CBSEclass 11 PunjabiClass 12 PunjabiClass 9th NCERT Punjabicurrent affairsEducationNCERT class 10thPunjab School Education Board(PSEB)Punjabi Viakaran/ Punjabi Grammarਲੇਖ ਰਚਨਾ (Lekh Rachna Punjabi)

ਲੇਖ : ਸਮਾਜ ਵਿੱਚ ਬਜ਼ੁਰਗਾਂ ਦਾ ਸਥਾਨ


ਭੂਮਿਕਾ : ਸਤਰੰਗੀ ਪੀਂਘ ਵਾਂਗ ਇਨਸਾਨੀ ਰਿਸ਼ਤਿਆਂ ਦੇ ਵੀ ਕਈ ਰੰਗ ਹਨ। ਇਹਨਾਂ ਰਿਸ਼ਤਿਆਂ ਦਾ ਤਾਣਾ-ਬਾਣਾ ਹੀ ਸਮਾਜ ਦਾ ਰੂਪ ਸਿਰਜਦਾ ਹੈ। ਜਨਮ ਤੋਂ ਮਰਨ ਤੀਕ ਇਨਸਾਨ ਇਹਨਾਂ ਰਿਸ਼ਤਿਆਂ ਦੀ ਉਧੇੜ-ਬੁਣ ਵਿੱਚ ਲੱਗਾ ਰਹਿੰਦਾ ਹੈ। ਸਮਾਂ ਪੈਣ ਨਾਲ ਕਈ ਰਿਸ਼ਤੇ ਫਿੱਕੇ ਪੈ ਜਾਂਦੇ ਹਨ ਜਦ ਕਿ ਕਈਆਂ ਦਾ ਰੰਗ ਹੋਰ ਗੂੜਾ ਹੋ ਜਾਂਦਾ ਹੈ।

ਬਜ਼ੁਰਗ ਅਤੇ ਸਮਾਜ : ਜਨਮ ਤੋਂ ਸ਼ੁਰੂ ਹੋਏ ਇਨਸਾਨੀ ਰਿਸ਼ਤਿਆਂ ਦੇ ਇਸ ਤਾਣੇ-ਬਾਣੇ ਵਿੱਚ ਇੱਕ ਰਿਸ਼ਤਾ ਬਜ਼ੁਰਗ ਵਰਗ ਦਾ ਹੈ। ਮਾਂ-ਬਾਪ, ਦਾਦਾ-ਦਾਦੀ, ਨਾਨਾ-ਨਾਨੀ ਜਾਂ ਕਿਸੇ ਵੀ ਰੂਪ ਵਿੱਚ ਇਹਨਾਂ ਰਿਸ਼ਤਿਆਂ ਵਿੱਚੋਂ ਸਭ ਤੋਂ ਭਾਰੀ ਤੇ ਡੂੰਘੀ ਸੱਟ ਇਹਨਾਂ ਬਜ਼ੁਰਗਾਂ ‘ਤੇ ਪੈ ਰਹੀ ਹੈ। ਸਾਡੇ ਸਮਾਜ ਵਿੱਚ ਤਾਂ ਇਹ ਨਰਕ ਸਮਾਨ ਜੀਵਨ ਜਿਊਂਣ ਲਈ ਮਜਬੂਰ ਹਨ। ਵਿਦੇਸ਼ਾਂ ਵਿੱਚ ਪਰਿਵਾਰਿਕ ਤਾਣੇ-ਬਾਣੇ ਵੱਖਰੀ ਤਰ੍ਹਾਂ ਦੇ ਹਨ। ਉੱਥੇ ਬੁਢਾਪਾ ਉਮਰ ਕਰਕੇ ਭਾਵੇਂ ਕਸ਼ਟਦਾਇਕ ਹੋਵੇ ਪਰ ਹੋਰ ਕੋਈ ਮੁਸ਼ਕਲ ਨਹੀਂ। ਪਰ ਸਾਡੇ ਸਮਾਜ ਵਿੱਚ ਤਾਂ ਬਹੁਤੇ ਬਜ਼ੁਰਗ ਬਿਨ ਆਈ ਮੌਤ ਮਰਨਾ ਚਾਹੁੰਦੇ ਹਨ। ਦੁਬਿਧਾ ਇਹ ਹੈ ਕਿ ਨਾ ਤਾਂ ਉਹ ਬਿਨ ਆਈ ਮੌਤ ਮਰ ਸਕਦੇ ਹਨ ਅਤੇ ਨਾ ਹੀ ਪੱਕੀ ਜ਼ਿੰਦਗੀ ਦਾ ਰਸ ਠੀਕ ਢੰਗ ਨਾਲ ਮਾਣ ਸਕਦੇ ਹਨ।

ਪਿਤਰੀ ਰਿਣ : ਜਿਸ ਮਾਂ-ਬਾਪ ਨੇ ਸਾਨੂੰ ਇਸ ਦੁਨੀਆ ਵਿੱਚ ਲਿਆਂਦਾ, ਪਾਲ-ਪੋਸ ਕੇ ਵੱਡਾ ਕੀਤਾ ਅਤੇ ਪੈਰਾਂ ‘ਤੇ ਖੜ੍ਹੇ ਹੋਣ ਵਿੱਚ ਮਦਦ ਕੀਤੀ ; ਉਨ੍ਹਾਂ ਦਾ ਸਾਡੇ ‘ਤੇ ਰਿਣ ਹੈ। ਅਸੀਂ ਇਹ ਰਿਣ ਬਜ਼ੁਰਗਾਂ ਦੀ ਸੇਵਾ ਕਰ ਕੇ ਚੁਕਾ ਸਕਦੇ ਹਾਂ। ਪਰ ਜਦੋਂ ਉਹੀ ਮਾਂ-ਬਾਪ ਬੁਢਾਪੇ ਵਿੱਚ ਪਹੁੰਚ ਜਾਂਦੇ ਹਨ ਤਾਂ ਅਸੀਂ ਉਹਨਾਂ ਦੀ ਸਾਂਭ-ਸੰਭਾਲ ਵੱਲੋਂ ਮੂੰਹ ਮੋੜ ਲੈਂਦੇ ਹਾਂ। ਉਸ ਵੇਲੇ ਸਾਡੀ ਜ਼ਮੀਰ ਕਿੱਥੇ ਜਾਂਦੀ ਹੈ। ਉਸ ਵੇਲੇ ਨੌਜਵਾਨ ਮਨੁੱਖੀ ਜਾਮੇ ਵਿਚ ਹੈਵਾਨ ਨਜ਼ਰ ਆਉਣ ਲੱਗ ਪੈਂਦੇ ਹਨ।

ਵਧੇਰੇ ਦੇਖ-ਭਾਲ ਦੀ ਲੋੜ : ਬੁਢਾਪੇ ਵੇਲੇ ਆਮ ਜੀਵਨ ਤੋਂ ਵੱਖਰੀ ਤਰ੍ਹਾਂ ਦੀਆਂ ਲੋੜਾਂ ਪੈਂਦੀਆਂ ਹਨ। ਕਈ ਤਰ੍ਹਾਂ ਦੀ ਸਰੀਰਿਕ ਭੰਨ- ਤੋੜ ਹੁੰਦੀ ਹੈ। ਇਸ ਲਈ ਬਜ਼ੁਰਗਾਂ ਨੂੰ ਸਰੀਰਿਕ ਅਤੇ ਮਾਨਸਿਕ ਸਹਾਇਤਾ ਦੀ ਲੋੜ ਪੈਂਦੀ ਹੈ। ਉਹਨਾਂ ਦੇ ਦਵਾ-ਦਾਰੂ ਜਾਂ ਹੋਰ ਸਾਧਨਾਂ ਦਾ ਇੰਤਜ਼ਾਮ ਕਰਨਾ ਤਾਂ ਦੂਰ ਦੀ ਗੱਲ, ਅਸੀਂ ਤਾਂ ਬਜ਼ੁਰਗਾਂ ਨੂੰ ਦੋ ਰੋਟੀਆਂ ਦੇਣ ਤੋਂ ਵੀ ਮੂੰਹ ਮੋੜ ਲੈਂਦੇ ਹਾਂ। ਘਰ ਵਿਚੋਂ ਕੋਈ ਵੀ ਬਜ਼ੁਰਗਾਂ ਨੂੰ ਆਪਣੇ ਨਾਲ ਰੱਖਣ ਲਈ ਤਿਆਰ ਨਹੀਂ ਹੁੰਦਾ।

ਵਿਅਕਤੀਗਤ ਸੋਚ ਦਾ ਭਾਰੂ ਹੋਣਾ : ਅੱਜ ਸਾਡੇ ਸਮਾਜ ਵਿੱਚ ਵਿਅਕਤੀਗਤ ਸੋਚ ਭਾਰੂ ਹੋ ਰਹੀ ਹੈ। ਮਨੁੱਖੀ ਸੋਚ ਵਿੱਚ ਏਨਾ ਨਿਘਾਰ ਆ ਚੁੱਕਾ ਹੈ ਕਿ ਅਸੀਂ ਆਪਣੇ ਬਜ਼ੁਰਗਾਂ ਨੂੰ ਉਹਨਾਂ ਦੇ ਆਪਣੇ ਘਰਾਂ ‘ਚੋਂ ਕੱਢ ਰਹੇ ਹਾਂ। ਕਿਹਾ ਇਹ ਜਾਂਦਾ ਹੈ ਕਿ ਸਾਡੇ ‘ਤੇ ਪੱਛਮੀ ਸੱਭਿਅਤਾ ਭਾਰੂ ਹੋ ਰਹੀ ਹੈ ਅਤੇ ਅਸੀਂ ਪੱਛਮੀ ਸੱਭਿਆਚਾਰ ਵਿੱਚ ਰੰਗੇ ਜਾ ਰਹੇ ਹਾਂ। ਪਰ ਪੱਛਮ ਵਿੱਚ ਪਰਿਵਾਰਿਕ ਸੰਬੰਧਾਂ ਦਾ ਤਾਣਾ-ਬਾਣਾ ਸਾਡੇ ਵਰਗਾ ਨਹੀਂ। ਉੱਥੇ ਲੋਕ ਵਧੀਆ ਜਵਾਨੀ ਬਤੀਤ ਕਰਦੇ ਹਨ। ਬਜ਼ੁਰਗ ਹੋਣ ‘ਤੇ ਉਹਨਾਂ ਦਾ ਜੇ ਕੋਈ ਸਹਾਰਾ ਨਹੀਂ ਤਾਂ ਸਰਕਾਰ ਵੱਲੋਂ ਉਹਨਾਂ ਦੇ ਰਹਿਣ-ਸਹਿਣ ਅਤੇ ਦੇਖ-ਭਾਲ ਦੇ ਹੋਰ ਵਧੀਆ ਸਾਧਨ ਹਨ। ਉੱਥੇ ਘਰ ਦਾ ਇਸ ਤਰ੍ਹਾਂ ਦਾ ਸੰਕਲਪ ਹੀ ਨਹੀਂ ਜਿਸ ਤਰ੍ਹਾਂ ਦਾ ਸਾਡੇ ਹੈ। ਇਸ ਤਰ੍ਹਾਂ ਉੱਥੇ ਬੁੱਢਾਪਾ ਸਾਡੇ ਵਰਗਾ ਕਸ਼ਟਦਾਈ ਨਹੀਂ ਕਿਉਂਕਿ ਬਜ਼ੁਰਗਾਂ ਨੂੰ ਰੁਲਨਾ ਨਹੀਂ ਪੈਂਦਾ।

ਬਿਰਧ ਆਸ਼ਰਮ ਭੇਜਣਾ : ਸਾਡੇ ਵਿੱਚ ਇਹ ਸੋਚ ਵਿਕਸਿਤ ਹੋ ਰਹੀ ਹੈ ਕਿ ਅਸੀਂ ਆਪਣੇ ਬਜ਼ੁਰਗਾਂ ਨੂੰ ਬਿਰਧ ਆਸ਼ਰਮ ਭੇਜ ਦਈਏ। ਪਰ ਦੁੱਖ ਦੀ ਗੱਲ ਇਹ ਹੈ ਕਿ ਸਾਡੇ ਬਿਰਧ ਆਸ਼ਰਮ ਨਰਕ ਦਾ ਨਮੂਨਾ ਹਨ। ਦੂਸਰੇ ਪਾਸੇ ਸਾਡੇ ਬਜ਼ੁਰਗਾਂ ਦੀ ਆਪਣੀ ਮਨੋਦਸ਼ਾ ਹੈ। ਉਹ ਸਾਰੀ ਉਮਰ ਘਰ ਦੇ ਚੱਪੇ-ਚੱਪੇ ਨਾਲ ਜੁੜੇ ਰਹੇ ਹੁੰਦੇ ਹਨ ਅਤੇ ਉਹਨਾਂ ਕੋਲ ਹਰ ਜੀਅ ਦੀ ਪਲ-ਪਲ ਦੀ ਖ਼ਬਰ ਰੱਖੀ ਹੁੰਦੀ ਹੈ। ਉਹ ਉਸ ਘਰ ਅਤੇ ਸੰਬੰਧਾਂ ਤੋਂ ਵੱਖ ਹੋਣਾ ਹੀ ਨਹੀਂ ਚਾਹੁੰਦੇ।

ਤਜਰਬਿਆਂ ਦੇ ਖ਼ਜ਼ਾਨੇ : ਸਾਡੇ ਬਜ਼ੁਰਗ ਵਧੇਰੇਤਰ ਜ਼ਿੰਦਗੀ ਨਾਲ ਰਗੜ ਕੇ ਲੰਘੇ ਹਨ। ਉਹਨਾਂ ਕੋਲ ਜੀਵਨ ਦੇ ਕਈ ਤਲਖ਼ ਤੇ ਕਈ ਅਮੋਲਕ ਤਜਰਬੇ ਹਨ। ਅਸੀਂ ਉਹਨਾਂ ਦੇ ਤਜਰਬਿਆਂ ਅਤੇ ਵਿਚਾਰਾਂ ਤੋਂ ਵਡਮੁੱਲਾ ਗਿਆਨ ਅਤੇ ਤਜਰਬਾ ਗ੍ਰਹਿਣ ਕਰ ਸਕਦੇ ਹਾਂ। ਪਰ ਉਹ ਤਾਂ ਇਸ ਗੱਲ ਤੋਂ ਹੀ ਦੁਖੀ ਹਨ ਕਿ ਉਹਨਾਂ ਦੇ ਬੱਚੇ ਉਹਨਾਂ ਵੱਲ ਧਿਆਨ ਨਹੀਂ ਕਰਦੇ। ਉਹਨਾਂ ਨੂੰ ਇਹਸਾਸ ਹੈ ਕਿ ਉਹਨਾਂ ਦੀ ਔਲਾਦ ਉਹਨਾਂ ਤੋਂ ਬੇਮੁਖ ਹੋ ਰਹੀ ਹੈ।

ਆਧੁਨਿਕ ਵਿਕਾਸ : ਅੱਜ ਦੇ ਵਿਕਾਸ ਨੇ ਪੁਰਾਣੀ ਅਤੇ ਨਵੀਂ ਪੀੜ੍ਹੀ ਵਿਚਾਲੇ ਪਾੜਾ ਹੋਰ ਵਧਾ ਦਿੱਤਾ ਹੈ। ਕਿਸੇ ਕੋਲ ਦੂਸਰੇ ਲਈ ਸਮਾਂ ਨਹੀਂ ਹੈ। ਪਹਿਲਾਂ ਵਰਗੀ ਪਰਿਵਾਰਿਕ ਸਾਂਝ ਟੁੱਟ ਰਹੀ ਹੈ। ਉਹੀ ਬਜ਼ੁਰਗ ਜਿਨ੍ਹਾਂ ਕਾਰਨ ਸਾਰਾ ਪਰਿਵਾਰ ਇਕੱਠਾ ਸੀ ਅੱਜ ਖੇਰੂੰ-ਖੇਰੂੰ ਹੋ ਰਿਹਾ ਹੈ। ਕੋਈ ਨੌਜਵਾਨ ਉਹਨਾਂ ਨਾਲ ਆਪਣਾ ਦੁੱਖ-ਸੁੱਖ ਸਾਂਝਾ ਨਹੀਂ ਕਰਨਾ ਚਾਹੁੰਦਾ ਅਤੇ ਨਾ ਹੀ ਉਹਨਾਂ ਦਾ ਦੁੱਖ ਸੁਣ ਕੇ ਰਾਜ਼ੀ ਹੈ। ਨੂੰਹਾਂ-ਧੀਆਂ ਵੀ ਕੰਮਾਂ-ਕਾਜਾਂ ‘ਤੇ ਜਾਣ ਲੱਗ ਪਈਆਂ ਹਨ। ਉਹਨਾਂ ਕੋਲ ਸਮਾਂ ਹੀ ਨਹੀਂ ਜੋ ਬਜ਼ੁਰਗਾਂ ਨਾਲ ਗੁਜ਼ਾਰ ਸਕਣ। ਨਤੀਜੇ ਵਜੋਂ ਇੱਕ ਫਿੱਕਾਪਣ ਜੀਵਨ ਵਿੱਚ ਭਰ ਰਿਹਾ ਹੈ।

ਜਾਗਰੂਕਤਾ : ਇਸ ਸਾਰੀ ਉਧੇੜ-ਬੁਣ ਵਿੱਚ ਇੱਕ ਜਾਗਰੂਕਤਾ ਇਹ ਆ ਰਹੀ ਹੈ ਕਿ ਪੜ੍ਹੀ-ਲਿਖੀ ਬਜ਼ੁਰਗ ਪੀੜ੍ਹੀ ਨੌਜਵਾਨ ਪੀੜ੍ਹੀ ਦੀਆਂ ਭਾਵਨਾਵਾਂ ਅਤੇ ਰੁਝੇਵਿਆਂ ਨੂੰ ਸਮਝਣ ਲੱਗ ਪਈ ਹੈ। ਇਸ ਪੜ੍ਹੀ-ਲਿਖੀ ਬਜ਼ੁਰਗ ਪੀੜ੍ਹੀ ਨੇ ਸਵੈ-ਨਿਰਭਰ ਹੋਣਾ ਸਿੱਖ ਲਿਆ ਹੈ। ਉਨ੍ਹਾਂ ਦੇ ਆਪਣੇ ਬੱਚਿਆਂ ਨਾਲ ਦੋਸਤਾਨਾ ਸੰਬੰਧ ਵਧ ਰਹੇ ਹਨ। ਇੱਕ ਦੂਸਰੇ ‘ਤੇ ਬੋਝ ਘੱਟ ਕੀਤਾ ਜਾ ਰਿਹਾ ਹੈ। ਇਸ ਨਾਲ ਬਜ਼ੁਰਗ ਪੀੜ੍ਹੀ ਕੁਝ ਰਾਹਤ ਮਹਿਸੂਸ ਕਰਨ ਲੱਗ ਪਈ ਹੈ।

ਸਾਰਾਂਸ਼ : ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੁਦਰਤ ਦੇ ਸਾਰੇ ਰੰਗਾਂ ਵਿੱਚੋਂ ਬੁਢਾਪੇ ਦਾ ਰੰਗ ਵੱਖਰੀ ਤਰ੍ਹਾਂ ਦਾ ਹੈ। ਬਜ਼ੁਰਗ ਪੀੜ੍ਹੀ ਆਪਣਾ ਬੁਢਾਪਾ ਉਸੇ ਸ਼ਾਹੀ ਠਾਠ ਨਾਲ ਬਤੀਤ ਕਰਨਾ ਚਾਹੁੰਦੀ ਹੈ ਜਿਸ ਨਾਲ ਜਵਾਨੀ ਬਤੀਤ ਕੀਤੀ ਹੈ। ਨਵੀਂ ਪੀੜ੍ਹੀ ਦੀਆਂ ਆਪਣੀਆਂ ਮਜਬੂਰੀਆਂ ਹਨ। ਆਪਸੀ ਤਾਲਮੇਲ ਅਤੇ ਸੂਝ-ਬੂਝ ਰਾਹੀਂ ਹੀ ਬੁਢਾਪੇ ਨੂੰ ਰੁਲਨ ਤੋਂ ਬਚਾਇਆ ਜਾ ਸਕਦਾ ਹੈ। ਇਹ ਸਾਡੇ ਸਮਾਜ ਲਈ ਉਸਾਰੂ ਸੇਧ ਹੋਵੇਗੀ।