ਸ੍ਰੀ ਗੁਰੂ ਤੇਗ਼ ਬਹਾਦਰ ਜੀ
ਤਿਲਕ ਜੰਝੂ ਰਾਖਾ ਪ੍ਰਭ ਤਾਕਾ॥ ਕੀਨੋ ਬਡੋ ਕਲੂ ਮਹਿ ਸਾਕਾ॥
ਧਰਮ ਹੇਤੁ ਸਾਕਾ ਜਿਨ ਕੀਆ ॥
ਸੀਸ ਦੀਆ ਪਰ ਸਿਰਰ ਨਾ ਦੀਆ॥ (ਬਚਿੱਤਰ ਨਾਟਕ)
ਜਾਣ-ਪਛਾਣ : ਸ੍ਰੀ ਗੁਰੂ ਤੇਗ਼ ਬਹਾਦਰ ਜੀ ਸਿੱਖ ਧਰਮ ਦੇ ਨੌਵੇਂ ਗੁਰੂ ਸਨ। ਉਨ੍ਹਾਂ ਦਾ ਵਿਅਕਤੀਤਵ ਬਹੁਮੁਖੀ ਤੇ ਵਿਲੱਖਣ ਸੀ। ਆਪ ਨੇ ਧਰਮ ਦੀ ਰਾਖੀ ਲਈ ਮਹਾਨ ਕੁਰਬਾਨੀ ਦਿੱਤੀ। ਇਸ ਲਈ ਆਪ ਨੂੰ ‘ਹਿੰਦ ਦੀ ਚਾਦਰ’ ਕਹਿ ਕੇ ਸਤਿਕਾਰਿਆ ਜਾਂਦਾ ਹੈ।
ਜਨਮ ਅਤੇ ਬਚਪਨ : ਗੁਰੂ ਤੇਗ਼ ਬਹਾਦਰ ਜੀ ਦਾ ਜਨਮ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੇ ਮਾਤਾ ਨਾਨਕੀ ਜੀ ਦੇ ਘਰ 1 ਅਪ੍ਰੈਲ, 1621 ਈਸਵੀ ਨੂੰ ਅੰਮ੍ਰਿਤਸਰ ਵਿਖੇ ਹੋਇਆ। ਆਪ ਦਾ ਬਚਪਨ ਦਾ ਨਾਂ ਤਿਆਗ ਮੱਲ ਸੀ। ਆਪ ਗੁਰੂ ਸਾਹਿਬ ਦੇ ਸਭ ਤੋਂ ਛੋਟੇ ਸਪੁੱਤਰ ਸਨ। ਆਪ ਦਾ ਬਚਪਨ ਅੰਮ੍ਰਿਤਸਰ ਵਿਖੇ ਹੀ ਬੀਤਿਆ। ਫਿਰ ਆਪ ਆਪਣੇ ਮਾਤਾ-ਪਿਤਾ ਸਮੇਤ ਕੁਝ ਸਾਲ ਕਰਤਾਰਪੁਰ ਆ ਗਏ। ਆਪ ਨੇ ਬਚਪਨ ਵਿੱਚ ਕਰਤਾਰਪੁਰ ਵਿਖੇ ਯੁੱਧ ਵਿੱਚ ਭਾਗ ਲੈ ਕੇ ਆਪਣੀ ਤੇਗ਼ ਦੇ ਅਜਿਹੇ ਜੌਹਰ ਵਿਖਾਏ ਕਿ ਆਪ ਤਿਆਗ ਮੱਲ ਤੋਂ ਤੇਗ਼ ਬਹਾਦਰ ਬਣ ਗਏ।
ਗ੍ਰਹਿਸਥ ਜੀਵਨ : ਆਪ ਦਾ ਵਿਆਹ ਕਰਤਾਰਪੁਰ ਵਿਖੇ ਹੀ ਮਾਤਾ ਗੁਜਰੀ ਜੀ ਨਾਲ ਹੋਇਆ। ਆਪ ਦੇ ਘਰ ਗੁਰੂ ਗੋਬਿੰਦ ਸਿੰਘ ਵਰਗੇ ਨੇਕ ਸਰਬੰਸਦਾਨੀ ਪੁੱਤਰ ਨੇ ਜਨਮ ਲਿਆ।
ਗੁਰਗੱਦੀ : ਆਪ ਇਕਾਂਤ ਵਿੱਚ ਅਡੋਲ ਰਹਿ ਕੇ ਪਰਮਾਤਮਾ ਦਾ ਸਿਮਰਨ ਕਰਦੇ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਮਗਰੋਂ ਆਪ ਪਿੰਡ ਬਕਾਲਾ ਵਿਖੇ ਆ ਗਏ ਤੇ ਉੱਥੇ ਆਪ ਨੇ 26 ਸਾਲ 9 ਮਹੀਨੇ ਤੇ 13 ਦਿਨ ਦੀ ਘੋਰ ਤਪੱਸਿਆ ਕੀਤੀ। ਸ੍ਰੀ ਗੁਰੂ ਹਰਕ੍ਰਿਸ਼ਨ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਅਗਲੇ ਗੁਰੂ ਬਾਰੇ ਕੇਵਲ ਏਨਾ ਹੀ ਇਸ਼ਾਰਾ ਕੀਤਾ ਸੀ ‘ਬਾਬਾ ਬਕਾਲੇ’ ਤਾਂ ਕਈ ਦੰਭੀ ਆਪਣੇ ਆਪ ਨੂੰ ਗੁਰਗੱਦੀ ਦਾ ਮਾਲਕ ਦੱਸਣ ਲੱਗ ਪਏ। ਇਸ ਤਰ੍ਹਾਂ ਉੱਥੇ 22 ਗੁਰੂ ਬਣ ਬੈਠੇ।
ਗੁਰੂ ਲਾਧੋ ਰੇ : ਆਪ ਦੇ ਗੁਰੂ ਰੂਪੀ ਪ੍ਰਗਟ ਹੋਣ ਦੀ ਕਥਾ ਨਿਰਾਲੀ ਹੈ। ਕਿਹਾ ਜਾਂਦਾ ਹੈ ਕਿ ਗੁਰੂ ਹਰਕ੍ਰਿਸ਼ਨ ਜੀ ਤੋਂ ਸਾਲ ਕੁ ਪਿਛੋਂ ਭਾਈ ਮੱਖਣ ਸ਼ਾਹ ਲੁਬਾਣਾ, ਜਿਸ ਦਾ ਜਹਾਜ਼ ਸਮੁੰਦਰ ਦੀ ਘੁੰਮਣਘੇਰੀ ਵਿੱਚੋਂ ਗੁਰੂ ਜੀ ਦੀ ਕਿਰਪਾ ਨਾਲ ਪਾਰ ਲੱਗਾ ਸੀ, ਆਪਣੀ ਸੁੱਖਣਾ ਦੀਆਂ 500 ਮੋਹਰਾਂ ਲੈ ਕੇ ਬਾਬਾ ਬਕਾਲੇ ਪੁੱਜਾ। ਉਸ ਨੇ ਹਰ ਭੇਖੀ ਅੱਗੇ ਪੰਜ-ਪੰਜ ਮੋਹਰਾਂ ਭੇਟ ਕੀਤੀਆਂ ਤਾਂ ਆਪ ਨੇ ਉਸ ਨੂੰ ਕਿਹਾ, ‘‘ਸੁੱਖੀਆਂ ਤਾਂ ਪੰਜ ਸੌ ਮੋਹਰਾਂ ਸਨ ਤੇ ਭੇਟਾ ਕੇਵਲ ਪੰਜ ਹੀ ਕੀਤੀਆਂ ਨੇ …ਤਾਂ ਮੱਖਣ ਸ਼ਾਹ ਕਮਲਾ ਹੋ ਗਿਆ ਤੇ ਉੱਚੀ-ਉੱਚੀ ਰੌਲਾ ਪਾਉਣ ਲੱਗ ਪਿਆ, “ਗੁਰੂ ਲਾਧੋ ਰੇ”, “ਗੁਰੂ ਲਾਧੋ ਰੇ” ਭਾਵ ਸੱਚਾ ਗੁਰੂ ਮਿਲ ਗਿਆ ਹੈ।
ਅਨੰਦਪੁਰ ਵਸਾਉਣਾ : ਬਕਾਲੇ ਤੋਂ ਆਪ ਕੀਰਤਪੁਰ ਆ ਗਏ। ਫਿਰ ਕਹਿਲੂਰ ਦੇ ਰਾਜੇ ਤੋਂ ਜ਼ਮੀਨ ਖਰੀਦ ਕੇ ਅਨੰਦਪੁਰ ਸਾਹਿਬ ਨਗਰ ਵਸਾ ਲਿਆ। ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ‘ਖ਼ਾਲਸਾ ਪੰਥ’ ਦੀ ਸਾਜਨਾ ਕੀਤੀ।
ਪ੍ਰਸਿੱਧ ਰਚਨਾਵਾਂ : ਆਪ ਨੇ 59 ਸ਼ਬਦ, 57 ਸਲੋਕ ਤੇ 14 ਰਾਗਾਂ ਵਿੱਚ ਬਾਣੀ ਦੀ ਰਚਨਾ ਕੀਤੀ ਜੋ ਕਿ ਗੁਰੂ ਗੋਬਿੰਦ ਸਿੰਘ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਵਾਈ ਗਈ ਹੈ।
ਵਿਸ਼ਾ : ਆਪ ਦੀ ਬਾਣੀ ਦਾ ਮੂਲ ਵਿਸ਼ਾ ਹੈ ਕਿ ਸੰਸਾਰ ਚਲਾਇਮਾਨ ਹੈ। ਮਨੁੱਖ ਨੂੰ ਇਸ ਨਾਲ ਮੋਹ ਨਹੀਂ ਕਰਨਾ ਚਾਹੀਦਾ। ਆਪ ਨੇ ਇਸ ਸੰਸਾਰ ਨੂੰ ਬਾਦਰ ਕੀ ਛਾਈ, ਮ੍ਰਿਗ ਤ੍ਰਿਸ਼ਨਾ, ਧੂੰਏ ਕਾ ਪਹਾਰ, ਸੁਪਨਾ, ਜਲ ਤੇ ਬੁਦਬੁਦਾ, ਬਾਲੂ ਕੀ ਭੀਤ ਨਾਲ ਤੁਲਨਾ ਕੀਤੀ ਹੈ। ਪਰਮਾਤਮਾ ਦੇ ਭਜਨ ਬਿਨਾਂ ਇਹ ਜਨਮ ਵਿਅਰਥ ਹੈ:
ਗੁਨ ਗੋਬਿੰਦ ਗਾਇਓ ਨਹੀ ਜਨਮੁ ਅਕਾਰਥ ਕੀਨੁ ॥
ਕਹੁ ਨਾਨਕ ਹਰਿ ਭਜੁ ਮਨਾ ਜਿਹ ਬਿਧਿ ਜਲ ਕਉ ਮੀਨੁ ॥
ਕਸ਼ਮੀਰੀ ਪੰਡਤਾਂ ਦੀ ਪੁਕਾਰ : ਉਸ ਸਮੇਂ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਅਨੁਸਾਰ ਕਸ਼ਮੀਰ ਦਾ ਸੂਬੇਦਾਰ ਸ਼ੇਰ ਅਫਗਾਨ ਤਲਵਾਰ ਦੇ ਜ਼ੋਰ ਨਾਲ ਹਰ ਕਸ਼ਮੀਰੀ ਹਿੰਦੂ ਨੂੰ ਜਬਰੀ ਮੁਸਲਮਾਨ ਬਣਾ ਰਿਹਾ ਸੀ। ਕਸ਼ਮੀਰ ਦੇ ਦੁਖੀ ਪੰਡਤਾਂ ਨੇ ਗੁਰੂ ਤੇਗ਼ ਬਹਾਦਰ ਜੀ ਅੱਗੇ ਫਰਿਆਦ ਕੀਤੀ ਤਾਂ ਗੁਰੂ ਜੀ ਨੇ ਕਿਹਾ ਕਿ ਇਸ ਸਮੇਂ ਕਿਸੇ ਬਹਾਦਰ ਦੀ ਕੁਰਬਾਨੀ ਦੀ ਲੋੜ ਹੈ ਤਾਂ ਕੋਲ ਹੀ ਬੈਠੇ ਬਾਲਕ ਗੋਬਿੰਦ ਰਾਇ ਨੇ ਪਿਤਾ ਜੀ ਨੂੰ ਕਿਹਾ “ਆਪ ਤੋਂ ਵੱਡਾ ਯੋਧਾ ਹੋਰ ਕੌਣ ਹੋ ਸਕਦਾ ਹੈ ?” ਤਾਂ ਗੁਰੂ ਜੀ ਨੇ ਤਿਲਕ ਜੰਝੂ ਦੀ ਰਾਖੀ ਲਈ ਆਪਣੀ ਕੁਰਬਾਨੀ ਦੇਣ ਲਈ ਸਹਿਮਤੀ ਦੇ ਦਿੱਤੀ।
ਗਿਰਫ਼ਤਾਰੀ : ਇਸ ਪਿਛੋਂ ਗੁਰੂ ਜੀ ਆਗਰੇ ਪੁੱਜੇ। ਇੱਥੇ ਗੁਰੂ ਜੀ ਨੂੰ ਉਨ੍ਹਾਂ ਦੇ ਪੰਜ ਸਿੱਖਾਂ ਸਮੇਤ ਗਿਰਫ਼ਤਾਰ ਕਰ ਕੇ ਦਿੱਲੀ ਲਿਜਾਇਆ ਗਿਆ। ਆਪ ਨੂੰ ਇਸਲਾਮ ਧਰਮ ਕਬੂਲ ਕਰਨ ਲਈ ਕਿਹਾ ਗਿਆ। ਇਸ ਲਈ ਆਪ ਨੂੰ ਡਰਾਇਆ ਧਮਕਾਇਆ ‘ਤੇ ਲਾਲਚ ਵੀ ਦਿੱਤੇ ਗਏ ਪਰ ਆਪ ਅਡੋਲ ਰਹੇ।
ਸਿੱਖਾਂ ਦੀ ਸ਼ਹੀਦੀ : ਗੁਰੂ ਜੀ ਦੀ ਦ੍ਰਿੜ੍ਹਤਾ ਨੂੰ ਵੇਖ ਕੇ ਹਾਕਮਾਂ ਨੇ ਪਹਿਲਾਂ ਆਪ ਦੇ ਸਿੱਖਾਂ ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰ ਦਿੱਤਾ ਗਿਆ। ਭਾਈ ਸਤੀ ਦਾਸ ਜੀ ਨੂੰ ਰੂੰ ਵਿੱਚ ਲਪੇਟ ਕੇ ਸਾੜ ਦਿੱਤਾ ਅਤੇ ਭਾਈ ਦਿਆਲੇ ਨੂੰ ਉਬਲਦੀ ਦੇਗ ਵਿੱਚ ਪਾ ਕੇ ਸ਼ਹੀਦ ਕੀਤਾ ਗਿਆ।
ਗੁਰੂ ਜੀ ਦੀ ਸ਼ਹੀਦੀ : ਅੰਤ ਗੁਰੂ ਜੀ ਸ਼ਹਾਦਤ ਲਈ ਤਿਆਰ ਹੋ ਗਏ। 11 ਨਵੰਬਰ, 1675 ਈ: ਨੂੰ ਆਪ ਇਸ਼ਨਾਨ ਕਰਕੇ ਬੋਹੜ ਹੇਠ ਬੈਠ ਗਏ। ਆਪ ਨੇ ਜਪੁਜੀ ਸਾਹਿਬ ਦਾ ਪਾਠ ਕਰਨ ਉਪਰੰਤ ਪਰਮਾਤਮਾ ਅੱਗੇ ਸੀਸ ਨਿਵਾਇਆ ਤੇ ਜਲਾਦ ਨੇ ਤਲਵਾਰ ਨਾਲ ਆਪ ਦਾ ਸਿਰ ਧੜ ਨਾਲੋਂ ਅਲੱਗ ਕਰ ਦਿੱਤਾ। ਇੰਝ ਆਪ ਨੇ ਸੀਸ ਦਿੱਤਾ ਪਰ ਸਿਰੜ ਨਾ ਹਾਰਿਆ। ਦਿੱਲੀ ਵਿਖੇ ਇਸ ਸਥਾਨ ‘ਤੇ ਗੁਰਦੁਆਰਾ ‘ਸੀਸ ਗੰਜ’ ਸੁਸ਼ੋਭਿਤ ਹੈ।
ਅੰਤਿਮ ਸਸਕਾਰ : ਸ਼ਹੀਦੀ ਤੋਂ ਬਾਅਦ ਆਪ ਦਾ ਸਿਰ ਅਤੇ ਧੜ ਉੱਥੇ ਹੀ ਪਏ ਸਨ। ਕਿਸੇ ਦੀ ਹਿੰਮਤ ਨਹੀਂ ਸੀ ਹੋ ਰਹੀ ਕਿ ਅੱਗੇ ਜਾ ਕੇ ਉਨ੍ਹਾਂ ਨੂੰ ਚੁੱਕ ਕੇ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦੇਵੇ। ਏਨੇ ਨੂੰ ਭਾਈ (ਜੀਵਨ ਸਿੰਘ) ਜੈਤਾ ਜੀ ਨੇ ਗੁਰੂ ਜੀ ਦਾ ਸੀਸ ਆਪਣੀ ਝੋਲੀ ਵਿੱਚ ਪਾਇਆ ਤੇ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਕੋਲ ਪੁੱਜ ਗਏ। ਗੁਰੂ ਜੀ ਨੇ ਉਨ੍ਹਾਂ ਨੂੰ ਗਲ ਨਾਲ ਲਾਇਆ ਤੇ ਕਿਹਾ ‘ਰੰਘਰੇਟਾ ਗੁਰੂ ਕਾ ਬੇਟਾ।’ ਫਿਰ ਗੁਰੂ ਤੇਗ਼ ਬਹਾਦਰ ਜੀ ਦਾ ਧੜ ਭਾਈ ਲੱਖੀ ਸ਼ਾਹ ਵਣਜਾਰਾ ਜੀ ਨੇ ਆਪਣੇ ਰੂੰ ਦੇ ਭਰੇ ਗੱਡੇ ਵਿੱਚ ਰੱਖ ਕੇ ਆਪਣੇ ਘਰ ਸਮੇਤ ਅੱਗ ਲਾ ਲਈ। ਇਸ ਅਸਥਾਨ ‘ਤੇ ਅੱਜ ਕੱਲ੍ਹ ਗੁਰਦੁਆਰਾ ਰਕਾਬ ਗੰਜ ਸੁਸ਼ੋਭਿਤ ਹੈ।
ਸਾਰੰਸ਼ : ਇਸ ਤਰ੍ਹਾਂ ਗੁਰੂ ਤੇਗ਼ ਬਹਾਦਰ ਜੀ ਮਹਾਨ ਧਾਰਮਕ ਆਗੂ, ਸਮਾਜਕ ਸੁਧਾਰਕ, ਦੇਸ਼-ਪ੍ਰੇਮੀ, ਹਿੰਦ ਦੀ ਚਾਦਰ ਸਨ। ਆਪ ਦੀ ਕੁਰਬਾਨੀ ਨੇ ਲੋਕਾਂ ਦੀ ਸੋਚਣੀ ਵਿੱਚ ਇਨਕਲਾਬ ਲੈ ਆਂਦਾ।