ਲੇਖ : ਸਾਡੀਆਂ ਸਮਾਜਿਕ ਬੁਰਿਆਈਆਂ
ਲੋਕਾਂ ਦੇ ਸਮੂਹ ਨੂੰ ਸਮਾਜ ਆਖਿਆ ਜਾਂਦਾ ਹੈ। ਸਮਾਜ ਦੀ ਉਸਾਰੀ ਮਨੁੱਖ ਦੀਆਂ ਸਾਂਝੀਆਂ ਲੋੜਾਂ ਤੇ ਇਕ-ਦੂਸਰੇ ਨਾਲ ਮੇਲ-ਮਿਲਾਪ ਵਧਾਉਣ ਦੀ ਇੱਛਾ ਕਾਰਨ ਹੋਈ। ਅੱਜ ਮਨੁੱਖ ਲਈ ਸਮਾਜ ਤੋਂ ਵੱਖ ਹੋ ਕੇ ਜੀਉਣਾ ਲਗਭਗ ਅਸੰਭਵ ਹੈ। ਅਸੀਂ ਸਮਾਜ ਲਈ ਤੇ ਸਮਾਜ ਸਾਡੇ ਵਾਸਤੇ ਹੈ। ਇੰਨੇ ਵੱਡੇ ਤੇ ਵਿਸ਼ਾਲ ਦੇਸ਼ ਵਿੱਚ ਵੱਖ-ਵੱਖ ਜਾਤਾਂ ਤੇ ਧਰਮਾਂ ਦੇ ਲੋਕਾਂ ਦਾ ਇਕੱਠ ਹੋਣ ਕਰਕੇ ਸਮਾਜ ਕਈ ਵਰਗਾਂ ਵਿੱਚ ਵੰਡਿਆ ਜਾ ਚੁੱਕਾ ਹੈ। ਵੱਖ-ਵੱਖ ਸੋਚ, ਵੱਖਰੀਆਂ-ਵੱਖਰੀਆਂ ਜ਼ਰੂਰਤਾਂ, ਭਾਸ਼ਾ ਦੀ ਭਿੰਨਤਾ, ਸਥਾਨੀ ਰੁੱਤਾਂ ਤੇ ਜਲਵਾਯੂ ਕਾਰਨ ਕਈ ਸਮਾਜਿਕ ਬੁਰਾਈਆਂ ਵੀ ਪੈਦਾ ਹੋ ਚੁੱਕੀਆਂ ਹਨ। ਇਹ ਸਮਾਜਿਕ ਬੁਰਾਈਆਂ ਕੁਝ ਹੱਦ ਤੱਕ ਸਾਡੇ ਦੇਸ਼ ਦੇ ਲੋਕ-ਰਾਜ ਲਾਗੂ ਕਰਨ ਵਿੱਚ ਰੁਕਾਵਟ ਵੀ ਹਨ।
ਸਮਾਜ ਦੀ ਕਾਣੀ ਵੰਡ ਕਾਰਨ ਸਮਾਜ ਤਿੰਨ ਵਰਗਾਂ ਵਿੱਚ ਵੰਡਿਆ ਜਾ ਚੁੱਕਾ ਹੈ-ਅਮੀਰ ਵਰਗ, ਮੱਧ ਵਰਗ ਅਤੇ ਗਰੀਬ ਵਰਗ। ਸਾਰੇ ਵਰਗ ਆਪਣਿਆਂ ਤੱਕ ਹੀ ਸੀਮਤ ਹੋ ਕੇ ਰਹਿ ਗਏ ਹਨ। ਇਨ੍ਹਾਂ ਦੇ ਰੀਤੀ-ਰਿਵਾਜ਼ਾਂ ਵਿੱਚ ਵੀ ਫ਼ਰਕ ਆ ਗਿਆ ਹੈ।ਇਹ ਕਾਣੀ ਵੰਡ ਸਾਡੀ ਸਭ ਤੋਂ ਵੱਡੀ ਸਮਾਜਿਕ ਬੁਰਾਈ ਹੈ। ਮੱਧਵਰਗੀ ਲੋਕ ਅਮੀਰਾਂ ਦੀ ਨਕਲ ਕਾਰਨ ਤਣਾਉ ਵਿੱਚ ਹਨ।ਉਹ ਉਨ੍ਹਾਂ ਵਰਗੇ ਬਣਨਾ ਲੋਚਦੇ ਹਨ। ਇਸ ਤਰ੍ਹਾਂ ਇਹ ਮੱਧ ਵਰਗ ਦਾ ਸੰਘਰਸ਼ ਤੇ ਅਮੀਰ ਲੋਕਾਂ ਵੱਲੋਂ ਇਨ੍ਹਾਂ ਦਾ ਸ਼ੋਸ਼ਣ ਕਰਨਾ ਵੀ ਇੱਕ ਵੱਖਰੀ ਤਰ੍ਹਾਂ ਦੀ ਸਮਾਜਿਕ ਬੁਰਾਈ ਹੈ।
ਸਮਾਜ ਵਿੱਚ ਵੱਧਦੀ ਮੰਗਤਿਆਂ ਦੀ ਗਿਣਤੀ ਸਮਾਜ ਲਈ ਇੱਕ ਨਾਸੂਰ ਹੈ। ਪਾਖੰਡੀ ਸਾਧੂ, ਵਿਹਲੜ ਮੰਗਤੇ ਸਾਡੇ ਸਮਾਜ ਦੇ ਮੱਥੇ ਦਾ ਕਲੰਕ ਹਨ। ਦਾਨੀ ਲੋਕ ਜਿਸ ਨੂੰ ਪੁੰਨ ਸਮਝ ਕੇ ਦਾਨ ਦੇ ਰਹੇ ਹਨ ਅਸਲ ਵਿੱਚ ਉਹ ਇਨ੍ਹਾਂ ਵਿਹਲੜਾਂ ਦੀ ਗਿਣਤੀ ਵਧਾਉਣ ਵਿੱਚ ਮਦਦ ਕਰ ਰਹੇ ਹਨ। ਆਮ ਜਨਤਾ ਨੂੰ ਇਸ ਬੁਰਾਈ ਨੂੰ ਦਬਾਉਣ ਵਿੱਚ ਮਦੱਦ ਦੇਣੀ ਚਾਹੀਦੀ ਹੈ। ਸਰਕਾਰ ਨੇ
ਇੱਕ ਕਾਨੂੰਨ ਬਣਾਇਆ ਤਾਂ ਹੈ ਕਿ ਕੋਈ ਵੀ ਮੰਗਤਾ ਚੌਰਾਹਿਆਂ ਉੱਪਰ ਬੱਤੀਆਂ ਦੇ ਨੇੜੇ ਭਿਖ ਮੰਗਦਾ ਨਜ਼ਰ ਨਾ ਆਵੇ।
ਲੋਕਾਂ ਵਿੱਚ ਜਾਤ-ਪਾਤ ਦੀ ਭਾਵਨਾ ਦਾ ਵੱਧਣਾ ਵੀ ਇੱਕ ਸਮਾਜਿਕ ਬੁਰਾਈ ਹੈ। ਸਮਾਜ ਵਿੱਚ ਵੱਧਦੇ ਲਾਲਚ ਤੇ ਸੁਆਰਥ ਦਾ ਇਸ ਭਾਵਨਾ ਨੂੰ ਫੈਲਾਉਣ ਤੇ ਵਿਕਸਿਤ ਕਰਨ ਵਿੱਚ ਬਹੁਤ ਵੱਡਾ ਹੱਥ ਹੈ। ਦੂਸਰਿਆਂ ਦੇ ਹਿੱਤਾਂ ਦੀ ਰਾਖੀ ਕਰਨਾ ਲੋਕ ਭੁੱਲ ਗਏ ਹਨ। ਨਿੱਕੀਆਂ-ਨਿੱਕੀਆਂ ਗੱਲਾਂ ’ਤੇ ਇੱਕ ਦੂਜੇ ਜਾਤ ਦੇ ਲੋਕਾਂ ਨੂੰ ਗੁੰਮਰਾਹ ਕਰ ਕੇ ਦੰਗੇ-ਫਸਾਦ ਕਰਵਾਉਣੇ ਤਾਂ ਆਮ ਗੱਲ ਹੋ ਗਈ ਹੈ, ਜਿਸ ਕਾਰਨ ਆਪਸੀ ਪਿਆਰ ਘੱਟਦਾ ਜਾ ਰਿਹਾ ਹੈ।
ਸ਼ਹਿਰੀ ਪੜ੍ਹੇ-ਲਿਖੇ ਤਬਕੇ ਨੂੰ ਛੱਡ ਕੇ ਪਿੰਡਾਂ ਵਿੱਚ ਅੱਜ ਵੀ ਅਨਪੜ੍ਹ ਲੋਕਾਂ ਦੀ ਵੱਡੀ ਗਿਣਤੀ ਮੌਜੂਦ ਹੈ। ਵਹਿਮਾਂ-ਭਰਮਾਂ ਵਿੱਚ ਗੁਝੇ ਇਹ ਲੋਕ ਅੱਜ ਵੀ ਸੁਖਾਂ ਸੁੱਖਣ ਤੇ ਮੰਨੌਤਾਂ ਮੰਨਣ ਨੂੰ ਸ਼ੁਭ ਕਰਮ ਸਮਝਦੇ ਹਨ ਅਤੇ ਆਪਣੀ ਅਣਪੜ੍ਹਤਾ ਕਾਰਨ ਇਹ ਲੋਕ ਅੱਜ ਵੀ ਅਮੀਰਾਂ, ਅਫ਼ਸਰਾਂ ਤੇ ਸਮਾਜ ਵਿਰੋਧੀ ਅਨਸਰਾਂ ਦੇ ਜ਼ੁਲਮ ਦਾ ਸ਼ਿਕਾਰ ਹੁੰਦੇ ਹਨ ਤੇ ਆਪਣਾ ਸ਼ੋਸ਼ਣ ਕਰਵਾਉਂਦੇ ਹਨ।
ਇਹੋ ਜਿਹੀਆਂ ਹੋਰ ਵੀ ਕਈ ਸਮਾਜਿਕ ਬੁਰਾਈਆਂ ਹਨ ਜਿਨ੍ਹਾਂ ਤੋਂ ਸਮਾਜ ਨੂੰ ਮੁਕਤ ਕਰਨਾ ਬਹੁਤ ਜ਼ਰੂਰੀ ਹੈ।ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਦੇਸ਼ ਵੱਡੇ ਤੇ ਤਾਕਤਵਰ ਦੇਸ਼ਾਂ ਦੇ ਮੁਕਾਬਲੇ ‘ਤੇ ਖੜ੍ਹਾ ਹੋਵੇ ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਸਮਾਜ ਨੂੰ ਇਨ੍ਹਾਂ ਬੁਰਾਈਆਂ ਤੋਂ ਮੁਕਤ ਕਰੀਏ ਅਤੇ ਦੇਸ਼ ਦੇ ਲੋਕ-ਰਾਜ ਨੂੰ ਹੋਰ ਮਜ਼ਬੂਤ ਬਣਾਈਏ। ਦੇਸ਼ ਨੂੰ ਖੁਸ਼ਹਾਲ ਬਣਾਉਣ ਵਿੱਚ ਵੱਧ ਤੋਂ ਵੱਧ ਯੋਗਦਾਨ ਦੇ ਕੇ ਇੰਨਾ ਸਮਰੱਥ ਬਣਾ ਦਿੱਤਾ ਜਾਵੇ ਕਿ ਉਨ੍ਹਾਂ ਤੋਂ ਮਦਦ ਮੰਗਣ ਦੀ ਥਾਂ ਲੋੜ ਪੈਣ ‘ਤੇ ਉਹਨਾਂ ਦੀ ਮਦਦ ਕਰ ਸਕੀਏ।