CBSEclass 11 PunjabiClass 12 PunjabiClass 9th NCERT PunjabiEducationLetters (ਪੱਤਰ)Punjab School Education Board(PSEB)Punjabi Viakaran/ Punjabi Grammar

ਵਿਦੇਸ਼ ਭੇਜਣ ਦੇ ਝਾਂਸੇ ਹੇਠ ਠੱਗੀ ਮਾਰਨ ਵਾਲਿਆ ਵਿਰੁੱਧ ਕਾਰਵਾਈ ਦੀ ਮੰਗ ਬਾਰੇ ਪੱਤਰ


ਕਿਸੇ ਰੋਜ਼ਾਨਾ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖ ਕੇ ਵਿਦੇਸ਼ ਭੇਜਣ ਦੇ ਝਾਂਸੇ ਹੇਠ ਠੱਗੀ ਮਾਰਨ ਵਾਲਿਆ ਵਿਰੁੱਧ ਕਾਰਵਾਈ ਦੀ ਮੰਗ ਕਰੋ।


ਸੇਵਾ ਵਿਖੇ

ਸੰਪਾਦਕ ਸਾਹਿਬ,

ਰੋਜ਼ਾਨਾ ‘ਅਜੀਤ’,

ਜਲੰਧਰ।

ਵਿਸ਼ਾ : ਵਿਦੇਸ਼ ਭੇਜਣ ਦੇ ਝਾਂਸੇ ਹੇਠ ਠੱਗੀ ਮਾਰਨ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ।

ਸ੍ਰੀਮਾਨ ਜੀ,

ਇਸ ਪੱਤਰ ਰਾਹੀਂ ਮੈਂ ਵਿਦੇਸ਼ ਭੇਜਣ ਦੇ ਝਾਂਸੇ ਹੇਠ ਠੱਗੀ ਮਾਰਨ ਵਾਲਿਆਂ ਵੱਲੋਂ ਆਮ ਲੋਕਾਂ ਨਾਲ ਕੀਤੇ ਜਾਂਦੇ ਧੋਖੇ ਬਾਰੇ ਆਪਣੇ ਵਿਚਾਰ ਪ੍ਰਗਟਾ ਰਿਹਾ ਹਾਂ।

ਭਾਰਤ ਦੇ ਵੱਖ-ਵੱਖ ਹਿੱਸਿਆਂ ਅਤੇ ਵਿਸ਼ੇਸ਼ ਤੌਰ ‘ਤੇ ਪੰਜਾਬ ਦੇ ਨੌਜਵਾਨਾਂ ਵਿੱਚ ਵਿਦੇਸ਼ਾਂ ਨੂੰ ਜਾਣ ਦੀ ਲਾਲਸਾ ਚਿਰਾਂ ਤੋਂ ਹੀ ਦੇਖੀ ਜਾ ਰਹੀ ਹੈ। ਇਸੇ ਲਈ ਉਹ ਜਾਇਜ਼ ਅਤੇ ਨਾਜਾਇਜ਼ ਢੰਗ ਨਾਲ ਵਿਦੇਸ਼ਾਂ (ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆਂ ਆਦਿ) ਨੂੰ ਜਾਣ ਦੀਆਂ ਵਿਉਂਤਾਂ ਬਣਾਉਂਦੇ ਰਹਿੰਦੇ ਹਨ। ਇਸ ਦਾ ਵੱਡਾ ਕਾਰਨ ਤਾਂ ਇਹ ਹੈ ਕਿ ਸਾਡੇ ਦੇਸ ਵਿੱਚ ਪੜ੍ਹੇ-ਲਿਖੇ ਨੌਜਵਾਨਾਂ ਲਈ ਰੁਜ਼ਗਾਰ ਦੇ ਲੋੜੀਂਦੇ ਮੌਕੇ ਨਹੀਂ ਹਨ। ਸਾਡੇ ਨੌਜਵਾਨ ਜਦ ਵਿਦੇਸ਼ਾਂ ਦੀ ਚਮਕ-ਦਮਕ ਅਤੇ ਉੱਥੇ ਪ੍ਰਾਪਤ ਜੀਵਨ ਦੀਆਂ ਸਹੂਲਤਾਂ ਬਾਰੇ ਜਾਣਦੇ ਹਨ ਤਾਂ ਕਿਸੇ ਨਾ ਕਿਸੇ ਤਰ੍ਹਾਂ ਵਿਦੇਸ਼ ਜਾਣ ਲਈ ਤਿਆਰ ਹੋ ਜਾਂਦੇ ਹਨ ਭਾਵੇਂ ਕਿ ਉਹਨਾਂ ਨੂੰ ਆਪਣੀ ਜ਼ਮੀਨ ਹੀ ਕਿਉਂ ਨਾ ਵੇਚਣੀ ਜਾਂ ਗਹਿਣੇ ਪਾਉਣੀ ਪਵੇ। ਸਾਡੇ ਨੌਜਵਾਨਾਂ ਦੀ ਦਿਨਾਂ ਵਿੱਚ ਹੀ ਅਮੀਰ ਹੋਣ ਦੀ ਲਾਲਸਾ ਵੀ ਉਹਨਾਂ ਨੂੰ ਵਿਦੇਸ਼ਾਂ ਨੂੰ ਜਾਣ ਲਈ ਪ੍ਰੇਰਦੀ ਹੈ। ਇਸ ਲਈ ਉਹ ਟ੍ਰੈਵਲ ਏਜੰਟਾਂ ਦੇ ਚੱਕਰ ਵਿੱਚ ਫਸ ਜਾਂਦੇ ਹਨ। ਸਾਡੇ ਦੇਸ਼ ਵਿੱਚ ਕੁਝ ਟ੍ਰੈਵਲ ਏਜੰਟ ਤਾਂ ਮਾਨਤਾ-ਪ੍ਰਾਪਤ ਹਨ ਅਤੇ ਉਹ ਕਨੂੰਨ ਦੇ ਦਾਇਰੇ ਵਿੱਚ ਰਹਿ ਕੇ ਹੀ ਨੌਜਵਾਨਾਂ ਨੂੰ ਸਟਡੀ ਵੀਜ਼ੇ, ਟੂਰਿਸਟ ਵੀਜ਼ੇ ‘ਤੇ ਜਾਂ ਪੱਕੇ ਤੌਰ ‘ਤੇ ਵਿਦੇਸ਼ ਭੇਜਣ ਦਾ ਕੰਮ ਕਰਦੇ ਹਨ ਪਰ ਬਹੁਤੇ ਏਜੰਟ ਬਿਨਾਂ ਕਿਸੇ ਮਾਨਤਾ ਦੇ ਹੀ ਇਹ ਧੰਦਾ ਕਰਦੇ ਹਨ। ਉਹਨਾਂ ਨੇ ਵੱਡੇ-ਵੱਡੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਆਪਣੇ ਵਧੀਆ ਦਫ਼ਤਰ ਬਣਾਏ ਹੋਏ ਹਨ ਤਾਂ ਜੋ ਆਮ ਲੋਕਾਂ ਨੂੰ ਪ੍ਰਭਾਵਤ ਕਰ ਸਕਣ।

ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਭੇਜਣ ਦੇ ਕਈ ਤਰ੍ਹਾਂ ਦੇ ਢੰਗ-ਤਰੀਕੇ ਲੱਭੇ ਜਾਂਦੇ ਹਨ। ਕਈ ਗਾਇਕ, ਖਿਡਾਰੀ, ਨੇਤਾ ਆਦਿ ਵਿਦੇਸ਼ ਨੂੰ ਜਾਣ ਸਮੇਂ ਕੁਝ ਲੋਕਾਂ ਨੂੰ ਗ਼ਲਤ ਢੰਗ ਨਾਲ ਆਪਣੇ ਨਾਲ ਲੈ ਜਾਣ ਦਾ ਢੰਗ ਵੀ ਅਪਣਾ ਰਹੇ ਹਨ। ਇਸ ਸੰਬੰਧ ਵਿੱਚ ਅਖ਼ਬਾਰਾਂ ਵਿੱਚ ਖ਼ਬਰਾ
ਛਪਦੀਆਂ ਰਹਿੰਦੀਆਂ ਹਨ, ਪਰ ਫਿਰ ਵੀ ਸਾਡੇ ਨੌਜਵਾਨ ਠੱਗ ਕਿਸਮ ਦੇ ਏਜੰਟਾਂ ਦੇ ਚੱਕਰ ਵਿੱਚ ਫਸ ਜਾਂਦੇ ਹਨ। ਅਜਿਹੇ ਏਜੰਟ ਸਾਡੇ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦਾ ਇਕਰਾਰ ਕਰ ਕੇ ਉਹਨਾਂ ਤੋਂ ਚੋਖੀ ਰਕਮ ਠੱਗ ਲੈਂਦੇ ਹਨ। ਅਜਿਹੇ ਧੋਖੇਬਾਜ਼ ਏਜੰਟ ਦੋ-ਚਾਰ ਮਹੀਨੇ ਤਾਂ ਸਾਰੀ ਕਾਰਵਾਈ ਪੂਰੀ ਕਰਨ ਦੇ ਚੱਕਰ ਵਿੱਚ ਹੀ ਇਹਨਾਂ ਨੌਜਵਾਨਾਂ ਦੇ ਚੱਕਰ ਕਢਾਈ ਜਾਂਦੇ ਹਨ। ਆਪਣਾ ਵਿਸ਼ਵਾਸ ਪੈਦਾ ਕਰਨ ਲਈ ਇਹ ਇੱਕ ਦੋ ਨੌਜਵਾਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਬਾਹਰ ਭੇਜਣ ਦਾ ਯਤਨ ਵੀ ਕਰਦੇ ਹਨ ਪਰ ਬਹੁਤੇ ਨੌਜਵਾਨ ਤਾਂ ਇਹਨਾਂ ਹੱਥੋਂ ਠੱਗੇ ਹੀ ਜਾਂਦੇ ਹਨ।

ਠੱਗ ਕਿਸਮ ਦੇ ਏਜੰਟ ਸਾਡੇ ਨੌਜਵਾਨਾਂ ਨੂੰ ਜੋਖਮ ਭਰੇ ਰਾਹਾਂ ‘ਤੇ ਲੈ ਜਾਂਦੇ ਹਨ। ਉਹਨਾਂ ਨੂੰ ਰਾਤ-ਬਰਾਤੇ ਅਤੇ ਚੋਰੀ-ਛੁਪੇ ਇੱਕ ਦੇਸ ਤੋਂ ਦੂਸਰੇ ਦੇਸ ਵਿੱਚ ਦਾਖ਼ਲ ਕਰਵਾਇਆ ਜਾਂਦਾ ਹੈ। ਉਹਨਾਂ ਨੂੰ ਸਮੁੰਦਰੀ ਕਿਸ਼ਤੀਆਂ ਵਿੱਚ ਬਿਠਾ ਦਿੱਤਾ ਜਾਂਦਾ ਹੈ। ਮਾਲਟਾ ਕਾਂਡ ਵਰਗੀਆਂ ਘਟਨਾਵਾਂ ਸਾਨੂੰ ਅਜੇ ਵੀ ਭੁੱਲੀਆਂ ਨਹੀਂ। ਬਹੁਤੀ ਵਾਰ ਤਾਂ ਅਜਿਹੇ ਨੌਜਵਾਨ ਫੜੇ ਜਾਂਦੇ ਹਨ ਅਤੇ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ। ਦੂਸਰੇ ਪਾਸੇ ਉਹਨਾਂ ਦੇ ਘਰ ਵਾਲੇ ਉਹਨਾਂ ਦੀ ਸੁੱਖ-ਸਾਂਦ ਉਡੀਕਦੇ ਰਹਿੰਦੇ ਹਨ।

ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇਸ ਸਮੱਸਿਆ ਨੂੰ ਹੱਲ ਕਿਵੇਂ ਕੀਤਾ ਜਾਵੇ? ਸਭ ਤੋਂ ਵੱਡੀ ਲੋੜ ਤਾਂ ਇਸ ਗੱਲ ਦੀ ਹੈ ਕਿ ਸਾਡੇ ਨੌਜਵਾਨਾਂ ਲਈ ਦੇਸ ਵਿੱਚ ਹੀ ਰੁਜ਼ਗਾਰ ਦੇ ਲੋੜੀਂਦੇ ਮੌਕੇ ਪੈਦਾ ਕੀਤੇ ਜਾਣ। ਕਿਸੇ ਵੀ ਟ੍ਰੈਵਲ ਏਜੰਟ ਨੂੰ ਬਿਨਾਂ ਮਾਨਤਾ ਦੇ ਇਹ ਕੰਮ ਨਾ ਕਰਨ ਦਿੱਤਾ ਜਾਵੇ। ਉਲੰਘਣਾ ਕਰਨ ਵਾਲਿਆਂ ਲਈ ਸਖ਼ਤ ਸਜ਼ਾ ਦੀ ਵਿਵਸਥਾ ਹੋਣੀ ਚਾਹੀਦੀ ਹੈ। ਸਰਕਾਰ ਨੂੰ ਇਸ ਪਾਸੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਕਿ ਧੋਖੇਬਾਜ਼ ਏਜੰਟ ਸਾਡੇ ਨੌਜਵਾਨਾਂ ਨੂੰ ਠੱਗ ਨਾ ਸਕਣ। ਸਰਕਾਰ ਨੂੰ ਆਪਣੇ ਪੱਧਰ ‘ਤੇ ਕੁਝ ਅਜਿਹੀਆਂ ਏਜੰਸੀਆਂ ਸਥਾਪਿਤ ਕਰਨੀਆਂ ਚਾਹੀਦੀਆਂ ਹਨ ਜੋ ਇਸ ਚੱਕਰ ਵਿੱਚ ਫਸੇ ਨੌਜਵਾਨਾਂ ਦੀ ਅਗਵਾਈ ਕਰ ਸਕਣ ਅਥਵਾ ਉਹਨਾਂ ਨੂੰ ਲੋੜੀਂਦੀ ਜਾਣਕਾਰੀ ਮੁਹੱਈਆਂ ਕਰਵਾਉਣ। ਸਾਡੇ ਨੌਜਵਾਨਾਂ ਨੂੰ ਵੀ ਚਾਹੀਦਾ ਹੈ ਕਿ ਵਿਦੇਸ਼ਾਂ ਦੀ ਚਮਕ-ਦਮਕ ਤੋਂ ਪ੍ਰਭਾਵਤ ਹੋ ਕੇ ਆਪਣਾ ਸਾਰਾ ਕੁਝ ਹੀ ਦਾਅ ‘ਤੇ ਨਾ ਲਾ ਦੇਣ ਸਗੋਂ ਇਸ ਸੰਬੰਧ ਵਿੱਚ ਪੂਰੀ ਸੂਝ-ਬੂਝ ਤੋਂ ਕੰਮ ਲੈਣ। ਉਹਨਾਂ ਨੂੰ ਪੂਰੀ ਪੜਤਾਲ ਤੋਂ ਬਾਅਦ ਹੀ ਕੋਈ ਕਦਮ ਪੁੱਟਣਾ ਚਾਹੀਦਾ ਹੈ ਤਾਂ ਜੋ ਉਹ ਠੱਗੇ ਨਾਂ ਜਾਣ।

ਆਸ ਹੈ ਤੁਸੀਂ ਇਸ ਪੱਤਰ ਨੂੰ ਪ੍ਰਕਾਸ਼ਿਤ ਕਰੋਗੇ।

           ਧੰਨਵਾਦ ਸਹਿਤ,

ਤੁਹਾਡਾ ਵਿਸ਼ਵਾਸਪਾਤਰ,

ਗਿਆਨ ਸਿੰਘ

115 ਬੀ, ਮਾਡਲ ਟਾਊਨ,

………….. ਸ਼ਹਿਰ।

ਮਿਤੀ : …………… .