ਸਾਂਝੀ ਕੰਧ – ਸਾਰ
ਪ੍ਰਸ਼ਨ – ‘ਸਾਂਝੀ ਕੰਧ’ ਕਹਾਣੀ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ।
ਉੱਤਰ – ਕਹਾਣੀ ‘ ਸਾਂਝੀ ਕੰਧ’ , ਸੰਤੋਖ ਸਿੰਘ ਧੀਰ ਦੀ ਸਿਰਮੋਹ ਕਹਾਣੀਆਂ ਵਿੱਚੋਂ ਇੱਕ ਹੈ।
ਇਹ ਕਹਾਣੀ ਇੱਕ ਪੇਂਡੂ ਪਰਿਵਾਰ ਨਾਲ਼ ਸੰਬੰਧਿਤ ਹੈ, ਜੋ ਕਿ ਦੋ ਭਰਾਵਾਂ ਕਪੂਰ ਸਿੰਘ ਅਤੇ ਦਰਬਾਰਾ ਸਿੰਘ ਦੇ ਆਲੇ ਦੁਆਲੇ ਘੁੰਮਦੀ ਹੈ। ਦੋ ਘਰਾਂ ਦੀ ਸਾਂਝੀ ਕੰਧ ਇਸ ਕਹਾਣੀ ਦਾ ਮੁੱਖ ਵਿਸ਼ਾ ਹੈ।
ਵਧੇਰੇ ਮੀਂਹ ਪੈਣ ਕਰਕੇ ਕਪੂਰ ਸਿੰਘ ਦਾ ਘਰ ਢਹਿ ਗਿਆ ਸੀ। ਅੱਠ ਮਹੀਨਿਆਂ ਦੀ ਖੱਜਲ ਖੁਆਰੀ ਤੋਂ ਬਾਅਦ ਉਹ ਮਕਾਨ ਬਣਾਉਣ ਲਈ ਪੈਸਿਆਂ ਦਾ ਇੰਤਜ਼ਾਮ ਕਰ ਸਕਿਆ ਸੀ।
ਉਸ ਨੇ ਮਕਾਨ ਬਣਾਉਣ ਲਈ ਜ਼ਿਲ੍ਹੇ ਦੇ ਦਫ਼ਤਰ ਵਿੱਚ ਕਈ ਚੱਕਰ ਕੱਟੇ, ਵਜ਼ੀਰਾਂ ਦੀਆਂ ਸਿਫ਼ਾਰਸ਼ਾਂ ਪੁਆ ਕੇ ਅਤੇ ਦਸ ਵਿੱਘੇ ਜ਼ਮੀਨ ਜ਼ਮਾਨਤੀ ਰੱਖ ਕੇ ਕਰਜ਼ਾ ਲਿਆ ਸੀ। ਮਕਾਨ ਬਣਾਉਣ ਲਈ ਸਾਰੇ ਸਮਾਨ ਦਾ ਇੰਤਜ਼ਾਮ ਹੋ ਚੁੱਕਾ ਸੀ।
ਕਪੂਰ ਸਿੰਘ ਦੇ ਸੱਜੇ ਪਾਸੇ ਦੀ ਕੰਧ ਚਾਚੀ ਰਾਮ ਕੌਰ ਨਾਲ਼ ਸਾਂਝੀ ਸੀ। ਕਪੂਰ ਸਿੰਘ ਦੇ ਘਰ ਦੇ ਨਾਲ ਹੀ ਦਰਬਾਰੇ ਦੇ ਘਰ ਦਾ ਵੀ ਕੁੱਝ ਹਿੱਸਾ ਡਿਗ ਪਿਆ ਸੀ, ਜਿਸ ਤੋਂ ਉਹ ਆਪ ਤੰਗ ਸੀ ਅਤੇ ਉਸ ਨੂੰ ਕੰਧ ਦੀ ਆਪ ਲੋੜ ਸੀ।
ਪਿਛਲੇ ਪਾਸੇ ਚੰਨਣ ਸਿੰਘ ਚੀਨੀਏਂ ਦੀ ਆਬਾਦੀ ਸੀ। ਉਸ ਨੇ ਕਦੇ ਨਾ ਕਦੇ ਦੋ ਖਣ ਛੱਤਣੇ ਹੀ ਸਨ, ਇਸ ਲਈ ਉਸ ਨੇ ਸ਼ਤੀਰ ਧਰਨ ਵੇਲੇ ਅੱਧ ਦੇਣਾ ਮੰਨ ਲਿਆ। ਦਰਬਾਰੇ ਦੀ ਖੱਬੀ ਬਾਹੀ ਦਾ ਝਗੜਾ ਮੁੱਖ ਸੀ, ਜੋ ਨਹੀਂ ਸੀ ਮੁੱਕਦਾ।
ਇੱਕ ਦੋ ਵਾਰੀ ਕਪੂਰ ਸਿੰਘ ਨੇ ਦਰਬਾਰੇ ਨੂੰ ਕੰਧ ਕਰਨ ਲਈ ਕਿਹਾ ਸੀ ਪਰ ਉਸ ਉੱਤੇ ਕੋਈ ਅਸਰ ਨਹੀਂ ਸੀ ਹੋ ਰਿਹਾ। ਦਰਬਾਰੇ ਵਾਲੀ ਇਹ ਕੰਧ ਬਜ਼ੁਰਗਾਂ ਵੇਲੇ ਦੀ ਕੱਚੀ ਅਤੇ ਥਾਂ ਥਾਂ ਤੋਂ ਖਸਤਾ ਹੋਈ ਸੀ। ਦੋਵਾਂ ਨੂੰ ਕੰਧ ਦੀ ਬਰਾਬਰ ਲੋੜ ਸੀ।
ਦਰਬਾਰਾ ਸਿੰਘ ਦੇ ਘਰ ਦੀ ਹਾਲਤ ਬਹੁਤ ਚੰਗੀ ਸੀ। ਕਪੂਰ ਸਿੰਘ ਦੇ ਨਾਲ਼ ਲੱਗਦੀ ਕੰਧ ਵਿੱਚ ਉਸਦਾ ਨਿੱਕ ਸੁੱਕ ਅਤੇ ਡੰਗਰ ਵੱਛਾ ਆਦਿ ਹੁੰਦਾ ਸੀ।
ਕਪੂਰ ਸਿੰਘ ਨੇ ਚਾਚੀ ਰਾਮ ਕੌਰ ਅਤੇ ਚੰਨਣ ਸਿੰਘ ਚੀਨੀਏਂ ਸਮੇਤ ਹੋਰ ਕਈਆਂ ਨੂੰ ਸਮਝਾਉਣ ਲਈ ਕਿਹਾ, ਪਰ ਉਸ ਨੂੰ ਕਿਸੇ ਦੇ ਕਹੇ ਦਾ ਕੋਈ ਅਸਰ ਨਹੀਂ ਸੀ ਹੋ ਰਿਹਾ। ਕਪੂਰ ਸਿੰਘ ਨੇ ਦਰਬਾਰੇ ਨਾਲ਼ ਆਪ ਹੀ ਗੱਲ ਕਰਨ ਦੀ ਸੋਚੀ।
ਅਗਲੇ ਦਿਨ ਕਪੂਰ ਸਿੰਘ ਜਦੋਂ ਦਰਬਾਰੇ ਦੇ ਘਰ ਗਿਆ ਤਾਂ ਪਤਾ ਲੱਗਾ ਕਿ ਉਹ ਪਟਵਾਰੀ ਵੱਲ ਗਿਆ ਹੋਇਆ ਤਾਂ ਅੱਗੇ ਪਟਵਾਰੀ, ਸਰਪੰਚ, ਟੁੰਡਾ ਲੰਬੜਦਾਰ ਅਤੇ ਹੋਰ ਇੱਕ ਦੋ ਆਦਮੀ ਮੰਜਿਆਂ ਉੱਪਰ ਬੈਠੇ ਸਨ।
ਕਪੂਰ ਸਿੰਘ ਨੇ ਸਾਰਿਆਂ ਦੇ ਸਾਹਮਣੇ ਦਰਬਾਰਾ ਸਿੰਘ ਨੂੰ ਕੰਧ ਕਰਨ ਬਾਰੇ ਧੀਰਜ ਨਾਲ਼ ਪੁੱਛਿਆ। ਦਰਬਾਰਾ ਸਿੰਘ ਨੇ ਕਿਹਾ ਕਿ ਉਸ ਨੂੰ ਕੰਧ ਦੀ ਲੋੜ ਨਹੀਂ ਹੈ। ਜੇਕਰ ਉਸ ਨੂੰ ਜ਼ਰੂਰਤ ਹੈ ਤਾਂ ਉਹ ਕਰ ਲਵੇ ਪਰ ਇਸ ਸਾਂਝੀ ਕੰਧ ਦੇ ਬਦਲੇ ਉਹ, ਉਸ ਨੂੰ ਕੁੱਝ ਨਹੀਂ ਦੇਵੇਗਾ।
ਸਰਪੰਚ ਅਤੇ ਪਟਵਾਰੀ ਵੀ ਦਰਬਾਰੇ ਨੂੰ ਹੋਰ ਸ਼ਹਿ ਦੇ ਰਹੇ ਸਨ। ਕਪੂਰ ਸਿੰਘ ਨੇ ਦਰਬਾਰੇ ਨੂੰ ਬਹੁਤ ਸਮਝਾਇਆ ਕਿ ਆਪਾਂ ਦੋਵੇਂ ਕਬੀਲਦਾਰ ਹਾਂ ਇਸ ਤਰ੍ਹਾਂ ਲੜਦੇ ਚੰਗੇ ਨਹੀਂ ਲੱਗਦੇ। ਉਹ ਸਾਰਾ ਭਾਰ ਇਕੱਲਾ ਨਹੀਂ ਚੁੱਕ ਸਕਦਾ। ਇਸ ਲਈ ਆਪਾਂ ਦੋਵੇਂ ਇਸ ਕੰਧ ਨੂੰ ਉਸਾਰਨ ਦਾ ਭਾਰ ਅੱਧਾ – ਅੱਧਾ ਵੰਡ ਕੇ ਚੁੱਕ ਲੈਂਦੇ ਹਾਂ।
ਦਰਬਾਰਾ ਸਿੰਘ ਨੂੰ ਬਾਰ – ਬਾਰ ਮਨਾਉਣ ਅਤੇ ਦਿਲ ਚੀਰਵੇਂ ਉੱਤਰ ਸੁਣ ਕੇ ਕਪੂਰ ਸਿੰਘ ਨੇ ਬਹੁਤ ਦੁੱਖ ਮਹਿਸੂਸ ਕੀਤਾ। ਦਰਬਾਰਾ ਸਿੰਘ ਨੇ ਪਹਿਲਾਂ ਤਾਂ ਕਪੂਰ ਸਿੰਘ ਨੂੰ ਕਿਹਾ ਕਿ ਉਸ ਵਿੱਚ ਪੈਸਾ ਖਰਚਣ ਦੀ ਜਾਨ ਨਹੀਂ।
ਜਦੋਂ ਕਪੂਰ ਸਿੰਘ ਨੇ ਕਿਹਾ ਕਿ ਉਹ ਆਪ ਪੈਸੇ ਖਰਚ ਕਰਕੇ ਕੰਧ ਦੀ ਉਸਾਰੀ ਕਰਵਾ ਦਿੰਦਾ ਹੈ ਅਤੇ ਉਹ ਉਸ ਦੁਆਰਾ ਖਰਚੇ ਪਾਸੇ ਬਾਅਦ ਵਿੱਚ ਦੇ ਦੇਵੇ।
ਪਰ ਦਰਬਾਰੇ ਦੇ ਕਿਸੇ ਤਰ੍ਹਾਂ ਵੀ ਨਾ ਮੰਨਣ ‘ਤੇ ਕਪੂਰ ਸਿੰਘ ਨੇ ਕਿਹਾ ਕਿ ਚਲੋ ਜੇ ਸਾਂਝੀ ਕੰਧ ਦੇ ਪੈਸੇ ਨਹੀਂ ਦੇਣੇ ਤਾਂ ਨਾ ਸਹੀ ਪਰ ਉਸ ਦੁਆਰਾ ਕੀਤੀ ਹੋਈ ਕੰਧ ਉੱਤੇ ਆਪਣੇ ਸ਼ਤੀਰ ਨਾ ਰੱਖੇ।
ਇਸ ਗੱਲ ਉੱਤੇ ਦਰਬਾਰਾ ਸਿੰਘ ਭੁੜਕ ਪਿਆ ਕਿ ਉਸ ਨੂੰ ਕੌਣ ਰੋਕ ਸਕਦਾ ਹੈ, ਉਹ ਵੀ ਮਾਲਕ ਐ ਅੱਧੀ ਕੰਧ ਦਾ। ਗੱਲ ਲੜਾਈ ਤੋਂ ਹੱਥੋਂ ਪਾਈ ਤੱਕ ਪਹੁੰਚ ਚੁੱਕੀ ਸੀ ਪਰ ਟੁੰਡੇ ਲੰਬੜਦਾਰ ਨੇ ਵਿੱਚ ਪੈ ਕੇ ਦੋਹਾਂ ਨੂੰ ਸ਼ਾਂਤ ਕਰਾਉਂਦਿਆਂ ਕਪੂਰ ਸਿੰਘ ਨੂੰ ਘਰ ਜਾਣ ਲਈ ਕਿਹਾ। ਜਾਂਦਾ ਹੋਇਆ ਕਪੂਰ ਸਿੰਘ ਕਹਿ ਕੇ ਗਿਆ ਕਿ ਦੇਖੀਂ ਹੁਣ ਕੰਧ ਕਿਵੇਂ ਬਣਦੀ ਐ।
ਸਾਰਾ ਪਿੰਡ ਦਰਬਾਰੇ ਨੂੰ ਕੋਸ ਰਿਹਾ ਸੀ, ਪਰ ਕਪੂਰ ਸਿੰਘ ਦੁਚਿੱਤੀ ਵਿੱਚ ਫਸ ਗਿਆ ਸੀ। ਅਖ਼ੀਰ ਕਪੂਰ ਸਿੰਘ ਨੇ ਫ਼ੈਸਲਾ ਕੀਤਾ ਕਿ ਉਹ ਕੰਮ ਸ਼ੁਰੂ ਕਰਵਾ ਦੇਵੇਗਾ। ਜਦੋਂ ਕੰਮ ਕੰਧ ਉੱਤੇ ਆ ਜਾਊ ਆਪਣੇ ਆਪ ਕੋਈ ਨਾ ਕੋਈ ਰਾਹ ਜ਼ਰੂਰ ਨਿੱਕਲ ਆਏਗਾ।
ਕੰਮ ਸ਼ੁਰੂ ਹੋ ਗਿਆ ਸੀ, ਇੱਕ ਦਰਬਾਰਾ ਸਿੰਘ ਵਾਲੀ ਕੰਧ ਛੱਡ ਕੇ ਬਾਕੀ ਸਾਰਾ ਕੰਮ ਲੈਂਟਰ ਤੱਕ ਪਹੁੰਚ ਚੁੱਕਾ ਸੀ। ਡਿਓਢੀ ਦਾ ਲੈਂਟਰ ਪਾਉਣ ਲਈ ਹੁਣ ਦਰਬਾਰਾ ਸਿੰਘ ਵਾਲੀ ਕੰਧ ਦਾ ਫੈਸਲਾ ਹੋਣਾ ਬਹੁਤ ਜ਼ਰੂਰੀ ਸੀ। ਕਪੂਰ ਸਿੰਘ ਨੇ ਪੰਚਾਇਤ ਬੁਲਾ ਕੇ ਦਰਬਾਰੇ ਨੂੰ ਸੱਥ ਵਿੱਚ ਬੁਲਾਇਆ।
ਦਰਬਾਰੇ ਨੇ ਪਹਿਲਾਂ ਤਾਂ ਬੜੇ ਹੱਥ ਪੈਰ ਅੜਾਏ ਪਰ ਪਿੰਡ ਦੀ ਸਾਂਝੀ ਰਾਏ ਮੂਹਰੇ ਉਸ ਨੂੰ ਝੁੱਕਣਾ ਪਿਆ। ਮਜ਼ਦੂਰੀ ਉਸ ਨੂੰ ਛੱਡ ਦਿੱਤੀ ਗਈ, ਪਰ ਹੋਰ ਸਮਾਨ ਦਾ ਉਸ ਨਾਲ ਅੱਧਾ ਦੇਣਾ ਤਹਿ ਹੋਇਆ ਉਹ ਵੀ ਦੋ ਲੰਮੀਆਂ ਕਿਸ਼ਤਾਂ ਵਿੱਚ। ਕਾਗਜ ਬਣ ਚੁੱਕੇ ਸਨ। ਅਗਲੇ ਦਿਨ ਪੰਚਾਇਤ ਦੇ ਆਦਮੀ ਆਏ ਅਤੇ ਕੰਧ ਢੁਹਾ ਕੇ ਨੀਂਹ ਪਟਵਾਉਣ ਲੱਗੇ।
ਇੱਕ ਪਾਸੇ ਧੰਮਾ ਸਿੰਘ ਸਰਪੰਚ ਅਤੇ ਦੂਸਰੇ ਪਾਸਿਓਂ ਨਾਹਰ ਸਿੰਘ ਅਕਾਲੀ ਨੇ ਰੱਸੀ ਫੜ ਕੇ ਨਪਾਈ ਲਈ ਖਿੱਚੀ। ਸ਼ਰਾਰਤ ਨਾਲ ਸਰਪੰਚ ਨੇ ਕਪੂਰ ਸਿੰਘ ਵੱਲ ਹੱਥ ਕੁ ਭਰ ਰੱਸੀ ਵਧੇਰੇ ਕਰ ਦਿੱਤੀ।
ਇੱਕ ਦਮ ਰੌਲਾ ਪੈ ਗਿਆ, ਜਿਸ ਕਰਕੇ ਧੰਮਾ ਸਿੰਘ ਨੂੰ ਇੱਕ ਹੱਥ ਰੱਸੀ ਦੂਜੇ ਪਾਸੇ ਕਰਨੀ ਪਈ। ਜਦੋਂ ਸਾਹਲ ਸੁੱਟ ਕੇ ਮਿਸਤਰੀ ਕੰਮ ਕਰਨ ਲੱਗਾ ਤਾਂ ਦਰਬਾਰਾ ਰੌਲਾ ਪਾਉਣ ਲੱਗ ਪਿਆ ਕਿ ਉਸ ਨੂੰ ਨਹੀਂ ਮੰਜ਼ੂਰ। ਕੰਧ ਉਸ ਵੱਲ ਨੂੰ ਚਾਰ ਉਂਗਲਾਂ ਪਈ ਹੈ।
ਦਰਬਾਰੇ ਵੱਲੋਂ ਗਾਲ਼ ਕੱਢਣ ‘ਤੇ ਦੋਹਾਂ ਪਾਸਿਆਂ ਦੇ ਲੋਕ ਹਥੋਂ ਪਾਈ ਹੋ ਗਏ। ਨਤੀਜੇ ਵਜੋਂ ਦਰਬਾਰਾ ਸਿੰਘ ਅਤੇ ਕਪੂਰ ਸਿੰਘ ਦੇ ਹਥਿਆਰਾਂ ਦੀ ਮਾਰ ਨਾਲ਼ ਸਿਰ ਖੁੱਲ੍ਹ ਗਏ। ਉਹ ਖ਼ੂਨ ਨਾਲ ਲੱਥ ਪੱਥ ਹੋ ਗਏ। ਤੀਵੀਆਂ ਵੀ ਘਰਾਂ ਵਿੱਚੋਂ ਨਿਕਲ ਕੇ ਬਾਹਾਂ ਉਲਾਰਦੀਆਂ ਹੋਈਆਂ ਇੱਕ ਦੂਸਰੀ ਨਾਲ਼ ਲੜਨ ਲੱਗੀਆਂ।
ਇਸ ਤੋਂ ਬਾਅਦ ਦੋਹਾਂ ਧਿਰਾਂ ਦੀਆਂ ਜਮਾਨਤਾਂ ਵੀ ਹੋ ਗਈਆਂ ਅਤੇ ਕੰਧ ਵੀ ਬਣ ਗਈ, ਪਰ ਦਿਲਾਂ ਵਿੱਚ ਫ਼ਰਕ ਪੈ ਗਿਆ ਸੀ। ਬੋਲਚਾਲ ਬਿਲਕੁਲ ਬੰਦ ਹੋ ਗਈ ਅਤੇ ਪੁਸ਼ਤਾਂ ਤੱਕ ਵੈਰ ਪੈ ਗਿਆ ਸੀ।
ਦਰਬਾਰਾ ਸਿੰਘ ਵੱਲੋਂ ਦਿੱਤੀਆਂ ਜਾਣ ਵਾਲੀਆਂ ਕਿਸ਼ਤਾਂ ਦੀਆਂ ਤਰੀਕਾਂ ਵੀ ਲੰਘ ਚੁੱਕੀਆਂ ਹਨ ਪਰ ਕਪੂਰ ਸਿੰਘ ਨੇ ਉਸ ਕੋਲੋਂ ਪੈਸੇ ਮੰਗ ਕੇ ਕੋਈ ਛੇੜ ਛੇੜਨੀ ਚੰਗੀ ਨਾ ਸਮਝੀ।
ਇੱਕ ਦਿਨ ਚਾਚੀ ਰਾਮ ਕੌਰ ਨੇ ਕਪੂਰ ਸਿੰਘ ਨੂੰ ਦੱਸਿਆ ਕਿ ਦਰਬਾਰਾ ਨਿਮੋਨੀਏ ਨਾਲ ਜੁੜਿਆ ਪਿਆ ਹੈ ਤਾਂ ਕਪੂਰ ਸਿੰਘ ਝਕਦਾ ਹੋਇਆ ਦਰਬਾਰੇ ਦੇ ਘਰ ਪਹੁੰਚਿਆ। ਦਰਬਾਰੇ ਦੀ ਹਾਲਤ ਦੇਖ ਕੇ ਉਹ ਹੈਰਾਨ ਰਹਿ ਗਿਆ। ਦਰਬਾਰਾ ਸੁੱਕ ਕੇ ਪਿੰਜਰ ਬਣਿਆ ਹੋਇਆ ਸੀ।
ਕਪੂਰ ਸਿੰਘ ਦੇ ਪੁੱਛਣ ‘ਤੇ ਦਰਬਾਰੇ ਨੇ ਦੱਸਿਆ ਕਿ ਉਹ ਕਿਸੇ ਵੀ ਡਾਕਟਰ ਕੋਲੋਂ ਇਲਾਜ ਨਹੀਂ ਕਰਵਾ ਰਿਹਾ। ਕਪੂਰ ਸਿੰਘ ਤੋਂ ਦੋਹਾਂ ਘਰਾਂ ਦੀ ਹਾਲਤ ਬਾਰੇ ਕੁੱਝ ਨਹੀਂ ਸੀ ਲੁਕਿਆ। ਉਸ ਨੇ ਦਸ ਰੁਪਏ ਕੱਢ ਕੇ ਦਰਬਾਰੇ ਦੀ ਜੇਬ ਵਿੱਚ ਪਾ ਦਿੱਤੇ ਅਤੇ ਕਿਹਾ ਕਿ ਉਹ ਮੰਡੀਓਂ ਡਾਕਟਰ ਨੂੰ ਭੇਜਦਾ ਜਾ ਕੇ।
ਦਰਬਾਰੇ ਨੇ ਕਪੂਰ ਸਿੰਘ ਨੂੰ ਕਿਹਾ ਕਿ ਉਸ ਨੇ ਤਾਂ ਉਸਦੇ ਪਹਿਲੇ ਪੈਸੇ ਅਜੇ ਤੱਕ ਦੇਣੇ ਹਨ ਅਤੇ ਅੱਖਾਂ ਭਰ ਲਈਆਂ। ਉਸ ਨੇ ਇਹ ਵੀ ਦੱਸਿਆ ਕਿ ਉਸ ਨੂੰ ਸਰਪੰਚ ਨੇ ਭਖਾਇਆ ਹੋਇਆ ਸੀ, ਉਹ ਉਸ ਦਾ ਦੁਸ਼ਮਣ ਨਹੀਂ ਸੀ।
ਉਸ ਨੇ ਆਪਣੀ ਧੀ ਬੰਸੋ ਦਾ ਵੀ ਵਿਆਹ ਹਾੜ੍ਹ ਦੇ ਮਹੀਨੇ ਕਰਨ ਦੀ ਕਪੂਰ ਸਿੰਘ ਨਾਲ਼ ਸਲਾਹ ਕੀਤੀ। ਦਰਬਾਰੇ ਨੇ ਕਪੂਰ ਸਿੰਘ ਨੂੰ ਕਿਹਾ ਕਿ ਉਹ ਵਿਆਹ ‘ਤੇ ਆਏਗਾ ?
ਕਪੂਰ ਸਿੰਘ ਨੇ ਦਰਬਾਰੇ ਨੂੰ ਹੌਂਸਲਾ ਦਿੰਦਿਆਂ ਕਿਹਾ – ਉਹ ਹੌਂਸਲਾ ਰੱਖੇ, ਉਹ ਉਸ ਤੋਂ ਦੂਰ ਨਹੀਂ ਹੈ। ਕਪੂਰ ਸਿੰਘ ਅਤੇ ਦਰਬਾਰੇ ਦੀਆਂ ਅੱਖਾਂ ਵਿੱਚੋਂ ਪਛਤਾਵੇ ਅਤੇ ਆਪਵੇਧਨ ਦੇ ਅੱਥਰੂ ਵਗ ਰਹੇ ਸਨ।