CBSEEducationਲੇਖ ਰਚਨਾ (Lekh Rachna Punjabi)

ਲੇਖ : ਵਿਸਾਖੀ ਦਿਵਸ


ਵਿਸਾਖੀ ਦਿਵਸ


ਮੇਲੇ ਸਾਡੀਆਂ ਵੱਖੋ-ਵੱਖਰੀਆਂ ਰੁੱਤਾਂ ਨਾਲ ਜੁੜੇ ਹੋਏ ਹਨ। ਜਦੋਂ ਸਖ਼ਤ ਸਰਦੀ ਖ਼ਤਮ ਹੋਣ ਤੇ ਆਉਂਦੀ ਹੈ ਤਾਂ ਉਸ ਸਮੇਂ ਮਾਘੀ ਮਨਾਈ ਜਾਂਦੀ ਹੈ, ਜਦੋਂ ਪਾਲਾ ਖ਼ਤਮ ਹੁੰਦਾ ਹੈ ਤਾਂ ਫਰਵਰੀ ਦੇ ਆਰੰਭ ਵਿੱਚ ਬਸੰਤ ਮਨਾਈ ਜਾਂਦੀ ਹੈ। ਇਸੇ ਤਰ੍ਹਾਂ ਹੋਲੀ, ਰੱਖੜੀ, ਪੁੰਨਿਆ ਦਾ ਮੇਲਾ ਸਾਡੇ ਮੌਸਮ, ਧਰਮ, ਇਤਿਹਾਸ, ਮਿਥਿਹਾਸ ਆਦਿ ਨੂੰ ਪ੍ਰਗਟ ਕਰਦੇ ਹਨ। ਵਿਸਾਖੀ ਦਾ ਮੇਲਾ ਹਰ ਸਾਲ 13 ਅਪ੍ਰੈਲ ਨੂੰ ਹਰ ਥਾਂ ਤੇ ਲੱਗਦਾ ਹੈ, ਇਹ ਹਾੜ੍ਹੀ ਦੀ ਫ਼ਸਲ ਕਣਕ ਨੂੰ ਪੱਕਣ ਤੇ ਇਸਦੀ ਵਾਢੀ ਨੂੰ ਮੁੱਖ ਰੱਖ ਕੇ ਮਨਾਇਆ ਜਾਂਦਾ ਹੈ।

ਪੰਜਾਬ ਦੀ ਧਰਤੀ ਨੂੰ ਮੇਲੇ ਕੁਦਰਤੀ ਦਾਤ ਵਜੋਂ ਮਿਲੇ ਹਨ, ਇਹ ਸਰਹੱਦੀ ਇਲਾਕਾ ਹੋਣ ਕਰਕੇ ਲੋਕ ਸਦਾ ਖ਼ੁਸ਼ ਹੋਣ ਦਾ ਤੇ ਖਾਣ-ਪੀਣ ਦਾ ਬਹਾਨਾ ਹੀ ਲੱਭਦੇ ਆਏ ਹਨ। ਪੰਜਾਬੀ ਜੀਵਨ ਵਿੱਚ ਤੇ ਵਿਸ਼ੇਸ਼ ਕਰਕੇ ਇਸ ਦੇ ਸੱਭਿਆਚਾਰ ਵਿੱਚ ਮੇਲੇ ਤੇ ਖ਼ਾਸ ਤੌਰ ‘ਤੇ ਵਿਸਾਖੀ ਦਾ ਮੇਲਾ ਸਦਾ ਤੋਂ ਹੀ ਇੱਕ ਮਹੱਤਵਪੂਰਨ ਅੰਸ਼ ਰਿਹਾ ਹੈ। ਪੰਜਾਬੀਆਂ ਨੂੰ ਸਦਾ ਇਹ ਲੱਗਦਾ ਰਿਹਾ ਹੈ ਕਿ ਜੋ ਖਾ ਪੀ ਲਿਆ ਉਹ ਹੀ ਲਾਹੇ ਦਾ ਹੈ ਤੇ ਜੋ ਬਾਕੀ ਰਹਿ ਗਿਆ ਉਸ ਬਾਰੇ ਕੀ ਪਤਾ ਕਦੋਂ ਅਹਿਮਦਸ਼ਾਹ ਅਬਦਾਲੀ ਲੁੱਟ ਕੇ ਲੈ ਜਾਵੇ। ਅੱਗੇ ਕਿਰਸਾਣ ਦੀ ਭੂਮੀ ਨੂੰ ਅਹਿਮਦ ਸ਼ਾਹ ਅਬਦਾਲੀ ਲੁੱਟਦਾ ਸੀ, ਹੁਣ ਅਬਦਾਲੀ ਦੇ ਰੂਪ ਵਿੱਚ ਆੜ੍ਹਤੀਏ ਅਤੇ ਹੋਰ ਸਰਕਾਰੀ ਅਤੇ ਗ਼ੈਰ-ਸਰਕਾਰੀ ਵਿਚੋਲੀਏ ਉਨ੍ਹਾਂ ਦੀ ਉਪਜ ਨੂੰ ਕਿਸੇ ਨਾ ਕਿਸੇ ਤਰ੍ਹਾਂ ਲੁੱਟ ਕੇ ਲੈ ਜਾਂਦੇ ਹਨ। ਜੱਟ ਦੀ ਜੂਨ ਜਿਸ ਤਰ੍ਹਾਂ ਪਹਿਲਾਂ ਮਾੜੀ ਸੀ, ਉਹ ਹੁਣ ਵੀ ਮਾੜੀ ਹੈ, ਉਸ ਲਈ ਕੇਵਲ ਲੁਟੇਰੇ ਹੀ ਬਦਲੇ ਹਨ।

ਵਿਸਾਖੀ ਦੇ ਮੇਲੇ ਵਿੱਚ ਪੰਜਾਬੀ ਸੱਭਿਆਚਾਰ ਦੀ ਇੱਕ ਸੰਪੂਰਨ ਤਸਵੀਰ ਸਾਡੇ ਸਾਹਮਣੇ ਆਉਂਦੀ ਹੈ। ਵਿਸਾਖੀ ਦੇ ਤਿਉਹਾਰ ਨਾਲ ਧਰਮ ਤੇ ਇਤਿਹਾਸ ਦੋਵੇਂ ਜੁੜੇ ਹੋਏ ਹਨ। ਇਸ ਮਹਾਨ ਦਿਨ ਤੇ ਗੁਰੂ ਗੋਬਿੰਦ ਸਿੰਘ ਨੇ ਆਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਤੇ ਗਿੱਦੜਾਂ ਤੋਂ ਸ਼ੇਰ ਬਣਾਏ ਸਨ। ਇਸ ਦਿਨ ਅੰਗਰੇਜ਼ ਜਨਰਲ ਡਾਇਰ ਨੇ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਮੌਤ ਦੇ ਘਾਟ ਉਤਾਰ ਦਿੱਤੇ ਸਨ। ਇਸ ਦਿਨ ਜਲ੍ਹਿਆਂ ਵਾਲੇ ਬਾਗ਼ ਦੇ ਇਸ ਕਾਂਡ ਦਾ ਬਦਲਾ ਲੈਣ ਲਈ ਊਧਮ ਸਿੰਘ ਨੇ ਬਦਲਾ ਲੈਣ ਦਾ ਪ੍ਰਣ ਕੀਤਾ ਸੀ।

ਵਿਸਾਖੀ ਦੇ ਮੇਲੇ ਵਿੱਚ ਸਾਰੇ ਬਾਲ, ਬੁੱਢੇ, ਗੱਭਰੂ ਮੇਲੇ ਦੀ ਰੌਣਕ ਬਣਦੇ ਹਨ। ਸਾਡੇ ਧਰਮ ਵੀ ਤਾਂ ਸਾਡੇ ਸੱਭਿਆਚਾਰ ਦਾ ਉੱਤਮ ਨਮੂਨਾ ਹਨ, ਇਸ ਮੇਲੇ ਨਾਲ ਤਾਂ ਵਿਸ਼ੇਸ਼ ਤੌਰ ‘ਤੇ ਧਾਰਮਿਕ ਪਵਿੱਤਰਤਾ ਜੁੜੀ ਹੋਈ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਵਾਲੇ ਦਿਨ ਹੀ ਖਾਲਸੇ ਦੀ ਸਾਜਨਾ ਕੀਤੀ। ਇੱਕ ਅਜਿਹੀ ਕੌਮ ਸਿਰਜੀ ਜਿਸ ਦਾ ਆਦਰਸ਼ ਸਦਾ ਲਈ ਇਹ ਰਿਹਾ ਹੈ ਕਿ ਉਸ ਨੇ ਜ਼ੁਲਮ ਤੇ ਬੇਇਨਸਾਫ਼ੀ ਦਾ ਟਾਕਰਾ ਕਰਨਾ ਹੈ ਤੇ ਮਜ਼ਲੂਮਾਂ ਦੀ ਰੱਖਿਆ ਕਰਨੀ ਹੈ। ਵਿਸ਼ੇਸ਼ ਤੌਰ ‘ਤੇ ਇਹ ਮੇਲਾ ਕਰਤਾਰਪੁਰ, ਬਿਆਸ, ਅੰਮ੍ਰਿਤਸਰ ਤੇ ਆਨੰਦਪੁਰ ਸਾਹਿਬ ਵਿਖੇ ਜੋ ਖ਼ਾਲਸੇ ਦੀ ਜਨਮ-ਭੂਮੀ ਹੈ, ਇਨ੍ਹਾਂ ਥਾਵਾਂ ‘ਤੇ ਮੇਲੇ ਦੀਆਂ ਖ਼ਾਸ ਰੌਣਕਾਂ ਵੇਖਣ ਨੂੰ ਮਿਲਦੀਆਂ ਹਨ।

ਪੰਜਾਬੀ ਜਿੱਥੇ ਕਿਤੇ ਵੀ ਬਦੇਸ਼ਾਂ ਵਿੱਚ ਗਏ ਹਨ, ਉੱਥੇ ਪੰਜਾਬੀ ਸੱਭਿਆਚਾਰ ਦੀ ਖ਼ੁਸ਼ਬੂ ਵੀ ਨਾਲ ਲੈ ਕੇ ਗਏ ਹਨ। ਜਿੱਥੇ ਕਿਤੇ ਪੰਜਾਬੀਆਂ ਦੇ ਗੜ੍ਹ ਹਨ ਜਿਵੇਂ ਇੰਗਲੈਂਡ, ਅਮਰੀਕਾ, ਕੈਨੇਡਾ, ਜਰਮਨੀ, ਆਸਟ੍ਰੇਲੀਆ ਜਿੱਥੇ ਕਿਤੇ ਵੀ ਪੰਜਾਬੀ ਬੈਠੇ ਹਨ, ਉੱਥੇ ਵਿਸਾਖੀ ਵਾਲੇ ਦਿਨ ਇਵੇਂ ਲੱਗਦਾ ਹੈ, ਜਿਵੇਂ ਸਾਰਾ ਪੰਜਾਬ ਹੀ ਇੱਕ ਥਾਂ ਤੇ ਜੁੜ ਗਿਆ ਹੋਵੇ। ਅੱਜ ਦੇ ਵਿਸ਼ਵੀਕਰਣ ਦੇ ਪ੍ਰਸੰਗ ਵਿੱਚ ਜਿੱਥੇ ਦੁਨੀਆਂ ਵਿੱਚ ਸਾਰੇ ਸੱਭਿਆਚਾਰਾਂ ਦਾ ਆਪਸ ਵਿੱਚ ਮੇਲ-ਮਿਲਾਪ ਤੇ ਅਦਾਨ-ਪ੍ਰਦਾਨ ਹੋ ਰਿਹਾ ਹੈ, ਪੰਜਾਬੀ ਸੱਭਿਆਚਾਰ ਸੁਗੰਧੀ ਵੀ ਸਭ ਪਾਸੇ ਫੈਲ ਰਹੀ ਹੈ।

ਪੰਜਾਬੀ ਲੋਕ ਗੀਤਾਂ ਦੀਆਂ ਧੁੰਨਾਂ ਹੁਣ ਯੋਰਪ ਦੇ ਮਹਿੰਗੇ ਹੋਟਲਾਂ ਵਿੱਚ ਗੂੰਜਦੀਆਂ ਹਨ। ਵਿਸਾਖੀ ਵਾਲੇ ਦਿਨ ਸਾਰੀ ਦੁਨੀਆਂ ਦੇ ਪੰਜਾਬੀ ਇਨ੍ਹਾਂ ਲੋਕ ਧੁੰਨਾਂ ‘ਤੇ ਭੰਗੜਾ ਪਾਉਂਦੇ ਹਨ। ਵਿਸਾਖੀ ਵਾਂਗ ਹੀ ਯੋਰਪ ਵਿੱਚ ਈਸਟਰ ਦਾ ਤਿਉਹਾਰ ਮਨਾਇਆ ਜਾਂਦਾ ਹੈ, ਇਨ੍ਹਾਂ ਦੋਹਾਂ ਦੀਆਂ ਸਮਾਨਤਾਵਾਂ ਇੱਕ-ਦੂਸਰੇ ਨਾਲ ਇੰਨੀਆਂ ਮਿਲਦੀਆਂ ਜੁਲਦੀਆਂ ਹਨ ਕਿ ਜਿੱਥੋਂ ਇਹ ਸੰਕੇਤ ਮਿਲਦਾ ਹੈ ਕਿ ਦੁਨੀਆਂ ਵਿੱਚ ਸਾਰੇ ਲੋਕ ਮਿਲ ਕੇ ਕਿੰਨੇ ਖੁਸ਼ ਹੁੰਦੇ ਹਨ। ਮਿਲਣਾ ਤੇ ਵਿਛੜਨਾ ਜ਼ਿੰਦਗੀ ਦੇ ਦੋ ਪ੍ਰਬਲ ਭਾਵ ਹਨ, ਹਰ ਸਮੇਂ ਲੋਕ ਇੱਕ ਦੂਸਰੇ ਨਾਲ ਮਿਲਦੇ ਹਨ ਤੇ ਫਿਰ ਵਿਛੜਨ ਲੱਗਿਆਂ ਦੁਬਾਰਾ ਮਿਲਣ ਦੀ ਆਸ ਕਰਦੇ ਹਨ।

ਇਹ ਮੇਲੇ ਸਾਡੀ ਰੂਹ ਦੀ ਖੁਰਾਕ ਹਨ, ਸਾਡੇ ਅੰਦਰ ਨਵਾਂ ਜੋਸ਼ ਭਰਦੇ ਹਨ, ਸਾਨੂੰ ਜੀਵਨ ਨਾਲ ਜੋੜਦੇ ਹਨ,
ਸਾਡੀਆਂ ਸੁੱਤੀਆਂ ਕਲਾ ਨੂੰ ਜਗਾਉਂਦੇ ਹਨ। ਵਿਸਾਖੀ ਵਾਲੇ ਦਿਨ ਕਮਜ਼ੋਰ ਵਿਅਕਤੀ ਵੀ ਆਪਣੇ ਪੱਬਾਂ ਨੂੰ ਧਰਤੀ ਤੇ ਮਾਰਨ ਤੋਂ ਰੋਕ ਨਹੀਂ ਸਕਦਾ। ਇੱਕ ਸਰਬ ਵਿਆਪਕ ਜਜਬੇਮਈ ਸਥਿਤੀ ਉਜਾਗਰ ਹੋ ਜਾਂਦੀ ਹੈ। ਸੱਭਿਆਚਾਰਕ ਤੌਰ ‘ਤੇ ਸਭ ਸੱਭਿਆਚਾਰ ਇੱਕ-ਦੂਸਰੇ ਵਿੱਚ ਘੁਲੇ-ਮਿਲੇ ਹੋਏ ਨਜ਼ਰ ਆਉਂਦੇ ਹਨ। ਬਾਲਜ਼ਾਕ ਇਸ ਜਜਬੇਮਈ ਪਿਆਰ ਵਾਲੀ ਸਥਿਤੀ ਬਾਰੇ ਕਹਿੰਦਾ ਹੈ ਕਿ ਜਜ਼ਬੇ ਤੋਂ ਬਿਨਾਂ ਤਾਂ ਧਰਮ, ਇਤਿਹਾਸ, ਰੋਮਾਂਸ ਅਤੇ ਕਲਾ ਦੀ ਸਿਰਜਣਾ ਸਭ ਕੁੱਝ ਫਜੂਲ ਹੈ। ਡਿਜ਼ਰੇਲੀ ਕਹਿੰਦਾ ਹੈ ਕਿ ਨੱਚਣ ਵਾਲੀ ਤੇ ਗਿੱਧਾ ਪਾਉਣ ਵਾਲੀ ਸਥਿਤੀ ਨੂੰ ਜਾਣਨਾ ਹੀ ਦਰਅਸਲ ਗਿਆਨ ਹੈ। ਸ਼ੈਕਸਪੀਅਰ ਹੈਮਲਿਟ ਨਾਟਕ ਵਿੱਚ ਕਹਿੰਦਾ ਹੈ।

“ਮੈਨੂੰ ਉਹ ਵਿਅਕਤੀ ਦੱਸੋ ਜਿਹੜਾ ਜਜ਼ਬੇ ਦਾ ਗੁਲਾਮ ਨਹੀਂ ਹੁੰਦਾ।” ਇਸ ਤਰ੍ਹਾਂ ਜਜ਼ਬੇ ਹੀ ਸਾਡੇ ਪ੍ਰੇਰਣਾ ਸਰੋਤ ਹਨ, ਇਹ ਮਨੁੱਖਤਾ ਨੂੰ ਇੱਕ-ਦੂਸਰੇ ਨਾਲ ਜੋੜਦੇ ਹਨ ਤੇ ਵਿਸਾਖੀ ਦਾ ਤਿਉਹਾਰ ਇੱਕ ਨੱਚਣ ਵਾਲੀ ਜਜ਼ਬੇਮਈ ਸਥਿਤੀ ਉਜਾਗਰ ਕਰਕੇ ਧਾਰਮਿਕ ਪਵਿੱਤਰਤਾ ਅਤੇ ਸੱਭਿਆਚਾਰ ਦੀ ਖੁਸ਼ਬੂ ਨੂੰ ਇਕੱਠਾ ਕਰਕੇ ਮਨਾਉਣ ਦਾ ਦਿਨ ਹੈ।

ਵਿਸਾਖੀ ਦੇ ਮੇਲੇ ਨਾਲ ਸਬੰਧਿਤ ਬਹੁਤ ਸਾਰਾ ਸਾਹਿਤ ਪ੍ਰਾਪਤ ਹੁੰਦਾ ਹੈ। ਪ੍ਰਸਿੱਧ ਕਵੀ ਧਨੀ ਰਾਮ ਚਾਤ੍ਰਿਕ ਨੇ ਵਿਸਾਖੀ ਦੇ ਮੇਲੇ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ :

ਪੱਕ ਗਈਆਂ ਕਣਕਾਂ, ਲੁਕਾਠ ਰਸਿਆ,

ਬੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ।

ਬਾਗਾਂ ਵਿੱਚ ਰੰਗ ਫੇਰਿਆ ਬਹਾਰ ਨੇ,

ਬੇਰੀਆਂ ਲਿਫਾਈਆਂ ਟਾਹਣੀਆਂ ਦੇ ਭਾਰ ਨੇ।

ਪੁੰਗਰੀਆਂ ਵੇਲਾਂ, ਵੇਲਾ ਰੁਖੀ ਚੜੀਆਂ,

ਫੁੱਲਾਂ ਹੇਠਾਂ ਫਲਾਂ ਨੇ ਪਰੋਈਆਂ ਲੜੀਆਂ।

ਸਾਈਂ ਦੀ ਨਿਗਾਹ ਜੱਗ ਤੇ ਸਵਲੀ ਏ,

ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ।

ਵਿਸਾਖ ਦੇ ਮਹੀਨੇ ਨੂੰ ਲੈ ਕੇ ਗੁਰੂ ਨਾਨਕ ਦੇਵ ਜੀ ਨੇ ਵੀ ਤੁਖਾਰੀ ਰਾਗ ਦੇ ਬਾਰਾਮਾਂਹ ਵਿੱਚ ਇਸ ਮਹੀਨੇ ਤੇ ਰੁੱਤ ਨੂੰ ਬਿਆਨ ਕਰਕੇ ਇਹ ਆਦਰਸ਼ ਦਿੱਤਾ ਹੈ ਕਿ ਸਾਧਕ ਨੂੰ ਚਾਹੀਦਾ ਹੈ ਕਿ ਉਹ ਆਪਣਾ ਮਨ ਪ੍ਰਮਾਤਮਾ ਨਾਲ ਜੋੜੇ।

ਵਿਸਾਖੀ ਦਾ ਤਿਉਹਾਰ ਸਮਰੱਥਾ, ਸ਼ਕਤੀ, ਖੁਸ਼ਹਾਲੀ ਦਾ ਪ੍ਰਤੀਕ ਹੈ, ਇਹ ਹੀ ਕਾਰਨ ਹੈ ਕਿ ਇਸ ਮੌਸਮ ਵਿੱਚ ਬਹੁਤ ਸਾਰੀਆਂ ਰਾਜਨੀਤਿਕ ਘਟਨਾਵਾਂ ਹੋਈਆਂ ਹਨ। ਜਲ੍ਹਿਆਂ ਵਾਲੇ ਗੋਲੀ ਕਾਂਡ ਕਾਰਨ ਦੇਸ਼ ਵਿੱਚ ਦੇਸ਼ ਭਗਤੀ ਦਾ ਜ਼ਜਬਾ ਪ੍ਰਬਲ ਹੋਇਆ। ਕ੍ਰਿਸਾਨ ਘਰ ਵਿੱਚ ਅਨਾਜ ਆਉਣ ਕਰਕੇ ਇਸਨੂੰ ਖੁਸ਼ਹਾਲੀ ਦਾ ਚਿੰਨ੍ਹ ਸਵੀਕਾਰ ਕਰਦੇ ਹਨ। ਪੰਜਾਬੀ ਸਭਿਆਚਾਰ ਇਸ ਨਾਲ ਵਿਸ਼ੇਸ਼ ਤੌਰ ‘ਤੇ ਜੁੜਿਆ ਹੋਇਆ ਹੈ।