ਸਾਈਕਲ ਦੀ ਵਰਤੋਂ – ਪੈਰਾ ਰਚਨਾ
ਅੱਜ ਦੇ ਵਿਕਸਿਤ ਆਵਜ਼ਾਈ ਦੇ ਸਾਧਨਾਂ ਵਿੱਚ ਸਾਈਕਲ ਦਾ ਸਥਾਨ ਸਭ ਤੋਂ ਪਿੱਛੇ ਆਉਂਦਾ ਹੈ, ਪਰ ਇਸ ਦੇ ਬਾਵਜੂਦ ਇਹ ਅਵਿਕਸਿਤ ਤੇ ਗ਼ਰੀਬ ਦੇਸ਼ਾਂ ਵਿੱਚ ਸਵਾਰੀ ਲਈ ਬਹੁਤ ਹੀ ਮਹੱਤਵਪੂਰਨ ਸਥਾਨ ਰੱਖਦਾ ਹੈ, ਕਿਉਂਕਿ ਕੀਮਤ ਦੇ ਲਿਹਾਜ਼ ਨਾਲ ਇਸ ਨੂੰ ਹਰ ਛੋਟਾ – ਮੋਟਾ ਕੰਮ ਕਰਨ ਵਾਲਾ ਵਿਅਕਤੀ ਖ਼ਰੀਦ ਸਕਦਾ ਹੈ।
ਇਸ ਉੱਪਰ ਉਹ ਦੂਰ – ਨੇੜੇ ਦੇ ਫ਼ਾਸਲੇ ਵੀ ਤੈਅ ਕਰ ਸਕਦਾ ਹੈ, ਪਰਿਵਾਰ ਦੇ ਇਕ – ਦੋ ਜੀਆਂ ਨੂੰ ਵੀ ਢੋਅ ਸਕਦਾ ਹੈ ਤੇ ਕੁਇੰਟਲ ਕੁ ਤਕ ਦਾ ਭਾਰ ਵੀ। ਇਸ ਪ੍ਰਕਾਰ ਇਸ ਉੱਪਰ ਸਫ਼ਰ ਤੈ ਕਰ ਕੇ ਜਿੱਥੇ ਅਸੀਂ ਮਿੱਤਰਾਂ – ਪਿਆਰਿਆਂ ਤੇ ਸਾਕ – ਸੰਬੰਧੀਆਂ ਨੂੰ ਮਿਲ ਸਕਦੇ ਹਾਂ, ਉੱਥੇ ਛੋਟਾ – ਮੋਟਾ ਕਾਰੋਬਾਰ ਵੀ ਚਲਾ ਸਕਦੇ ਹਾਂ।
ਕਈ ਵਾਰੀ ਕੁਲਚੇ – ਛੋਲੇ, ਕੁਲਫੀਆਂ, ਪਕੌੜੇ ਤੇ ਬੱਚਿਆਂ ਦੇ ਖਾਣ – ਪੀਣ ਦੀਆਂ ਹੋਰ ਚੀਜ਼ਾਂ ਤੇ ਖਿਡਾਉਣੇ ਵੇਚਣ ਵਾਲੇ ਆਪਣੀ ਦੁਕਾਨ ਸਾਈਕਲ ਉੱਪਰ ਹੀ ਸਜਾ ਲੈਂਦੇ ਹਨ ਤੇ ਉਸ ਨੂੰ ਗਲੀਆਂ – ਮੁਹੱਲਿਆਂ ਵਿੱਚ ਘੁਮਾਉਂਦੇ ਫਿਰਦੇ ਹਨ। ਸਾਈਕਲ ਦੀ ਅਜਿਹੀ ਵਰਤੋਂ ਉੱਪਰ ਬਹੁਤ ਖਰਚ ਨਹੀਂ ਹੁੰਦਾ। ਕਦੇ – ਕਦੇ ਇਸ ਦਾ ਪੈਂਚਰ ਲੁਆਉਣਾ ਪੈਂਦਾ ਹੈ, ਟਿਊਬਾਂ ਵਿੱਚ ਹਵਾ ਭਰਨੀ ਪੈਂਦੀ ਹੈ, ਬਰੇਕਾਂ ਆਦਿ ਠੀਕ ਕਰਾਉਣੀਆਂ ਪੈਂਦੀਆਂ ਹਨ ਜਾਂ ਸਾਲ – ਡੇਢ ਸਾਲ ਮਗਰੋਂ ਇਸ ਦਾ ਕੋਈ ਟਾਇਰ ਜਾਂ ਟਿਊਬ ਬਦਲਾਉਣੀ ਪੈਂਦੀ ਹੈ।
ਇਸ ਤਰ੍ਹਾਂ ਇਸ ਉੱਪਰ ਹੋਣ ਵਾਲਾ ਖਰਚ ਬਹੁਤ ਨਿਗੁਣਾ ਜਿਹਾ ਹੁੰਦਾ ਹੈ, ਪਰ ਇਸ ਨੂੰ ਚਲਾਉਂਦਿਆਂ ਕਸਰਤ ਹੋਣ ਨਾਲ ਸਿਹਤ ਨੂੰ ਜੋ ਫਾਇਦਾ ਹੁੰਦਾ ਹੈ, ਉਸ ਦਾ ਆਨੰਦ ਸਕੂਟਰਾਂ, ਮੋਟਰ – ਸਾਈਕਲਾਂ ਤੇ ਕਾਰਾਂ ਚਲਾਉਣ ਵਾਲੇ ਨਹੀਂ ਲੈ ਸਕਦੇ। ਇਸ ਕਰਕੇ ਸਾਈਕਲ ਦੀ ਸਵਾਰੀ ਨੂੰ ਆਪਣੀ ਸ਼ਾਨ ਦੇ ਵਿਰੁੱਧ ਨਹੀਂ ਸਮਝਣਾ ਚਾਹੀਦਾ। ਜਿਹੜਾ ਇਸ ਨੂੰ ਹਰ ਰੋਜ਼ ਕੱਪੜੇ ਨਾਲ ਚੰਗੀ ਤਰ੍ਹਾਂ ਸਾਫ਼ ਕਰਦਾ ਹੈ, ਕਦੇ – ਕਦੇ ਤੇਲ ਦਿੰਦਾ ਹੈ ਤੇ ਪੰਪ ਨਾਲ ਆਪੇ ਉਸ ਨੂੰ ਫੂਕ ਭਰਦਾ ਹੈ, ਉਸ ਨੂੰ ਇਸ ਦੀ ਸਵਾਰੀ ਦਾ ਬਹੁਤ ਆਨੰਦ ਆਉਂਦਾ ਹੈ।