ਵਾਰਤਕ ਭਾਗ : ‘ਸੁਲਤਾਨਪੁਰ ਨੂੰ ਤਿਆਰੀ’ ਸਾਖੀ ਦਾ ਸੰਖੇਪ-ਸਾਰ
ਪ੍ਰਸ਼ਨ. ‘ਸੁਲਤਾਨਪੁਰ ਨੂੰ ਤਿਆਰੀ’ ਸਾਖੀ (ਪਾਠ) ਦਾ ਸੰਖੇਪ-ਸਾਰ ਲਿਖੋ।
ਉੱਤਰ : ਗੁਰੂ ਜੀ ਦੇ ਭਣੋਈਏ ਜੈਰਾਮ ਨੇ ਜਦੋਂ ਇਹ ਸੁਣਿਆ ਕਿ ਗੁਰੂ ਨਾਨਕ ਹੈਰਾਨ ਰਹਿੰਦੇ ਹਨ ਤੇ ਕੋਈ ਕੰਮ ਨਹੀਂ ਕਰਦੇ, ਤਾਂ ਉਸ ਨੇ ਗੁਰੂ ਜੀ ਨੂੰ ਚਿੱਠੀ ਲਿਖ ਕੇ ਆਪਣੇ ਕੋਲ ਆਉਣ ਲਈ ਕਿਹਾ। ਇਹ ਗੱਲ ਸਾਰੇ ਘਰਦਿਆਂ ਨੇ ਇਹ ਸੋਚ ਕੇ ਪਸੰਦ ਕੀਤੀ ਕਿ ਸ਼ਾਇਦ ਉਨ੍ਹਾਂ ਦਾ ਮਨ ਉੱਥੇ ਟਿਕ ਜਾਵੇ। ਜਦੋਂ ਗੁਰੂ ਜੀ ਸੁਲਤਾਨਪੁਰ ਜਾਣ ਲੱਗੇ, ਤਾਂ ਉਨ੍ਹਾਂ ਦੀ ਪਤਨੀ ਨੇ ਰੋਂਦਿਆਂ ਕਿਹਾ ਕਿ ਉਹ ਤਾਂ ਉਸ ਨੂੰ ਪਹਿਲਾਂ ਹੀ ਮੂੰਹ ਨਹੀਂ ਸਨ ਲਾਉਂਦੇ ਤੇ ਪਰਦੇਸ ਜਾ ਕੇ ਤਾਂ ਉਹ ਵਾਪਸ ਹੀ ਨਹੀਂ ਆਉਣਗੇ। ਗੁਰੂ ਜੀ ਨੇ ਕਿਹਾ ਕਿ ਉਹ ਨਾ ਇੱਥੇ ਕੁੱਝ ਕਰਦੇ ਸਨ ਤੇ ਨਾ ਉਨ੍ਹਾਂ ਉੱਥੇ ਜਾ ਕੇ ਕੁੱਝ ਕਰਨਾ ਹੈ। ਗੁਰੂ ਜੀ ਦੀ ਪਤਨੀ ਨੇ ਕਿਹਾ ਕਿ ਉਨ੍ਹਾਂ ਦੇ ਘਰ ਬੈਠੇ ਹੋਣ ਨਾਲ ਉਹ ਸਮਝਦੀ ਸੀ ਉਸ ਨੂੰ ਸਾਰੇ ਸੰਸਾਰ ਦੀ ਪਾਤਸ਼ਾਹੀ ਮਿਲੀ ਹੋਈ ਹੈ। ਗੁਰੂ ਜੀ ਨੇ ਉਸ ਨੂੰ ਕਿਹਾ ਕਿ ਇਕ ਦਿਨ ਉਸ ਦੀ ਪਾਤਸ਼ਾਹੀ ਹੋਵੇਗੀ। ਉਸ ਦੇ ਨਾਲ ਜਾਣ ਦੀ ਜ਼ਿਦ ਦੇਖ ਕੇ ਉਨ੍ਹਾਂ ਕਿਹਾ ਕਿ ਜੇਕਰ ਉੱਥੇ ਜਾ ਕੇ ਉਨ੍ਹਾਂ ਦੇ ਰੁਜ਼ਗਾਰ ਦੀ ਕੋਈ ਗੱਲ ਬਣੀ, ਤਾਂ ਉਹ ਉਸ ਨੂੰ ਵੀ ਬੁਲਾ ਲੈਣਗੇ। ਫਿਰ ਗੁਰੂ ਜੀ ਸਭ ਤੋਂ ਵਿਦਾ ਲੈ ਕੇ ਸੁਲਤਾਨਪੁਰ ਵਲ ਚਲ ਪਏ।