CBSEEducationNCERT class 10thPunjab School Education Board(PSEB)

ਸਤਿਗੁਰੂ ਨਾਨਕ ਪ੍ਰਗਟਿਆ  : ਪਾਠ ਨਾਲ ਸੰਬੰਧਤ ਪ੍ਰਸ਼ਨ-ਉੱਤਰ


ਵੱਡੇ ਉੱਤਰਾਂ ਵਾਲੇ ਪ੍ਰਸ਼ਨ (50-60 ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ)


ਪ੍ਰਸ਼ਨ 1. ਭਾਈ ਗੁਰਦਾਸ ਜੀ ਨੇ ‘ਸਤਿਗੁਰ ਨਾਨਕ ਪ੍ਰਗਟਿਆ’ ਪਉੜੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਨਾਲ ਸਮਾਜ ਵਿੱਚ ਕਿਹੜੇ ਪਰਿਵਰਤਨ ਦਾ ਵਰਨਣ ਕੀਤਾ ਹੈ? ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਨਾਲ ਸਮਾਜ ਵਿੱਚ ਅਗਿਆਨਤਾ ਦੀ ਧੁੰਦ ਮਿਟ ਗਈ ਅਤੇ ਗਿਆਨ ਦਾ ਚਾਨਣ ਹੋ ਗਿਆ। ਗੁਰੂ ਜੀ ਦੇ ਆਗਮਨ ਨਾਲ ਪਖੰਡ ਤੇ ਵਹਿਮ-ਭਰਮ ਦੂਰ ਹੋ ਗਏ ਅਥਵਾ ਪਾਪੀਆਂ ਤੇ ਧਾਰਮਿਕ ਪਖੰਡੀਆਂ ਨੂੰ ਭਾਜੜ ਪੈ ਗਈ। ਇਹ ਇਸੇ ਤਰ੍ਹਾਂ ਹੋਇਆ ਜਿਵੇਂ ਸੂਰਜ ਦੇ ਨਿਕਲਨ ਨਾਲ ਤਾਰੇ ਛੁਪ ਜਾਂਦੇ (ਅਲੋਪ ਹੋ ਜਾਂਦੇ) ਹਨ ਅਤੇ ਹਨੇਰਾ ਦੂਰ ਹੋ ਜਾਂਦਾ ਹੈ। ਜਿਨ੍ਹਾਂ ਥਾਵਾਂ ਨੂੰ ਗੁਰੂ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੋਈ ਉਹ ਪੂਜਾ ਸਥਲ ਬਣ ਗਈਆਂ। ਸਿੱਧਾਂ ਦੇ ਆਸਣ ‘ਨਾਨਕ ਮਤੇ’ ਅਥਵਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਸਣ ਹੋ ਗਏ। ਘਰ-ਘਰ ਵਿੱਚ ਧਰਮਸਾਲ ਬਣ ਗਈ ਅਤੇ ਕੀਰਤਨ ਹੋਣ ਲੱਗਾ। ਗੁਰੂ ਜੀ ਨੇ ਚਾਰੇ ਪਾਸੇ ਦੇ ਲੋਕਾਂ ਦਾ ਕਲਿਆਣ ਕੀਤਾ।

ਪ੍ਰਸ਼ਨ 2. ‘ਸਤਿਗੁਰ ਨਾਨਕ ਪ੍ਰਗਟਿਆ’ ਦਾ ਕੇਂਦਰੀ ਭਾਵ ਲਿਖੋ।

ਉੱਤਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਨਾਲ ਅਗਿਆਨਤਾ ਦੀ ਧੁੰਦ ਅਥਵਾ ਹਨੇਰਾ ਦੂਰ ਹੋ ਗਿਆ ਅਤੇ ਸੰਸਾਰ ‘ਤੇ ਗਿਆਨ ਦਾ ਚਾਨਣ ਹੋ ਗਿਆ। ਗੁਰੂ ਜੀ ਦੇ ਆਗਮਨ ਨਾਲ ਪਖੰਡ ਤੇ ਵਹਿਮ-ਭਰਮ ਦੂਰ ਹੋ ਗਏ ਅਥਵਾ ਪਾਪੀਆਂ ਤੇ ਧਾਰਮਿਕ ਪਖੰਡੀਆਂ ਨੂੰ ਭਾਜੜ ਪੈ ਗਈ। ਗੁਰੂ ਜੀ ਨੇ ਕਲਜੁਗ ਵਿੱਚ ਪ੍ਰਗਟ ਹੋ ਕੇ ਚਾਰੇ ਦਿਸ਼ਾਵਾਂ ਦੇ ਲੋਕਾਂ ਦਾ ਕਲਿਆਣ ਕੀਤਾ। ਜਿੱਥੇ ਵੀ ਗੁਰੂ ਜੀ ਦੇ ਚਰਨ ਪਏ ਉਹ ਥਾਵਾਂ ਪੂਜਾ ਸਥਲ ਬਣ ਗਈਆਂ।

ਪ੍ਰਸ਼ਨ 3. ਹੇਠ ਦਿੱਤੇ ਕਾਵਿ-ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ :

ਸਿਧਆਸਣਿ ਸਭਿ ਜਗਤ ਦੇ ਨਾਨਕ ਆਦਿ ਮਤੇ ਜੇ ਕੋਆ।

ਘਰਿ ਘਰਿ ਅੰਦਰਿ ਧਰਮਸਾਲ ਹੋਵੈ ਕੀਰਤਨੁ ਸਦਾ ਵਿਸੋਆ।

ਬਾਬੇ ਤਾਰੇ ਚਾਰਿ ਚਕਿ ਨਉ ਖੰਡਿ ਪ੍ਰਿਥਮੀ ਸਚਾ ਢੋਆ।

ਗੁਰਮੁਖਿ ਕਲਿ ਵਿਚਿ ਪਰਗਟੁ ਹੋਆ।

ਉੱਤਰ : ਇਹ ਕਾਵਿ-ਸਤਰਾਂ ‘ਸਾਹਿਤ-ਮਾਲਾ : 10’ ਨਾਂ ਦੀ ਪਾਠ-ਪੁਸਤਕ ਵਿੱਚ ਦਰਜ ਭਾਈ ਗੁਰਦਾਸ ਜੀ ਦੀ ਰਚੀ ਗਈ ਪਉੜੀ ‘ਸਤਿਗੁਰ ਨਾਨਕ ਪ੍ਰਗਟਿਆ’ ਵਿੱਚੋਂ ਲਈਆਂ ਗਈਆਂ ਹਨ। ਇਸ ਪਉੜੀ ਵਿੱਚ ਭਾਈ ਗੁਰਦਾਸ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਦੇ ਸਮੇਂ ਦੀ ਸਥਿਤੀ ਬਿਆਨ ਕੀਤੀ ਹੈ। ਗੁਰੂ ਜੀ ਦੇ ਪ੍ਰਗਟ ਹੋਣ ਨਾਲ ਅਗਿਆਨਤਾ ਦੀ ਧੁੰਦ ਮਿਟ ਗਈ ਅਤੇ ਗਿਆਨ ਦਾ ਚਾਨਣ ਹੋ ਗਿਆ। ਕਲਜੁਗ ਵਿੱਚ ਪ੍ਰਗਟ ਹੋ ਕੇ ਗੁਰੂ ਜੀ ਨੇ ਚਾਰੇ ਦਿਸ਼ਾਵਾਂ ਵਿੱਚ ਲੋਕਾਂ ਦਾ ਕਲਿਆਣ ਕੀਤਾ। ਇਹ ਸਤਰਾਂ ਇਸੇ ਪ੍ਰਸੰਗ ਵਿੱਚ ਹਨ।

ਵਿਆਖਿਆ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਦੇ ਪ੍ਰਸੰਗ ਵਿੱਚ ਭਾਈ ਗੁਰਦਾਸ ਜੀ ਆਖਦੇ ਹਨ ਕਿ ਸੰਸਾਰ ਵਿੱਚ ਸਿੱਧਾਂ ਦੇ ਜਿਹੜੇ ਵੀ ਆਸਣ ਸਨ ਉਹ ਸਾਰੇ ‘ਨਾਨਕ ਮਤੇ’ ਅਥਵਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਸਣ ਹੋ ਗਏ। ਘਰ-ਘਰ ਵਿੱਚ ਧਰਮਸਾਲ (ਧਰਮ ਸਥਾਨ) ਬਣ ਗਈ ਅਤੇ ਹਮੇਸ਼ਾਂ ਕੀਰਤਨ ਹੋਣ ਲੱਗਾ ਜਿਵੇਂ ਰੋਜ਼ ਵਿਸਾਖੀ ਅਥਵਾ ਸਾਲ ਦਾ ਨਵਾਂ ਦਿਨ ਹੋਵੇ। ਗੁਰੂ ਜੀ ਨੇ ਚਾਰੇ ਦਿਸ਼ਾਵਾਂ ਤਾਰ ਦਿੱਤੀਆਂ ਅਥਵਾ ਚਾਰੇ ਪਾਸੇ ਦੇ ਲੋਕਾਂ ਦਾ ਉੱਧਾਰ/ਕਲਿਆਣ ਕੀਤਾ। ਨੌਂ ਖੰਡਾਂ ਦੀ ਧਰਤੀ ‘ਤੇ ਸੱਚ ਦਾ ਮੇਲ ਹੋ ਗਿਆ। ਭਾਈ ਗੁਰਦਾਸ ਜੀ ਆਖਦੇ ਹਨ ਕਿ ਗੁਰਮੁਖ ਅਥਵਾ ਸ੍ਰੀ ਗੁਰੂ ਨਾਨਕ ਦੇਵ ਜੀ ਕਲਜੁਗ ਵਿੱਚ ਪ੍ਰਗਟ ਹੋਏ।

ਪ੍ਰਸ਼ਨ 4. ਸਤਿਗੁਰ ਨਾਨਕ ਪ੍ਰਗਟਿਆ’ ਨਾਂ ਦੀ ਰਚਨਾ ਦੇ ਵਿਸ਼ੇ-ਵਸਤੂ ਬਾਰੇ 50-60 ਸ਼ਬਦਾਂ ਵਿੱਚ ਜਾਣਕਾਰੀ ਦਿਓ।

ਉੱਤਰ : ‘ਸਤਿਗੁਰ ਨਾਨਕ ਪ੍ਰਗਟਿਆ’ ਨਾਂ ਦੀ ਪਉੜੀ ਦਾ ਵਿਸ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਨਾਲ ਸੰਬੰਧਿਤ ਹੈ। ਭਾਈ ਗੁਰਦਾਸ ਜੀ ਦੱਸਦੇ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਨਾਲ ਅਗਿਆਨਤਾ ਦੀ ਧੁੰਦ ਖ਼ਤਮ ਹੋ ਗਈ ਅਤੇ ਗਿਆਨ ਦਾ ਚਾਨਣ ਹੋ ਗਿਆ। ਜਿਵੇਂ ਸੂਰਜ ਨਿਕਲਨ ‘ਤੇ ਤਾਰੇ ਲੁਕ ਜਾਂਦੇ ਹਨ ਅਤੇ ਹਨੇਰਾ ਦੂਰ ਹੋ ਜਾਂਦਾ ਹੈ, ਉਸੇ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਨਾਲ ਸਮਾਜ ਵਿੱਚੋਂ ਵਹਿਮਾਂ-ਭਰਮਾਂ ਤੇ ਪਖੰਡਾਂ ਦਾ ਹਨੇਰਾ ਦੂਰ ਹੋ ਗਿਆ। ਜਿਹੜੀਆਂ ਥਾਂਵਾਂ ‘ਤੇ ਵੀ ਗੁਰੂ ਜੀ ਦੇ ਚਰਨ ਪਏ ਉਹ ਥਾਂਵਾਂ ਪੂਜਣ-ਯੋਗ ਹੋ ਗਈਆਂ। ਗੁਰੂ ਜੀ ਦੇ ਉਪਦੇਸ਼ਾਂ ਅੱਗੇ ਵਹਿਮ-ਭਰਮ ਟਿਕ ਨਹੀਂ ਸਕੇ। ਕਲਜੁਗ ਵਿੱਚ ਪ੍ਰਗਟ ਹੋ ਕੇ ਗੁਰੂ ਜੀ ਨੇ ਚਾਰੇ ਦਿਸ਼ਾਵਾਂ ਤਾਰ ਦਿੱਤੀਆਂ।

ਪ੍ਰਸ਼ਨ 5. ‘ਸਤਿਗੁਰ ਨਾਨਕ ਪ੍ਰਗਟਿਆ’ ਨਾਂ ਦੀ ਪਉੜੀ ਦੀਆਂ ਸਾਹਿਤਿਕ ਵਿਸ਼ੇਸ਼ਤਾਵਾਂ ਬਾਰੇ 50-60 ਸ਼ਬਦਾਂ ਵਿੱਚ ਜਾਣਕਾਰੀ ਦਿਓ।

ਜਾਂ

ਪ੍ਰਸ਼ਨ. ‘ਸਤਿਗੁਰ ਨਾਨਕ ਪ੍ਰਗਟਿਆ’ ਨਾਂ ਦੀ ਪਉੜੀ ਬਾਰੇ ਕਾਵਿ-ਕਲਾ ਦੀ ਦ੍ਰਿਸ਼ਟੀ ਤੋਂ ਵਿਚਾਰ ਕਰੋ।

ਉੱਤਰ : ‘ਸਤਿਗੁਰ ਨਾਨਕ ਪ੍ਰਗਟਿਆ’ ਨਾਂ ਦੀ ਪਉੜੀ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਵਿੱਚੋਂ ਹੈ। ਇਹ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਨਾਲ ਸੰਬੰਧਿਤ ਹੈ। ਗੁਰੂ ਜੀ ਦੇ ਆਗਮਨ ਨਾਲ ਸਮਾਜ ਵਿੱਚੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ ਅਤੇ ਗਿਆਨ ਦਾ ਚਾਨਣ ਹੋ ਗਿਆ। ਇਹ ਪਉੜੀ ਸਾਹਿਤਿਕ ਦ੍ਰਿਸ਼ਟੀ ਤੋਂ ਵੀ ਬਹੁਤ ਪ੍ਰਭਾਵਸ਼ਾਲੀ ਹੈ। ਭਾਈ ਸਾਹਿਬ ਨੇ ਦ੍ਰਿਸ਼ਟਾਂਤਾਂ ਅਥਵਾ ਉਦਾਹਰਨਾਂ ਰਾਹੀਂ ਉਸ ਸਮੇਂ ਦੇ ਸਮਾਜ ਵਿੱਚ ਆਈ ਤਬਦੀਲੀ ਦਾ ਵਰਨਣ ਕੀਤਾ ਹੈ। ਇਹ ਪਉੜੀ ਦ੍ਰਿਸ਼-ਵਰਨਣ ਪੱਖੋਂ ਵੀ ਪ੍ਰਭਾਵਸ਼ਾਲੀ ਹੈ; ਜਿਵੇਂ:

(ੳ) ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ।

(ਅ) ਸਿੰਘ ਬੁਕੇ ਮਿਰਗਾਵਲੀ ਭੰਨੀ ਜਾਇ ਨ ਧੀਰਿ ਧਰੋਆ।

ਭਾਈ ਗੁਰਦਾਸ ਜੀ ਦੀ ਸ਼ੈਲੀ ਦੀ ਵਿਆਖਿਆਤਮਿਕ ਸੁਰ ਇਸ ਪਉੜੀ ਵਿੱਚ ਵੀ ਦੇਖੀ ਜਾ ਸਕਦੀ ਹੈ।

ਪ੍ਰਸ਼ਨ 6. ਭਾਈ ਗੁਰਦਾਸ ਜੀ ਦੀ ਰਚਨਾ ਬਾਰੇ 50-60 ਸ਼ਬਦਾਂ ਵਿੱਚ ਵਿਚਾਰ ਕਰੋ।

ਉੱਤਰ : ਭਾਈ ਗੁਰਦਾਸ ਜੀ ਨੇ ਪੰਜਾਬੀ ਵਿੱਚ ਚਾਲੀ ਵਾਰਾਂ ਦੀ ਰਚਨਾ ਕੀਤੀ ਜੋ ਸ਼ੁੱਧ ਟਕਸਾਲੀ ਪੰਜਾਬੀ ਵਿੱਚ ਹਨ। ਇਸ ਤੋਂ ਬਿਨਾਂ ਉਹਨਾਂ ਦੇ ਬ੍ਰਜ-ਭਾਸ਼ਾ ਵਿੱਚ ਲਿਖੇ 556 ਕਬਿੱਤ-ਸਵੱਯੇ ਪ੍ਰਸਿੱਧ ਹਨ। ਜਿੱਥੋਂ ਤੱਕ ਆਪ ਦੀਆਂ ਵਾਰਾਂ ਦਾ ਸੰਬੰਧ ਹੈ, ਇਹਨਾਂ ਵਿੱਚ ਪ੍ਰਭੂ-ਪਿਆਰ ਅਥਵਾ ਪ੍ਰਭੂ ਪ੍ਰਤੀ ਸ਼ਰਧਾ ਤੇ ਸਤਿਕਾਰ ਦੀ ਭਾਵਨਾ ਨੂੰ ਪ੍ਰਗਟਾਇਆ ਗਿਆ ਹੈ। ਭਾਈ ਸਾਹਿਬ ਨੇ ਦੁਰਾਚਾਰ ਦੀ ਨਿਖੇਧੀ ਕਰਦਿਆਂ ਸਦਾਚਾਰ ਦੀ ਸਿੱਖਿਆ ਦਿੱਤੀ ਹੈ। ਭਾਈ ਸਾਹਿਬ ਨੇ ਆਪਣੀਆਂ ਵਾਰਾਂ ਵਿੱਚ ਗੁਰਮਤਿ ਦੇ ਸਿਧਾਂਤਾਂ ਦੀ ਵਿਆਖਿਆ ਕੀਤੀ ਹੈ। ਇਸੇ ਲਈ ਆਪ ਦੀ ਰਚਨਾ ਨੂੰ ‘ਗੁਰਬਾਣੀ ਦੀ ਕੁੰਜੀ’ ਹੋਣ ਦਾ ਮਾਣ ਦਿੱਤਾ ਗਿਆ ਹੈ।

ਪ੍ਰਸ਼ਨ 7. ਭਾਈ ਗੁਰਦਾਸ ਜੀ ਦੇ ਜੀਵਨ ਅਤੇ ਰਚਨਾ ਬਾਰੇ 50-60 ਸ਼ਬਦਾਂ ਵਿੱਚ ਜਾਣਕਾਰੀ ਦਿਓ।

ਉੱਤਰ : ਭਾਈ ਗੁਰਦਾਸ ਜੀ ਗੁਰਬਾਣੀ ਦੇ ਵਿਆਖਿਆਕਾਰ ਕਵੀ ਹੋਏ ਹਨ। ਉਹਨਾਂ ਦਾ ਜਨਮ 1559 ਈ. ਵਿੱਚ ਈਸ਼ਰ ਦਾਸ ਭੱਲਾ ਜੀ ਦੇ ਘਰ ਹੋਇਆ। ਆਪ ਸ੍ਰੀ ਗੁਰੂ ਅਮਰਦਾਸ ਜੀ ਦੇ ਭਤੀਜੇ ਸਨ। ਭਾਈ ਗੁਰਦਾਸ ਜੀ ਨੇ ਪੰਜਾਬੀ ਵਿੱਚ ਚਾਲ਼ੀ ਵਾਰਾਂ ਦੀ ਰਚਨਾ ਕੀਤੀ। ਬ੍ਰਜ-ਭਾਸ਼ਾ ਵਿੱਚ ਉਹਨਾਂ ਦੇ 556 ਕਬਿੱਤ-ਸਵੱਯੇ ਪ੍ਰਸਿੱਧ ਹਨ। ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ‘ਗੁਰੂ ਤੇ ਪਰਮੇਸ਼ਰ ਦਾ ਪਿਆਰ, ਸ਼ਰਧਾ ਤੇ ਸਤਿਕਾਰ ਦ੍ਰਿੜ੍ਹ ਕਰਵਾਇਆ ਹੈ।’ ਉਹਨਾਂ ਨੇ ਸਦਾਚਾਰ ਦੀ ਸਿੱਖਿਆ ਵੀ ਦਿੱਤੀ ਹੈ। ਸਿੱਖ-ਮਤ ਦੇ ਪ੍ਰਚਾਰ ਲਈ ਭਾਈ ਗੁਰਦਾਸ ਦੀ ਉਜੈਨ, ਆਗਰੇ ਅਤੇ ਬਨਾਰਸ ਆਦਿ ਸਥਾਨਾਂ ‘ਤੇ ਗਏ। ਆਪ ਬ੍ਰਜ-ਭਾਸ਼ਾ, ਫ਼ਾਰਸੀ ਅਤੇ ਪੰਜਾਬੀ ਦੇ ਵਿਦਵਾਨ ਸਨ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦੀ ਰਚਨਾ ਨੂੰ ‘ਗੁਰਬਾਣੀ ਦੀ ਕੁੰਜੀ’ ਕਿਹਾ ਹੈ।

ਪ੍ਰਸ਼ਨ 8. ‘ਸਤਿਗੁਰ ਨਾਨਕ ਪ੍ਰਗਟਿਆ’ ਨਾਂ ਦੀ ਪਉੜੀ ਵਿਚਲੇ ਵਿਚਾਰਾਂ ਦਾ ਸਾਰ 50-60 ਸ਼ਬਦਾਂ ਵਿੱਚ ਲਿਖੋ।

ਉੱਤਰ : ‘ਸਤਿਗੁਰ ਨਾਨਕ ਪ੍ਰਗਟਿਆ’ ਨਾਂ ਦੀ ਪਉੜੀ ਵਿੱਚ ਭਾਈ ਗੁਰਦਾਸ ਜੀ ਨੇ ਦੱਸਿਆ ਹੈ ਕਿ ਇਸ ਸੰਸਾਰ ‘ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਹੋਣ ‘ਤੇ ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ ਅਤੇ ਗਿਆਨ ਦਾ ਚਾਨਣ ਫੈਲ ਗਿਆ। ਇਹ ਉਸੇ ਤਰ੍ਹਾਂ ਸੀ ਜਿਵੇਂ ਸੂਰਜ ਦੇ ਨਿਕਲਨ ਨਾਲ ਤਾਰੇ ਅਲੋਪ ਹੋ ਜਾਂਦੇ ਹਨ ਅਤੇ ਹਨੇਰਾ ਦੂਰ ਹੋ ਜਾਂਦਾ ਹੈ ਜਾਂ ਸ਼ੇਰ ਦੇ ਗਰਜਣ ‘ਤੇ ਹਰਨਾਂ ਦੀ ਡਾਰ ਭੱਜ ਉੱਠਦੀ ਹੈ। ਜਿਨ੍ਹਾਂ ਥਾਂਵਾਂ ‘ਤੇ ਗੁਰੂ ਜੀ ਦੇ ਚਰਨ ਪਏ ਉਹ ਸਾਰੀਆਂ ਥਾਂਵਾਂ ਪੂਜਾ ਦੇ ਸਥਾਨ ਬਣ ਗਈਆਂ। ਗੁਰੂ ਜੀ ਨੇ ਘਰ-ਘਰ ਅੰਦਰ ਧਰਮ-ਸਥਾਨ ਬਣਾ ਦਿੱਤੇ ਜਿੱਥੇ ਹਰ ਸਮੇਂ ਕੀਰਤਨ ਹੋਣ ਲੱਗਾ। ਕਲਜੁਗ ਵਿੱਚ ਪ੍ਰਗਟ ਹੋ ਕੇ ਗੁਰੂ ਜੀ ਨੇ ਚਾਰੇ ਦਿਸ਼ਾਵਾਂ ਦੇ ਲੋਕਾਂ ਦਾ ਕਲਿਆਣ ਕੀਤਾ।

ਪਸ਼ਨ 9. ਹੇਠ ਦਿੱਤੀ ਕਾਵਿ-ਤੁਕ ਦੀ ਵਿਆਖਿਆ 50-60 ਸ਼ਬਦਾਂ ਵਿੱਚ ਕਰੋ :

ਸਿੰਘ ਬੁਕੇ ਮਿਰਗਾਵਲੀ ਭੰਨੀ ਜਾਇ ਨ ਧੀਰਿ ਧਰੋਆ॥

ਉੱਤਰ : ‘ਸਿੰਘ ਬੁਕੇ ਮਿਰਗਾਵਲੀ ਭੰਨੀ ਜਾਇ ਨ ਧੀਰਿ ਧਰੋਆ’ ਤੁਕ ਭਾਈ ਗੁਰਦਾਸ ਜੀ ਦੁਆਰਾ ਰਚੀ ਪਉੜੀ ‘ਸਤਿਗੁਰ ਨਾਨਕ ਪ੍ਰਗਟਿਆ’ ਵਿੱਚੋਂ ਹੈ। ਇਸ ਪਉੜੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਦੇ ਸਮੇਂ ਦੀ ਸਥਿਤੀ ਨੂੰ ਬਿਆਨ ਕੀਤਾ ਗਿਆ ਹੈ। ਇੱਕ ਉਦਾਹਰਨ ਦਿੰਦੇ ਭਾਈ ਗੁਰਦਾਸ ਜੀ ਦੱਸਦੇ ਹਨ ਕਿ ਜਿਵੇਂ ਸ਼ੇਰ ਦੇ ਗਰਜਣ ‘ਤੇ ਹਰਨਾਂ ਦੀ ਡਾਰ ਭੱਜ ਉੱਠਦੀ ਹੈ ਅਤੇ ਹੌਸਲਾ ਨਹੀਂ ਰੱਖ ਸਕਦੀ ਉਸੇ ਤਰ੍ਹਾਂ ਗੁਰੂ ਜੀ ਦੇ ਗਿਆਨ ਦੇ ਸਾਮ੍ਹਣੇ ਅਗਿਆਨਤਾ ਦਾ ਹਨੇਰਾ ਅਲੋਪ ਹੋ ਗਿਆ। ਇਸ ਤਰ੍ਹਾਂ ਪਾਪੀਆਂ ਅਤੇ ਧਾਰਮਿਕ ਪਖੰਡੀਆਂ ਨੂੰ ਭਾਜੜ ਪੈ ਗਈ।

ਪ੍ਰਸ਼ਨ 10. ਹੇਠ ਦਿੱਤੀਆਂ ਕਾਵਿ-ਸਤਰਾਂ ਦੀ ਵਿਆਖਿਆ ਕਰੋ :

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।

ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ।

ਉੱਤਰ : ਇਹ ਕਾਵਿ-ਸਤਰਾਂ ਭਾਈ ਗੁਰਦਾਸ ਜੀ ਦੁਆਰਾ ਰਚਿਤ ਪਉੜੀ ‘ਸਤਿਗੁਰ ਨਾਨਕ ਪ੍ਰਗਟਿਆ’ ਵਿੱਚੋਂ ਹਨ। ਇਸ ਪਉੜੀ ਵਿੱਚ ਗੁਰੂ ਜੀ ਦੇ ਅਵਤਾਰ ਧਾਰਨ ਦੇ ਸਮੇਂ ਦੀ ਸਥਿਤੀ ਨੂੰ ਬਿਆਨ ਕੀਤਾ ਗਿਆ ਹੈ। ਭਾਈ ਗੁਰਦਾਸ ਜੀ ਇੱਕ ਉਦਾਹਰਨ ਦਿੰਦੇ ਦੱਸਦੇ ਹਨ ਕਿ ਜਿਵੇਂ ਸੂਰਜ ਨਿਕਲਨ ‘ਤੇ ਤਾਰਿਆਂ ਦਾ ਚਾਨਣ ਛੁਪ ਜਾਂਦਾ ਹੈ ਅਥਵਾ ਅਲੋਪ ਹੋ ਜਾਂਦਾ ਹੈ ਅਤੇ ਹਨੇਰਾ ਦੂਰ ਹੋ ਜਾਂਦਾ ਹੈ, ਉਸੇ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਹੋਣ ‘ਤੇ ਅਗਿਆਨਤਾ ਦੀ ਧੁੰਦ ਮਿਟ ਗਈ ਅਤੇ ਸੰਸਾਰ ‘ਤੇ ਗਿਆਨ ਦਾ ਚਾਨਣ ਹੋ ਗਿਆ।