ਜਿਹੜਾ ਗੱਲਾਂ-ਬਾਤਾਂ ਨਾ ਕਰੇ ਤੇ ਸਿੱਧੀ ਮਤਲਬ ਦੀ ਗੱਲ ਕਰੇ, ਉਹ ਅਸੱਭਿਅਕ ਕਹਾਉਂਦਾ ਹੈ।

ਇਸ ਪੱਖੋਂ ਸਾਡਾ ਦੇਸ਼ ਬਹੁਤ ਰੌਲੇ ਵਾਲਾ ਦੇਸ਼ ਹੈ। ਸਾਡੇ ਦੇਸ਼ ਵਿਚ ਦੂਜਿਆਂ ਨੂੰ ਕਮਲੇ ਕਰਨ ਦੇ ਵਿੰਗੇ-ਟੇਢੇ ਤਰੀਕੇ ਘੱਟ ਵਰਤੇ ਜਾਂਦੇ ਹਨ। ਇੱਥੇ ਸੰਘ ਪਾੜਨ ਵਰਗੇ ਸਭ ਤੋਂ ਸਸਤੇ ਘੱਟ ਖੇਚਲ ਵਾਲੇ ਤਰੀਕੇ ਵਰਤੇ ਜਾਂਦੇ ਹਨ। ਆਦਮੀ ਦਾ ਸੰਘ ਹੈ ਤਾਂ ਨਿੱਕੀ ਜਿਹੀ ਚੀਜ਼, ਪਰੰਤੂ ਬੜਾ ਕਲਾਕਾਰੀ ਦਾ ਸੰਦ ਹੈ। ਇਸ ਨਾਲ ਰਾਗ ਛੇੜ ਕੇ ਜਾਂ ਹਾਲ-ਦੁਹਾਈ ਪਾ ਕੇ ਬਥੇਰੇ ਲੋਕ ਇਕੱਠੇ ਕਰ ਲਏ ਜਾਂਦੇ ਹਨ। ਜਿਹੜੀ ਚੀਜ਼ ਹੋਰ ਕਿਸੇ ਤਰੀਕੇ ਨਾਲ ਨਹੀਂ ਵੇਚੀ ਜਾ ਸਕਦੀ, ਉਹ ਸੰਘ ਪਾੜਨ ਵਾਲਾ ਆਦਮੀ ਅੱਧੇ ਘੰਟੇ ਵਿਚ ਹੀ ਵੇਚ ਕੇ ਲਾਂਭੇ ਹੁੰਦਾ ਹੈ।

ਇਸ ਗੱਲੋਂ ਸਾਡਾ ਦੇਸ਼ ਬੜਾ ਸਸਤਾ ਤੇ ਸੰਕੋਚੀ ਢੋਲ-ਢਮੱਕੇ ਵਾਲਾ ਦੇਸ਼ ਹੈ ਅਤੇ ਇੱਥੇ ਸੁਣਨ ਵਾਲੇ ਵੀ ਬੜੇ ਸਹਿਣ-ਸ਼ੀਲ ਹਨ। ਇੱਥੇ ਅਜੇ ਸਵੇਰਾ ਹੀ ਹੁੰਦਾ ਹੈ ਕਿ ਇਕ ਢੋਲ, ਵਾਜਾ ਤੇ ਦੂਜਾ ਟੱਲ ਵਾਲਾ ਸੜਕਾਂ ਉੱਤੇ ਆ ਕੇ ਸਾਰੇ ਜ਼ੋਰ ਨਾਲ ਆਪਣੇ ਸਾਜ਼ ਵਜਾਉਂਦੇ ਹੋਏ ਲੋਕਾਂ ਨੂੰ ਆਪਣਾ ਮਾਲ ਖ਼ਰੀਦਣ ਲਈ ਉਕਸਾਉਣਾ ਸ਼ੁਰੂ ਕਰ ਦਿੰਦੇ ਹਨ। ਇਨ੍ਹਾਂ ਦੇ ਜਾਦਿਆਂ ਹੀ ਅਜਬ ਜਿਹੇ ਮੁੰਡੇ ਸਿਨਮੇ ਦੇ ਵੱਡੇ-ਵੱਡੇ ਇਸ਼ਤਿਹਾਰ ਚੁੱਕੀ ਦੋ-ਤਿੰਨ ਬੈਂਡ ਵਾਲਿਆਂ ਦੇ ਪਿੱਛੇ ਤੁਰੇ ਆ ਜਾਂਦੇ ਹਨ। ਇਨ੍ਹਾਂ ਦੀਆਂ ਅਵਾਜ਼ ਨਾਲ ਲੋਕਾਂ ਨੂੰ ਸਵੇਰੇ ਆਪਣੇ ਕੰਮ-ਧੰਦੇ ਬਾਰੇ ਸ਼ਾਂਤੀ ਨਾਲ ਵਿਚਾਰ ਕਰਨ ਦਾ ਮੌਕਾ ਹੀ ਨਹੀਂ ਮਿਲਦਾ। ਇਨ੍ਹਾਂ ਦਾ ਅਸਲ ਮਤਲਬ ਸਾਡੀਆਂ ਜੇਬਾਂ ਫੋਲਣ ਦਾ ਹੁੰਦਾ ਅਤੇ ਇਹ ਢੀਠ ਸਵੇਰੇ ਹੀ ਆਪਣਾ ਕੰਮ ਆਰੰਭ ਕਰ ਦਿੰਦੇ ਹਨ।

ਦਸ ਕੁ ਵਜੇ ਦਫ਼ਤਰ ਤੇ ਕਚਹਿਰੀਆਂ ਖੁੱਲ੍ਹ ਜਾਂਦੀਆਂ ਹਨ। ਬਾਬੂਆਂ ਦੇ ਮੇਜ਼-ਕੁਰਸੀਆਂ ਸਿੱਧੀਆਂ ਕਰਦਿਆਂ ਨੂੰ ਦੁਪਹਿਰ ਦਾ ਰੇਡੀਓ ਆਰੰਭ ਹੋ ਜਾਂਦਾ ਹੈ। ਹਰ ਦੁਕਾਨਦਾਰ ਦੂਜੇ ਤੋਂ ਉੱਚੀ ਰੇਡੀਓ ਵਜਾਉਣ ਦਾ ਯਤਨ ਕਰਦਾ ਹੈ। ਬਜ਼ਾਰ ਰਾਮ-ਰੌਲ਼ੇ ਦੀ ਮੰਡੀ ਬਣ ਜਾਂਦਾ ਹੈ। ਬਜ਼ਾਰ ਵਿਚ ਸਹਿਜ-ਸੁਭਾ ਕੋਈ ਗੱਲ ਨਹੀਂ ਕੀਤੀ ਜਾ ਸਕਦੀ। ਸ਼ਾਮ ਨੂੰ ਫਿਰ ਛਾਬੜੀ ਵਾਲੇ ਤੇ ਰੇੜ੍ਹੀ ਵਾਲੇ ਆਪਣਾ ਬਚਿਆ-ਖੁਚਿਆ ਮਾਲ ਵੇਚਣ ਲਈ ਰੱਜ-ਰੱਜ ਕੇ ਰੌਲਾ ਪਾਉਣ ਲਗਦੇ ਹਨ ਤੇ ਇਸ ਰੌਲੇ-ਗੌਲੇ ਦੇ ਸੁਰਤ ਮਾਰੂ ਪ੍ਰਭਾਵ ਹੇਠ ਲੋਕ ਬੇਹੀ ਤੋਂ ਬੇਹੀ ਅਤੇ ਗੰਦੀ-ਸੜੀ ਸਬਜ਼ੀ ਤੇ ਫਲ ਖ਼ਰੀਦ ਕੇ ਲੈ ਜਾਂਦੇ ਹਨ। ਸਿਨਮਾ-ਘਰਾਂ ਦੀ ਭੀੜ ਤੇ ਰੌਲੇ ਦੀ ਤਾਂ ਗੱਲ ਹੀ ਛੱਡੋ।

ਜਦੋਂ ਦੀ ਅਜ਼ਾਦੀ ਆਈ ਹੈ, ਜਾਪਦਾ ਹੈ ਕਿ ਰੌਲਾ ਪਾਉਣ ਦੀ ਪੂਰੀ ਅਜ਼ਾਦੀ ਹੋ ਗਈ ਹੈ। ਰੇਡੀਓ ਤੇ ਲਾਊਡ ਸਪੀਕਰ ਨਾਲ ਪਤਾ ਨਹੀਂ ਵਾਯੂਮੰਡਲ ਦਾ ਕੀ ਹੁੰਦਾ ਹੋਵੇਗਾ, ਪਰ ਸਾਡੇ ਕੰਨ ਤੇ ਦਿਮਾਗ਼ ਵਿੰਨ੍ਹੇ ਪਏ ਹਨ। ਜਿਸ ਦੇਸ਼ ਨੂੰ ਬਿਰਛਾਂ ਹੇਠ ਬੈਠੇ ਮੁਨੀਆਂ ਤੇ ਤਪੱਸਵੀਆਂ ਨੇ ਸ਼ਾਂਤ-ਚਿੱਤ, ਘੱਟ ਬੋਲਣ ਵਾਲੇ ਬਨਵਾਸੀਆਂ ਦਾ ਦੇਸ਼ ਕਿਹਾ ਜਾਂਦਾ ਹੈ, ਉੱਥੇ ਅੱਜ ਪਤਾ ਹੀ ਨਹੀਂ ਲਗਦਾ ਕਿ ਚੁੱਪ ਤੇ ਸ਼ਾਂਤੀ ਕੀ ਚੀਜ਼ ਹੁੰਦੀ ਹੈ। ਇਨ੍ਹਾਂ ਅੱਠੇ ਪਹਿਰ ਪੈਣ ਵਾਲੀਆਂ ਚੋਟਾਂ ਦੇ ਅਸਰ ਤੋਂ ਸ਼ਹਿਰ ਵਾਸੀਆਂ ਦੀ ਸਿਹਤ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦੀ।

ਜਿੰਨਾ ਰੌਲਾ ਸਾਡੇ ਬਜ਼ਾਰਾਂ ਵਿਚ ਪੈਂਦਾ ਹੈ, ਇੰਨਾ ਤਾਂ ਗਿੱਦੜ, ਚਿੜੀਆਂ ਜਾਂ ਕਾਂ ਵੀ ਕਿਸੇ ਹਾਲਤ ਵਿਚ ਨਹੀਂ ਪਾਉਂਦੇ। ਅਸਲ ਵਿਚ ਅਸੀਂ ਸੁਭਾਵਿਕ ਹੀ ਉੱਚੀ ਬੋਲਣ ਵਾਲੇ ਬਣਦੇ ਜਾ ਰਹੇ ਹਾਂ। ਰੌਲੇ ਵਿਚ ਬਿਨਾਂ ਉੱਚੀ ਬੋਲਣ ਤੋਂ ਸਰਦਾ ਨਹੀਂ। ਅਸੀਂ ਆਪਣੇ ਗਲਿਆਂ ਦੀ ਉਹ ਸੁਰੀਲੀ, ਮੱਧਮ ਤੇ ਖਿੱਚ ਭਰੀ ਤਾਲ ਵੀ ਭੁਲਾ ਰਹੇ ਹਾਂ, ਕਿਉਂਕਿ ਸਾਡੇ ਵਿਚ ਰੌਲਾ ਪਾਉਣ ਵਾਲਿਆਂ ਨੂੰ ਰੋਕਣ ਦਾ ਹੌਂਸਲਾ ਨਹੀਂ। ਅਸੀਂ ਇਨ੍ਹਾਂ ਮਤਲਬੀ ਲੋਕਾਂ ਦੇ ਚੁਪ-ਚੁਪਾਤੇ ਸ਼ਿਕਾਰ ਬਣ ਰਹੇ ਹਾਂ।

ਜੇਕਰ ਇਹੋ ਹਾਲਤ ਰਹੀ, ਤਾਂ ਸਾਡੀ ਸੁਣਨ-ਸ਼ਕਤੀ ਦੀ ਸੂਖ਼ਮਤਾ ਜਾਂਦੀ ਰਹੇਗੀ। ਪਸ਼ੂਆਂ ਦੀ ਸੁੰਘਣ, ਸੁਣਨ ਤੇ ਦੇਖਣ ਦੀ ਸ਼ਕਤੀ ਇਸ ਕਰਕੇ ਸੂਖ਼ਮ ਹੁੰਦੀ ਹੈ, ਕਿਉਂਕਿ ਉਹ ਕੁਦਰਤ ਦੀ ਚੁੱਪ ਸ਼ਾਂਤੀ ਤੇ ਇਕਾਂਤ ਵਿਚ ਵਸਦੇ ਹਨ। ਆਦਮੀ ਜਿਸ ਨੂੰ ਸਾਰੇ ਸੂਖ਼ਮ ਭਾਵਾਂ ਦਾ ਜੋੜ ਕਿਹਾ ਜਾਂਦਾ ਹੈ, ਢੋਲ-ਢਮੱਕੇ ਤੇ ਰੌਲੇ ਵਿੱਚ ਰਹਿ ਕੇ ਖਹੁਰਾ ਤੇ ਡੰਡ-ਪਾਊ ਬਣ ਰਿਹਾ ਹੈ।