ਲੇਖ : ਸਾਡੇ ਰਸਮ – ਰਿਵਾਜ

ਜਾਣ-ਪਛਾਣ : ਰਸਮ-ਰਿਵਾਜ, ਰੀਤਾਂ, ਸੰਸਕਾਰ, ਅਨੁਸ਼ਨਾਨ ਆਦਿ ਸਾਡੇ ਸਮਾਜਕ ਜੀਵਨ ਦਾ ਤਾਣਾ-ਪੇਟਾ ਹੁੰਦੇ ਹਨ। ਇਨ੍ਹਾਂ ਤੋਂ ਸਾਡੀਆਂ ਸਧਰਾਂ, ਉਮੰਗਾਂ, ਭਾਈਚਾਰਕ ਸਾਂਝ ਦਾ ਪਤਾ ਲੱਗਦਾ ਹੈ।

ਰਸਮ ਰਿਵਾਜ : ਕੋਈ ਵੀ ਨਵਾਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਨਿਭਾਈ ਜਾਣ ਵਾਲੀ ਪ੍ਰਕਿਰਿਆ ਹੀ ਰੀਤ ਜਾਂ ਰਸਮ ਅਖਵਾਉਂਦੀ ਹੈ। ਜਦੋਂ ਇਹ ਪ੍ਰਕਿਰਿਆ ਸਮਾਜ ਵੱਲੋਂ ਵਾਰ-ਵਾਰ ਦੁਹਰਾਈ ਜਾਂਦੀ ਹੈ, ਤਾਂ ਇਹ ਰਿਵਾਜ ਬਣ ਜਾਂਦੇ ਹਨ। ਪੰਜਾਬੀਆਂ ਦੇ ਜੀਵਨ ਵਿੱਚ ਮਨੁੱਖ ਦੇ ਜਨਮ ਤੋਂ ਪਹਿਲਾਂ ਤੇ ਮੌਤ ਤੋਂ ਬਾਅਦ ਤੱਕ ਰਸਮਾਂ ਨਿਭਾਈਆਂ ਜਾਂਦੀਆਂ ਹਨ। ਕਈ ਰਸਮਾਂ ਰਿਵਾਜ ਸਮਾਜ ਦੀ ਤੋਰ ਨੂੰ ਤਿੱਖਿਆ ਕਰਨ ਵਿੱਚ ਸਹਾਈ ਹੁੰਦੇ ਹਨ ਤੇ ਕਈ ਮਾੜੀਆਂ ਰੀਤਾਂ ਦੀ ਜਕੜ ਸਮਾਜ ਦੇ ਪੈਰਾਂ ਵਿੱਚ ਬੜੀਆ ਹੋ ਨਿਬੜਦੀ ਹੈ। ਸਮੇਂ ਤੇ ਸਥਿਤੀਆਂ ਦੇ ਬਦਲਣ ਨਾਲ ਬੇ-ਲੜੀਆਂ ਰੀਤਾਂ ਰਸਮਾਂ ਨੂੰ ਬਦਲਣ ਦੇ ਯਤਨ ਹੁੰਦੇ ਰਹਿੰਦੇ ਹਨ ਤੇ ਕਈ ਨਵੀਆਂ ਰਸਮਾਂ ਉਜਾਗਰ ਹੁੰਦੀਆਂ ਰਹਿੰਦੀਆਂ ਹਨ। ਕੁਝ ਪ੍ਰਮੁੱਖ ਰਸਮਾਂ ਇਹ ਹਨ :

ਗਰਭ ਸਮੇਂ ਕੀਤੀਆਂ ਜਾਣ ਵਾਲੀਆਂ ਰਸਮਾਂ : ਗਰਭ ਦੇ ਤੀਜੇ ਮਹੀਨੇ ਹੀ ਗਰਭਵਤੀ ਇਸਤਰੀ ਦੇ ਸੁਰਮਾ ਪਾਉਣ ਦੀ ਰਸਮ ਅਦਾ ਕੀਤੀ ਜਾਂਦੀ ਹੈ। ਉਸ ਦੇ ਪੱਲੇ ਨਾਲ ਅਨਾਜ ਬੰਨ੍ਹ ਦਿੱਤਾ ਜਾਂਦਾ ਹੈ ਤਾਂ ਜੋ ਬਦਰੂਹਾਂ ਤੋਂ ਛੁਟਕਾਰਾ ਪਾਇਆ ਜਾ ਸਕੇ। ਫਿਰ ਅਠਵੇਂ ਮਹੀਨੇ ਉਸ ਦੀ ਝੋਲੀ ਵਿੱਚ ਫਲ, ਮਠਿਆਈ, ਨਾਰੀਅਲ, ਕੱਪੜੇ, ਗਹਿਣੇ ਆਦਿ ਪਾਏ ਜਾਂਦੇ ਹਨ, ਤਾਂ ਜੋ ਘਰ ਵਿੱਚ ਛੇਤੀ ਹੀ ਖੁਸ਼ਹਾਲੀ ਆਵੇ।

ਜਨਮ ਸਮੇਂ ਰਸਮਾਂ : ਵਧੇਰੇ ਰਸਮਾਂ ਮੁੰਡੇ ਦੇ ਜਨਮ ਵੇਲੇ ਨਿਭਾਈਆਂ ਜਾਂਦੀਆਂ ਹਨ। ਕੁੜੀ ਪੈਦਾ ਹੋਣ ‘ਤੇ ਸੋਗ ਮਨਾਇਆ ਜਾਂਦਾ ਸੀ। ਮੁੰਡੇ ਦੇ ਜਨਮ ‘ਤੇ ਘਰ ਦੇ ਮੁੱਖ ਦਰਵਾਜ਼ੇ ‘ਤੇ ਸ਼ਰੀਂਹ ਦੇ ਪੱਤੇ ਬੰਨ੍ਹੇ ਜਾਂਦੇ ਹਨ। ਲੱਡੂ ਵੰਡੇ ਜਾਂਦੇ ਤੇ ਭੰਡ, ਖੁਸਰੇ ਆਦਿ ਨਚਾਏ ਜਾਂਦੇ ਹਨ। ਹਰ ਇੱਕ ਨੂੰ ਦਾਈਆਂ, ਨਾਈਆਂ ਆਦਿ ਨੂੰ ਸ਼ਗਨ ਦਿੱਤੇ ਜਾਂਦੇ ਹਨ ਜਦਕਿ ਕੁੜੀ ਦੇ ਜਨਮ ‘ਤੇ ਪਹਿਲਾ ਠੀਕਰ ਭੰਨ ਕੇ ਦੁੱਖ ਪ੍ਰਗਟ ਕੀਤਾ ਜਾਂਦਾ ਸੀ ਪਰ ਅਜੋਕੇ ਸਮੇਂ ‘ਚ ਕੁੜੀ ਦੇ ਜਨਮ ਤੇ ਵੀ ਮੁੰਡੇ ਦੇ ਜਨਮ ਵਾਂਗ ਖੁਸ਼ੀ ਵਾਲੀਆਂ ਸਭ ਰਸਮਾਂ ਕੀਤੀਆਂ ਜਾਂਦੀਆਂ ਹਨ।

ਗੁੜ੍ਹਤੀ ਦੀ ਰਸਮ : ਜਨਮ ਵੇਲੇ ਗੁੜ੍ਹਤੀ ਦੀ ਰਸਮ ਆਮ ਨਿਭਾਈ ਜਾਂਦੀ ਹੈ। ਕਿਸੇ ਸੂਝਵਾਨ ਇਸਤਰੀ/ਮਰਦ ਤੋਂ ਸ਼ਹਿਦ ਜਾਂ ਗੁੜ ਚਟਾਇਆ ਜਾਂਦਾ ਹੈ। ਵਿਸ਼ਵਾਸ ਹੁੰਦਾ ਹੈ ਕਿ ਗੁੜ੍ਹਤੀ ਦੇਣ ਵਾਲੇ ਦੇ ਗੁਣ ਬੱਚੇ ਵਿੱਚ ਆ ਜਾਂਦੇ ਹਨ।

ਛਟੀ ਦੀ ਰਸਮ : ਹਿੰਦੂ ਪਰਿਵਾਰਾਂ ਵਿੱਚ ਛਟੀ ਦੀ ਰਸਮ ਕੀਤੀ ਜਾਂਦੀ ਹੈ। ਜਨਮ ਦੇ ਛੇਵੇਂ ਦਿਨ ਮਾਂ ਰੱਜ ਕੇ ਰੋਟੀ ਖਾਂਦੀ ਹੈ ਤਾਂ ਜੋ ਉਸ ਦਾ ਬੱਚਾ ਬਹਾਦਰ ਬਣ ਸਕੇ।

ਚੌਂਕੇ ਚੜ੍ਹਾਉਣ ਦੀ ਰਸਮ : ਬੱਚੇ ਦੇ ਜਨਮ ਤੋਂ ਤੇਰ੍ਹਵੇਂ ਦਿਨ ਮਾਂ ਨੂੰ ਚੌਕੇ ਚੜ੍ਹਾਇਆ ਜਾਂਦਾ ਹੈ। ਇਸ ਦਿਨ ਵਧੀਆ ਪਕਵਾਨ ਪਕਾ ਕੇ ਪੁਜਾਰੀ ਨੂੰ ਖੁਆਏ ਜਾਂਦੇ ਹਨ ਤੇ ਆਂਢ-ਗੁਆਂਢ ਵਿੱਚ ਵੀ ਵਰਤਾਏ ਜਾਂਦੇ ਹਨ। ਇਸ ਤੋਂ ਬਾਅਦ ਇਸਤਰੀ ਰਸੋਈ ਵਿੱਚ ਕੰਮ ਕਰਨ ਲੱਗ ਸਕਦੀ ਹੈ। ਭਾਈਚਾਰੇ ਦੇ ਲੋਕ ਮਾਂ ਤੇ ਬੱਚੇ ਨੂੰ ਸ਼ਗਨ ਪਾਉਂਦੇ ਹਨ।

ਮੁੰਡਨ ਸੰਸਕਾਰ : ਵੱਖ-ਵੱਖ ਧਰਮਾਂ ਵਿੱਚ ਧਰਮ ਅਨੁਸਾਰ ਮੁੰਡਨ, ਸੁੰਨਤ ਜਾਂ ਪੱਗ ਬੰਨ੍ਹਾਉਣ ਦੀ ਰਸਮ ਕੀਤੀ ਜਾਂਦੀ ਹੈ। ਸਿੱਖਾਂ ਵਿੱਚ ਨਾਮਕਰਨ ਸੰਸਕਾਰ ਵੇਲੇ ਧਾਰਮਕ ਗ੍ਰੰਥ ਵਿੱਚੋਂ ਵਾਕ ਲੈ ਕੇ ਉਸ ਦੇ ਪਹਿਲੇ ਅੱਖਰ ‘ਤੇ ਨਾਮ ਰੱਖ ਲਿਆ ਜਾਂਦਾ ਹੈ।

ਵਿਆਹ ਦੀਆਂ ਰਸਮਾਂ : ਵਿਆਹ ਨਾਲ ਸਬੰਧਤ ਤਾਂ ਅਨੇਕਾਂ ਹੀ ਰਸਮਾਂ ਨਿਭਾਈਆਂ ਜਾਂਦੀਆਂ ਹਨ। ਪਹਿਲਾਂ ਲਾਗੀ ਹੱਥ ਸ਼ਗਨ ਭੇਜ ਦਿੱਤਾ ਜਾਂਦਾ ਸੀ ਪਰ ਹੁਣ ਛੁਹਾਰਾ ਲਾਉਣ, ਰਿੰਗ ਸੈਰੇਮਨੀ, ਬੈਂਗਲ ਸੈਰੇਮਨੀ ਦੀ ਰਸਮ ਨਿਭਾਈ ਜਾਂਦੀ ਹੈ। ਫਿਰ ਵਿਆਹ ਲਈ ਸਾਹਾ ਸੁਧਾ ਕੇ ਸਾਹੇ ਚਿੱਠੀ ਤੋਰਨ ਦੀ ਰਸਮ ਅਦਾ ਕੀਤੀ ਜਾਂਦੀ ਹੈ। ਵਿਆਹ ਵਾਲੇ ਦਿਨ ਤੋਂ ਪਹਿਲਾਂ ‘ਵਟਣਾ’ ਮਲਿਆ ਜਾਂਦਾ ਹੈ। ਖ਼ਾਰੇ ਤੋਂ ਬਾਅਦ ਮੁੰਡੇ ਜਾਂ ਕੁੜੀ ਨੂੰ ਉਸ ਦਾ ਮਾਮਾ ਸ਼ਗਨ ਦੇ ਕੇ ਖਾਰਿਓਂ ਉਤਾਰਦਾ ਹੈ। ਇਸ ਤੋਂ ਬਾਅਦ ਵਿਆਂਹਦੜ ਮੁੰਡੇ ਨੂੰ ਸਿਹਰਾ ਸਜਾਇਆ ਜਾਂਦਾ ਹੈ। ਘੋੜੀ ‘ਤੇ ਬਿਠਾਇਆ ਜਾਂਦਾ ਹੈ। ਭੈਣਾਂ ਘੜੀ ਦੀਆਂ ਵਾਗਾਂ ਗੁੰਦਦੀਆਂ ਤੇ ਭਾਬੀਆਂ ਸੁਰਮਾ ਪਾਉਂਦੀਆਂ ਹਨ। ਜੰਝ ਤੁਰਨ ‘ਤੇ ਪੈਸਿਆਂ ਦੀ ਸੋਟ ਕੀਤੀ ਜਾਂਦੀ ਹੈ। ਜੰਝ ਦੇ ਢੁਕਾਅ ’ਤੇ ਕੁੜੀ ਵਾਲੇ ਉਹਨਾਂ ਦਾ ਸਵਾਗਤ ਕਰਦੇ ਹਨ। ਅਰਦਾਸ ਤੋਂ ਬਾਅਦ ਮਿਲਣੀਆਂ ਹੁੰਦੀਆਂ ਹਨ, ਚਾਹ ਪਾਣੀ ਪੀਤਾ ਜਾਂਦਾ ਹੈ
ਤੇ ਫਿਰ ਲਾਵਾਂ – ਫੇਰਿਆਂ ਦੀਆਂ ਤਿਆਰੀਆਂ ਹੁੰਦੀਆਂ ਹਨ। ਲਾਵਾਂ ‘ਤੇ ਬੈਠਣ ਵੇਲੇ ਮੁੰਡੇ ਦਾ ਸਿਹਰਾ ਵਧਾਇਆ ਜਾਂਦਾ ਹੈ। ਕੁੜੀ ਦੇ ਬਾਬਲ ਵਲੋਂ ਕੁੜੀ ਦਾ ਪੱਲਾ ਮੁੰਡੇ ਦੇ ਲੜ ਨਾਲ ਬੰਨ੍ਹਿਆ ਜਾਂਦਾ ਹੈ। ਉਪਰੰਤ ਧਰਮ ਅਨੁਸਾਰ ਲਾਵਾਂ, ਅਨੰਦ ਕਾਰਜ ਜਾਂ ਵੇਦੀ ਜਾਂ ਨਿਕਾਹ ਹੁੰਦਾ ਹੈ।

ਰੋਟੀ ਖਾਣ ਵੇਲੇ ਥਾਲੀ ਕੱਢਣ ਦੀ ਰਸਮ ਵੀ ਨਿਭਾਈ ਜਾਂਦੀ ਹੈ। ਪਹਿਲਾਂ ਪਹਿਲ ਦਾਜ – ਵਰੀ ਵਿਖਾਉਣ ਦਾ ਸੀ ਜੋ ਕਿ ਹੁਣ ਅਲੋਪ ਹੋ ਗਿਆ ਹੈ।

ਸ਼ਾਮ ਵੇਲੇ ਅੱਥਰੂਆਂ ਭਿੱਜੀਆਂ ਅੱਖਾਂ ਨਾਲ ਕੁੜੀ ਦੀ ਡੋਲੀ ਵਿਦਾ ਕੀਤੀ ਜਾਂਦੀ ਹੈ। ਅਗਲੇ ਦਿਨ ਮੁਕਲਾਵਾ ਹੁੰਦਾ ਹੈ, ਪਰ ਹੁਣ ਵਿਆਹ ਵਾਲੇ ਦਿਨ ਹੀ ਇਹ ਰਸਮ ਨਿਭਾ ਲਈ ਜਾਂਦੀ ਹੈ।

ਸਹੁਰੇ ਘਰ ਪੁੱਜਣ ‘ਤੇ ਵਿਆਂਹਦੜ ਜੋੜੀ ਤੋਂ ਮੁੰਡੇ ਦੀ ਮਾਂ ਪਾਣੀ ਵਾਰ ਕੇ ਪੀਂਦੀ ਹੈ। ਕੁੜੀਆਂ ਵਲੋਂ ਡੋਲਾ ਡੱਕਿਆ ਜਾਂਦਾ ਹੈ ਜੋ ਲਾਗ ਲੈ ਕੇ ਲੰਘਾਇਆ ਜਾਂਦਾ ਹੈ। ਵਿਆਹ ਤੋਂ ਅਗਲੇ ਦਿਨ ਗਾਨਾ ਖੇਡਣ ਤੇ ਗੋਤ, ਕਨਾਲੇ ਜਾਂ ਜਠੇਰੇ ਪੂਜਣ ਦੀਆਂ ਰਸਮਾਂ ਅਦਾ ਕਰਕੇ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ।

ਮਰਨ ਵੇਲੇ ਦੀਆਂ ਰਸਮਾਂ : ਜੇਕਰ ਕਿਸੇ ਜਵਾਨ ਇਸਤਰੀ ਦਾ ਪਤੀ ਮਰ ਜਾਵੇ ਤਾਂ ਉਸ ਇਸਤਰੀ ਦੀਆਂ ਚੂੜੀਆਂ ਭੰਨ ਦਿੱਤੀਆਂ ਜਾਂਦੀਆਂ ਹਨ। ਸਾਰਾ ਹਾਰ ਸ਼ਿੰਗਾਰ ਮਿਟਾ ਦਿੱਤਾ ਜਾਂਦਾ ਹੈ। ਉਸ ਨੂੰ ਚਿੱਟਾ ਪਹਿਰਾਵਾ ਪਾਉਣ ਲਈ ਕਿਹਾ ਜਾਂਦਾ ਹੈ। ਜੇਕਰ ਕਿਸੇ ਬਜ਼ੁਰਗ ਦੇ ਮਰਨ ਤੋਂ ਪਹਿਲਾਂ ਘਰੜ ਵੱਜਣ ਲੱਗ ਪੈਣ ਤਾਂ ਉਸ ਨੂੰ ਜ਼ਮੀਨ ‘ਤੇ ਲਿਟਾ ਦਿੱਤਾ ਜਾਂਦਾ ਹੈ। ਉਸ ਦੇ ਸਾਹਮਣੇ ਦੀਵਾ ਵਟੀ ਦੀ ਰਸਮ ਕਰ ਕੇ ਮੂੰਹ ਵਿੱਚ ਗੰਗਾ ਜਲ ਪਾਇਆ ਜਾਂਦਾ ਹੈ।

ਮ੍ਰਿਤਕ ਸਰੀਰ ਨੂੰ ਅੰਤਿਮ ਵੇਲੇ ਨੁਹਾ-ਧੁਆ ਕੇ ਕਫ਼ਨ ਵਿੱਚ ਲਪੇਟ ਕੇ ਅਰਥੀ ਤੇ ਲਿਟਾ ਕੇ ਸ਼ਮਸ਼ਾਨ ਭੂਮੀ ਵਿੱਚ ਲਿਜਾਇਆ ਜਾਂਦਾ ਹੈ। ਮ੍ਰਿਤਕ ਦਾ ਸਭ ਤੋਂ ਵੱਡਾ ਸਪੁੱਤਰ ਉਸ ਦੀ ਚਿਖਾ ‘ਤੇ ਲਾਂਬੂ ਲਾਉਂਦਾ ਹੈ। ਮੁਸਲਮਾਨ ਤੇ ਇਸਾਈ ਧਰਮਾਂ ਵਿੱਚ ਮ੍ਰਿਤਕ ਨੂੰ ਦਫ਼ਨਾਇਆ ਜਾਂਦਾ ਹੈ। ਬਜ਼ੁਰਗ ਵਿਅਕਤੀ ਦੀ ਅਰਥੀ ਸਜਾਈ ਜਾਂਦੀ ਹੈ ਤੇ ਉਸ ਸਮੇਂ ਗਿਰੀਆਂ, ਪਤਾਸੇ, ਛੁਹਾਰੇ ਵੰਡੇ ਜਾਂਦੇ ਹਨ। ਮੌਤ ਤੋਂ ਚੌਥੇ ਦਿਨ ਬਾਅਦ ਫੁੱਲ ਚੁਗਣ ਦੀ ਰਸਮ ਕੀਤੀ ਜਾਂਦੀ ਹੈ। ਇਸ ਦਿਨ ਚੌਥੇ ਦੀ ਰਸਮ ਵੀ ਅਦਾ ਕੀਤੀ ਜਾਂਦੀ ਹੈ ਤੇ ਦਸਵੀਂ, ਸਤਾਰਵੀਂ ਆਦਿ ਨੂੰ ਉਸ ਦੀ ਅੰਤਿਮ ਅਰਦਾਸ ਕੀਤੀ ਜਾਂਦੀ ਹੈ।

ਮ੍ਰਿਤਕਾਂ ਦੇ ਨਾਂ ‘ਤੇ ਸਰਾਧ ਕੀਤੇ ਜਾਂਦੇ ਹਨ। ਫੁੱਲ ਤਾਰਨ ਲਈ ਦਰਿਆਵਾਂ ਤੇ ਜਾਂ ਹਰਿਦੁਆਰ ਜਾਇਆ ਜਾਂਦਾ ਹੈ ਅਤੇ ਸਾਲ ਬਾਅਦ ਉਸ ਦੀ ਬਰਸੀ ਕੀਤੀ ਜਾਂਦੀ ਹੈ।

ਵਰਤਮਾਨ ਯੁੱਗ ਦੀਆਂ ਰਸਮਾਂ : ਉਪਰੋਕਤ ਰਸਮਾਂ ਵਿੱਚੋਂ ਬਹੁਤ ਸਾਰੀਆਂ ਰਸਮਾਂ ਅਲੋਪ ਹੋ ਗਈਆਂ ਹਨ ਤੇ ਕੁਝ ਨਵੀਆਂ ਬਣ ਗਈਆਂ ਹਨ। ਪਹਿਲਾਂ ਵਿਆਹ ਦੀਆਂ ਕਈ ਰਸਮਾਂ ਕਈ-ਕਈ ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਸਨ ਜਦਕਿ ਹੁਣ ਝੱਟ ਮੰਗਣੀ ਪੱਟ ਵਿਆਹ ਤੇ ਉਹ ਵੀ ਪੈਲੇਸਾਂ ਵਿੱਚ ਹੀ ਕੀਤਾ ਜਾਂਦਾ ਹੈ ਕੋਈ ਚਿੰਤਾ ਨਹੀਂ। ਵੱਟਣੇ ਮਲਣੇ, ਦਹੀਂ ਨਾਲ ਨਹਾਉਣ ਦਾ ਕੰਮ ਖ਼ਤਮ ਹੋ ਗਿਆ ਹੈ। ਬਿਊਟੀ ਪਾਰਲਰ ਵਿੱਚੋਂ ਸੱਜ-ਧੱਜ ਕੇ ਆਉਣ ਦਾ ਰਿਵਾਜ ਸ਼ੁਰੂ ਹੋ ਗਿਆ ਹੈ। ਰਿੰਗ ਸੈਰੇਮਨੀ, ਬੈਂਗਲ ਸੈਰੇਮਨੀ ਤੇ ਵੱਧ ਤੋਂ ਵੱਧ ਸ਼ਗਨ ਵਿੱਚ ਦਾਜ ਭੇਜਣਾ ਸ਼ਾਮਲ ਹੋ ਗਿਆ ਹੈ। ਹਸਪਤਾਲਾਂ ਵਿੱਚ ਜਨਮ ਸਮੇਂ ਕੋਈ ਰੀਤਾਂ ਨਹੀਂ ਨਿਭਾਈਆਂ ਜਾਂਦੀਆਂ। ਅੱਜ-ਕੱਲ੍ਹ ਲਗਪਗ ਸਾਰੇ ਜਣੇਪੇ ਹਸਪਤਾਲਾਂ ਵਿੱਚ ਹੀ ਹੁੰਦੇ ਹਨ। ਮਰਨ ਸਮੇਂ ਵਾਲੀਆਂ ਬਹੁਤੀਆਂ ਰਸਮਾਂ ਵੀ ਅਲੋਪ ਹੋ ਗਈਆਂ ਹਨ। ਕੋਈ ਵੈਣ, ਸਿਆਪਾ, ਕੀਰਨਾ, ਅਲਾਹੁਣੀਆਂ ਨਹੀਂ ਪਾਉਂਦਾ। ਵਿਦੇਸ਼ਾਂ ਜਾਂ ਵੱਡੇ ਸ਼ਹਿਰਾਂ ਵਿੱਚ ਸਸਕਾਰ ਵੀ ਇਲੈਕਟ੍ਰਿਕ ਮਸ਼ੀਨਾਂ ਨਾਲ ਹੋਣ ਲੱਗ ਪਿਆ ਹੈ।

ਹੁਣ ਤਾਂ ਕੁੜੀਆਂ ਦੀ ਲੋਹੜੀ ਵੀ ਮਨਾਈ ਜਾਣ ਲੱਗ ਪਈ ਹੈ। ਬੱਚਿਆਂ ਦੇ ਜਨਮ-ਦਿਨ ਪੂਰੇ ਧੂਮ-ਧੜੱਕ ਨਾਲ ਮਨਾਏ ਜਾਂਦੇ ਹਨ। ਵਿਆਹ ਦੀ ਵਰ੍ਹੇਗੰਢ ਤਾਂ ਪੈਲੇਸਾਂ ਵਿੱਚ ਮਨਾਈ ਜਾਂਦੀ ਹੈ। ਅੱਜ ਦੀਆਂ ਰਸਮਾਂ ਵਿੱਚ ਲੋਕ-ਵਿਖਾਵਾ ਜ਼ਿਆਦਾ ਵਧ ਗਿਆ ਹੈ। ਪੈਸੇ ਦੇ ਜ਼ੋਰ ਨਾਲ ਰੀਤਾਂ ਨਿਭਾਈਆਂ ਜਾਂਦੀਆਂ ਹਨ। ਪਾਰਟੀਆਂ ਕਰਨੀਆਂ, ਜਸ਼ਨ ਮਨਾਉਣੇ, ਖੇਤੀ ਤੇ ਵਪਾਰ ਦੌਰਾਨ ਉਦਘਾਟਨ ਕਰਾਉਣੇ ਆਦਿ ਰੀਤਾਂ ਰਸਮਾਂ ਵਿੱਚ ਸ਼ਾਮਲ ਹਨ।

ਸਾਰੰਸ਼ : ਸਮੁੱਚੇ ਤੌਰ ‘ਤੇ ਕਿਹਾ ਜਾ ਸਕਦਾ ਹੈ ਕਿ ਰਸਮਾਂ-ਰੀਤਾਂ ਤੋਂ ਬਿਨਾਂ ਕੋਈ ਵੀ ਪ੍ਰੋਗਰਾਮ ਅਧੂਰਾ ਜਾਪਦਾ ਹੈ ਪਰ ਇਹ ਵੀ ਨਹੀਂ ਕਿ ਬੇਲੋੜੀਆਂ ਰਸਮਾਂ ਹੀ ਨਿਭਾ ਕੇ ਆਪਣਾ ਵਕਤ ਤੇ ਪੈਸਾ ਬਰਬਾਦ ਕਰ ਲਈਏ। ਰਸਮਾਂ ਸਮੇਂ ਤੇ ਸਥਿਤੀਆਂ ਅਨੁਸਾਰ ਬਹੁਤ ਹੀ ਸੁਹਿਰਦਤਾ ਸਹਿਤ ਹੀ ਨਿਭਾਉਣੀਆਂ ਚਾਹੀਦੀਆਂ ਹਨ। ਲੋਕ ਵਿਖਾਵਾ ਰਸਮਾਂ ਦੇ ਅੰਦਰਲੇ ਸੱਚ ਨੂੰ ਖ਼ਤਮ ਕਰ ਦਿੰਦਾ ਹੈ।