ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰ||
‘ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰ||’ ਗੁਰੂ ਨਾਨਕ ਦੇਵ ਜੀ ਦੀ ਤੁਕ ਹੈ, ਜਿਹੜੀ ਕਿ ਅਖੁੱਟ ਸਚਿਆਈ ਨੂੰ ਕਾਨੀਬੰਦ ਕਰਦੀ ਹੈ। ਨਿਰਸੰਦੇਹ ਸੱਚ ਸਭ ਗੁਣਾਂ ਨਾਲ਼ੋਂ ਉੱਤਮ ਹੈ ਪਰ ਇਸ ਨਾਲ਼ੋਂ ਵੀ ਉੱਤਮ ਸ਼ੁੱਧ ਆਚਾਰ ਹੈ। ਗੁਰਬਾਣੀ ਇੱਕ ਹੋਰ ਤੁਕ ਵਿੱਚ ਇਸ ਗੱਲ ਦੀ ਗਵਾਹੀ ਭਰਦੀ ਹੈ :
ਸੁਚਿ ਹੋਵੈ ਤਾ ਸਚੁ ਪਾਈਐ ||੨||
ਸੱਚ ਬੋਲਣਾ ਤਾਂ ਕੇਵਲ ਇੱਕ ਸ਼ੁੱਭ ਗੁਣ ਹੈ ਪਰ ਸ਼ੁੱਧ ਆਚਾਰ ਅਥਵਾ ਚੰਗੇ ਚਾਲ – ਚਲਣ ਲਈ ਕਈ ਗੁਣ ਚਾਹੀਦੇ ਹਨ, ਜਿਨ੍ਹਾਂ ਵਿੱਚੋਂ ਸੱਚ ਬੋਲਣਾ ਵੀ ਇੱਕ ਗੁਣ ਹੁੰਦਾ ਹੈ। ਸੋ, ਸ਼ੁੱਧ ਚਾਲ – ਚਲਣ ਸੱਚ ਬੋਲਣ ਤੋਂ ਵੀ ਉੱਤਮ ਹੈ। ਏਸੇ ਲਈ ਤਾਂ ਆਮ ਕਿਹਾ ਜਾਂਦਾ ਹੈ ਕਿ ਚਾਲ – ਚਲਣ ਗਿਆ ਤਾਂ ਸਭ ਕੁੱਝ ਗਿਆ (If character is lost, everything is lost.), ਪਰ ਇਸ ਤੋਂ ਇਹ ਵੀ ਨਹੀਂ ਸਮਝ ਲੈਣਾ ਚਾਹੀਦਾ ਕਿ ਜੇ ਚੰਗੇ ਆਚਰਨ ਵਾਲਾ ਮਨੁੱਖ ਝੂਠ ਬੋਲ ਲਵੇ ਤਾਂ ਉਹ ਝੂਠ ਬੋਲਣ ਦੀ ਸਜ਼ਾ ਤੋਂ ਮੁਕਤ ਹੋ ਸਕਦਾ ਹੈ। ਧਰਮੀ ਯੁਧਿਸ਼ਟਰ ਨੂੰ ਪਹਿਲਾਂ ਨਰਕ ਵਿੱਚ ਇਸ ਲਈ ਜਾਣਾ ਪਿਆ, ਕਿਉਂਕਿ ਉਸ ਨੇ ਸ੍ਰੀ ਕ੍ਰਿਸ਼ਨ ਮਹਾਰਾਜਾ ਦੇ ਆਦੇਸ਼ ‘ਤੇ ਦਰੋਣਾਚਾਰਯਾ ਨੂੰ ਧੋਖਾ ਦੇਣ ਲਈ ‘ਅਸ਼ਵਥਾਮਾ ਮਰ ਗਿਆ’ ਕਿਹਾ, ਭਾਵੇਂ ਗੁਰੂ ਦਰੋਣਾਚਾਰਯਾ ਦਾ ਅਸ਼ਵਥਾਮਾ ਹਾਥੀ ਸੱਚੀਂ – ਮੁੱਚੀਂ ਮਰ ਗਿਆ ਸੀ। ਸੋ, ਇੱਕ ਮਾੜਾ ਕੰਮ ਵਿਅਕਤੀ ਦੇ ਜੀਵਨ ਦੇ ਸਭ ਸ਼ੁੱਭ ਕਰਮਾਂ ਦੀ ਚੰਗਿਆਈ ‘ਤੇ ਸਿਆਹੀ ਫੇਰ ਦਿੰਦਾ ਹੈ। ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਹਰ ਧਰਮ ਦਾ ਨਿਰਮਾਤਾ ਸੱਚ ਨੂੰ ਹੀ ਧਰਮ ਦੀ ਨੀਂਹ ਮੰਨਦਾ ਹੈ, ਪਰਮਾਤਮਾ ਨੂੰ ਸੱਚ ਸਰੂਪ ਤੇ ਸੱਚ ਨੂੰ ਹੀ ਪਰਮਾਤਮਾ ਆਖਦਾ ਹੈ, ਪਰ ਵਰਤਮਾਨ ਸਮੇਂ ਵਿੱਚ ਸੱਚ ਬੋਲਣਾ ਜ਼ਹਿਰ ਖਾਣ ਦੇ ਬਰਾਬਰ ਸਮਝਿਆ ਜਾਂਦਾ ਹੈ। ਲੋਕੀਂ ਪੈਰ – ਪੈਰ ‘ਤੇ ਝੂਠ ਬੋਲਦੇ ਹਨ। ਜੇ ਉਹ ਸੱਚ ਬੋਲਣ ਤਾਂ ਨਾ ਕੇਵਲ ਉਨ੍ਹਾਂ ਦਾ ਧੰਦਾ ਠੱਪ ਹੋ ਜਾਂਦਾ ਹੈ, ਸਗੋਂ ਲੋਕੀਂ ਵੀ ਮੂਰਖ ਆਖ ਕੇ ਮਜ਼ਾਕ ਉਡਾਉਂਦੇ ਹਨ। ਜਿਹੜਾ ਦੁਕਾਨਦਾਰ ਆਪਣੇ ਦਹੀਂ ਨੂੰ ਮਿੱਠਾ ਨਹੀਂ ਕਹਿੰਦਾ (ਭਾਵੇਂ ਉਹ ਖੱਟਾ ਕਿਉਂ ਨਾ ਹੋਵੇ), ਉਸ ਦਾ ਦਹੀਂ ਕੂੰਡੇ ਵਿੱਚ ਹੀ ਪਿਆ ਰਹਿੰਦਾ ਹੈ, ਕੋਈ ਨਹੀਂ ਖਰੀਦਦਾ। ਕਹਿੰਦੇ ਹਨ ਕਿ ਇੱਕ ਵਿਅਕਤੀ ਕਿਸੇ ਬ੍ਰਹਮ ਗਿਆਨੀ ਸੰਤ – ਮਹਾਤਮਾ ਕੋਲੋਂ ‘ਨਾਮ’ ਲੈਣ ਗਿਆ। ਉਨ੍ਹਾਂ ਕਿਹਾ ਕਿ ਸੱਚ ਬੋਲਿਆ ਕਰ ਤਾਂ ਉਹ ਪਿੱਟ ਉੱਠਿਆ; ‘ਸੱਚ ਬੋਲਣ ਨਾਲ ਮੇਰਾ ਟੱਬਰ ਭੁੱਖਾ ਮਰ ਜਾਏਗਾ।’ ਸੋ ਸੱਚ ਬੋਲਣ ਲਈ ਕੁਰਬਾਨੀ ਦੇਣ ਦੀ ਲੋੜ ਹੈ ਅਤੇ ਚੰਗੇ ਆਚਰਨ ਲਈ ਇਸ ਤੋਂ ਵੀ ਵੱਡੀ ਕੁਰਬਾਨੀ ਦੇਣ ਦੀ ਜ਼ਰੂਰਤ ਹੈ। ਨਿਰਸੰਦੇਹ ਸੱਚ ਸਭ ਗੁਣਾਂ ਨਾਲ਼ੋਂ ਉੱਤਮ ਹੈ, ਪਰ ਸ਼ੁੱਧ ਆਚਰਨ ਸੱਚ ਨਾਲ਼ੋਂ ਵੀ ਉੱਤਮ ਹੈ। ਗੁਰੂ ਨਾਨਕ ਦੇਵ ਜੀ ਨੇ ਠੀਕ ਹੀ ਕਿਹਾ ਹੈ : ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰ||