CBSEEducationਲੇਖ ਰਚਨਾ (Lekh Rachna Punjabi)

ਲੇਖ : ਵਿਸਾਖੀ ਦਾ ਤਿਉਹਾਰ


ਵਿਸਾਖੀ ਦਾ ਤਿਉਹਾਰ


ਗੁਰੂ ਗੋਬਿੰਦ ਸਿੰਘ ਜੀ ਨੇ 1699 ਈ. ਦੀ ਵਿਸਾਖੀ ਵਾਲੇ ਦਿਨ ਇਕ ਭਾਰੀ ਇਕੱਠ ਵਿਚ ਇਕ ਨਵੀਂ ਕੌਮ ਦੀ ਸਿਰਜਣਾ ਕੀਤੀ। ਪਹਿਲਾਂ ਪੰਜ ਪਿਆਰੇ ਆਮ ਜਾਤਾਂ ਜਿਵੇਂ ਭਾਈ ਦਯਾ (ਖੱਤਰੀ), ਭਾਈ ਧਰਮ ਸਿੰਘ (ਜਟ ਜਾਤ) ਤੋਂ, ਭਾਈ ਮੋਹਕਮ ਸਿੰਘ (ਛੀਂਬੇ), ਭਾਈ ਸਾਹਿਬ ਸਿੰਘ (ਨਾਈ), ਭਾਈ ਹਿੰਮਤ ਸਿੰਘ (ਝੀਵਰ) ਜਾਤਾਂ ਤੋਂ ਪੰਜ ਪਿਆਰੇ ਥਾਪ ਕੇ ਇਨ੍ਹਾਂ ਨੂੰ ਅੰਮ੍ਰਿਤ ਛਕਾ ਕੇ ਆਪ ਇਨ੍ਹਾਂ ਤੋਂ ਅੰਮ੍ਰਿਤ ਛੱਕ ਕੇ ਖਾਲਸਾ ਕੌਮ ਦੀ ਸਿਰਜਣਾ ਕੀਤੀ। ਵਿਸਾਖੀ ਦਾ ਦਿਨ ਪਹਿਲਾਂ ਜੋ ਇਕ ਆਮ ਮੇਲੇ ਦੇ ਰੂਪ ਵਿਚ ਮਨਾਇਆ ਜਾਂਦਾ ਸੀ, ਉਹ ਸਿੱਖ ਕੌਮ ਨਾਲ ਖਾਲਸੇ ਦੀ ਸਾਜਨਾ ਕਰਕੇ ਵੀ ਪ੍ਰਸਿੱਧ ਹੋ ਗਿਆ। ਵਿਸਾਖੀ ਦਾ ਇਹ ਦਿਨ ਨਾ ਕੇਵਲ ਸਿੱਖ ਇਤਿਹਾਸ ਵਿਚ ਸਗੋਂ ਸਾਰੇ ਵਿਸ਼ਵ ਵਿਚ ਇਸ ਕਰਕੇ ਵੀ ਪ੍ਰਸਿੱਧ ਹੋ ਗਿਆ ਕਿ ਇਸ ਦਿਨ ਸਿੱਖ ਕੌਮ ਨੇ ਇਹ ਪ੍ਰਣ ਲਿਆ ਕਿ ਜਿੱਥੇ ਕਿਤੇ ਮਜ਼ਲੂਮ, ਨਿਗੂਣੇ ਤੇ ਗੁਲਾਮੀ ਦੀਆਂ ਜੰਜੀਰਾਂ ਨਾਲ ਜਕੜੇ ਹੋਏ ਲੋਕ ਹਨ, ਉਨ੍ਹਾਂ ਦੀ ਢਾਲ ਬਣ ਕੇ ਰਾਖੀ ਵੀ ਕਰਨੀ ਹੈ। ਵਿਸਾਖੀ ਤਾਂ ਮੌਸਮੀ ਤਿਉਹਾਰ ਹੋਣ ਕਰਕੇ ਪਹਿਲਾਂ ਵੀ ਮਨਾਈ ਜਾਂਦੀ ਸੀ, ਪਰ ਦੇਸ਼ ਭਗਤੀ, ਆਜ਼ਾਦੀ ਤੇ ਆਪਣੇ ਸਵੈਮਾਨ ਨੂੰ ਬਚਾਉਣ ਦੀ ਜੋ ਭਾਵਨਾ ਸੀ ਉਸ ਭਾਵਨਾ ਨੂੰ ਇਸ ਦਿਨ ਬਹੁਤ ਬਲ ਮਿਲਿਆ ਤੇ ਫਿਰ ਸ਼ੁਰੂ ਹੋ ਗਿਆ ਦੇਸ਼ ਨੂੰ ਪੂਰੀ ਤਰ੍ਹਾਂ ਚਾਹੇ ਉਹ ਮੁਗਲ ਹੋਣ ਜਾਂ ਅੰਗਰੇਜ਼ ਉਨ੍ਹਾਂ ਤੋਂ ਪੂਰੀ ਤਰ੍ਹਾਂ ਆਜ਼ਾਦੀ ਪ੍ਰਾਪਤ ਕਰਕੇ ਇਕ ਸੰਪੂਰਨ ਆਜ਼ਾਦ ਰਾਸ਼ਟਰ ਦੇ ਨਿਰਮਾਣ ਦਾ ਕੰਮ। ਆਜ਼ਾਦੀ ਦੇ ਇਸ ਘੋਲ ਵਿਚ ਸਿੱਖ ਕੌਮ ਨੇ ਸਭ ਤੋਂ ਵੱਧ ਆਪਣਾ ਯੋਗਦਾਨ ਪਾਇਆ। ਆਨੰਦਪੁਰ ਸਾਹਿਬ ਕੌਮ ਦੇ ਰੂਪ ਵਿਚ ਜੋ ਲੋਕ-ਸ਼ਕਤੀ ਦੀ ਲਹਿਰ ਚੱਲੀ, ਉਸਨੇ ਜਲ੍ਹਿਆਂਵਾਲੇ ਬਾਗ ਤੱਕ ਇਕ ਪ੍ਰਚੰਡ ਜਨ-ਸ਼ਕਤੀ ਦਾ ਪ੍ਰਗਟਾਵਾ ਕੀਤਾ, ਉਸ ਨੂੰ ਅੱਜ ਦੇ ਵਿਸਾਖੀ ਵਾਲੇ ਦਿਨ ਯਾਦ ਕਰਨ ਦੀ ਲੋੜ ਹੈ।

ਵਿਸਾਖੀ ਵਾਲੇ ਦਿਨ ਸਾਨੂੰ ਉਨ੍ਹਾਂ ਲੋਕਾਂ ਦੀ ਵੀ ਯਾਦ ਆਉਂਦੀ ਹੈ, ਜਦੋਂ ਜਲ੍ਹਿਆਂਵਾਲੇ ਬਾਗ ਦੀ ਇਕ ਭੀੜੀ ਗਲੀ ਦੇ ਅੰਦਰ ਜਾਂਦਿਆਂ ਇਕ ਬਾਗ ਵਿਚ ਨਿਹੱਥੇ ਲੋਕ ਜਨਰਲ ਡਾਇਰ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ। ਇਹ ਘਟਨਾ 1919 ਵਿਚ ਅਪ੍ਰੈਲ ਦੇ ਮਹੀਨੇ ਵਿਸਾਖੀ ਵਾਲੇ ਦਿਨ ਘਟੀ ਤੇ ਇਸ ਘਟਨਾ ਨਾਲ ਦੇਸ਼ ਅੰਦਰ ਕਈ ਅਜਿਹੇ ਤਿੱਖੇ ਪ੍ਰਤੀਕਰਮ ਹੋਏ ਤੇ ਬਾਅਦ ਵਿਚ ਕਈ ਸ਼ਖ਼ਸੀਅਤਾਂ ਜਿਵੇਂ ਭਗਤ ਸਿੰਘ ਤੇ ਊਧਮ ਸਿੰਘ ਹੋਂਦ ਵਿਚ ਆਈਆਂ ਜਿਨ੍ਹਾਂ ਦੀਆਂ ਸ਼ਹੀਦੀਆਂ ਨੇ ਅੰਗਰੇਜ਼ ਰਾਜ ਦਾ ਸਿੰਘਾਸਨ ਹਿਲਾ ਦਿੱਤਾ।

ਜਲ੍ਹਿਆਂਵਾਲੇ ਬਾਗ ਦੀ ਇਸ ਘਟਨਾ ਦੇ ਪਿੱਛੇ ਦੇਸ਼ ਭਗਤੀ ਦੇ ਜਜ਼ਬੇ ਵਾਲਾ ਇਤਿਹਾਸ ਛੁਪਿਆ ਹੋਇਆ ਹੈ। ਭਾਰਤ ਵਾਸੀ ਤਾਂ ਪਹਿਲਾਂ ਅੰਗਰੇਜ਼ਾਂ ਤੋਂ ਇਹ ਆਠੇ ਸਨ ਕਿ ਉਨ੍ਹਾਂ ਨੇ ਪਹਿਲੀ ਵੱਡੀ ਜੰਗ ਸਮੇਂ ਅੰਗਰੇਜ਼ਾਂ ਦੀ
ਜਰਮਨ ਤੇ ਪਾਨ ਦੀ ਜਿੱਤ ਸਮੇਂ ਬਹੁਤ ਮਦਦ ਕੀਤੀ ਸੀ, ਪਰ ਅੰਗਰੇਜ਼ਾਂ ਨੇ ਭਾਰਤੀਆਂ ਦੀ ਮਦਦ ਦਾ ਕੋਈ ਮੁੱਲ
ਨਾ ਪਾਇਆ ਸਗੋਂ ਡਿਫੈਂਸ ਆਫ ਇੰਡੀਆ ਰੂਲ ਬਣਾ ਕੇ ਭਾਰਤੀਆਂ ਦੀ ਆਜ਼ਾਦੀ ਨੂੰ ਹੋਰ ਵੀ ਖ਼ਤਮ ਕਰ ਦਿੱਤਾ।
ਖ਼ੁਸ਼ੀ ਦੀ ਥਾਂ ਨਿਰਾਸ਼ਾ ਪੱਲੇ ਪਈ ਤੇ ਅਨੇਕਾਂ ਪ੍ਰਕਾਰ ਦੇ ਰੋਸ ਵੀ ਆਰੰਭ ਹੋ ਗਏ। ਫਿਰ ਅੰਗਰੇਜ਼ ਸਰਕਾਰ ਨੇ
ਬਲਦੀ ਚਿੰਗਾਰੀ ਨੂੰ ਰੋਲਟ ਐਕਟ ਪਾਸ ਕਰਕੇ ਸਗੋਂ ਹੋਰ ਪ੍ਰਚੰਡ ਕਰ ਦਿੱਤਾ। ਮਹਾਤਮਾ ਗਾਂਧੀ ਦੀ ਅਗਵਾਈ ਵਿਚ ਸੱਤਿਆਗ੍ਰਹਿ ਆਰੰਭ ਹੋਏ ਅਤੇ 30 ਮਾਰਚ, 1919 ਨੂੰ ਸਾਰੇ ਭਾਰਤ ਵਿਚ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ। ਮਹਾਤਮਾ ਗਾਂਧੀ ਨੂੰ ਗ੍ਰਿਫਤਾਰ ਕਰਨ ਦੇ ਨਾਲ ਪੰਜਾਬ ਸਰਕਾਰ ਨੇ ਡਾ. ਸਤਪਾਲ ਕਿਚਲੂ ਨੂੰ 10 ਅਪ੍ਰੈਲ ਨੂੰ ਗ੍ਰਿਫਤਾਰ ਕਰਕੇ ਜਦੋਂ ਅੰਮ੍ਰਿਤਸਰ ਲਿਜਾਇਆ ਗਿਆ ਤਾਂ ਸ਼ਹਿਰ ਵਿਚ ਬਹੁਤ ਜ਼ੋਰਦਾਰ ਹੜਤਾਲ ਹੋਈ। ਸਾਰੇ ਆਗੂਆਂ ਨੇ ਇਕ ਸਾਂਝੀ ਮੀਟਿੰਗ 13 ਅਪ੍ਰੈਲ ਵਿਸਾਖੀ ਵਾਲੇ ਦਿਨ ਸ਼ਾਮ ਦੇ ਸਾਢੇ ਚਾਰ ਵਜੇ ਬੁਲਾਈ। ਇਸ ਮੀਟਿੰਗ ਵਿਚ ਕੋਈ 8,000 ਲੋਕ ਸ਼ਾਮਲ ਹੋਏ। ਸਰਕਾਰ ਨੇ ਪਹਿਲਾਂ ਇਸ ਮੀਟਿੰਗ ਨੂੰ ਰੋਕਣ ਦਾ ਯਤਨ ਨਾ ਕੀਤਾ। ਬਾਗ ਦੇ ਸਾਰੇ ਰਸਤੇ
ਬੰਦ ਸਨ, ਕੇਵਲ ਇਕ ਭੀੜਾ ਜਿਹਾ ਰਸਤਾ ਹੀ ਖੁੱਲ੍ਹਾ ਸੀ। ਜਨਰਲ ਡਾਇਰ ਇਸ ਰਸਤੇ ਰਾਹੀਂ,ਦਾਖਲ ਹੋਇਆ ਤੇ ਮਜ਼ਲੂਮ ਲੋਕਾਂ ‘ਤੇ ਅੰਨ੍ਹੇਵਾਹ ਗੋਲੀਆਂ ਚਲਾਉਣ ਦਾ ਹੁਕਮ ਦਿੱਤਾ, ਜਿਸ ਨਾਲ 379 ਲੋਕ ਮਾਰੇ ਗਏ ਤੇ 2000 ਲੋਕ ਜ਼ਖ਼ਮੀ ਹੋਏ। ਬਹੁਤ ਸਾਰੇ ਲੋਕ ਖੂਹ ਵਿਚ ਡਿੱਗ ਕੇ ਮਰ ਗਏ। ਉਸ ਭੀੜੇ ਰਸਤੇ ਵਿਚ ਲੋਕਾਂ ਨੂੰ ਕਿਹਾ ਗਿਆ ਕਿ ਉਹ ਰੀਂਗ ਕੇ ਬਾਹਰ ਲੰਘ ਸਕਦੇ ਹਨ। ਇਕ ਔਰਤ ਮਿਸ ਸ਼ੇਰਵੁੱਡ ਦੀ ਬੇਪਤੀ ਵੀ ਕੀਤੀ ਗਈ। ਸ਼ਹਿਰ ਵਿਚ ਪਾਣੀ ਅਤੇ ਬਿਜਲੀ ਦੀ ਸਹੂਲਤ ਬੰਦ ਕਰ ਦਿੱਤੀ, ਦੁਕਾਨਦਾਰਾਂ ਤੋਂ ਜ਼ੇਰ ਨਾਲ ਦੁਕਾਨਾਂ ਖੁੱਲਵਾਈਆਂ ਗਈਆਂ। ਮਾਰਸ਼ਲ ਲਾਅ ਲਗਾ ਕੇ ਇਸ ਨੂੰ ਹੋਰ ਮਜ਼ਬੂਤ ਢੰਗ ਨਾਲ ਅਮਲ ਵਿਚ ਲਿਆਂਦਾ ਗਿਆ। ਦੇਸ਼ ਵਿਚ ਕਈ ਰੋਸ
ਪ੍ਰਗਟਾਵੇ, ਹਿੰਸਕ ਘਟਨਾਵਾਂ ਹੋਈਆਂ। ਸੁਨਾਮ ਦਾ ਊਧਮ ਸਿੰਘ ਤੇ ਖਟਕੜ ਕਲਾਂ ਦਾ ਸਰਦਾਰ ਭਗਤ ਸਿੰਘ ਉਸ ਸਮੇਂ ਪੂਰੇ ਚੇਤੰਨ ਬੁੱਧੀ ਵਾਲੇ ਸਨ। ਊਧਮ ਸਿੰਘ ਨੇ ਜਲ੍ਹਿਆਂਵਾਲੇ ਬਾਗ ਦਾ ਬਦਲਾ ਲੈਣ ਲਈ ਲੰਡਨ ਤੱਕ ਜਨਰਲ ਡਾਇਰ ਦਾ ਪਿੱਛਾ ਕੀਤਾ ਤੇ ਇਕ ਭਰੀ ਸਭਾ ਵਿਚ ਉਸ ਨੂੰ ਗੋਲੀਆਂ ਦਾ ਸ਼ਿਕਾਰ ਬਣਾਇਆ ਤੇ ਆਪ ਬਾਅਦ ਵਿਚ ਸ਼ਹੀਦੀ ਪਾ ਗਿਆ। ਭਗਤ ਸਿੰਘ ਨੇ ਇੱਕ ਇਨਕਲਾਬ ਦੀ ਲਹਿਰ ਫਾਂਸੀ ਦੇ ਰੱਸੇ ਨੂੰ ਚੁੰਮ ਕੇ ਪੈਦਾ ਕੀਤੀ। ਇਨ੍ਹਾਂ ਸਾਰੀਆਂ ਘਟਨਾਵਾਂ ਦੇ ਪਿਛੋਕੜ ਵਿਚ ਵਿਸਾਖੀ ਦਾ ਇਹ ਤਿਉਹਾਰ ਜੁੜਿਆ ਹੋਇਆ ਹੈ।

ਇਸ ਤਰ੍ਹਾਂ ਵਿਸਾਖੀ ਦਾ ਇਹ ਤਿਉਹਾਰ ਨਿਰਾ ਗਿੱਧੇ ਭੰਗੜੇ ਪਾਉਣ ਦਾ ਅਤੇ ਜਲੇਬੀਆਂ ਤੇ ਹੋਰ ਨਸ਼ਿਆਂ ਦਾ ਸੇਵਨ ਖਾਸ ਤੌਰ ‘ਤੇ ਸ਼ਰਾਬਾਂ ਪੀਣ ਦਾ ਦਿਨ ਨਹੀਂ, ਇਸ ਦਿਨ ਨਾਲ ਦੇਸ਼ ਭਗਤੀ ਦੀ ਭਾਵਨਾ, ਧਾਰਮਿਕ ਪਵਿੱਤਰਤਾ ਵੀ ਜੁੜੀ ਹੋਈ ਹੈ। ਵਿਸਾਖੀ ਵਾਲੇ ਦਿਨ ਅਸੀਂ ਕੇਵਲ ਤੁੱਛ ਖ਼ੁਸ਼ੀਆਂ ਮਾਣ ਕੇ ਤੇ ਸਦੀਵੀ ਖ਼ੁਸ਼ੀਆਂ ਨੂੰ ਭੁੱਲ ਜਾਂਦੇ ਹਾਂ। ਇਹ ਦਿਨ ਇਕ ਪ੍ਰਣ ਕਰਨ ਦਾ ਦਿਨ ਵੀ ਹੈ ਕਿ ਜਿਸ ਤਰ੍ਹਾਂ ਸਾਡੇ ਦੇਸ਼ ਦੇ ਇਨਕਲਾਬੀ ਵੀਰਾਂ ਨੇ ਆਪਣੀਆਂ ਜਾਨਾਂ ਵਾਰ ਕੇ ਇਸ ਦਿਨ ਨੂੰ ਮਹਾਨ ਬਣਾਇਆ, ਉਨ੍ਹਾਂ ਨੂੰ ਯਾਦ ਕਰਦਿਆਂ ਸਾਨੂੰ ਨਸ਼ਿਆਂ ਦੇ ਸੇਵਨ ਤੋਂ ਮੁਕਤ ਹੋਣਾ ਚਾਹੀਦਾ ਹੈ। ਕਿਸਾਨਾਂ ਨੂੰ ਆਪਣੀ ਅਣਥੱਕ ਮਿਹਨਤ ਨਾਲ ਕਮਾਈ ਹੋਈ ਰਕਮ ਨੂੰ ਅਜਾਈਂ ਨਹੀਂ ਰੋੜ੍ਹਨਾ ਚਾਹੀਦਾ ਤੇ ਖਾਲਸੇ ਦਾ ਜਨਮ ਦਿਨ ਤੇ ਜਿਹੜੀਆਂ ਕੁਰਹਿਤਾਂ ਤੋਂ ਸਾਨੂੰ ਗੁਰੂਆਂ ਨੇ ਮਨ੍ਹਾਂ ਕੀਤਾ ਸੀ, ਉਸ ਨੂੰ ਫਿਰ ਨੇੜੇ ਨਹੀਂ ਆਉਣ ਦੇਣਾ ਚਾਹੀਦਾ।